ਐਡਮ ਪੁਰਿੰਟਨ ਨੂੰ ਸੌ ਸਾਲ ਦੀ ਉਮਰ ਤੱਕ ਪੈਰੋਲ ਵੀ ਨਹੀਂ ਮਿਲੇਗੀ
ਵਾਸ਼ਿੰਗਟਨ : ਇਕ ਅਮਰੀਕੀ ਅਦਾਲਤ ਨੇ ਸਾਬਕਾ ਨੇਵੀ ਅਫ਼ਸਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਿਸ ਨੇ ਪਿਛਲੇ ਸਾਲ ਕੈਨਸਾਸ ਸਿਟੀ ਦੀ ਬਾਰ ਵਿੱਚ ਇਕ ਭਾਰਤੀ ਇੰਜਨੀਅਰ ਸ੍ਰੀਨਿਵਾਸ ਕੁਚੀਭੋਤਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਕੈਨਸਾਸ ਵਿੱਚ ਫੈਡਰਲ ਜੱਜ ਨੇ ਦੋਸ਼ੀ ਐਡਮ ਪੁਰਿੰਟਨ ਨੂੰ ਕਰੀਬ 78 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਉਹ 100 ਸਾਲ ਦੀ ਉਮਰ ਤੱਕ ਪੈਰੋਲ ਹਾਸਲ ਨਹੀਂ ਕਰ ਸਕੇਗਾ। ਲੰਘੇ ਮਾਰਚ ਮਹੀਨੇ 52 ਸਾਲਾ ਪੁਰਿੰਟਨ ਨੇ ਕੁਚੀਭੋਤਲਾ ਦੀ ਹੱਤਿਆ ਦੇ ਦੋਸ਼ ਕਬੂਲ ਕਰ ਲਏ ਸਨ। ਪਿਛਲੇ ਸਾਲ 22 ਫਰਵਰੀ ਨੂੰ ਓਲੈਥ ਸਿਟੀ ਦੀ ਆਸਟਿਨ’ਜ਼ ਬਾਰ ਐਂਡ ਗਰਿੱਲ ਵਿੱਚ ਪੁਰਿੰਟਨ ਨੇ ਦੋ ਭਾਰਤੀਆਂ ਦੇਖ ਕੇ ਕਿਹਾ ਸੀ ‘ਸਾਡੇ ਦੇਸ਼ ‘ਚੋਂ ਦਫ਼ਾ ਹੋ ਜਾਓ’ ਤੇ ਉਸ ਨੇ 32 ਸਾਲਾ ਕੁਚੀਭੋਤਲਾ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਤੇ ਨਾਲ ਖੜ੍ਹੇ ਉਸ ਦੇ ਦੋਸਤ ਅਲੋਕ ਮਡਸਾਨੀ ਨੂੰ ਫੱਟੜ ਕਰ ਦਿੱਤਾ ਸੀ। ਇਨ੍ਹਾਂ ਤੋਂ ਇਲਾਵਾ ਪੁਰਿੰਟਨ ਨੂੰ ਫੈਡਰਲ ਕੋਰਟ ਵਿੱਚ ਵੀ ਇਸਤਗਾਸਾ ਵੱਲੋਂ ਲਾਏ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨਸਾਸ ਵਿੱਚ ਅਮਰੀਕੀ ਅਟਾਰਨੀ ਜਨਰਲ ਦੇ ਦਫ਼ਤਰ ਵੱਲੋਂ ਪਿਛਲੇ ਸਾਲ ਜੂਨ ਮਹੀਨੇ ਉਸ ਦੇ ਖ਼ਿਲਾਫ਼ ਨਫ਼ਰਤੀ ਹਮਲੇ ਦੇ ਦੋਸ਼ ਆਇਦ ਕੀਤੇ ਸਨ। ਇਸ ਕੇਸ ਦੀ 21 ਮਈ ਨੂੰ ਸੁਣਵਾਈ ਹੋਵੇਗੀ।ਹੈਦਰਾਬਾਦ ਵਾਸੀ ਕੁਚੀਭੋਤਲਾ ਦੀ ਪਤਨੀ ਸੁਨੈਨਾ ਦੁਮਾਲਾ ਨੇ ਇਕ ਬਿਆਨ ਵਿੱਚ ਕਿਹਾ ”ਇਹ ਫ਼ੈਸਲਾ ਮੇਰੇ ਪਤੀ ਨੂੰ ਵਾਪਸ ਤਾਂ ਨਹੀਂ ਲਿਆ ਸਕੇਗਾ ਪਰ ਇਕ ਸਖ਼ਤ ਸੰਦੇਸ਼ ਜ਼ਰੂਰ ਦੇਵੇਗਾ ਕਿ ਨਫ਼ਰਤ ਸਵੀਕਾਰ ਨਹੀਂ ਕੀਤੀ ਜਾ ਸਕਦੀ। ਮੈਂ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਅਤੇ ਓਲੈਥ ਪੁਲਿਸ ਦੇ ਯਤਨਾਂ ਬਦਲੇ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ।”
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …