Breaking News
Home / ਦੁਨੀਆ / ਲਾਹੌਰ ਦੀ ਕੋਟ ਲਖਪਤ ਜੇਲ੍ਹ ‘ਚ 25 ਭਾਰਤੀ ਕੈਦੀ ਬੰਦ

ਲਾਹੌਰ ਦੀ ਕੋਟ ਲਖਪਤ ਜੇਲ੍ਹ ‘ਚ 25 ਭਾਰਤੀ ਕੈਦੀ ਬੰਦ

ਪਾਕਿ ‘ਚ 16 ਸਾਲ ਜੇਲ੍ਹ ਕੱਟ ਕੇ ਘਰ ਪਰਤੇ ਗੁਲਾਮ ਫਰੀਦ ਨੇ ਕੀਤਾ ਦਾਅਵਾ
ਮਾਲੇਰਕੋਟਲਾ : ਸਤੰਬਰ 2003 ਵਿੱਚ ਪਾਕਿਸਤਾਨ ਦੇ ਸ਼ਹਿਰ ਗੁੱਜਰਾਂਵਾਲਾ ਰਹਿੰਦੀਆਂ ਆਪਣੀਆਂ ਦੋ ਭੂਆ ਨੂੰ ਮਿਲਣ ਗਿਆ ਮਲੇਰਕੋਟਲਾ ਦੇ ਮੁਹੱਲਾ ਚਾਨੇ ਲੁਹਾਰਾਂ ਦਾ ਵਸਨੀਕ ਗ਼ੁਲਾਮ ਫ਼ਰੀਦ 16 ਸਾਲ ਪਾਕਿਸਤਾਨ ਦੀ ਜੇਲ੍ਹ ‘ਚ ਸਜ਼ਾ ਕੱਟ ਕੇ ਬੁੱਧਵਾਰ ਸਵੇਰੇ ਜਦੋਂ ਆਪਣੇ ਘਰ ਪਰਤਿਆ ਤਾਂ ਉਸ ਦੀ ਬਿਰਧ ਮਾਂ ਸਦੀਕਨ (90) ਅਤੇ ਗ਼ੁਲਾਮ ਫ਼ਰੀਦ ਦੇ ਖੁਸ਼ੀ ‘ਚ ਅੱਥਰੂ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ। ਉਸ ਨੂੰ ਵੀਜ਼ੇ ਦੀ ਮਿਆਦ ਪੁੱਗਣ ਦੇ ਬਾਵਜੂਦ ਪਾਕਿਸਤਾਨ ‘ਚ ਰਹਿਣ ਕਾਰਨ ਪੁਲਿਸ ਨੇ ਸ਼ੱਕੀ ਭਾਰਤੀ ਵਜੋਂ ਗ੍ਰਿਫ਼ਤਾਰ ਕਰ ਲਿਆ ਸੀ। ਮਾਂ ਸਦੀਕਨ ਕਹਿ ਰਹੀ ਸੀ ਪੁੱਤਰ ਨੂੰ ਮਿਲਣ ਦੀ ਤਾਂਘ ਤੇ ਉਡੀਕ ‘ਚ ਰੋਂਦਿਆਂ ਉਸ ਦੀ ਨਜ਼ਰ ਵੀ ਕਮਜ਼ੋਰ ਪੈ ਗਈ ਹੈ। ਉਸ ਨੂੰ ਆਸ ਹੀ ਨਹੀਂ ਸੀ ਕਿ ਉਸ ਦੇ ਜਿਊਂਦੇ ਜੀਅ ਪੁੱਤ ਨੂੰ ਮਿਲ ਸਕੇਗੀ। ਉਸ ਨੂੰ ਜਾਪਣ ਲੱਗਿਆ ਸੀ ਕਿ ਸ਼ਾਇਦ ਉਸ ਦਾ ਪੁੱਤ ਇਸ ਦੁਨੀਆਂ ‘ਚ ਨਹੀਂ ਰਿਹਾ ਪਰ ਜਦ ਉਸ ਨੂੰ ਕੁਝ ਮਹੀਨੇ ਪਹਿਲਾਂ ਗ਼ੁਲਾਮ ਫ਼ਰੀਦ ਦੇ ਪਾਕਿਸਤਾਨ ਦੀ ਜੇਲ੍ਹ ‘ਚ ਹੋਣ ਦਾ ਪਤਾ ਲੱਗਿਆ ਤਾਂ ਉਸ ਨੂੰ ਪੁੱਤ ਨਾਲ ਮੁੜ ਮਿਲਣ ਦੀ ਆਸ ਬੱਝੀ। ਗ਼ੁਲਾਮ ਫ਼ਰੀਦ ਨੇ ਦੱਸਿਆ ਕਿ ਉਹ 16 ਸਾਲ ਪਹਿਲਾਂ ਉਸ ਦੀਆਂ ਪਾਕਿਸਤਾਨ ਦੇ ਸ਼ਹਿਰ ਗੁੱਜਰਾਂਵਾਲਾ ਰਹਿੰਦੀਆਂ ਦੋ ਭੂਆ ਨੂੰ ਮਿਲਣ ਗਿਆ ਸੀ। ਉਥੇ ਪਾਸਪੋਰਟ ਗੁੰਮ ਹੋਣ, ਵੀਜ਼ੇ ਦੀ ਮਿਆਦ ਪੁੱਗਣ ਅਤੇ ਵੀਜ਼ੇ ਨਾਲੋਂ ਵੱਧ ਸਮਾਂ ਪਾਕਿਸਤਾਨ ‘ਚ ਰਹਿਣ ਕਾਰਨ ਉੱਥੋਂ ਦੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਕੇਸ ਚਲਾ ਕੇ 13 ਸਾਲ ਦੀ ਸਜ਼ਾ ਕੱਟਣ ਲਈ ਜੇਲ੍ਹ ਭੇਜ ਦਿੱਤਾ ਸੀ। ਇਸ ਦੌਰਾਨ ਉਸ ਦੇ ਪਾਕਿਸਤਾਨ ਰਹਿੰਦੇ ਰਿਸ਼ਤੇਦਾਰਾਂ ਨੇ ਉਸ ਦੇ ਕੇਸ ਦੀ ਕੋਈ ਪੈਰਵੀ ਨਹੀਂ ਕੀਤੀ। ਉਸ ਦਾ ਲੰਬਾ ਸਮਾਂ ਆਪਣੇ ਘਰ ਵਾਲਿਆਂ ਨਾਲ ਵੀ ਕੋਈ ਰਾਬਤਾ ਨਹੀਂ ਹੋਇਆ, ਜਿਸ ਕਰਕੇ ਉਸ ਦੇ ਘਰਦਿਆਂ ਨੂੰ ਜਾਪਣ ਲੱਗਾ ਕਿ ਸ਼ਾਇਦ ਉਹ ਇਸ ਦੁਨੀਆਂ ‘ਚ ਨਹੀਂ ਰਿਹਾ। ਉਸ ਨੇ ਦੱਸਿਆ ਕਿ ਗ੍ਰਿਫ਼ਤਾਰੀ ਮਗਰੋਂ ਉਸ ‘ਤੇ ਪਾਕਿਸਤਾਨ ਪੁਲੀਸ ਜਾਂ ਫ਼ੌਜ ਨੇ ਕੋਈ ਸਰੀਰਕ ਜਾਂ ਮਾਨਸਿਕ ਤਸ਼ੱਦਦ ਨਹੀਂ ਕੀਤਾ ਤੇ ਜੇਲ੍ਹ ਅਧਿਕਾਰੀਆਂ ਦਾ ਰਵੱਈਆ ਵੀ ਠੀਕ ਹੀ ਰਿਹਾ। ਉਂਜ ਉਸ ਦੀ ਪਾਕਿਸਤਾਨ ‘ਚ ਵੀਜ਼ੇ ਤੋਂ ਵੱਧ ਠਹਿਰ ਲਈ ਜ਼ਰੂਰ ਪੁੱਛਗਿੱਛ ਕੀਤੀ ਗਈ। ਉਸ ਨੇ ਦੱਸਿਆ ਕਿ ਲਾਹੌਰ ਦੀ ਕੋਟ ਲਖਪਤ ਜੇਲ੍ਹ ‘ਚ 20 -25 ਭਾਰਤੀ ਕੈਦੀ ਬੰਦ ਹਨ, ਜਿਨ੍ਹਾਂ ‘ਚ ਇੱਕ ਪੰਜਾਬ ਦੇ ਗੁਰਦਾਸਪੁਰ ਨਾਲ ਸਬੰਧਤ ਮਹਿੰਦਰ ਸਿੰਘ ਵੀ ਸ਼ਾਮਲ ਹੈ।

Check Also

ਈਰਾਨ ਨੂੰ ਹਮਲੇ ਦਾ ਜਵਾਬ ਦੇਵੇਗਾ ਇਜ਼ਰਾਈਲ

ਇਜ਼ਰਾਈਲੀ ਵਾਰ ਕੈਬਨਿਟ ਦੀ ਮੀਟਿੰਗ ’ਚ ਹੋਇਆ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਇਜ਼ਰਾਈਲ ’ਤੇ ਈਰਾਨ ਦੇ …