ਬਰੈਂਪਟਨ/ਡਾ. ਝੰਡ
ਬੀਤੇ ਸੋਮਵਾਰ 31 ਮਈ ਦੀ ਸ਼ਾਮ ਨੂੰ ‘ਗੀਤ ਗ਼ਜ਼ਲ ਤੇ ਸ਼ਾਇਰੀ’ ਦੇ ਪ੍ਰਬੰਧਕਾਂ ਵੱਲੋਂ ਉਚੇਚੇ ਸੱਦਾ ਦੇ ਕੇ ਮਹਾਨ ਗ਼ਜ਼ਲਗੋ ਮਹਿੰਦੀ ਹਸਨ ਦੇ ਸ਼ਾਗਿਰਦ ਹਰਦੀਪ ਬਖ਼ਸ਼ੀ ਨੂੰ ਸਾਹਿਤਕ ਸ਼ਾਮ ਵਿੱਚ ਸ਼ਿਰਕਤ ਕਰਨ ਔਟਵਾ ਤੋਂ ਬੁਲਾਇਆ ਗਿਆ। ਉੱਘੇ ਪੰਜਾਬੀ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਨਿੱਘੀ ਯਾਦ ਨੂੰ ਸਮੱਰਪਿਤ ਇਸ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਆਪਣੇ ਉਸਤਾਦ ਮਹਿੰਦੀ ਹਸਨ ਹੁਰਾਂ ਦੀਆਂ ਦੋ ਗ਼ਜ਼ਲਾਂ ਤੋਂ ਬਾਅਦ ਸ਼ਿਵ ਕੁਮਾਰ ਬਟਾਲਵੀ ਦਾ ਗ਼ਜ਼ਲ-ਨੁਮਾ ਗੀਤ ‘ਮੈਨੂੰ ਤੇਰਾ ਸ਼ਬਾਬ ਲੈ ਬੈਠਾ’ ਇੱਕ ਵੱਖਰੀ ਕੰਪੋਜ਼ੀਸ਼ਨ ਅਤੇ ਵੱਖਰੇ ਅੰਦਾਜ਼ ਵਿੱਚ ਗਾਇਆ। ਉਨ੍ਹਾਂ ਦੇ ਨਾਲ ਤਬਲੇ ਉੱਪਰ ਸੰਗਤ ਇੱਥੋਂ ਬਰੈਂਪਟਨ ਦੇ ਮਸ਼ਹੂਰ ਤਬਲਾਵਾਦਕ ਜਗਜੀਤ ਸਿੰਘ ਨੇ ਕੀਤੀ ਜਿਨ੍ਹਾਂ ਦਾ ਪੰਜ ਦਿਨ ਅਤੇ ਪੰਜ ਰਾਤਾਂ ਲਗਾਤਾਰ ਤਬਲਾ ਵਜਾਉਣ ਦਾ ਆਪਣਾ ‘ਗਿੰਨੀ ਬੁੱਕ ਆਫ਼ ਵਰਲਡ ਰਿਕਾਰਡ’ ਹੈ। ਗਾਇਕੀ ਦੇ ਇਸ ਸੰਗੀਤਕ ਸਮਾਗ਼ਮ ਦੀ ਸ਼ੁਰੂਆਤ ਤੋਂ ਪਹਿਲਾਂ ਜੈਦੀਪ ਸਿੰਘ ਨੇ ਹਰਦੀਪ ਬਖ਼ਸ਼ੀ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਉਹ ਮਹਿੰਦੀ ਹਸਨ ਹੁਰਾਂ ਦੇ ਸੰਪਰਕ ਵਿੱਚ ਆਏ ਅਤੇ ਫਿਰ ਉਨ੍ਹਾਂ ਤੋਂ ਸੰਗੀਤ ਦੀਆਂ ਬਾਰੀਕੀਆਂ ਬਾਰੇ ਸਿੱਖਿਆ ਹਾਸਲ ਕੀਤੀ। ਇਸ ਤੋਂ ਪਹਿਲਾਂ ਪ੍ਰੋਗਰਾਮ ਦੇ ਪਹਿਲੇ ਭਾਗ ਵਿੱਚ ਕੁਲਵਿੰਦਰ ਖਹਿਰਾ ਅਤੇ ਰਣਜੀਤ ਦੁਲੇ ਨੇ ਸ਼ਿਵ ਕੁਮਾਰ ਬਟਾਲਵੀ ਦੇ ਜੀਵਨ ਅਤੇ ਉਸ ਦੀ ਕਾਵਿ-ਸੰਸਾਰ ਬਾਰੇ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕੀਤੇ। ਇੰਜ ਹੀ, ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਸ਼ਿਵ ਕੁਮਾਰ ਬਾਰੇ ਗ਼ਜ਼ਲ-ਨੁਮਾ ਕਵਿਤਾ ਦੀਆਂ ਸਤਰਾਂ ‘ਇਸ਼ਕ ਦੇ ਬੀਮਾਰਾਂ ਦੀ ਜਦ ਦਾੜ੍ਹ ਦੁਖਿਆ ਕਰੇਗੀ, ਤੇਰੇ ਦਰਦ-ਭਿੰਨੇ ਗੀਤਾਂ ਦਾ ਦੁੱਧ ਚੋਇਆ ਕਰਨਗੇ’ ਅਤੇ ‘ਕੌਡੀਆਂ ਵਾਲਾ ਸੱਪ’ ਤੇ ਬੈਂਕ ਦਾ ਕਵੀ ਭਾਵੇਂ ਤੁਰ ਗਿਆ, ਇੱਕ ਸ਼ਿਵ ਨੂੰ ਰੋਇਆਂ ਕਈ ਸ਼ਿਵ ਹੋਇਆ ਕਰਨਗੇ’ ਬੜੀਆਂ ਭਾਵ-ਪੂਰਤ ਸਨ।
ਇਸ ਤੋਂ ਇਲਾਵਾ ਇਕਬਾਲ ਬਰਾੜ, ਸੈਡੀ ਗਿੱਲ, ਜਗਮੋਹਨ ਸੰਘਾ ਅਤਤੇ ਕਈ ਹੋਰਨਾਂ ਨੇ ਸ਼ਿਵ ਕੁਮਾਰ ਅਤੇ ਮਾਂ-ਦਿਵਸ ਨਾ ਸਬੰਧਿਤ ਗੀਤ ਅਤੇ ਕਵਿਤਾਵਾਂ ਸੁਣਾਈਆਂ। ਇਸ ਮੌਕੇ ਹਾਜ਼ਰੀਨ ਵਿੱਚ ‘ਹਿੰਦੀ ਗਿਲਡ’ ਤੋਂ ਸ਼ੈਲਜ਼ਾ ਸੈਕਸੈਨਾ ਅਤੇ ਉਨ੍ਹਾਂ ਦੇ ਸਾਥੀ, ਪੂਰਨ ਸਿੰਘ ਪਾਂਧੀ, ਸੁਰਜਣ ਸਿੰਘ ਜ਼ੀਰਵੀ, ਬਲਰਾਜ ਚੀਮਾ, ਗੁਰਦਾਸ ਮਿਨਹਾਸ, ਪਰਮਜੀਤ ਸਿੰਘ ਬੇਦੀ, ਪਰਮਜੀਤ ਢਿੱਲੋਂ, ਪਰਮਪਾਲ ਸੰਧੂ, ਪ੍ਰਤੀਕ ਸਿੰਘ, ਸੁਖਦੇਵ ਸਿੰਘ ਝੰਡ, ਸੁਰਿੰਦਰ ਸਿੰਘ ਸੰਧੂ, ਗੁਰਮਿੰਦਰ ਆਹਲੂਵਾਲੀਆ, ਮਨਮੋਹਨ ਗੁਲਾਟੀ, ਬਲਜਿੰਦਰ ਗੁਲਾਟੀ, ਪਰਮਜੀਤ ਦਿਓਲ, ਰਿੰਟੂ ਭਾਟੀਆ, ਮਿਸਿਜ਼ ਉਬਰਾਏ ਤੇ ਕਈ ਹੋਰ ਹਾਜ਼ਰ ਸਨ। ਮੰਚ-ਸੰਚਾਲਨ ਸ਼ਿਵ ਰਾਜ ਸੰਨੀ ਵੱਲੋਂ ਬਾਖ਼ੂਬੀ ਕੀਤਾ ਗਿਆ। ਕੁਲ ਮਿਲਾ ਕੇ ਗਾਇਕੀ ਦਾ ਇਹ ਪ੍ਰੋਗਰਾਮ ਵਧੀਆ ਪੈੜਾਂ ਛੱਡ ਗਿਆ।
ਬਰੈਂਪਟਨ ਫੀਲਡ ਹਾਕੀ ਕਲੱਬ ਨੇ ਹਾਕਸ ਫੀਲਡ ਹਾਕੀ ਟੂਰਨਾਮੈਂਟ ਜਿੱਤਿਆ
ਕੈਲਗਰੀ/ਬਿਊਰੋ ਨਿਊਜ਼ : ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਦੀ ਮੇਜ਼ਬਾਨੀ ਹੇਠ 19ਵਾਂ ਹਾਕਸ ਫੀਲਡ ਹਾਕੀ ਟੂਰਨਾਮੈਂਟ ਇਸ ਵਾਰ 20 ਮਈ ਤੋਂ 22 ਮਈ ਤੱਕ ਕੈਲਗਰੀ ਦੇ ਜੈਨਸਿਸ ਸੈਂਟਰ ਵਿੱਚ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਬਰੈਂਪਟਨ ਫੀਲਡ ਹਾਕੀ ਕਲੱਬ ਦੀ ਜੂਨੀਅਰ ਟੀਮ(ਅੰਡਰ-17) ਵੀ ਗਈ ਸੀ ਜਿਸ ਨੇ ਇਸ ਵਰਗ ਦਾ ਖਿਤਾਬ ਆਪਣੇ ਨਾਂ ਕਰ ਲਿਆ।ਅੰਡਰ-17 ਉਮਰ ਵਰਗ ਦੇ ਫਾਈਨਲ ਮੈਚ ਵਿੱਚ ਬਰੈਂਪਟਨ ਫੀਲਡ ਹਾਕੀ ਕਲੱਬ ਨੇ ਮੇਜ਼ਬਾਨ ਟੀਮ ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਨੂੰ ਹਰਾਇਆ। ਬਰੈਂਪਟਨ ਪੁੱਜਣ ਤੇ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ। ਫੀਲਡ ਹਾਕੀ ਤੋਂ ਇਲਾਵਾ ਇਸ ਟੂਰਨਾਮੈਂਟ ਵਿੱਚ ਰੱਸਾ-ਕਸ਼ੀ ਅਤੇ ਤਾਂਸ਼(ਸੀਪ) ਦੇ ਮੁਕਾਬਲੇ ਵੀ ਕਰਵਾਏ ਗਏ। ਦਰਸ਼ਕਾਂ ਨੇ ਕਿਤਾਬਾਂ ਅਤੇ ਚਿੱਤਰਾਂ ਦੀ ਪ੍ਰਦਰਸ਼ਨੀ ਵਿੱਚ ਭਾਰੀ ਰੁਚੀ ਦਿਖਾਈ। ਸੀਨੀਅਰ ਵਰਗ ਵਿੱਚ ਕੁੱਲ੍ਹ ਅੱਠ ਟੀਮਾਂ ਨੇ ਭਾਗ ਲਿਆ ਜਿਹਨਾਂ ਨੂੰ ਦੋ ਪੂਲਾਂ ਵਿੱਚ ਵੰਡਿਆ ਗਿਆ। ਪੂਲ ‘ਏ’ ਵਿੱਚ ਕੈਲਗਰੀ ਹਾਕਸ (ਰੈੱਡ) , ਐਡਮਿੰਟਨ (ਰੈੱਡ), ਫੇਅਰ ਫੀਲਡ ਕਲੱਬ ਅਮਰੀਕਾ ਅਤੇ ਸਸਕਾਟੂਨ ਦੀਆਂ ਟੀਮਾਂ ਖੇਡੀਆਂ ਹਨ ਜਦ ਕਿ ਪੂਲ ‘ਬੀ’ ਵਿੱਚ ਕੈਲਗਰੀ ਹਾਕਸ (ਬਲਿਊ), ਐਡਮਿੰਟਨ (ਵਾਈਟ), ਬਰੈਂਪਟਨ ਫੀਲਡ ਹਾਕੀ ਕਲੱਬ ਅਤੇ ਟੋਬਾ ਵਾਰੀਅਰਜ਼ ਕਲੱਬ ਵਿੰਨੀਪੈਗ ਦੀਆਂ ਟੀਮਾਂ ਨੂੰ ਰੱਖਿਆ ਗਿਆ।ਸੈਮੀ ਫਾਈਨਲ ਮੈਚ ਬਹੁਤ ਹੀ ਰੌਚਿਕ ਹੋਏ। ਫਾਈਨਲ ਮੈਚ ਵਿੱਚ ਕੈਲਗਰੀ ਹਾਕਸ ਕਲੱਬ (ਰੈੱਡ) ਨੇ ਕੈਲਗਰੀ ਹਾਕਸ (ਬਲਿਊ) ਨੂੰ ਹਰਾ ਕੇ ਖਿਤਾਬ ਜਿੱਤਿਆ।ਕਰਮਜੀਤ ਢੁੱਡੀਕੇ ਨੂੰ ਟੂਰਨਾਮੈਂਟ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ। ਗੋਲਕੀਪਰ ਮਨਵੀਰ ਗਰੇਵਾਲ ਨੂੰ ਫਾਈਨਲ ਮੈਚ ਲਈ ਵਧੀਆ ਖਿਡਾਰੀ ਘੋਸ਼ਿਤ ਕੀਤਾ ਗਿਆ। ਅੰਡਰ-12 ਉਮਰ ਵਰਗ ਵਿੱਚ ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਨੇ ਪਹਿਲਾ ਅਤੇ ਐਡਮਿੰਟਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਅੰਡਰ-10 ਅਤੇ ਅੰਡਰ-8 ਵਰਗ ਦੇ ਮੈਚਾਂ ਪਹਿਲੀ ਵਾਰ ਕਰਵਾਏ ਗਏ । ਬਹੁਤ ਹੀ ਛੋਟੀ ਉਮਰ ਦੇ ਇਹਨਾਂ ਬਚਿਆਂ ਦੀ ਖੇਡ ਵਿੱਚ ਵਿੱਚ ਲੋਕਾਂ ਨੇ ਭਾਰੀ ਰੁਚੀ ਦਿਖਾਈ।
ਰੱਸਾਕਸ਼ੀ ਵਿੱਚ ਕੁੱਲ ਅੱਠ ਟੀਮਾਂ ਨੇ ਭਾਗ ਲਿਆ। ਇਹ ਮੁਕਾਬਲਾ ਟੂਰਨਾਮੈਂਟ ਦਾ ਸਭ ਤੋਂ ਰੌਚਿਕ ਹੋ ਨਿਬੜਿਆ। ਇਸ ਵਿੱਚ ਹਾਕਸ ਕਲੱਬ, ਫਰੈਂਡਜ਼ ਕਲੱਬ, ਜੀ.ਕੇ. ਸਲਾਈਡਿੰਗ, ਸ਼ਹੀਦ ਭਗਤ ਸਿੰਘ ਕਲੱਬ, ਸੀ.ਐਨ. ਰੇਲਵੇ(ਏ) ਸੀ.ਐਨ.ਰੇਲਵੇ (ਬੀ) ਅਤੇ ਲੋਬਲਾਅ ਦੀਆਂ ਟੀਮਾਂ ਨਿਤਰੀਆਂ। ਪਿਛਲੇ ਦੋ ਵਾਰ ਦੀ ਜੇਤੂ ਫਰੈਂਡਜ਼ ਕਲੱਬ ਦੀ ਟੀਮ ਪਹਿਲੇ ਹੀ ਗੇੜ ਵਿੱਚ ਚਿੱਤ ਹੋ ਗਈ। ਫਾਈਨਲ ਮੁਕਾਬਲੇ ‘ਚੋਂ ਸੀ.ਐਨ.ਰੇਲਵੇ ਦੀ ‘ਏ’ ਟੀਮ ਨੇ ਪਹਿਲਾ ਅਤੇ ‘ਬੀ’ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਇਹਨਾਂ ਟੀਮਾਂ ਨੇ ਸਾਰੀ ਇਨਾਮੀ ਰਾਸ਼ੀ ਕਲੱਬ ਦੇ ਬੱਚਿਆਂ ਦੀ ਟਰੇਨਿੰਗ ਲਈ ਦੇਣ ਦਾ ਐਲਾਨ ਵੀ ਕੀਤਾ। ਤਾਸ਼ ਵਿਚੋਂ ਪ੍ਰੀਤਮ ਸਿੰਘ ਕਾਹਲੋਂ ਦੀ ਟੀਮ ਨੇ ਪਹਿਲਾ ਅਤੇ ਮਾਸਟਰ ਕਰਤਾਰ ਸਿੰਘ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਵਲੋਂ ਮਾਸਟਰ ਭਜਨ ਗਿੱਲ ਦੀ ਅਗਵਾਈ ਹੇਠ ਲਗਾਈ।ਕੈਲਗਰੀ ਦੇ ਦੋ ਪੰਜਾਬੀ ਚਿੱਤਰਕਾਰਾਂ ਡਾ. ਰਮਨ ਗਿੱਲ ਅਤੇ ਜਸਪਾਲ ਗਿੱਲ ਦੇ ਕੰਮ ਨੂੰ ਕਾਫੀ ਸਤਿਕਾਰਿਆ ਜਾਂਦਾ ਹੈ। ਉਹਨਾਂ ਦੇ ਚਿੱਤਰਾਂ ਦੀ ਪ੍ਰਦਰਸ਼ਨੀ ਨੇ ਇਸ ਟੂਰਨਾਮੈਂਟ ਵਿੱਚ ਵੱਖਰਾ ਰੰਗ ਭਰਿਆ। ਸਾਬਕਾ ਉਲੰਪੀਅਨ ਅਮਰ ਸਿੰਘ ਮਾਂਗਟ ਨੂੰ ਮਨਮੀਤ ਸਿੰਘ ਭੁੱਲਰ ਸਨਮਾਨ ਦਿੱਤਾ ਗਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …