ਅਮਰੀਕੀ ਕੈਂਪਾਂ ‘ਚ ਬੰਦ ਭਾਰਤੀਆਂ ਵਿਚ ਔਰਤਾਂ ਵੀ ਸ਼ਾਮਲ
ਜਲੰਧਰ : ਅਮਰੀਕਾ ਵਿਚ ਗ਼ੈਰਕਾਨੂੰਨੀ ਤੌਰ ‘ਤੇ ਪਰਵਾਸ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਤੇ ਉੱਥੇ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਵਾਲਿਆਂ ਵਿਚ ਵੱਡੀ ਗਿਣਤੀ ਭਾਰਤੀ ਵੀ ਸ਼ਾਮਲ ਹਨ। ਉੱਥੋਂ ਦੇ ਵੱਖ-ਵੱਖ ਕੈਂਪਾਂ ਵਿਚ ਤਿੰਨ ਹਜ਼ਾਰ ਤੋਂ ਵੱਧ ਭਾਰਤੀ ਬੰਦ ਹਨ, ਜਿਨ੍ਹਾਂ ਨੇ ਇੰਮੀਗ੍ਰੇਸ਼ਨ ਸਮੇਤ ਹੋਰ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ।
ਨੌਰਥ-ਅਮਰੀਕਨ ਪੰਜਾਬੀ ਐਸੋਸੀਏਸ਼ਨ ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਵੱਲੋਂ ਅਧਿਕਾਰਤ ਤੌਰ ‘ਤੇ ਮੰਗੀ ਗਈ ਜਾਣਕਾਰੀ ਅਨੁਸਾਰ ਗ਼ੈਰਕਾਨੂੰਨੀ ਪਰਵਾਸ ਕਾਰਨ ਫੜੇ ਗਏ 3017 ਭਾਰਤੀ ਅਮਰੀਕਾ ਦੇ ਵੱਖ-ਵੱਖ ਕੈਂਪਾਂ ਵਿਚ ਬੰਦ ਹਨ। ਇਨ੍ਹਾਂ ਵਿਚ 84 ਔਰਤਾਂ ਤੇ 2033 ਪੁਰਸ਼ ਹਨ। ਇਨ੍ਹਾਂ ਵਿਚੋਂ 2,691 ਮਰਦ ਅਤੇ 77 ਔਰਤਾਂ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਜਿਹੜੇ ਭਾਰਤੀਆਂ ਨੂੰ ਸਜ਼ਾ ਹੋ ਚੁੱਕੀ ਹੈ, ਉਨ੍ਹਾਂ ਵਿਚ 156 ਮਰਦ ਅਤੇ 6 ਔਰਤਾਂ ਸ਼ਾਮਲ ਹਨ। ਜਿਹੜੇ ਕੇਸਾਂ ਦਾ ਅਜੇ ਫ਼ੈਸਲਾ ਵਿਚਾਰ ਅਧੀਨ ਹੈ, ਉਨ੍ਹਾਂ ਵਿਚ 86 ਮਰਦ ਤੇ ਇਕ ਔਰਤ ਸ਼ਾਮਲ ਹੈ।
ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਪੱਸ਼ਟ ਤਰੀਕੇ ਨਾਲ ਅਮਰੀਕੀ ਪ੍ਰਸ਼ਾਸਨ ਕੋਲੋਂ ਸਵਾਲ ਪੁੱਛੇ ਸਨ ਕਿ ਫੜੇ ਗਏ ਲੋਕਾਂ ਵਿਚ ਕਿੰਨੇ ਭਾਰਤੀ ਹਨ, ਇਨ੍ਹਾਂ ਭਾਰਤੀਆਂ ਵਿਚੋਂ ਕਿੰਨੇ ਜਣਿਆਂ ਨੇ ਸਿਆਸੀ ਸ਼ਰਨ ਮੰਗੀ ਸੀ, ਫੜੇ ਗਏ ਭਾਰਤੀਆਂ ਵਿਚੋਂ ਕਿੰਨੇ ਜਣਿਆਂ ਦੇ ਨਾਵਾਂ ਨਾਲ ਕੌਰ ਤੇ ਸਿੰਘ ਸ਼ਬਦ ਲੱਗੇ ਹੋਏ ਹਨ ਤੇ ਇਨ੍ਹਾਂ ਵਿਚ ਔਰਤਾਂ ਤੇ ਬੱਚੇ ਕਿੰਨੇ ਹਨ। ਅਮਰੀਕੀ ਸਰਕਾਰ ਨੇ ਨਿੱਜਤਾ ਕਾਨੂੰਨ ਦਾ ਸਹਾਰਾ ਲੈਂਦਿਆ ਸਾਰੀ ਜਾਣਕਾਰੀ ਮੁਹੱਈਆ ਨਹੀਂ ਕਰਵਾਈ। ਉਨ੍ਹਾਂ ਕਿਹਾ ਕਿ ਉਹ ਇਸ ਵਿਰੁੱਧ ਅਪੀਲ ਦਾਇਰ ਕਰ ਕੇ ਜਾਣਕਾਰੀ ਹਾਸਲ ਕਰਨਗੇ। ਅਮਰੀਕਾ ਦੇ ਕੈਂਪਾਂ ਵਿਚ ਬੰਦ ਦੁਨੀਆਂ ਦੇ ਸਾਰੇ ਦੇਸ਼ਾਂ ਤੋਂ ਪਿਛਲੇ ਚਾਰ ਸਾਲਾਂ ਵਿਚ ਫੜੇ ਗਏ ਲੋਕਾਂ ਬਾਰੇ ਉੱਥੋਂ ਦੀ ਇਕ ਯੂਨੀਵਰਸਿਟੀ ਦੇ ਸਰਵੇਖਣ ਅਨੁਸਾਰ ਅਪਰੈਲ 2019 ਤੱਕ ਅਮਰੀਕਾ ਵਿਚ ਫੜੇ ਗਏ ਲੋਕਾਂ ਦੀ ਗਿਣਤੀ 50 ਹਜ਼ਾਰ ਦੇ ਕਰੀਬ ਹੈ। ਅਮਰੀਕਾ ਵਿਚ ਗ਼ੈਰਕਾਨੂੰਨੀ ਪਰਵਾਸ ਕਰਨ ਦੇ ਮਾਮਲਿਆਂ ਵਿਚ ਜਿਹੜੇ ਲੋਕਾਂ ਨੂੰ ਫੜ ਕੇ ਕੈਪਾਂ ਵਿਚ ਰੱਖਿਆ ਜਾਂਦਾ ਹੈ, ਇਹ ਕੈਂਪ ਜ਼ਿਆਦਾਤਰ ਅਮਰੀਕਾ-ਮੈਕਸੀਕੋ ਦੀ ਸਰਹੱਦ ਦੇ ਨਾਲ ਲੱਗਦੇ ਹਨ। ਗ਼ੈਰਕਾਨੂੰਨੀ ਪਰਵਾਸ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਅਮਰੀਕਾ ਰਹਿੰਦੇ ਭਾਰਤੀ ਤੇ ਖ਼ਾਸ ਕਰਕੇ ਪਰਵਾਸੀ ਪੰਜਾਬੀ ਚਿੰਤਤ ਹਨ।
Check Also
ਭਾਰਤ ’ਚ ਸਭ ਕੁਝ ਮੇਡ ਇਨ ਚਾਈਨਾ ਤਾਂ ਹੀ ਰੁਜ਼ਗਾਰ ਦੀ ਕਮੀ : ਰਾਹੁਲ ਗਾਂਧੀ
ਰਾਹੁਲ ਨੇ ਅਮਰੀਕਾ ’ਚ ਭਾਰਤੀ ਭਾਈਚਾਰੇ ਦੇ ਵਿਅਕਤੀਆਂ ਨਾਲ ਕੀਤੀ ਮੁਲਾਕਾਤ ਟੈਕਸਾਸ/ਬਿਊਰੋ ਨਿਊਜ਼ ਕਾਂਗਰਸ ਪਾਰਟੀ …