ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸੀ ਆਗੂ ਅਤੇ ਭਾਰਤ ਦੀ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਪਿਛਲੇ ਦਿਨੀਂ ਅਮਰੀਕਾ ਦੇ ਦੌਰੇ ’ਤੇ ਪਹੁੰਚੇ ਸਨ। ਅਮਰੀਕਾ ਦੇ ਟੈਕਸਾਸ ਪ੍ਰਾਂਤ ਦੇ ਡੱਲਾਸ ਵਿੱਚ ਪਰਵਾਸੀ ਭਾਰਤੀਆਂ ਵਲੋਂ ਇੰਡੀਅਨ ਓਵਰਸੀਜ਼ ਕਾਂਗਰਸ ਦੇ ਅੰਤਰਰਾਸ਼ਟਰੀ ਚੇਅਰਮੈਨ ਸੈਮ ਪਿਤਰੋਦਾ ਤੇ ਮਹਿੰਦਰ ਸਿੰਘ ਗਿਲਜੀਆਂ ਦੀ ਅਗਵਾਈ ਵਿਚ ਰਾਹੁਲ ਗਾਂਧੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ 4 ਹਜ਼ਾਰ ਕੁਰਸੀਆਂ ਵਾਲਾ ਹਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੀ ਰਾਜਨੀਤੀ ਵਿਚ ਪਿਆਰ, ਸਨਮਾਨ ਅਤੇ ਨਿਮਰਤਾ ਗਾਇਬ ਹਨ। ਉਨ੍ਹਾਂ ਨੇ ਭਾਜਪਾ ਅਤੇ ਆਰ.ਐਸ.ਐਸ. ਦੀ ਵਿਚਾਰਧਾਰਾ ’ਤੇ ਤਿੱਖੇ ਸਿਆਸੀ ਹਮਲੇ ਕੀਤੇ। ਰਾਹੁਲ ਨੇ ਕਿਹਾ ਕਿ ਭਾਰਤ ਵਿਚ ਹੁਨਰਮੰਦ ਲੱਖਾਂ ਲੋਕਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਰਾਹੁਲ ਨੇ ਕਿਹਾ ਕਿ ਹਰ ਉਸ ਵਿਅਕਤੀ ਦਾ ਸਨਮਾਨ ਹੋਣਾ ਚਾਹੀਦਾ ਹੈ, ਜੋ ਭਾਰਤ ਦਾ ਨਿਰਮਾਣ ਕਰਨ ਦਾ ਯਤਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਭਾਰਤ ਦੀ ਜ਼ਰੂਰਤ ਹੈ ਅਤੇ ਭਾਰਤ ਨੂੰ ਅਮਰੀਕਾ ਦੀ ਜ਼ਰੂਰਤ ਹੈ। ਇਸੇ ਦੌਰਾਨ ਇੰਡੀਅਨ ਓਵਰਸੀਜ਼ ਕਾਂਗਰਸ ਦੇ ਅੰਤਰਰਾਸ਼ਟਰੀ ਚੇਅਰਮੈਨ ਸੈਮ ਪਿਤਰੋਦਾ ਨੇ ਕਿਹਾ ਕਿ ਰਾਹੁਲ ਗਾਂਧੀ ਪੜ੍ਹੇ ਲਿਖੇ ਹਨ ਅਤੇ ਉਹ ਹਰ ਇਕ ਮੁੱਦੇ ’ਤੇ ਡੂੰਘੀ ਸੋਚ ਵੀ ਰੱਖਦੇ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਮਹਿੰਦਰ ਸਿੰਘ ਗਿਲਜ਼ੀਆਂ ਨੇ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦਾ ਨੇਤਾ ਬਣਨ ਦੀ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਪਿਛਲੇ 10 ਸਾਲਾਂ ਤੋਂ ਲਗਭਗ ਭੁੱਲ ਹੀ ਗਏ ਸੀ ਕਿ ਵਿਰੋਧੀ ਧਿਰ ਕਿੰਨੀ ਮਹੱਤਵਪੂਰਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਮੌਜੂਦਾ ਸਰਕਾਰ ਨੇ ਤਾਨਾਸ਼ਾਹੀ ਵਾਂਗ ਕੰਮ ਕੀਤਾ ਹੈ। ਗਿਲਜ਼ੀਆਂ ਹੋਰਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਮੌਜੂਦਾ ਭਾਜਪਾ ਸਰਕਾਰ ਅਤੇ ਪੂਰੇ ਦੇਸ਼ ਨੂੰ ਯਾਦ ਦਿਵਾਇਆ ਹੈ ਕਿ ਮਜ਼ਬੂਤ ਵਿਰੋਧੀ ਧਿਰ ਹੋਣ ਦਾ ਕੀ ਮਤਲਬ ਹੈ। ਉਨ੍ਹਾਂ ਦਿਖਾਇਆ ਕਿ ਡਾਕਟਰ ਅੰਬੇਡਕਰ ਅਤੇ ਸਾਡੇ ਨੇਤਾਵਾਂ ਨੇ ਸਾਡੇ ਸੰਵਿਧਾਨ ’ਚ ਵਿਰੋਧੀ ਧਿਰ ਅਤੇ ਉਸਦੇ ਨੇਤਾ ਦੀ ਭੂਮਿਕਾ ਨੂੰ ਯਕੀਨੀ ਕਿਉਂ ਬਣਾਇਆ ਹੈ। ਮਹਿੰਦਰ ਸਿੰਘ ਗਿਲਜ਼ੀਆਂ ਨੇ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਦੇਸ਼ ਰਾਹੁਲ ਗਾਂਧੀ ਦੀ ਅਗਵਾਈ ਹੇਠ ਇਨ੍ਹਾਂ ਆਦਰਸ਼ਾਂ ਨੂੰ ਕਾਇਮ ਰੱਖੇਗਾ। ਇਸ ਮੌਕੇ ਆਈ.ਓ.ਸੀ. ਦੇ ਨੇਤਾ ਗੁਰਦੇਵ ਸਿੰਘ ਹੇਅਰ, ਦਵਿੰਦਰਪਾਲ ਸਿੰਘ ਸਾਬ ਭੁੱਲਰ, ਬਲਦੇਵ ਸਿੰਘ ਰੰਧਾਵਾ, ਸੋਫੀਆ ਸ਼ਰਮਾ ਜਨਰਲ ਸਕੱਤਰ ਅਮਰੀਕਨ ਆਈ.ਓ.ਸੀ., ਪ੍ਰਦੀਪ ਸਮਾਲਾ ਅਤੇ ਹੋਰ ਪ੍ਰਮੁੱਖ ਭਾਰਤੀ ਪਰਵਾਸੀ ਵੀ ਸਟੇਜ ’ਤੇ ਹਾਜ਼ਰ ਸਨ।