ਭਾਰਤੀ ਹਾਈ ਕਮਿਸ਼ਨ ਦੀ ਇਮਾਰਤ ਤੋਂ ਉਤਾਰ ਦਿੱਤਾ ਗਿਆ ਸੀ ਤਿਰੰਗਾ
ਲੰਡਨ : ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ‘ਤੇ ਹੋਈ ਭੰਨ-ਤੋੜ ਦੀ ਘਟਨਾ ਤੋਂ ਬਾਅਦ ਬਰਤਾਨੀਆ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਯੂਕੇ ਵਿਚਲੇ ਭਾਰਤੀ ਹਾਈ ਕਮਿਸ਼ਨ ਦੀ ਸੁਰੱਖਿਆ ਨੂੰ ‘ਗੰਭੀਰਤਾ’ ਨਾਲ ਲਿਆ ਜਾਵੇਗਾ। ਉਨ੍ਹਾਂ ਇਸ ਘਟਨਾ ਨੂੰ ‘ਬਰਦਾਸ਼ਤ ਤੋਂ ਬਾਹਰ’ ਕਰਾਰ ਦਿੱਤਾ ਹੈ ਤੇ ਸਕਾਟਲੈਂਡ ਯਾਰਡ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ ਹਾਈ ਕਮਿਸ਼ਨ ਉਤੇ ਲੱਗੇ ਤਿਰੰਗੇ ਨੂੰ ਐਤਵਾਰ ਵਾਲੇ ਦਿਨ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਸਮਰਥਕਾਂ ਵੱਲੋਂ ਲਾਹ ਦਿੱਤਾ ਗਿਆ ਸੀ। ਯੂਕੇ ਵਿਚਲੇ ਭਾਰਤੀ ਭਾਈਚਾਰੇ ਨੇ ਵੀ ਘਟਨਾ ਦੀ ਨਿਖੇਧੀ ਕੀਤੀ ਹੈ। ਪੂਰੇ ਯੂਕੇ ਦੇ ਬਰਤਾਨਵੀ ਸਿੱਖ ਆਗੂਆਂ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਹਰ ਕਿਸੇ ਨੂੰ ਸ਼ਾਂਤੀਪੂਰਨ ਰੋਸ ਮੁਜ਼ਾਹਰਿਆਂ ਦਾ ਹੱਕ ਹੈ, ਪਰ ਭਾਰਤੀ ਹਾਈ ਕਮਿਸ਼ਨ ਖਿਲਾਫ ਹਿੰਸਾ ਜਾਂ ਧਮਕਾਉਣ ਦੀ ਕਾਰਵਾਈ ਬਰਦਾਸ਼ਤ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਧੱਕੇ ਨਾਲ ਤਿਰੰਗਾ ਉਤਾਰਨ ਦੀ ਕਾਰਵਾਈ ਨਿਖੇਧੀਯੋਗ ਹੈ ਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਭਾਰਤ ਨੇ ਹਾਈ ਕਮਿਸ਼ਨ ਦੀ ਸੁਰੱਖਿਆ ਬਾਰੇ ਬਰਤਾਨੀਆ ਕੋਲ ਸਖ਼ਤ ਰੋਸ ਜ਼ਾਹਿਰ ਕੀਤਾ : ਨਵੀਂ ਦਿੱਲੀ : ਭਾਰਤ ਨੇ ਬਰਤਾਨੀਆ ਦੀ ਸਰਕਾਰ ਕੋਲ ਘਟਨਾ ‘ਤੇ ਸਖ਼ਤ ਰੋਸ ਜ਼ਾਹਿਰ ਕੀਤਾ ਹੈ। ਭਾਰਤੀ ਅਧਿਕਾਰੀਆਂ ਨੇ ਕੂਟਨੀਤਕ ਮਿਸ਼ਨ ਦੀ ਸੁਰੱਖਿਆ ‘ਤੇ ਸਵਾਲ ਉਠਾਏ ਹਨ। ਜ਼ਿਕਰਯੋਗ ਹੈ ਕਿ ਭਾਰਤ ਨੇ ਐਤਵਾਰ ਰਾਤ ਇਸ ਘਟਨਾ ‘ਤੇ ਬਰਤਾਨੀਆ ਦੇ ਭਾਰਤ ਵਿਚਲੇ ਸੀਨੀਅਰ ਰਾਜਦੂਤ ਨੂੰ ਤਲਬ ਕੀਤਾ ਸੀ।
ਭਾਰਤ ਨੇ ਡਿਪਟੀ ਹਾਈ ਕਮਿਸ਼ਨਰ ਕੋਲ ‘ਸੁਰੱਖਿਆ ਦੀ ਸੰਪੂਰਨ ਗੈਰ-ਮੌਜੂਦਗੀ’ ਬਾਰੇ ਸਪੱਸ਼ਟੀਕਰਨ ਮੰਗਿਆ ਸੀ। ਇਸੇ ਦੌਰਾਨ ਸੀਨੀਅਰ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਮਿਸ਼ਨਾਂ ਦੀ ਸੁਰੱਖਿਆ ਬਾਰੇ ਸਾਰੇ ਮੁਲਕਾਂ ਨਾਲ ਗੱਲ ਕਰਨ ਤਾਂ ਜੋ ਯੂਕੇ ਵਰਗੀ ਘਟਨਾ ਦੁਬਾਰਾ ਨਾ ਵਾਪਰੇ।
ਬਰਤਾਨਵੀ ਸਰਕਾਰ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ: ਕਾਂਗਰਸ
ਨਵੀਂ ਦਿੱਲੀ : ਕਾਂਗਰਸ ਨੇ ਲੰਡਨ ‘ਚ ਭਾਰਤੀ ਹਾਈ ਕਮਿਸ਼ਨ ‘ਤੇ ਹੋਈ ਭੰਨਤੋੜ ਦੀ ਘਟਨਾ ਦੀ ਨਿਖੇਧੀ ਕੀਤੀ ਹੈ। ਪਾਰਟੀ ਨੇ ਕਿਹਾ ਕਿ ਬਰਤਾਨਵੀ ਸਰਕਾਰ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਆਪਣੀ ‘ਬੁਨਿਆਦੀ ਜ਼ਿੰਮੇਵਾਰੀ ਨਿਭਾਉਣ ਵਿਚ ਬੁਰੀ ਤਰ੍ਹਾਂ ਨਾਕਾਮ’ ਹੋ ਗਈ ਹੈ। ਪਾਰਟੀ ਨੇ ਕਿਹਾ ਕਿ ਹਾਈ ਕਮਿਸ਼ਨ ਤੋਂ ਝੰਡਾ ਉਤਾਰਨਾ ਨਿਖੇਧੀਯੋਗ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਘਟਨਾ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸਦੀ ਜਿੰਨੀ ਨਿਖੇਧੀ ਕੀਤੀ ਜਾਵੇ, ਘੱਟ ਹੋਵੇਗੀ।