288 ਸੀਟਾਂ ਜਿੱਤ ਕੇ ਹਾਕਮ ਅਵਾਮੀ ਲੀਗ ਨੇ ਕੀਤਾ ਕਲੀਨ ਸਵੀਪ
ਢਾਕਾ : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਅਗਵਾਈ ਵਾਲੇ ਸੱਤਾਧਾਰੀ ਗੱਠਜੋੜ ਨੇ ਆਮ ਚੋਣਾਂ ਵਿੱਚ ਹੂੰਝਾ ਫੇਰਦਿਆਂ ਵੱਡੀ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਹਸੀਨਾ (71) ਦਾ ਲਗਾਤਾਰ ਤੀਜੀ ਵਾਰ (ਕੁੱਲ ਮਿਲਾ ਕੇ ਚੌਥੀ ਵਾਰ) ਮੁਲਕ ਦੀ ਪ੍ਰਧਾਨ ਮੰਤਰੀ ਬਣਨ ਲਈ ਰਾਹ ਪੱਧਰਾ ਹੋ ਗਿਆ ਹੈ। ਉਧਰ ਵਿਰੋਧੀ ਪਾਰਟੀਆਂ ਨੇ ਚੋਣ ਨਤੀਜਿਆਂ ਨੂੰ ‘ਹਾਸੋਹੀਣਾ’ ਕਰਾਰ ਦਿੱਤਾ ਹੈ। ਇਸ ਦੌਰਾਨ ਬੰਗਲਾਦੇਸ਼ ਦੇ ਮੁੱਖ ਚੋਣ ਕਮਿਸ਼ਨਰ ਕੇ.ਐੱਮ.ਨੁਰੁਲ ਹੁਦਾ ਨੇ ਚੋਣਾਂ ਵਿੱਚ ਪੱਖਪਾਤ ਜਾਂ ਗੜਬੜੀ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਵਿਰੋਧੀ ਧਿਰ ਵੱਲੋਂ ਸੱਜਰੀਆਂ ਚੋਣਾਂ ਕਰਾਏ ਜਾਣ ਦੀ ਮੰਗ ਖਾਰਜ ਕਰ ਦਿੱਤੀ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਤੇ ਅਵਾਮੀ ਲੀਗ ਦੀ ਮੁਖੀ ਸ਼ੇਖ ਹਸੀਨਾ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਲੱਗੇ ਧੱਕੇ ਦਾ ਮੁੱਖ ਕਾਰਨ ਲੀਡਰਸ਼ਿਪ ਦਾ ਖੱਪਾ ਹੈ। ਅਵਾਮੀ ਲੀਗ ਦੀ ਅਗਵਾਈ ਵਾਲੇ ਮਹਾਂਗੱਠਜੋੜ ਨੇ 300 ਮੈਂਬਰੀ ਸੰਸਦ ਦੀਆਂ 288 ਸੀਟਾਂ ਜਿੱਤ ਲਈਆਂ ਹਨ। ਸਾਲ 2008 ਦੀ ਆਪਣੀ ਸਰਵੋਤਮ ਕਾਰਗੁਜ਼ਾਰੀ ਨੂੰ ਮਾਤ ਪਾਉਂਦਿਆਂ ਐਤਕੀਂ ਗੱਠਜੋੜ ਦੇ ਹੱਕ ਵਿੱਚ ਕੁਲ ਪੋਲ ਹੋਈਆਂ ਵੋਟਾਂ ਦਾ 82 ਫੀਸਦ ਭੁਗਤਿਆ ਹੈ। ਦਸ ਸਾਲ ਪਹਿਲਾਂ ਗੱਠਜੋੜ ਨੇ 263 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ। ਉਧਰ ਵਿਰੋਧੀ ਪਾਰਟੀਆਂ ਦਾ ਗੱਠਜੋੜ ਨੈਸ਼ਨਲ ਯੂਨਿਟੀ ਫਰੰਟ (ਐਨਯੂਐਫ਼) ਮਹਿਜ਼ ਸੱਤ ਸੀਟਾਂ ਹੀ ਜਿੱਤ ਸਕਿਆ ਜਦਕਿ ਤਿੰਨ ਸੀਟਾਂ ਹੋਰਨਾਂ ਦੇ ਖਾਤੇ ਵਿੱਚ ਪਈਆਂ।
ਮੋਦੀ ਤੇ ਮਮਤਾ ਵੱਲੋਂ ਹਸੀਨਾ ਨੂੰ ਵਧਾਈ : ਢਾਕਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੈਲੀਫੋਨ ਕਰਕੇ ਆਪਣੀ ਬੰਗਲਾਦੇਸ਼ੀ ਹਮਰੁਤਬਾ ਨੂੰ ਆਮ ਚੋਣਾਂ ਵਿੱਚ ਮਿਲੀ ਹੂੰਝਾਫੇਰ ਜਿੱਤ ਲਈ ਵਧਾਈ ਦਿੱਤੀ ਹੈ। ਮੋਦੀ ਦੇ ਹਸੀਨਾ ਨੂੰ ਯਕੀਨ ਦਿਵਾਇਆ ਕਿ ਮੁਲਕ ਦੇ ਵਿਕਾਸ ਲਈ ਉਨ੍ਹਾਂ ਨੂੰ ਭਾਰਤ ਤੋਂ ਲਗਾਤਾਰ ਹਮਾਇਤ ਮਿਲਦੀ ਰਹੇਗੀ। ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਸ਼ੇਖ਼ ਹਸੀਨਾ ਨੂੰ ਜਿੱਤ ਦੀ ਵਧਾਈ ਦਿੱਤੀ ਹੈ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …