ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲਾਹੌਰ ਹਾਈਕੋਰਟ ਤੋਂ ਅੱਤਵਾਦ ਨਾਲ ਸਬੰਧਿਤ ਦੋ ਮਾਮਲਿਆਂ ਸਣੇ ਤਿੰਨਾਂ ਵਿੱਚ ਜ਼ਮਾਨਤ ਮਿਲ ਗਈ ਹੈ। ਇਨ੍ਹਾਂ ਵਿੱਚ ਇਸਲਾਮਾਬਾਦ ਵਿੱਚ ਪਿਛਲੇ ਹਫ਼ਤੇ ਜੁਡੀਸ਼ਲ ਕੰਪਲੈਕਸ ਦੇ ਬਾਹਰ ਹੋਈ ਹਿੰਸਾ ਸਬੰਧੀ ਕੇਸ ਵੀ ਸ਼ਾਮਲ ਹੈ। ਜਸਟਿਸ ਸ਼ਹਿਬਾਜ਼ ਰਿਜ਼ਵੀ ਤੇ ਜਸਟਿਸ ਫਾਰੂਕ ਹੈਦਰ ਦੀ ਅਗਵਾਈ ਹੇਠਲੇ ਦੋ ਮੈਂਬਰੀ ਬੈਂਚ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਨੂੰ ਅੱਤਵਾਦ ਦੇ ਮਾਮਲਿਆਂ ਵਿੱਚ 27 ਮਾਰਚ ਤੱਕ ਜ਼ਮਾਨਤ ਦੇ ਦਿੱਤੀ ਹੈ। ਇਸ ਤੋਂ ਇਲਾਵਾ ਤੋਸ਼ਾਖਾਨਾ ਕੇਸ ਵਿੱਚ ਐਨਏਬੀ ਦੀ ਜਾਂਚ ਦੇ ਮਾਮਲੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਲਾਹੌਰ ਹਾਈਕੋਰਟ ਦੇ ਜਸਟਿਸ ਬਾਕਿਰ ਨਕਵੀ ਅੱਗੇ ਪੇਸ਼ ਹੋਏ। ਅਦਾਲਤ ਨੇ ਉਨ੍ਹਾਂ ਦੀ ਅਗਲੇ ਮੰਗਲਵਾਰ ਤੱਕ ਜ਼ਮਾਨਤ ਮਨਜ਼ੂਰ ਕਰ ਲਈ ਹੈ। ਸੁਣਵਾਈ ਮਗਰੋਂ ਅਦਾਲਤ ਦੇ ਇਕ ਅਧਿਕਾਰੀ ਨੇ ਦੱਸਿਆ,’ਖਾਨ ਨੇ ਅਦਾਲਤ ਨੂੰ ਦੱਸਿਆ ਕਿ ਉਹ ਲੁਕ-ਛਿਪ ਕੇ ਅਦਾਲਤ ਪਹੁੰਚੇ ਹਨ ਕਿਉਂਕਿ ਉਨ੍ਹਾਂ ਦੇ ਘਰ ਨੇੜੇ ਉਨ੍ਹਾਂ ਨੂੰ ਅਦਾਲਤ ਜਾਣ ਤੋਂ ਰੋਕਣ ਲਈ ਭਾਰੀ ਪੁਲਿਸ ਦੀ ਨਫਰੀ ਤਾਇਨਾਤ ਕੀਤੀ ਗਈ ਹੈ। ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਮਾਮਲੇ ਵਿੱਚ ਪੇਸ਼ ਹੋਣ ‘ਚ ਕੋਈ ਦਿੱਕਤ ਨਹੀਂ ਹੈ ਪਰ ਅਦਾਲਤ ਵਿੱਚ ਉਨ੍ਹਾਂ ਦੀ ਮੌਜੂਦਗੀ ਦੌਰਾਨ ਸਰਕਾਰ ਇਹ ਯਕੀਨੀ ਬਣਾਵੇ ਕਿ ਕੋਈ ਹਫੜਾ-ਦਫੜੀ ਨਾ ਹੋਵੇ। ਜਾਪਦਾ ਹੈ ਕਿ ਪੀਟੀਆਈ ਨੇ ਮੰਗਲਵਾਰ ਨੂੰ ਪਾਰਟੀ ਚੇਅਰਮੈਨ ਨਾਲ ਆਪਣੇ ਵਰਕਰਾਂ ਨੂੰ ਅਦਾਲਤ ਭੇਜਣ ਬਾਰੇ ਆਪਣੀ ਰਣਨੀਤੀ ਬਦਲ ਲਈ ਹੈ ਕਿਉਂਕਿ ਲਾਅ ਐਨਫੋਰਸਮੈਂਟ ਏਜੰਸੀਆਂ ਨੇ ਉਨ੍ਹਾਂ ‘ਤੇ ਸਖ਼ਤ ਕਾਰਵਾਈ ਕੀਤੀ ਹੈ। ਪੰਜਾਬ ਤੇ ਇਸਲਾਮਾਬਾਦ ਪੁਲਿਸ ਨੇ ਵੱਖ-ਵੱਖ ਹਿੱਸਿਆਂ ਤੋਂ 500 ਪੀਟੀਆਈ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …