Breaking News
Home / ਪੰਜਾਬ / ਅੰਮ੍ਰਿਤਸਰ ਤੋਂ ਟੋਰਾਂਟੋ ਦੀ ਫਲਾਈਟ ਤੋਂ ਏਅਰ ਇੰਡੀਆ ਦਾ ਇਨਕਾਰ

ਅੰਮ੍ਰਿਤਸਰ ਤੋਂ ਟੋਰਾਂਟੋ ਦੀ ਫਲਾਈਟ ਤੋਂ ਏਅਰ ਇੰਡੀਆ ਦਾ ਇਨਕਾਰ

ਅੰਮ੍ਰਿਤਸਰੋਂ ਉਡਾਣ ਭਰਨ ਨਾਲ ਪੈਂਦਾ ਹੈ ਘਾਟਾ
ਚੰਡੀਗੜ੍ਹ/ਬਿਊਰੋ ਨਿਊਜ਼ : ਅੰਮ੍ਰਿਤਸਰ ਇੰਟਰਨੈਸ਼ਨਲ ਏਅਰ ਪੋਰਟ ਤੋਂ ਟੋਰਾਂਟੋ ਦੀ ਉਡਾਣ ਸ਼ੁਰੂ ਕਰਨ ਤੋਂ ਏਅਰ ਇੰਡੀਆ ਨੇ ਘਾਟੇ ਦੀ ਗੱਲ ਕਹਿੰਦਿਆਂ ਕੋਰੀ ਨਾਂਹ ਕਰ ਦਿੱਤੀ ਹੈ। ਹਾਲਾਂਕਿ ਏਅਰ ਇੰਡੀਆ ਨੇ ਦੱਸਿਆ ਕਿ 29 ਅਕਤੂਬਰ ਤੋਂ ਉਹ ਚੰਡੀਗੜ੍ਹ ਇੰਟਰਨੈਸ਼ਨਲ ਏਅਰ ਪੋਰਟ ਤੋਂ ਬੈਂਕਾਕ ਦੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ ਜੋ ਹਫਤੇ ‘ਚ ਚਾਰ ਦਿਨ ਦੀ ਹੋਵੇਗੀ। ਮੰਗਲਵਾਰ ਨੂੰ ਏਅਰ ਇੰਡੀਆ ਦੇ ਸਟੇਸ਼ਨ ਮੈਨੇਜਰ ਜੀਐਸ ਤੋਮਰ ਨੇ ਹਾਈਕੋਰਟ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਨਾਲ ਹੀ ਅੰਮ੍ਰਿਤਸਰ ਤੋਂ ਹੋਰ ਕੌਮਾਂਤਰੀ ਉਡਾਣਾਂ ਨਾਲ ਹੋਏ ਘਾਟੇ ਦੀ ਵੀ ਏਅਰ ਇੰਡੀਆ ਨੇ ਹਾਈਕੋਰਟ ਨੂੰ ਜਾਣਕਾਰੀ ਦਿੱਤੀ ਹੈ।
ਅੰਮ੍ਰਿਤਸਰ ਤੋਂ ਕੌਮਾਂਤਰੀ ਉਡਾਣਾਂ ਕਾਰਨ ਏਅਰ ਇੰਡੀਆ ਨੂੰ ਹੋਏ ਘਾਟੇ ਦੇ ਬਿਓਰੇ ‘ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਐਡਵੋਕੇਟ ਨੇ ਕਿਹਾ ਕਿ ਇਹ ਜਾਣਕਾਰੀ ਬੜੀ ਚਲਾਕੀ ਨਾਲ ਦਿੱਤੀ ਗਈ ਹੈ।
ਏਅਰ ਇੰਡੀਆ ਦੀਆਂ 59 ਉਡਾਣਾਂ ਵਿਚੋਂ 57 ਕੌਮਾਂਤਰੀ ਉਡਾਣਾਂ ਘਾਟੇ ਵਿਚ ਹਨ। ਬਿਓਰਾ ਉਨ੍ਹਾਂ ਉਡਾਣਾਂ ਦਾ ਦਿੱਤਾ ਗਿਆ ਜੋ ਅੰਮ੍ਰਿਤਸਰ ਤੋਂ ਦਿੱਲੀ ਹੋ ਕੇ ਵਿਦੇਸ਼ ਨੂੰ ਜਾਂਦੀਆਂ ਹਨ, ਜਦਕਿ ਜੇ ਉਡਾਣਾਂ ਦਿੱਲੀ ਤੋਂ ਅੰਮ੍ਰਿਤਸਰ ਹੋ ਕੇ ਵਿਦੇਸ਼ ਜਾਂਦੀਆਂ ਹਨ ਤਾਂ ਇਨ੍ਹਾਂ ਨੂੰ ਵੱਡਾ ਫਾਇਦਾ ਹੋ ਸਕਦਾ ਹੈ।
ਏਅਰ ਇੰਡੀਆ ਦਾ ਦਾਅਵਾ ਹੈ ਕਿ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਅੰਮ੍ਰਿਤਸਰ ਤੋਂ ਸਿਰਫ 35 ਫੀਸਦੀ ਯਾਤਰੀ ਹਨ ਜੋ ਗਲਤ ਹੈ। ਅਸਲ ਵਿਚ 35 ਫੀਸਦੀ ਉਹ ਯਾਤਰੀ ਹਨ ਜੋ ਹਵਾਈ ਜਹਾਜ਼ ਰਾਹੀਂ ਆਉਂਦੇ ਹਨ। ਪੰਜਾਬ ਵਿਚ ਵੱਡੀ ਗਿਣਤੀ ਵਿਚ ਲੋਕ ਸੜਕ ਤੇ ਰੇਲ ਜ਼ਰੀਏ ਦਿੱਲੀ ਹਵਾਈ ਅੱਡੇ ਪੁੱਜਦੇ ਹਨ।
ਹੋਰ ਏਅਰ ਲਾਈਨਾਂ ਫਾਇਦੇ ‘ਚ
ਹਾਈਕੋਰਟ ਨੂੰ ਦੱਸਿਆ ਗਿਆ ਕਿ ਤੁਰਕਮੇਨਿਸਤਾਨ ਦੀ ਏਅਰਲਾਈਨਜ਼ ਇਸੇ ਰੂਟ ‘ਤੇ ਉਡਾਣਾਂ ਚਲਾ ਕੇ ਫਾਇਦੇ ਵਿਚ ਹੈ, ਪਰ ਏਅਰ ਇੰਡੀਆ ਘਾਟੇ ਵਿਚ ਹੈ ਕਿਉਂਕਿ ਇਹ ਦਿੱਲੀ ਤੋਂ ਅੰਮ੍ਰਿਤਸਰ ਦੀ ਬਜਾਏ ਅੰਮ੍ਰਿਤਸਰ ਦਿੱਲੀ ਜਾਂਦੀ ਹੈ। ਭਾਵੇਂ ਟੋਰਾਂਟੋ ਹੋਵੇ ਜਾਂ ਬਰਮਿੰਘਮ ਦੋਵਾਂ ਥਾਵਾਂ ਲਈ ਹੀ ਉਡਾਣਾਂ ਪਹਿਲਾਂ ਅੰਮ੍ਰਿਤਸਰ ਤੋਂ ਦਿੱਲੀ ਤੇ ਫਿਰ ਪੰਜਾਬ ਦੇ ਉਪਰੋਂ ਹੀ ਅੱਗੇ ਜਾਂਦੀਆਂ ਹਨ। ਜਸਟਿਸ ਐਸਐਸ ਸਾਰੋਂ ਤੇ ਜਸਟਿਸ ਅਵਿਨਾਸ਼ ਝਿੰਗਨ ਨੇ ਜਾਣਕਾਰੀ ‘ਤੇ ਪਟੀਸ਼ਨਕਰਤਾ ਨੂੰ ਇਹ ਪੂਰਾ ਡਾਟਾ ਉਪਲਬਧ ਕਰਵਾਏ ਜਾਣ ਦੇ ਹੁਕਮ ਦਿੱਤੇ ਹਨ।

Check Also

ਜੇਲ੍ਹ ’ਚ ਬੰਦ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਭਗਵੰਤ ਮਾਨ ਚਿੰਤਤ 

ਈਡੀ ਦਾ ਆਰੋਪ : ਕੇਜਰੀਵਾਲ ਜਾਣਬੁੱਝ ਕੇ ਖਾ ਰਹੇ ਹਨ ਮਿੱਠੀਆਂ ਚੀਜ਼ਾਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …