ਬੋਲ ਬਾਵਾ ਬੋਲ
ਕਿਸਾਨ ਅਤੇ ਖੇਤੀ ਕਰਜ਼ਿਆਂ ਦਾ ਚੱਕਰਵਿਊ
ਨਿੰਦਰ ਘੁਗਿਆਣਵੀ94174-21700
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
2008 ਤੋਂ ਬਾਅਦ ਮੈਂ ਕੈਨੇਡਾ ਨਹੀਂ ਗਿਆ ਸਾਂ। 2010 ਵਿਚ ਲੰਡਨ ਤੇ 2011 ਵਿਚ ਆਸਟਰੇਲੀਆ ਗਿਆ। 2012 ਦੀਆਂ ਗਰਮੀਆਂ ਵਿਚ ਡਾ ਦਰਸ਼ਨ ਸਿੰਘ ਅਜੀਤ ਵੀਕਲੀ ਦੇ ਮੁੱਖ ਸੰਪਾਦਕ ਚੱਲ ਵਸੇ। ਇਹਨੀਂ ਦਿਨੀਂ ਹੀ ਮੇਰੇ ਪਿਤਾ ਜੀ ਦਾ ਦਿਹਾਂਤ ਹੋ ਗਿਆ। ਘਰ ਦੀ ਸਾਰੀ ਜਿੰਮੇਵਾਰੀ ਮੇਰੇ ‘ਤੇ ਆਣ ਪਈ। ਘਰੋਂ ਬਾਹਰ ਤਾਂ ਆਪਾਂ ਤਦੇ ਹੀ ਨਿਕਲ ਸਕਦੇ ਹਾਂ ਜਦ ਕੋਈ ਸਿਆਣਾ ਪਿੱਛੋਂ ਸਾਰਾ ਘਰ-ਬਾਹਰ ਸਾਂਭਣ ਵਾਲਾ ਬੈਠਾ ਹੋਵੇ। ਹੁਣ ਮੇਰੇ ਲਈ ਪਰਦੇਸ ਜਾਣਾ ਸੌਖਾ ਨਹੀਂ ਸੀ। ਕੈਨੇਡਾ ਤੋਂ ਲਗਾਤਾਰ ਮਿੱਤਰਾਂ ਤੇ ਪ੍ਰਸੰਸਕਾਂ ਦੇ ਫੋਨ ਆਉਂਦੇ ਤੇ ਕੈਨੇਡਾ ਆਉਣ ਦਾ ਸੱਦਾ ਦਿੰਦੇ। ਏਧਰ ਲੋਕ ਵੀ ਪੁਛਦੇ ਹੁਣ ਕਦੋਂ ਜਾਣਾ ਬਾਹਰ ਫਿਰ? ਗਰਮੀਆਂ-ਗਰਮੀਆਂ ਬਾਹਰ ਕੱਟ ਆਉਣੀਆਂ ਸੀ ਯਾਰ! ਇਹੋ ਜਿਹਾ ਪੁੱਛਣ ਵਾਲਿਆਂ ਨੂੰ ਸ਼ਾਇਦ ਬਾਹਰ ਜਾਣਾ ਖੇਤ ਜਾਣ ਵਾਂਗ ਲਗਦਾ ਹੈ! ਇਹੋ ਜਿਹੇ ਅਟ-ਪਟੇ ਸੁਆਲਾਂ ਦਾ ਮੇਰੇ ਕੋਲ ਕੋਈ ਜੁਆਬ ਨਹਨੀਂ ਸੀ। ਪਿਤਾ ਦੇ ਦਿਹਾਂਤ ਤੋਂ ਠੀਕ ਦੋ ਕੁ ਸਾਲ ਬਾਅਦ ਮੇਰੇ ਨਜ਼ਦੀਕੀ ਦੋਸਤ ਗੱਲੀਂ-ਗੱਲੀਂ ਮੈਨੂੰ ਆਖਿਆ ਕਰਨ ਕਿ ਬਾਹਰ ਜਾਵੇਂਗਾ ਤਾਂ ਤੇਰਾ ਗੁਜ਼ਾਰਾ ਚੱਲੂ, ਕੰਮ ਤਾਂ ਕੋਈ ਹੈਨੀ ਤੇਰੇ ਕੋਲ, ਪੱਕੀ ਆਮਦਨ ਦਾ ਕੋਈ ਸਾਧਨ ਨਹੀਂ। ਜਿਹੜੇ ਪੈਸੇ ਕੁਝ ਸੀ ਉਹ ਪਿਤਾ ਦੀ ਕੈਂਸਰ ਦੀ ਬੀਮਾਰੀ ਤੇ ਹੋਰ ਆਹਰ-ਪਾਹਰ ਵਿਚ ਖਰਚੇ ਗਏ। ਇਸ ਲਈ ਤੈਨੂੰ ਜਾਣਾ ਚਾਹੀਦਾ। ਨੇੜਲੇ ਦੋਸਤ ਤੁਹਾਡੀ ਹਰ ਗੱਲ ਸਮਝਦੇ ਹੁੰਦੇ ਹਨ।
2013 ਵਿਚ ਮੈਨੂੰ ਪੰਜਾਬ ਸਰਕਾਰ ਵਲੋਂ ਅਜ਼ਾਦੀ ਦਿਵਸ ਮੌਕੇ ‘ਸਟੇਟ ਐਵਾਰਡ’ ਦਿੱਤਾ ਗਿਆ ਤੇ ਅਜੀਤ ਜਲੰਧਰ ਨੇ ਪੰਜਾਬ ਪੰਨੇ ‘ਤੇ ਖਬਰ ਲਾਈ। ਲਗਦੇ ਹੱਥ ਇੱਕ ਹੋਰ ਗੱਲ ਦਸਦਾ ਜਾਵਾਂ ਕਿ ਚਾਹੇ ਮੈਂ ਕੈਨੇਡਾ ਵਾਲੀ ਅਜੀਤ ਲਈ ਲਿਖ ਰਿਹਾ ਸਾਂ ਪਰ ਅਜੀਤ ਜਲੰਧਰ ਨੇ ਨਾ ਮੇਰੀ ਕਦੇ ਖਬਰ ਰੋਕੀ ਤੇ ਨਾ ਹੀ ਮੇਰੀ ਕਿਸੇ ਨਵੀਂ ਛਪਦੀ ਕਿਤਾਬ ਦਾ ਰੀਵੀਊ ਹੀ ਰੋਕਿਆ ਸੀ, ਏਥੋਂ ਇਹਨਾਂ ਦੀ ਦਰਿਆ ਦਿਲੀ ਸਾਫ਼ ਝਲਕਦੀ ਹੈ। ਸਗੋਂ ਇੱਕ ਵਾਰੀ ਸਤਨਾਮ ਸਿੰਘ ਮਾਣਕ ਨੇ ਪੰਜਾਬੀ ਟ੍ਰਿਬਿਊਨ ਵਿਚ ਮੇਰਾ ਪਾਕਿਸਤਾਨੀ ਫਨਕਾਰ ਸਾਂਈ ਜਹੂਰ ਬਾਰੇ ਲੇਖ ਪੜ ਕੇ ਆਪ ਫੋਨ ਕੀਤਾ ਤੇ ਲੇਖ ਦੀ ਸਿਫਤ ਵਿਚ ਹੌਸਲਾ ਅਫਜਾਈ ਕਰਦਿਆਂ ਨਾਲ ਹੀ ਕਿਹਾ ਕਿ ਅਜੀਤ ਲਈ ਸਾਂਈ ਜੀ ਬਾਰੇ ਦੋ-ਤਿੰਨ ਕਿਸ਼ਤਾਂ ਵਿਚ ਲੰਬਾ ਲੇਖ ਭੇਜ। ਮੈਂ ਭੇਜਿਆ ਤਾਂ ਪ੍ਰਮੁੱਖਤਾ ਨਾਲ ਕਿਸ਼ਤਵਾਰ ਛਾਪਿਆ ਗਿਆ।
ਇੱਕ ਦਿਨ ਅਜੀਤ ਵੀਕਲੀ ਤੋਂ ਫੋਨ ਆਇਆ ਤੇ ਦੱਸਿਆ ਗਿਆ ਕਿ ਸਾਡੇ ਪੰਜਾਬ ਵਿਚ ਜਿੰਨੇ ਵੀ ਕਾਲਮ ਨਵੀਸ ਹਨ, ਉਹਨਾਂ ਸਭਨਾਂ ਤੋਂ ਅਸੀਂ ਇੱਕ ਇੱਕ ਹਲਫੀਆ ਬਿਆਨ ਮੰਗਵਾਇਆ ਹੈ, ਜਿਸ ਵਿਚ ਇਹ ਲਿਖਣਾ ਹੈ ਕਿ ਅਸੀਂ ਅਜੀਤ ਵੀਕਲੀ ਨਾਲ ਏਨੇ ਸਮੇਂ ਤੋਂ ਜੁੜੇ ਹੋਏ ਹਾਂ, ਇਸ ਵਿਚ ਛਪਣ ਨਾਲ ਸਾਡਾ ਮਾਣ ਵਧਿਆ ਹੈ, ਇਹ ਹਰਮਨ ਪਿਆਰਾ ਪੇਪਰ ਹੈ। ਇਹ ਭਾਰੀ ਗਿਣਤੀ ਵਿਚ ਛਪਦਾ ਹੈ, ਵਗੈਰਾ ਵਗੈਰਾ। ਕਾਲਮ ਨਵੀਸਾਂ ਦੇ ਇਹ ਬਿਆਨ ਅਜੀਤ ਵੀਕਲੀ ਨੂੰ ਕੈਨੇਡਾ ਵਿਚ ਚੱਲ ਰਹੇ ਆਪਣੇ ਕੋਰਟ ਕੇਸ ਲਈ ਚਾਹੀਦੇ ਸਨ। ਮੇਰਾ ਦਿਲ ਨਾ ਮੰਨੇ ਅਜਿਹਾ ਕਰਨ ਨੂੰ, ਮੈਂ ਸਮਝਦਾ ਸਾਂ ਕਿ ਸਾਡੀ ਇਸ ਮਾਮਾਲੇ ਵਿਚ ਦੁਰਵਰਤੋਂ ੋ ਸਕਦੀ ਹੈ। ਅਖਬਾਰਾਂ ਦੇ ਕਾਲਮ ਨਵੀਸ ਕਦੀ ਇਹੋ ਜਿਹੇ ਹਲਫੀਆ ਬਿਆਨ ਦਿੰਦੇ ਦੇਖੇ ਤਾਂ ਨਹੀਂ। ਕਈ ਦਿਨ ਮੈਂ ਇਹ ਕੰਮ ਲਟਕਾਈ ਗਿਆ। ਜਦ ਟੋਰਾਂਟੋ ਤੋਂ ਫੋਨ ‘ਤੇ ਫੋਨ ਫਿਰ ਖੜਕਣ ਲੱਗਿਆ ਤਾਂ ਮੈਂ ਦਿੱਲੀ ਫੋਨ ਕਰਕੇ ਕੇ ਸ੍ਰ ਗੁਰਬਚਨ ਸਿੰਘ ਭੁੱਲਰ ਨੂੰ ਪੁੱਛਿਆ ਤਾਂ ਉਹ ਆਖਣ ਲੱਗੇ ਕਿ ਇਸ ਵਿਚ ਕੀ ਹਰਜ ਹੈ, ਅਜੀਤ ਜਲੰਧਰ ਦੇ ਖਿਲਾਫ ਇਸ ਵਿਚ ਕੁਝ ਨਹੀਂ ਅਖਵਾਇਆ ਜਾਣਾ ਆਪਣੇ ਤੋਂ, ਇਸ ਲਈ ਭੇਜ ਦੇਣਾ ਚਾਹੀਦਾ ਹੈ। ਇਸ ਬਾਅਦ ਪੰਜਾਬੀ ਯੂਨੀਵਰਸਿਟੀ ਵਾਲੇ ਅਜੀਤ ਵੀਕਲੀ ਰਾਹੀਂ ਚਰਚਿਤ ਹੋਏ ਪ੍ਰੋਫੈਸਰ ਹਰਜਿੰਦਰ ਵਾਲੀਆ ਨੂੰ ਫੋਨ ਕੀਤਾ ਤਾਂ ਉਹ ਬੋਲੇ ਕਿ ਮੈਂ ਤਾਂ ਭੇਜ ਵੀ ਦਿੱਤਾ, ਤੁਸੀਂ ਤੇ ਭੁੱਲਰ ਲੇਟ ਓ, ਜਲਦੀ ਭੇਜ ਦਿਓ। ਸੋ, ਅਸੀਂ ਵੀ ਆਪਣੇ ਆਪਣੇ ਹਲਫੀਆ ਬਿਆਨ ਭੇਜ ਦਿੱਤੇ, ਜੋ ਉਹਨਾਂ ਆਪਣੀ ਲੋੜ ਮੁਤਾਬਕ ਵਰਤ ਲਏ।
2014 ਵਿਚ ਮੇਰੇ ‘ਤੇ ਨਿੱਜੀ ਦੋਸਤਾਂ-ਮਿੱਤਰਾਂ ਦਾ ਬਹੁਤ ਜ਼ੋਰ ਪੈਣ ਲੱਗਿਆ ਕਿ ਤੂੰ ਕੈਨੇਡਾ ਜਾਹ। ਘਰ ਦਾ ਗੁਜ਼ਾਰਾ ਹੁਣ ਮੁਸ਼ਕਿਲ ਹੈ। ਜਾਂ ਕਿਤੇ ਕੋਈ ਛੋਟੀ-ਮੋਟੀ ਨੌਕਰੀ ਲੱਭ। ਨੌਕਰੀ ਮੈਨੂੰ ਦਸਵੀਂ ਫੇਲ੍ਹ ਨੂੰ ਕੌਣ ਤੇ ਕਿੱਥੇ ਦੇਵੇ? ਨਾਲੇ ਦੋ ਸਰਕਾਰੀ ਨੌਕਰੀਆਂ ਤਾਂ ਪਹਿਲਾਂ ਹੀ ਛੱਡ ਚੁੱਕਾ ਹੋਇਆ ਸਾਂ। ਖੈਰ! ਮੈਂ ਕੈਨੇਡਾ ਜਾਣ ਦੀ ਤਿਆਰੀ ਕਰਨ ਲੱਗਿਆ ਤੇ ਇਸੇ ਸਾਲ ਦੀਆਂ ਗਰਮੀਆਂ ਵਿਚ ਟੋਰਾਂਟੋ ਜਾ ਉਤਰਿਆ। ਫੋਨ ‘ਤੇ ਇਕਬਾਲ ਰਾਮੂਵਾਲੀਆ ਕਹਿੰਦਾ ਸੀ ਕਿ ਮੈਂ ਲੈਜੂੰਗਾ। ਮੈਂ ਇਕਬਾਲ ਜੀ ਨਾਲ ਪੱਕਾ ਕਰ ਲਿਆ। ਪਰ ਏਅਰ-ਪੋਰਟ ‘ਤੇ ਲੈਣ ਲਈ ਡਾ ਦਰਸ਼ਨ ਸਿੰਘ ਦੇ ਦੋਵੇਂ ਪੁੱਤਰ ਪੁੱਜੇ ਖੜ੍ਹੇ ਸਨ। ਬਾਅਦ ਵਿਚ ਇਕਬਾਲ ਰਾਮੂਵਾਲੀਆ ਦੇ ਦੱਸਣ ਮੁਤਾਬਕ ਕਿ ਉਹਨਾਂ ਆਪ ਕਿਹਾ ਸੀ ਕਿ ਨਿੰਦਰ ਸਾਡਾ ਗੈਸਟ ਹੈ, ਅਸੀਂ ਹੀ ਆਪਣੇ ਘਰ ਲਿਆਉਣਾ ਹੈ, ਬਾਅਦ ਵਿਚ ਤੁਸੀਂ ਲੈ ਜਾਣਾ। ਇਸ ਵਾਸਤੇ ਮੈਂ ਏਅਰ-ਪੋਰਟ ਨਹੀਂ ਆਇਆ ਸੀ।
ਬੈਂਸ ਭਰਾਵਾਂ ਦੀ ਵੱਡੀ ਗੱਡੀ ਸ਼ੂਕਦੀ ਜਾਂਦੀ ਸੀ। ਮੈਂ ਪਿੱਛੇ ਬੈਠਾ ਕਈ ਕੁਝ ਸੋਚ ਰਿਹਾ ਸਾਂ। ਟੋਰਾਂਟੋ ਆਣ ਕੇ ਉਤਰਨ ਦੀ ਰਤਾ ਵੀ ਪ੍ਰਸੰਨਤਾ ਨਹੀਂ ਸੀ। ਮਨ ਢੱਠ ਜਿਹਾ ਗਿਆ ਸੀ। ਬਾਬੂ ਸਿੰਘ ਮਾਨ ਮਰਾੜਾਂ ਵਾਲੇ ਦੇ ਲਿਖੇ ਗੀਤ ਦੇ ਬੋਲ ਚੇਤੇ ਆਏ:
ਹੱਥ ਵਿਚ ਖੂੰਡੀ ਤੇ ਮੋਢੇ ਖੇਸੀ ਨੀਂ ਜਿੰਦੇ
ਛੋਟੀ ਉਮਰੇ ਹੋਏ ਪ੍ਰਦੇਸੀ ਨੀਂ ਜਿੰਦੇ…
”ਓ ਭਾਈ, ਕੀ ਗੱਲ ਏ…ਉਦਾਸ ਜਿਹਾ ਹੋਇਆ ਬੈਠਾ ਏਂ, ਸੁਣਾ ਕੋਈ ਗੱਲਬਾਤ ਇੰਡੀਆ ਦੀ।” ਛੋਟੇ ਬੈਂਸ ਨੇ ਮੇਰੇ ਵੱਲ ਦੇਖਦਿਆਂ ਆਖਿਆ। ਮੈਥੋਂ ਫਿਰ ਕੁਝ ਬੋਲ ਨਾ ਹੋਇਆ। ਬਸ…ਰਸਮੀਂ ਜਿਹਾ ਜੁਆਬ ਦੇ ਕੇ ਚੁੱਪ ਕਰ ਰਿਹਾ।
ੲੲੲੲ
ਇੱਕ ਮਹੀਨੇ ਤੋਂ ਵੀ ਘੱਟ ਸਮਾਂ ਮੈਂ ਟੋਰਾਂਟੋ ਬਿਤਾ ਕੇ ਅੱਗੇ ਕੈਲਗਰੀ, ਵਿੰਨੀਪੈਗ, ਅਡਮਿੰਟਨ ਤੇ ਵੈਨਕੂਵਰ ਵੱਲ ਨਿਕਲ ਗਿਆ ਤੇ ਫਿਰ ਸਾਰਾ ਸਮਾਂ ਉਧਰੇ ਕੱਟ ਕੇ ਵਾਪਸ ਪਿੰਡ ਆਇਆ। 2015 ਦੇ ਇੱਕ ਦਿਨ ਅਜੀਤ ਵੀਕਲੀ ਤੋਂ ਵੱਡੇ ਦਾ ਫੋਨ ਸੀ, ”ਓ ਯਾਰ, ਤੈਨੂੰ ਵਿਆਕਰਨ ਦੀ ਸਮਝ ਨਹੀਂ ਹੈ?” ਮੈਂ ਸਮਝਿਆ ਨਹੀਂ ਕਿ ਉਹ ਕੀ ਆਖਣਾ ਚਾਹੁੰਦਾ ਹੈ। ਕਾਫੀ ਦੇਰ ਫੋਨ ‘ਤੇ ਬਹਿਸ ਹੋਈ ਤਾਂ ਆਖਰ ਮੈਂ ਆਖ ਸੁਣਾਇਆ, ”ਪੰਦਰਾਂ ਸਾਲ ਮੈਨੂੰ ਬਿਨਾਂ ਵਿਆਕਰਨ ਦੀ ਸਮਝ ਤੋਂ ਹੀ ਛਾਪਦੇ ਰਹੇ ਓ? ਕੀ ਤੁਹਾਨੂੰ ਆਪਣੇ ਪਿਤਾ ਜੀ ‘ਤੇ ਯਕੀਨ ਨਹੀਂ ਸੀ ਕਿ ਇਸ ਬੇ-ਵਿਆਕਰਨੇ ਨੂੰ ਛਾਪਦੇ ਰਹੇ ਨੇ ਆਪਣੇ ਪੇਪਰ ਵਿਚ?ਸਾਡੇ ਤੋਂ ਹਲਫੀਆ ਬਿਆਨ ਲੈ ਕੇ ਤੇ ਦੁਰ-ਵਰਤੋਂ ਕਰ ਕੇ ਹੁਣ ਸਾਨੂੰ ਵਿਆਕਰਣਾਂ ਬਾਰੇ ਦੱਸਦੇ ਹੋ?ਪੰਦਰਾਂ ਸਾਲ ਦੀ ਸ਼ਬਦੀ ਸੇਵਾ ਦਾ ਇਹੋ ਮੁੱਲ ਹੈ ਯਾਰ? ਮੈਨੂੰ ਬਹੁਤ ਲੋਕ ਵਰਜਦੇ ਰਹੇ ਕਿ ਨਿੰਦਰਾ ਪਾਸੇ ਹੋ ਜਾ ਇਹਨਾਂ ਤੋਂ…ਪਰ …।” ਮੈਂ ਤਲਖ ਹੋ ਗਿਆ ਸਾਂ। ਉਹ ਅੱਗੋਂ ਘੱਟ ਨਹੀਂ ਸੀ। ਕਾਲ ਵੀ ਵਟਸ ਐਪ ਤੋਂ ਸੀ, ਫੋਨ ਤੋਂ ਹੁੰਦੀ ਤਾਂ ਰਿਕਾਰਡਿੰਗ ਹੋ ਜਾਂਦੀ।
”ਅਸੀਂ ਕਾਲਮ ਨਹੀਂ ਛਾਪਾਂਗੇ।” ਹੁਕਮਰਾਨ ਬੋਲਿਆ।
”ਮੇਰੇ ਕਾਲਮ ਛਾਪਣ ਨੂੰ ਬਹੁਤ ਥਾਵਾਂ ਨੇ।”
ਲੱਡੂ ਮੁੱਕਗੇ ਯਰਾਨੇ ਟੁੱਟਗੇ
ਕੱਚੀ ਯਾਰੀ ਮਿੱਤਰਾਂ ਦੀ…
(ਸਮਾਪਤ)
[email protected]
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …