-1.9 C
Toronto
Thursday, December 4, 2025
spot_img
Homeਕੈਨੇਡਾਕੈਨੇਡੀਅਨ ਸਰਕਾਰ ਏਪੀਈਸੀ (ਏਪੈਕ) ਦੇਸ਼ਾਂ ਨਾਲ ਸਹਿਯੋਗ ਕਰਕੇ ਚੰਗੀ ਉਜਰਤ ਵਾਲੀਆਂ ਨੌਕਰੀਆਂ...

ਕੈਨੇਡੀਅਨ ਸਰਕਾਰ ਏਪੀਈਸੀ (ਏਪੈਕ) ਦੇਸ਼ਾਂ ਨਾਲ ਸਹਿਯੋਗ ਕਰਕੇ ਚੰਗੀ ਉਜਰਤ ਵਾਲੀਆਂ ਨੌਕਰੀਆਂ ਪੈਦਾ ਕਰ ਰਹੀ ਹੈ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਸਾਡੀ ਸਰਕਾਰ ਕਾਰੋਬਾਰੀਆਂ ਲਈ ਪੂੰਜੀ ਨਿਵੇਸ਼ ਕਰਨ ਅਤੇ ਕਾਰੋਬਾਰਾਂ ਨੂੰ ਅੱਗੇ ਵਧਾਉਣ ਦੇ ਵਧੀਆ ਮੌਕੇ ਪ੍ਰਦਾਨ ਕਰ ਰਹੀ ਹੈ। ਅਸੀਂ ਚੰਗੀਆਂ ਤਨਖ਼ਾਹਾਂ ਵਾਲੀਆਂ ਨੌਕਰੀਆਂ ਪੈਦਾ ਕਰ ਰਹੇ ਹਾਂ, ਮਿਡਲ ਕਲਾਸ ਨੂੰ ਮਜ਼ਬੂਤ ਕਰ ਰਹੇ ਹਾਂ ਅਤੇ ਅਤੇ ਕੈਨੇਡਾ ਦੇ ਕਾਮਿਆਂ ਨੂੰ ਅੱਗੇ ਵੱਧਣ ਦੇ ਵਾਧੀਆ ਮੌਕੇ ਪ੍ਰਦਾਨ ਕਰ ਰਹੇ ਹਾਂ। ਉਪਰੋਕਤ ਸ਼ੁਭ-ਸੁਨੇਹਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ‘ਏਸ਼ੀਆ-ਪੈਸਿਫਿਕ ਇਕੋਨੌਮਿਕ ਕੋਆਪ੍ਰੇਸ਼ਨ (ਏਪੀਈਸੀ) ਇਕੋਨੌਮਿਕ ਲੀਡਰਜ਼’ ਦੀ ਲਿਮਾ ਪੀਰੂ ਵਿਖੇ ਹੋਈ ਮੀਟਿੰਗ ਵਿਚ ਦਿੱਤਾ। ਉਨ੍ਹਾਂ ਕਿਹਾ ਕਿ 21 ਅਰਥਚਾਰਿਆਂ, 60% ਤੋਂ ਵਧੇਰੇ ਜੀਡੀਪੀ ਅਤੇ ਕੈਨੇਡਾ 84% ਵਿਓਪਾਰ ਦੇ ਨਾਲ ਏਪੀਈਸੀ ਰੀਜਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਕੈਨੇਡਾ ਦੇ ਉੱਪਰਲੇ ਚਾਰ ਭਾਈਵਾਲਾਂ ਵਿੱਚੋਂ ਹੈ। ਇਹ ਕੈਨੇਡਾ ਵਿੱਚ ਨਵੀਆਂ ਨੌਕਰੀਆਂ ਪੈਦਾ ਕਰਨ ਵਿੱਚ ਆਪਣਾ ਮਹੱਤਵਪੂਰਨ ਹਿੱਸਾ ਪਾ ਰਿਹਾ ਹੈ।
ਇਸ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ ਕਿ ਕੈਨੇਡਾ ਇਸ ਸਮੇਂ ਆਪਣੇ ਅਰਥਚਾਰੇ ਨੂੰ ਹੋਰ ਵਿਕਸਤ ਕਰਨ ਦੇ ਵਧੀਆ ਮੌਕਿਆਂ ਵੱਲ ਵਧ ਰਿਹਾ ਹੈ ਅਤੇ ਏਸ਼ੀਆ ਪੈਸਿਫਿਕ ਖਿੱਤੇ ਵਿੱਚ ਇਹ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਵਕ ਹੈ। ਵਿਓਪਾਰ ਵਿੱਚ ਆਪਣੀ ਭਾਈਵਾਲੀ ਨੂੰ ਵਧਾ ਕੇ ਅਤੇ ਏਪੀਈਸੀ (ਏਪੈਕ) ਦੇਸ਼ਾਂ ਨਾਲ ਸਹਿਯੋਗ ਕਰਕੇ ਅਸੀਂ ਆਪਣੇ ਦੇਸ਼ ਨਾ ਕੇਵਲ ਵਧੀਆ ਰੋਜ਼ਗਾਰ ਹੀ ਪੈਦਾ ਕਰ ਰਹੇ ਹਾਂ, ਬਲਕਿ ਆਪਣੇ ਵਰਕਰਾਂ ਅਤੇ ਬਿਜ਼ਨੈੱਸ ਅਦਾਰਿਆਂ ਨੂੰ ਵੀ ਅੱਗੇ ਵੱਧਣ ਦੇ ਮੌਕੇ ਦੇ ਰਹੇ ਹਾਂ।
ਇੱਥੇ ਇਹ ਜ਼ਿਕਰਯੋਗ ਹੈ ਕਿ ਏਪੀਏਸੀ ਲੀਡਰਜ਼ ਮੀਟਿੰਗ ਵਿਚ ਪ੍ਰਧਾਨ ਮੰਤਰੀ ਟਰੂਡੋ ਨੇ ਵਿਓਪਾਰ ਵਿੱਚਲੀਆਂ ਰੋਕਾਂ ਨੂੰ ਦੂਰ ਕਰਨ ਅਤੇ ਇਸ ਨੂੰ ਹੋਰ ਵਿਕਸਤ ਕਰਨ ਲਈ ਇੰਡੋ-ਪੈਸਿਫ਼ਿਕ ਖਿੱਤੇ ਨਾਲ ਵਿਓਪਾਰਕ ਭਾਈਵਾਲੀ ਵਧਾਉਣ ‘ਤੇ ਜ਼ੋਰ ਦਿੱਤਾ। ਇਸ ਮੀਟਿੰਗ ਦੇ ਅਖ਼ੀਰ ਵੱਲ ਵੱਧਦਿਆਂ ਉਨ੍ਹਾਂ ‘ਕੈਨੇਡਾ-ਇੰਡੋਨੇਸ਼ੀਆ ਕੰਪਰੀਹੈਂਸਿਵ ਪਾਰਟਨਰਸ਼ਿਪ ਐਗਰੀਮੈਂਟ’ ਦਾ ਐਲਾਨ ਕੀਤਾ। ਇਹ ਸਮਝੌਤਾ ਕੈਨੇਡਾ ਅਤੇ ਇੰਡੋਨੇਸ਼ੀਆ ਦੇ ਆਪਸੀ ਸਬੰਧਾਂ ਵਿਚ ਇੱਕ ‘ਮੀਲ-ਪੱਥਰ’ ਸਮਝਿਆ ਜਾਂਦਾ ਹੈ ਜਿਸ ਨਾਲ ਕੈਨੇਡਾ ਵਿਚ ਹੋਰ ਵਧੀਆ ਨੌਕਰੀਆਂ ਪੈਦਾ ਹੋਣਗੀਆਂ, ਨਵਾਂ ਪੂੰਜੀ ਨਿਵੇਸ਼ ਹੋਵੇਗਾ ਅਤੇ ਵਸਤਾਂ ਦੇ ਮੰਡੀਕਰਨ ਵਿੱਚ ਵਾਧਾ ਹੋਵੇਗਾ। ਉਨ੍ਹਾਂ ਇੱਥੇ ‘ਕੈਨੇਡੀਅਨ ਟਰੇਡ ਗੇਟਵੇਅ’ ਰਾਹੀਂ ਇੰਡੋ-ਪੈਸਿਫ਼ਿਕ ਖਿੱਤੇ ਵਿਚ ਨਿਊਕਲੀਅਰ ਪਾਵਰ ਪਾਰਟਨਰਸ਼ਿੱਪ ਨੂੰ ਵੀ ਮਜ਼ਬੂਤ ਬਨਾਉਣ ‘ਤੇ ਜ਼ੋਰ ਦਿੱਤਾ।
ਏਪੀਏਸੀ ਮੀਟਿੰਗ ਵਿੱਚ ਹੋਈ ਪ੍ਰਗਤੀ ਨਾਲ ਜਿੱਥੇ ਕੈਨੇਡਾ ਨੂੰ ਵੱਖ-ਵੱਖ ਖ਼ੇਤਰਾਂ ਵਿੱਚ ਤਰੱਕੀ ਕਰਨ ਦਾ ਲਾਭ ਹੋਵੇਗਾ, ਉੱਥੇ ਇਸ ਦੇ ਅਰਥਚਾਰੇ ਵਿੱਚ ਵੀ ਭਾਰੀ ਵਾਧਾ ਹੋਵੇਗਾ। ਏਸੇ ਲਈ ਪ੍ਰਧਾਨ ਮੰਤਰੀ ਟਰੂਡੋ ਨੇ ਕਾਰੋਬਾਰੀ ਭਾਈਵਾਲੀ ਲਈ ਸਰਕਾਰ ਵੱਲੋਂ 35 ਮਿਲੀਅਨ ਡਾਲਰ ਤੋਂ ਵਧੇਰੇ ਰਾਸ਼ੀ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਇਸ ਵਿੱਚੋਂ ਕੁਝ ਹੇਠ ਲਿਖੇ ਅਨੁਸਾਰ ਹੈ:
* ਏਪੈਕ ਰੀਜਨ ਵਿੱਚ ਵਿਓਪਾਰ ਤੇ ਪੂੰਜੀ ਨਿਵੇਸ਼ ਨੂੰ ਬੜ੍ਹਾਵਾ ਦੇਣ ਲਈ 2 ਮਿਲੀਅਨ ਡਾਲਰ ਮਾਈਕਰੋ, ਛੋਟੇ ਅਤੇ ਦਰਮਿਆਨੇ ਬਿਜ਼ਨੈਸ ਅਦਾਰਿਆਂ ਨੂੰ ਅਰਥਚਾਰੇ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਲਈ ਦਿੱਤੇ ਜਾਣਗੇ।
* ਪੀਰੂਵੀਅਨ ਐਂਡੇਜ਼ ਖਿੱਤੇ ਵਿੱਚ ਕੁਦਰਤੀ ਆਫ਼ਤਾਂ ਤੋਂ ਲੋਕਾਂ ਦੇ ਬਚਾਅ ਅਤੇ ਵਾਤਾਵਰਣ ਦੀਆਂ ਸਖ਼ਤ ਹਾਲਤਾਂ ਦਾ ਮੁਕਾਬਲਾ ਕਰਨ ਲਈ ਸਹਾਇਤਾ ਵਜੋਂ 9.2 ਮਿਲੀਅਨ ਖ਼ਰਚੇ ਜਾਣਗੇ।
* ਇੰਡੋ-ਪੈਸਿਫਿਕ ਰੀਜਨ ਵਿਚ ‘ਬਲੈਕਬੈਰੀ ਸਾਈਬਰਸਕਿਉਰਿਟੀ ਸੈਂਟਰ ਆਫ ਐਕਸੇਲੈਂਸ’, ਸਾਈਬਰ ਸਕਿਉਰਿਟੀ ਪਾਰਟਨਰਸ਼ਿਪ ਅਤੇ ਔਰਤਾਂ ਸਮੇਤ ਲੋੜੀਂਦੀ ਸਕਿੱਲ ਟ੍ਰੇਨਿੰਗ ਲਈ 3.9 ਮਿਲੀਅਨ ਡਾਲਰ ਨਿਵੇਸ਼ ਕੀਤੇ ਜਾਣਗੇ।
* ਪੀਰੂ ਵਿੱਚ ਇੰਡੀਜੀਨੀਅਸ ਅਤੇ ਐਫ਼ਰੋ-ਪੀਰੂਵੀਅਨ ਕਮਿਊਨਿਟੀਆਂ ਲਈ ਜੋ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਰਹਿੰਦੀਆਂ ਹਨ ਅਤੇ ਲਿੰਗਕ-ਹਿੰਸਾ ਦਾ ਸਾਹਮਣਾ ਕਰ ਰਹੀਆਂ ਹਨ, ਦੀ ਕਾਨੂੰਨੀ ਸਹਾਇਤਾ ਲਈ 200,000 ਡਾਲਰ ਖ਼ਰਚੇ ਜਾਣਗੇ।
ਆਪਣੀ ਇਸ ਫੇਰੀ ਦੌਰਾਨ ਜਸਟਿਨ ਟਰੂਡੋ ਨੇ ਰੂਸ-ਯੂਕਰੇਨ ਯੁੱਧ, ਹੈਤੀ ਅਤੇ ਮਿਡਲ ਈਸਟ ਵਿੱਚ ਚੱਲ ਰਹੇ ਮਾੜੇ ਹਾਲਾਤ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਆਪਣੇ ਅੰਤਰਰਾਸ਼ਟਰੀ ਭਾਈਵਾਲਾਂ ਦੇ ਨਾਲ ਸੁਰੱਖਿਆ, ਸਥਿਰਤਾ, ਅਮਨ-ਸ਼ਾਂਤੀ ਅਤੇ ਅੰਤਰਰਾਸ਼ਟਰੀ ਲੋਕਤੰਤਰ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ।
ਉਨ੍ਹਾਂ ਕਿਹਾ ਕਿ ਕੈਨੇਡਾ ਪੈਸਿਫ਼ਿਕ ਕੰਟਰੀ ਹੈ ਅਤੇ ਇਹ ਏਸ਼ੀਆ-ਪੈਸਿਫ਼ਿਕ ਰੀਜਨ ਇੱਕ ਵਿਸ਼ੇਸ਼ ਤਰ੍ਹਾਂ ਦੇ ਕਾਰੋਬਾਰਾਂ, ਕਾਮਿਆਂ ਅਤੇ ਕਿਸਾਨਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਬਾਖ਼ੂਬੀ ਦਰਸਾਉਂਦਾ ਹੈ। ਇਸ ਸਾਲ ਦੇ ਏਪੈਕ ਇਕੋਨੌਮਿਕ ਲੀਡਰਜ਼ ਸਮਾਗ਼ਮ ਵਿਚ ਅਸੀਂ ਆਪਣੇ ਵਿਓਪਾਰ ਨੂੰ ਹੋਰ ਭਾਈਵਾਲਾਂ ਤੱਕ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤਰ੍ਹਾਂ ਹੋਰ ਦੇਸ਼ ਕੈਨੇਡਾ ਵਿੱਚ ਪੂੰਜੀ ਨਿਵੇਸ਼ ਕਰ ਸਕਦੇ ਹਨ ਅਤੇ ਕੈਨੇਡੀਅਨ ਕੰਪਨੀਆਂ ਇੰਡੋ-ਪੈਸਿਫ਼ਿਕ ਖਿੱਤੇ ਵਿਚ ਹੋਰ ਵਧੇਰੇ ਬਿਜ਼ਨੈੱਸ ਕਰ ਸਕਦੀਆਂ ਹਨ। ਇਸ ਨਾਲ ਕੈਨੇਡਾ ਵਿਚ ਹੋਰ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ, ਆਮ ਲੋਕਾਂ ਨੂੰ ਇਸ ਦਾ ਲਾਭ ਹੋਵੇਗਾ ਅਤੇ ਦੇਸ਼ ਦਾ ਅਰਥਚਾਰਾ ਹੋਰ ਮਜ਼ਬੂਤ ਹੋਵੇਗਾ।

RELATED ARTICLES
POPULAR POSTS