Breaking News
Home / ਰੈਗੂਲਰ ਕਾਲਮ / ਜਿੱਤ ਦੇ ਜਸ਼ਨ

ਜਿੱਤ ਦੇ ਜਸ਼ਨ

ਆਖਰ ਜਿੱਤ ਹੋਈ ਕਿਸਾਨ ਮੋਰਚੇ ਦੀ,
ਸਾਡੇ ਵਲੋਂ ਹੈ ਦਿਲੋਂ ਸਲਾਮ ਮੀਆਂ।
ਕਿਸਾਨ ਆਗੂਆਂ ਦੀ ਕੀ ਤਰੀਫ਼ ਕਰੀਏ,
ਖ਼ੁਸ਼ ਕੀਤਾ ਕੁੱਲ ਅਵਾਮ ਮੀਆਂ।
ਖਬਰ ਜਿੱਤ ਦੀ ਨਾਲ ਸੀ ਸਵੇਰ ਚੜ੍ਹਿਆ,
ਦੁੱਖਾਂ ਗ਼ਮਾਂ ਦੀ ਮੁੱਕ ਗਈ ਸ਼ਾਮ ਮੀਆਂ।
ਸਾਨੂੰ ਮਾਣ ਹੈ ਕਿਰਤੀ ਯੋਧਿਆਂ ‘ਤੇ,
ਦੁੱਖ ਝੱਲੇ ਨੇ ਇਨ੍ਹਾਂ ਤਮਾਮ ਮੀਆਂ।
ਸੱਤ ਸੌ ਤੋਂ ਵੱਧ ਗਏ ਵਾਰ ਜ਼ਾਨਾਂ,
ਰੂਹ ਫੂਕ ਗਏ ਨਵੀਂ ਵਿੱਚ ਲਾਮ ਮੀਆਂ।
ਏਕੇ ਵਿੱਚ ਹੈ ਬਰਕਤ ਬਹੁਤ ਹੁੰਦੀ,
ਰਲ ਮਿਲ ਕੇ ਲਾਈ ਲਗਾਮ ਮੀਆਂ।
ਬੜਾ ਊਲ ਜਲੂਲ ਇਹ ਬੋਲਦੇ ਸਨ,
ਕੀਤਾ ਮੋਰਚੇ ਨੂੰ ਬਹੁਤ ਬਦਨਾਮ ਮੀਆਂ।
ਝੁਕੀ ਸਰਕਾਰ ਕਿਸਾਨਾਂ ਦੇ ਸਿਦਕ ਅੱਗੇ,
ਕਾਲੇ ਬਿੱਲਾਂ ‘ਤੇ ਲੱਗਾ ਵਿਰਾਮ ਮੀਆਂ।
ਭੂਸਰੇ ਸਾਨ੍ਹ ਨੂੰ ਜੱਟ ਜੂੜ ਪਾ ਲੈਂਦੇ,
ਦੇਖੋ ਝੁਕ ਗਿਆ ਅੱਜ ਘਣਸ਼ਾਮ ਮੀਆਂ।
ਨੇਤਾ ਅਖਵਾਉਣ ਜੋ ਬਹੁਤ ਵੱਡੇ ਵੱਡੇ,
ਤੜੀਪਾਰਾਂ ‘ਚ ਬੋਲਦਾ ਸੀ ਨਾਮ ਮੀਆਂ।
ਅੱਗੋਂ ਨਾ ਚੁਣੀਏ ਅਸੀਂ ਭ੍ਰਿਸ਼ਟ ਨੇਤਾ,
ਕਰੋ ਇਨ੍ਹਾਂ ਦਾ ਕਾਮ ਤਮਾਮ ਮੀਆਂ।
ਮੀਂਗਣਾਂ ਪਾ ਕੇ ਦਿੱਤਾ ਹੈ ਦੁੱਧ ਬੱਕਰੀ,
ਕਰਨੇ ਪਏ ਸੀ ਬਹੁਤ ਇੰਤਜ਼ਾਮ ਮੀਆਂ।
ਸੇਵਾ ਬਹੁਤ ਕੀਤੀ ਕਈਆਂ ਮੋਰਚੇ ਦੀ,
ਅੱਗੇ ਹੋਏ ਨਾ, ਰਹੇ ਗੁੰਮਨਾਮ ਮੀਆਂ।
ਸੱਪ ਡੰਗਣੋਂ ਕਦੇ ਨਾ ਬਾਜ਼ ਆਉਂਦੇ,
ਜਿੰਨਾਂ ਮਰਜ਼ੀ ਦੁੱਧ ਪਿਲਾ ਲਈਏ।
ਔਖਾ ਹੁੰਦਾ ਦੁਬਾਰਾ ਇਤਬਾਰ ਕਰਨਾ,
ਦਿੱਤੇ ਧੋਖਿਆ ਨੂੰ ਕਿਵੇਂ ਭੁਲਾ ਲਈਏ।
ਲੋਕ ਸੇਵਾ ਵੀ ਕਰਦੇ ਬਹੁਤ ਇੱਥੇ,
ਉਹ ਨਹੀਂ ਡੋਲਦੇ ਕਿੰਨਾਂ ਡੁਲਾ ਲਈਏ।
ਦੇਸ਼ ਪਿਆਰ ਹੈ ਜਿਨ੍ਹਾਂ ਦੇ ਖ਼ੂਨ ਅੰਦਰ,
‘ਹਕੀਰ’ ਨਾਲ ਖੜ੍ਹਦੇ ਜਦੋਂ ਬੁਲਾ ਲਈਏ।
– ਸੁਲੱਖਣ ਸਿੰਘ+647-786-6329

 

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 16ਵੀਂ ਸਹਿਜ-ਸੁਖਾਵੇਂ ਹਾਲਾਤ ਦੇ ਫਲਸਰੂਪ ਮੇਰੀ ਸੁੱਕ ਚੁੱਕੀ ਸਿਰਜਣਾਤਮਿਕ ਨਦੀ ਮੁੜ ਸਿੰਮ …