Breaking News
Home / ਰੈਗੂਲਰ ਕਾਲਮ / ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ)

ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ)

ਦਰਸ਼ਨ ਸਿੰਘ ਕਿੰਗਰਾ

(ਕਿਸ਼ਤ-4)
ਕਾਲੀ ਤੇਰੀ ਘੱਗਰੀ ਰਕਾਨੇ
ਪੁਰਾਣੇ ਸਮਿਆਂ ਵਿਚ ਪੇਂਡੂ ਪੰਜਾਬੀ ਮਰਦਾਂ ਅਤੇ ਔਰਤਾਂ ਦਾ ਪਹਿਰਾਵਾ ਬਹੁਤ ਹੀ ਸਾਦਾ ਸੀ। ਮਰਦ ਗੋਡਿਆਂ ਤੱਕ ਲੰਮਾ ਕੁੜਤਾ ਤੇ ਲੰਗੋਟੀ ਪਹਿਨਦੇ ਸਨ। ਔਰਤਾਂ ਦੀ ਪੁਸ਼ਾਕ ਆਮ ਤੌਰ ‘ਤੇ ਗਲੇ ਖੁੱਲ੍ਹੀ ਕੁੜਤੀ ਤੇ ਤੇੜ ਘੱਗਰੀ ਹੁੰਦੀ ਸੀ। ਘੱਗਰੀ ਛੋਟੇ ਘੱਗਰੇ ਨੂੰ ਕਿਹਾ ਜਾਂਦਾ ਹੈ, ਜੋ ਦੇਖਣ ਨੂੰ ਸਕਰਟ ਵਰਗੀ ਜਾਪਦੀ ਹੈ। ਅਜਿਹੀਆਂ ਘੱਗਰੀਆਂ ਗੱਡੀਆਂ ਵਾਲੇ, ਜਿਨ੍ਹਾਂ ਨੂੰ ਗਾਡੀ ਲੁਹਾਰ ਵੀ ਕਿਹਾ ਜਾਂਦਾ ਹੈ, ਦੀਆਂ ਔਰਤਾਂ ਦੇ ਪਾਈਆਂ ਹੋਈਆਂ ਦੇਖੀਆਂ ਜਾ ਸਕਦੀਆਂ ਹਨ।
ਔਰਤਾਂ ਅਤੇ ਮੁਟਿਆਰਾਂ ਬੜੇ ਸ਼ੌਕ ਨਾਲ ਘੱਗਰੀਆਂ ਪਾਉਂਦੀਆਂ ਸਨ। ਘੱਗਰੀ ਬਨਾਉਣ ਲਈ ਘਰ ਦੇ ਕੱਤੇ ਹੋਏ ਸੂਤ ਤੋਂ ਤਿਆਰ ਕੀਤਾ ਖੱਦਰ ਵਰਤਿਆ ਜਾਂਦਾ ਸੀ। ਇਨ੍ਹਾਂ ਸਮਿਆਂ ਵਿਚ ਲੋਕ ਕੱਪੜੇ ਨਾਲੋਂ ਚੰਗੀ ਖੁਰਾਦ ਖਾਣ ‘ਤੇ ਬਹੁਤਾ ਜ਼ੋਰ ਦਿੰਦੇ ਸਨ। ਜੇ ਪਿੰਡ ਵਿਚ ਦਰਜੀ ਹੁੰਦਾ ਤਾਂ ਉਸ ਤੋਂ ਘੱਗਰੀ ਬਣਵਾ ਲਈ ਜਾਂਦੀ ਨਹੀਂ ਤਾਂ ਔਰਤਾਂ ਆਪ ਹੀ ਸਿਉਂ ਲੈਂਦੀਆਂ। ਘੱਗਰੀਆਂ ਨੂੰ ਸੁੰਦਰ ਬਨਾਉਣ ਲਈ ਲਾਖੇ, ਕਾਲੇ ਜਾਂ ਨਸਵਾਰੀ ਰੰਗਾਂ ਨਾਲ ਰੰਗਿਆ ਜਾਂਦਾ। ਕਈ ਵਾਰ ਆਮ ਪਹਿਨਣ ਵਾਲੀਆਂ ਘੱਗਰੀਆਂ ਨੂੰ ਕਿੱਕਰ ਦਾ ਸੱਕ ਉਬਾਲ ਕੇ ਉਸ ਨਾਲ ਘਸਮੈਲਾ ਜਿਹਾ ਰੰਗ ਲਿਆ ਜਾਂਦਾ।
ਵਿਆਹਾਂ, ਸ਼ਾਦੀਆਂ ਤੇ ਤਿਉਹਾਰਾਂ ਸਮੇਂ ਸ਼ੁਕੀਨ ਮੁਟਿਆਰਾਂ ਘੱਗਰੀ ਨੂੰ ਹੇਠੋਂ ਲੌਣ ਜਾਂ ਬਾਰਡਰ ਲਾ ਕੇ ਰੰਗਦਾਰ ਧਾਗਿਆਂ ਨਾਲ ਸੋਹਣੇ-ਸੋਹਣੇ ਵੇਲ ਬੂਟੇ ਪਾਉਂਦੀਆਂ। ਕਈ ਮੁਟਿਆਰਾਂ ਘੱਗਰੀ ਦੀ ਦਿੱਖ ਨੂੰ ਹੋਰ ਸੁੰਦਰ ਬਨਾਉਣ ਲਈ ਰੇਸ਼ਮੀ ਗੋਟੇ ਕਿਨਾਰੀ ਨਾਲ ਸ਼ਿੰਗਾਰਦੀਆਂ ਸਨ। ਚਾਂਦੀ ਜਾਂ ਤਾਂਬੇ ਦੀ ਤਾਰ ਦੀ ਬਣੀ ਹੋਈ ਕਿਨਾਰੀ ਜਾਂ ਫੀਤੇ ਨੂੰ ਗੋਟਾ ਕਿਹਾ ਜਾਂਦਾ ਸੀ। ਅਸਲੀ ਗੋਟਾ ਚਾਂਦੀ ਜਾਂ ਸੋਨੇ ਦੀਆਂ ਤਾਰਾਂ ਦਾ ਬਣਿਆ ਹੁੰਦਾ ਸੀ, ਜੋ ਕਾਫੀ ਮਹਿੰਗਾ ਹੁੰਦਾ ਸੀ। ਗੋਟੇ ਵਾਲੀਆਂ ਘੱਗਰੀਆਂ ਧੁੱਪ ਵਿੱਚ ਲਿਸ਼ਕਾਰੇ ਮਾਰਦੀਆਂ ਤਾਂ ਦੇਖਣ ਵਾਲਿਆਂ ਦੀਆਂ ਅੱਖਾਂ ਚੁੰਧਿਆ ਜਾਂਦੀਆਂ। ਗੋਟੇ ਵਾਲੀ ਘੱਗਰੀ ਪਾ ਕੇ ਸੋਹਣੀਆਂ ਸੁਨੱਖੀਆਂ ਮੁਟਿਆਰਾਂ ਬੜੇ ਨਾਜ਼, ਨਖਰੇ ਨਾਲ ਪੈਲਾਂ ਪਾ-ਪਾ ਤੁਰਦੀਆਂ :
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ,
ਭਿੱਜ ਗਿਆ ਗੈਬੀ ਤੋਤਾ,
ਮੇਲਣ ਐਂ ਨੱਚਦੀ,
ਜਿਵੇਂ ਟੱਪਦਾ ਟਿੱਬੇ ‘ਤੇ ਬੋਤਾ,
ਜੇ ਤੂੰ ਮੇਰੀ ਤੋਰ ਦੇਖਣੀ,
ਕਾਲੀ ਘੱਗਰੀ ਨੂੰ ਲੁਆ ਦੇ ਗੋਟਾ …
ਉਨ੍ਹਾਂ ਸਮਿਆਂ ਵਿਚ ਕਾਲੇ ਰੰਗ ਦੀਆਂ ਘੱਗਰੀਆਂ ਪਹਿਨਣ ਦਾ ਬਹੁਤ ਰਿਵਾਜ਼ ਸੀ। ਕੋਈ ਬਣਦੀ-ਫਬਦੀ ਸੱਸ, ਜਿਸ ਦੇ ਜੋਬਨ ਦਾ ਦੁਪਹਿਰਾ ਅਜੇ ਪੂਰੀ ਤਰ੍ਹਾਂ ਨਹੀਂ ਸੀ ਢਲਿਆ ਹੁੰਦਾ, ਜਦੋਂ ਕਾਲੀ ਘੱਗਰੀ ਪਾ ਕੇ, ਹਾਰ-ਸ਼ਿੰਗਾਰ ਲਾ ਲੈਂਦੀ ਤਾਂ ਉਸ ਦੇ ਸਾਹਮਣੇ ਉਸਦੀ ਨੂੰਹ ਦਾ ਰੰਗ-ਰੂਪ ਫਿੱਕਾ ਪੈ ਜਾਂਦਾ। ਸਜੀ-ਧਜੀ ਸੋਹਣੀ ਸੱਸ ਨੂੰ ਦੇਖ ਕੇ ਨੂੰਹ ਦੀ ਹਿੱਕ ‘ਤੇ ਸੱਪ ਲੇਟਣ ਲੱਗਦੇ ਤੇ ਈਰਖਾ ਵੱਸ ਹੋ ਕੇ ਉਹ ਆਪਣੀਆਂ ਸਹੇਲੀਆਂ ਕੋਲ ਸੱਸ ਦੀ ਰੱਜ ਕੇ ਬਦਖੋਈ ਕਰਦੀ :
ਦੇਖੋ ਰੱਬ ਦੇ ਰੰਗ ਨਿਆਰੇ,
ਦਿਨ ਨੂੰ ਧੁੱਪ ਰਾਤ ਨੂੰ ਤਾਰੇ,
ਨੱਕ ਵਿੱਚ ਲੌਂਗ ਮਾਰੇ ਲਿਸ਼ਕਾਰੇ,
ਕੰਨਾਂ ਵਿਚ ਡੰਡੀਆਂ ਲੈਣ ਹੁਲਾਰੇ,
ਸਈਓ ਨੀ ਮੇਰੀ ਸੱਸ ਬਾਂਗਰੋ,
ਕਾਲੀ ਘੱਗਰੀ ਛੜੱਪੇ ਮਾਰੇ …
ਈਰਖਾਲੂ ਨੂੰਹ ਇਕ ਦਿਨ ਮੌਕਾ ਤਾੜ ਕੇ ਪਿੰਡ ਦੇ ਮੁਖੀਏ ਕੋਲ ਆਪਣੀ ਸੱਸ ਦੀ ਸ਼ਿਕਾਇਤ ਲਾ ਕੇ ਉਸ ਨੂੰ ਸੱਸ ਦੀ ਸ਼ੁਕੀਨੀ ‘ਤੇ ਰੋਕ ਲਾਉਣ ਲਈ ਪ੍ਰੇਰਨ ਦੀ ਕੋਸ਼ਿਸ਼ ਕਰਦੀ :
ਸੁਣ ਕੇ ਪਿੰਡ ਦਿਆ ਹਾਕਮਾ,
ਵੇ ਬੁੜ੍ਹੀਆਂ ਨੂੰ ਸਮਝਾ ਬੀਬਾ,
ਬੁੱਕਲਾਂ ਰੱਖਦੀਆਂ ਖੁੱਲ੍ਹੀਆਂ,
ਘੱਗਰੀ ਦਾ ਕੀ ਰਾਹ ਬੀਬਾ …
ਪਹਿਲੇ ਸਮਿਆਂ ਵਿਚ ਵਿਆਹ ਮੌਕੇ ਹਨ੍ਹੇਰੀਆਂ ਰਾਤਾਂ ਨੂੰ ਮਸ਼ਾਲਾਂ ਜਗਾ ਕੇ ਚਾਨਣ ਕੀਤਾ ਜਾਂਦਾ ਸੀ। ਅਜਿਹੇ ਸਮੇਂ ਹੀ ਮਸ਼ਾਲ ਜਗਾਉਣ ਲੱਗਿਆਂ ਕਿਸੇ ਗੱਭਰੂ ਦੀ ਗਲਤੀ ਕਾਰਨ ਕੋਲ ਦੀ ਲੰਘੀ ਜਾਂਦੀ ਕਿਸੇ ਮੇਲਣ ਦੀ ਘੱਗਰੀ ਨੂੰ ਅੱਗ ਲੱਗ ਜਾਂਦੀ ਤਾਂ ਉਹ ਗੁੱਸੇ ਨਾਲ ਲਾਲ -ਪੀਲੀ ਹੋ ਕੇ ਗੱਭਰੂ ਦੇ ਗਲ ਪੈ ਜਾਂਦੀ :
ਆਰੀ…ਆਰੀ…ਆਰੀ
ਸਹੁੰ ਲੱਗੇ ਕਿਸ਼ਨ ਕੁਰੇ
ਤੂੰ ਲੱਗੇਂ ਜਾਨ ਤੋਂ ਪਿਆਰੀ,
ਜੁੱਤੀ ਪਾਈ ਮਖਮਲ ਦੀ,
ਤੇਰੀ ਤੋਰ ਟੁਣਿਆਹਾਰੀ,
ਮੋਤੀਆਂ ਦੇ ਹਾਰ ਵਾਲੀਏ,
ਕੇਰਾਂ ਹੱਸ ਕੇ ਦਿਖਾ ਜਾ ਇਕ ਵਾਰੀ
ਵੱਡਿਆ ਮਸ਼ਾਲਚੀਆ, ਮੇਰੀ ਘੱਗਰੀ ਫੂਕਤੀ ਸਾਰੀ …
ਉਨ੍ਹਾਂ ਵੇਲਿਆਂ ਵਿਚ ਵਿਆਹ ਸਮੇਂ ਫੇਰਿਆਂ ਜਾਂ ਅਨੰਦ ਕਾਰਜ ਵਾਲੇ ਦਿਨ ਦੁਪਹਿਰ ਤੋਂ ਬਾਅਦ ਖੱਟ ਦੀ ਰਸਮ ਕੀਤੀ ਜਾਂਦੀ ਸੀ। ਪੁੱਤ ਵਾਲੀ ਧਿਰ ਵਲੋਂ ਵਰੀ ਵਜੋਂ ਲਿਆਂਦੇ ਗਹਿਣੇ ਤੇ ਕੱਪੜਿਆਂ ਨੂੰ ਇਸ ਸਮੇਂ ਧੀ ਵਾਲੀ ਧਿਰ ਦੇ ਰਿਸ਼ਤੇਦਾਰਾਂ ਤੇ ਔਰਤਾਂ ਨੂੰ ਦਿਖਾਇਆ ਜਾਂਦਾ ਸੀ। ਭਾਵੇਂ ਸਹੁਰਿਆਂ ਵਲੋਂ ਆਪਣੀ ਹੈਸੀਅਤ ਮੁਤਾਬਕ ਲਾੜੀ ਲਈ ਵਰੀ ਵਿਚ ਸਿਲਮੇ ਸਿਤਾਰਿਆਂ ਤੇ ਸੁਨਹਿਰੀ ਗੋਟੇ ਨਾਲ ਸਜਾਏ ਹੋਏ ਝਿਲਮਿਲ ਕਰਦੇ ਕੱਪੜੇ ਤੇ ਨਵੇਂ ਨਕੋਰ ਘੜਾਏ ਹੋਏ ਗਹਿਣੇ ਲਿਆਂਦੇ ਜਾਂਦੇ ਪਰ ਔਰਤਾਂ ਉਨ੍ਹਾਂ ਨੂੰ ਨੱਕ ਹੇਠਾਂ ਨਾ ਲਿਆਉਂਦੀ। ਉਹ ਹੇਅਰੇ ਤੇ ਸਿਠਣੀਆਂ ਰਾਹੀਂ ਕੁੜਮ ਨੂੰ ਨੰਗ ਦੱਸ ਕੇ ਪੁਰਾਣੀ ਤੇ ਅਧੂਰੀ ਵਰੀ ਲਿਆਉਣ ਦੇ ਫਰਜ਼ੀ ਉਲਾਮੇਂ ਤੇ ਤਾਹਨੇ-ਮਿਹਣੇ ਮਾਰ ਕੇ ਕੀਤੀ ਕੱਤਰੀ ਤੇ ਪਾਣੀ ਫੇਰ ਦਿੰਦੀਆਂ :
ਚੁੱਪ ਕੀਤੜਿਆਂ, ਮੂੰਹ ਮੀਟੜ੍ਹਿਆ,
ਤੂੰ ਵਰੀ ਪੁਰਾਣੀ ਲਿਆਇਆ ਵੇ,
ਚੁੱਪ ਕੀਤੜਿਆ, ਮੂੰਹ ਮੀਟੜਿਆ,
ਮਾਂ ਦੀ ਘੱਗਰੀ, ਚਾਂਦੀ ਦਾ ਨਾਲਾ,
ਧੋਤਾ ਧੁਆਇਆ ਸਾਡੀ ਬੀਬੀ ਨੂੰ ਪਾਇਆ ਵੇ…
ਔਰਤਾਂ ਦੇ ਝੁੰਡ ਵਿਚੋਂ ਕੋਈ ਹੋਰ ਸੁਰੀਲੀ ਆਵਾਜ਼ ਉਭਰਦੀ ਤੇ ਸਿੱਠਣੀ ਦਾ ਨੁਕੀਲਾ ਤੀਰ ਕੁੜਮ ਵੱਲ ਸੇਧ ਕੇ ਛੱਡ ਦਿੱਤਾ ਜਾਂਦਾ :
ਮਾਸੀ ਦੀ ਘੱਗਰੀ, ਮਾਸੜ ਦਾ ਖੇਸ,
ਸਿਉਂ ਲਿਆ ਨੀ ਬਰੋਟੇ ਹੇਠ …
ਪਿਛਲੇ ਸਮਿਆਂ ਵਿਚ ਲੋਕ ਘਰਾਂ ਦੀ ਰਾਖੀ ਲਈ ਕੌੜ, ਵੱਢ ਖਾਣੇ ਕੁੱਤੇ ਪਾਲਦੇ ਸਨ। ਜੇ ਕਿਸੇ ਔਰਤ ਨੂੰ ਲੋੜ ਪੈਣ ‘ਤੇ ਆਂਢ-ਗੁਆਂਢ ਕਿਸੇ ਦੇ ਘਰ ਜਾਣਾ ਪੈਂਦਾ ਤਾਂ ਉਹ ਦੂਰੋਂ ਹੀ ਉਚੀ ਆਵਾਜ਼ ਵਿਚ ਕੁੱਤੇ ਨੂੰ ਬੰਨ੍ਹਣ ਲਈ ਕਹਿੰਦੀ :
ਅੰਬ ਦੀ ਟਾਹਣੀ ‘ਤੇ ਤੋਤਾ ਬੈਠਾ,
ਕਰਦਾ ਹੇਵੇ ਹੇਵੇ,
ਨਾ ਉਹ ਖਾਂਦਾ ਕੁੱਟੀ ਚੂਰੀ,
ਨਾ ਉਹ ਖਾਂਦਾ ਮੇਵੇ,
ਕੁੱਤੇ ਨੂੰ ਸੰਭਾਲੀ ਮੋਦਨਾ,
ਮੇਰੀ ਘੱਗਰੀ ਪਾੜ ਨਾ ਦੇਵੇ …
ਪਹਿਲਿਆਂ ਸਮਿਆਂ ਵਿਚ ਮਾਲਵੇ ਦੀਆਂ ਖੁੱਲ੍ਹੀਆਂ ਰੋਹੀਆਂ ਵਿਚ ਮਲ੍ਹੇ, ਝਾੜੀਆਂ ਆਮ ਹੀ ਹੁੰਦੀਆਂ ਸਨ, ਜਿਨ੍ਹਾਂ ਨੂੰ ਬਹੁਤ ਹੀ ਸੁਆਦਲੇ ਨਿੱਕੇ-ਨਿੱਕੇ ਲਿੱਲੂ ਬੇਰ ਲੱਗਦੇ ਸਨ। ਇਨ੍ਹਾਂ ਬੇਰਾਂ ਨੂੰ ਤੋੜਨ ਸਮੇਂ ਝਾੜੀਆਂ ਦੇ ਨੁਕੀਲੇ ਕੰਡੇ ਉਂਗਲਾਂ ਦੇ ਪੋਟਿਆਂ ਵਿਚ ਚੁਭ ਜਾਂਦੇ, ਬਾਹਾਂ ਝਰੀਟੀਆਂ ਜਾਂਦੀਆਂ ਤੇ ਕਈ ਵਾਰੀ ਕੱਪੜੇ ਵੀ ਪਾਟ ਜਾਂਦੇ। ਪਰ ਜਿਨ੍ਹਾਂ ਮੁੰਡਿਆਂ, ਕੁੜੀਆਂ ਨੂੰ ਇਹ ਜ਼ਾਇਕੇਦਾਰ ਬੇਰ ਖਾਣ ਦੀ ਆਦਤ ਪੈ ਜਾਂਦੀ ਉਹ ਕੰਡੇ ਚੁੱਭਣ ਦੀ ਚੀਸ ਤੇ ਕੱਪੜੇ ਪਾਟਣ ਦੇ ਡਰ ਦੀ ਪਰਵਾਹ ਨਾ ਕਰਦੇ :
ਆਰੀ… ਆਰੀ… ਆਰੀ
ਅੱਖਾਂ ਮਿਰਗ ਦੀਆਂ,
ਵਿਚ ਕਜਲੇ ਦੀ ਧਾਰੀ,
ਡੰਡੀਉਂ ਵੱਟ ਪੈ ਗਈ,
ਕੁੜੀ ਝਾਕਾ ਦੇਣ ਦੀ ਮਾਰੀ,
ਬੇਰੀਆਂ ਦੇ ਬੇਰ ਖਾਣੀਏਂ,
ਤੇਰੀ ਘੱਗਰੀ ਪਾਟਗੀ ਸਾਰੀ …
ਵਰਜਿਤ ਸਬੰਧਾਂ ਨੂੰ ਪਾਲਣ ਵਾਲੀ ਕੋਈ ਮੁਟਿਆਰ ਜਦੋਂ ਵੀ ਦਾਅ ਲੱਗਦਾ ਲੋਕਾਂ ਦੀਆਂ ਨਜ਼ਰਾਂ ਬਚਾ ਕੇ ਚੋਰ ਦਰਵਾਜ਼ੇ ਰਾਹੀਂ ਆਪਣੇ ਪ੍ਰੇਮੀ ਨੂੰ ਮਿਲਣ ਜਾਂਦੀ। ਇਕ ਦਿਨ ਜਦੋਂ ਉਹ ਮਿਲਣ ਜਾਂਦੀ ਤਾਂ ਅੱਗੋਂ ਦਰਵਾਜ਼ਾ ਬੰਦ ਮਿਲਦਾ। ਪਰ ਮਿਲਣ ਲਈ ਮਨ ਵਿਚ ਪੱਕੀ ਧਾਰ ਕੇ ਆਈ ਮੁਟਿਆਰ ਹੌਸਲਾ ਕਰਕੇ ਕੰਧ ਟੱਪ ਜਾਂਦੀ :
ਢਾਈਆਂ…ਢਾਈਆਂ…ਢਾਈਆਂ,
ਰਾਤਾਂ ਸਿਆਲ ਦੀਆਂ,
ਜੱਟੀ ਕੱਲੀ ਨੂੰ ਕੱਟਣੀਆਂ ਆਈਆਂ,
ਰੋਹੀ ਦੀਏ ਕਿੱਕਰੇ ਨੀ,
ਤੇਰੇ ਨਾਲ ਪਰੀਤਾਂ ਪਾਈਆਂ,
ਫੁੱਲ ਮਾਂਗੂੰ ਮੈਂ ਖਿੜਗੀ,
ਅੱਖਾਂ ਹਾਣ ਦੇ ਮੁੰਡੇ ਨਾਲ ਲਾਈਆਂ,
ਚੰਗੀ ਭਲੀ ਕੰਧ ਟੱਪ ਗਈ,
ਮੇਰੀ ਘੱਗਰੀ ਨੇ ਲੀਕਾਂ ਪਾਈਆਂ …
ਪਿੰਡ ਦੇ ਪਾਰਖੂ ਗੱਭਰੂ ਕੰਧ ‘ਤੇ ਪਈਆਂ ਹੋਈਆਂ ਲਕੀਰਾਂ ਦੀ ਘੋਖ ਕਰਕੇ ਪੈੜ ਨੱਪ ਲੈਂਦੇ ਤੇ ਝੱਟ ਖੁਰਾ ਕੱਢ ਲੈਂਦੇ। ਚੋਰੀ ਫੜੀ ਜਾਂਦੀ। ਸਾਰੇ ਪਿੰਡ ਵਿਚ ਘੁਸਰ ਮੁਸਰ ਹੋਣ ਲੱਗਦੀ। ਸਿਰ ‘ਤੇ ਖਤਰਾ ਮੰਡਰਾਉਂਦਾ ਦੇਖ ਮੁਟਿਆਰ ਨੂੰ ਫ਼ਿਕਰ ਸਤਾਉਣ ਲੱਗਦਾ ਤੇ ਉਸ ਦੀ ਰਾਤਾਂ ਦੀ ਨੀਂਦ ਉਡ ਜਾਂਦੀ :
ਆਰਾ… ਆਰਾ… ਆਰਾ
ਉਠ ਖੜ ਵੇ ਮਿੱਤਰਾ, ਦਿਨ ਦਾ ਚੜ੍ਹ ਗਿਆ ਤਾਰਾ,
ਚਿੜੀਆਂ ਬੋਲ ਪਈਆਂ, ਭਜਨ ਕਰੇ ਕਰਤਾਰਾ,
ਟੱਪ ਗੀ ਛੜੱਪਾ ਮਾਰ ਕੇ, ਲਾ ਕੇ ਪੱਟਾਂ ਦਾ ਜ਼ੋਰ ਸਾਰਾ,
ਰੋੜਾਂ ਵਾਲੀ ਕੰਧ ਟੱਪ ਕੇ, ਮੇਰੀ ਘੱਗਰੀ ਨੇ ਪਾ ‘ਤਾ ਪੁਆੜਾ,
ਚੋਬਰਾਂ ਨੇ ਪੈੜ ਸੁੰਘ ਲੀ, ਬਿੜਕ ਲਵੇ ਜੱਗ ਸਾਰਾ,
ਘਰ-ਘਰ ਗੱਲਾਂ ਹੁੰਦੀਆਂ, ਦੰਦ ਚੱਬਦਾ ਸ਼ਰੀਕਾ ਸਾਰਾ,
ਲਾ-ਲਾ-ਲਾ ਹੋਗੀ ਮਿੱਤਰਾ, ਵੈਰ ਪਿਆ ਪਿੰਡ ਸਾਰਾ…
ਕੋਈ ਨਿੱਤ ਦਾ ਸ਼ਰਾਬੀ ਆਪਣਾ ਪੀਣ ਦਾ ਝੱਸ ਪੂਰਾ ਕਰਨ ਲਈ ਅੱਖਾਂ ਮੁੰਦ ਕੇ ਪੈਸੇ ਦਾ ਉਜਾੜਾ ਕਰਦਾ। ਹੌਲੀ-ਹੌਲੀ ਆਮਦਨ ਦੇ ਸਾਰੇ ਸਰੋਤ ਮੁੱਕ ਜਾਂਦੇ। ਜ਼ਮੀਨ ਜਾਇਦਾਦ, ਟੂਮ-ਛੱਲਾ ਸ਼ਰਾਬ ਦੀ ਭੇਂਟ ਚੜ੍ਹ ਜਾਂਦਾ ਤੇ ਘਰ ਦੀ ਆਰਥਿਕ ਹਾਲਤ ਡਾਵਾਂਡੋਲ ਹੋ ਜਾਂਦੀ। ਘਰ ਵਿਚ ਚੂਹੇ ਭੁੱਖੇ ਮਰਨ ਲੱਗਦੇ ਤਾਂ ਜੂਨ-ਗੁਜ਼ਾਰਾ ਕਰਨਾ ਮੁਸ਼ਕਲ ਹੋ ਜਾਂਦਾ :
ਰੜਕੇ… ਰੜਕੇ… ਰੜਕੇ… ਵੇ
ਤੇਰੀ ਡੱਬ ਵਿਚ ਅਧੀਆ ਖੜਕੇ ਵੇ,
ਮੈਂ ਤਾਂ ਬਹਿ ਗਈ ਕਾਲਜਾ ਫੜ ਕੇ ਵੇ,
ਤੇਰੀ ਮਾਂ ਘੱਗਰੀ ਨੂੰ ਤਰਸੇ ਵੇ,
ਪੇਕੇ ਤੁਰ ਜੂੰਗੀ,
ਤੁਰ ਜੂੰ ਵੈਰੀਆ ਲੜ ਕੇ ਵੇ …
ਪੁਰਾਣੇ ਸਮਿਆਂ ਵਿਚ ਕਵੀਸ਼ਰਾਂ ਵਿਚ ‘ਪੰਜਾਬੀ ਝਗੜੇ’ ਲਿਖਣ ਦਾ ਕਾਫੀ ਰਿਵਾਜ਼ ਸੀ। ਇਨ੍ਹਾਂ ਝਗੜਿਆਂ ਵਿਚ ਹਾਸਾ ਠੱਠਾ ਪ੍ਰਧਾਨ ਹੁੰਦਾ ਸੀ ਜਿਵੇਂ ‘ਚਾਹ ਤੇ ਲੱਸੀ ਦਾ ਝਗੜਾ’, ‘ਜੱਟ ਤੇ ਬਾਣੀਏ ਦਾ ਝਗੜਾ’, ‘ਛੜੇ ਤੇ ਕਬੀਲਦਾਰ ਦਾ ਝਗੜਾ’ ਆਦਿ। ਛੜੇ ਤੇ ਕਬੀਲਦਾਰ ਦੇ ਝਗੜੇ ਵਿਚ ਛੜਾ ਕਬੀਲਦਾਰ ਨੂੰ ਠਿੱਠ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਕਹਿੰਦਾ :
ਐਸੀ ਨਾਰ ਅਜੇ ਨਾ ਕਿਸੇ ਦੇ ਹੋਰ ਜੋ,
ਲੀੜਿਆਂ ‘ਚ ਰੱਖੇ ਤਿੰਨ ਮਣ ਘੋਰ ਜੋ।
ਬੋਲਦੀ ਹੈ ਵਾਂਗ ਜੋ ਪਹਾੜੀ ਕਾਗ ਦੇ,
ਘੱਗਰੀ ਲਬੇੜ ਰੱਖੇ ਨਾਲ ਸਾਗ ਦੇ।
ਕਿਧਰੋਂ ਲਿਆਂਦੀ ਪਰੀ ਇੰਦਰ ਖਾੜੇ ਦੀ,
ਜਾਣਦਾ ਜਹਾਨ ਖੋਤੜੀ ਹੈ ਭਾੜੇ ਦੀ।
ਮੇਰੇ ਪਿੰਡ ਐਸੀਆਂ ਫਿਰਨ ਲੱਗ ਉਏ,
ਇਹੋ ਜਿਹੀ ਨਾਰ ਨੂੰ ਸੰਭਾਲ ਰੱਖ ਉਏ।
ਮੁਗਲ ਰਾਜ ਸਮੇਂ ਕਮੀਜ਼, ਸਲਵਾਰ ਤੇ ਸੁੱਥਣ ਦਾ ਰਿਵਾਜ਼ ਪ੍ਰਚਲਿਤ ਹੋਇਆ। ਸੁੱਥਣ ਤੰਗ ਪਹੁੰਚਿਆਂ ਦੀ ਤੇ ਸਲਵਾਰ ਖੁੱਲ੍ਹੇ ਪਹੁੰਚਿਆਂ ਦੀ ਹੁੰਦੀ ਸੀ। ਸੁੱਥਣ ਤੇ ਸਲਵਾਰ ਬਨਾਉਣ ਲਈ ਘੱਟ ਕੱਪੜੇ ਦੀ ਲੋੜ ਪੈਂਦੀ ਸੀ ਤੇ ਇਹ ਘੱਗਰੀ ਤੋਂ ਸਸਤੀਆਂ ਪੈਂਦੀਆਂ ਸਨ। ਸੁੱਥਣਾਂ ਬਨਾਉਣ ਲਈ ਸੂਸੀ ਦੇ ਕੱਪੜੇ ਦੀ ਵਰਤੋਂ ਕੀਤੀ ਜਾਂਦੀ ਸੀ। ਘਰੇਲੂ ਕੰਮ-ਧੰਦੇ ਕਰਦਿਆਂ ਸੁੱਥਣਾਂ ਛੇਤੀ ਹੀ ਮੈਲੀਆਂ ਹੋ ਜਾਂਦੀਆਂ ਤੇ ਉਨ੍ਹਾਂ ਨੂੰ ਵਾਰ-ਵਾਰ ਧੋਣਾ ਪੇਂਦਾ। ਪਰ ਘੱਗਰੀਆਂ ਨੂੰ ਕਈ-ਕਈ ਮਹੀਨੇ ਧੋਣ ਦੀ ਲੋੜ ਨਹੀਂ ਪੈਂਦੀ ਸੀ। ਉਨ੍ਹਾਂ ਸਮਿਆਂ ਵਿਚ ਮਾਲਵੇ ਵਿਚ ਪਾਣੀ ਦੀ ਬਹੁਤ ਘਾਟ ਸੀ। ਕੋਈ ਘੱਗਰੀ ਪਹਿਨਣ ਵਾਲੀ ਔਰਤ ਆਪਣੀ ਘੱਗਰੀ ਦੀ ਸਿਫ਼ਤ ਕਰਦੀ ਹੋਈ ਕਹਿੰਦੀ :
ਮੇਰੀ ਘੱਗਰੀ ਵਰਾਨੀ ਖੇਤੀ,
ਸੁਥਣਾਂ ਨੂੰ ਦੂਹਰੇ ਮਾਮਲੇ …
ਰੇਬ ਪਜਾਮਾ ਪਹਿਲਾਂ ਲਖਨਊ ਦੇ ਨਵਾਬਾਂ ਨੇ ਪਾਉਣਾ ਸ਼ੁਰੂ ਕੀਤਾ ਤੇ ਹੌਲੀ-ਹੌਲੀ ਇਹ ਪੰਜਾਬ ਪਹੁੰਚ ਗਿਆ। ਕਈ ਸ਼ੌਕੀਨ ਔਰਤਾਂ ਲੰਮੇ ਕੁੜਤਿਆਂ ਨਾਲ ਰੇਬ ਪਜਾਮੇ ਵੀ ਪਾਉਣ ਲੱਗੀਆਂ :
ਨੰਦ ਕੁਰ ਸੱਪ ਬਣ ਗਈ,
ਰੇਬ ਪਜਾਮਾ ਪਾ ਕੇ …
ਅੰਗਰੇਜ਼ੀ ਰਾਜ ਸਮੇਂ ਉਦਯੋਗਿਕ ਕ੍ਰਾਂਤੀ ਤੋਂ ਮਗਰੋਂ ਮਸ਼ੀਨਾਂ ਨਾਲ ਤਿਆਰ ਕੀਤਾ ਹੋਇਆ ਕੱਪੜਾ ਧੜਾਧੜ ਭਾਰਤ ਦੇ ਬਜ਼ਾਰਾਂ ਵਿਚ ਵਿਕਣ ਲੱਗਾ। ਇਹ ਕੱਪੜੇ ਸਸਤੇ, ਲਿਸ਼ਲਿਸ਼ ਕਰਦੇ ਪੱਕੇ ਰੰਗਾਂ ਵਾਲੇ ਤੇ ਤਰ੍ਹਾਂ ਤਰ੍ਹਾਂ ਦੀਆਂ ਵੰਨਗੀਆਂ ਦੇ ਸਨ। ਇਸ ਸਮੇਂ ਪੰਜਾਬ ਦੀਆਂ ਪੇਂਡੂ ਔਰਤਾਂ ਨੇ ਲਾਲ, ਨੀਲੀਆਂ ਗੂੜ੍ਹੇ ਰੰਗਾਂ ਦੀਆਂ ਲਿਸ਼ਕਾਰੇ ਮਾਰਦੀਆਂ ਘੱਗਰੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਜੋ ਸੁੰਦਰ, ਸਡੌਲ ਤੇ ਲੰਮੇ ਕੱਦਾਂ ਵਾਲੀਆਂ ਮੁਟਿਆਰਾਂ ਦੇ ਪਾਈਆਂ ਹੋਈਆਂ ਬਹੁਤ ਹੀ ਸੋਹਣੀਆਂ ਲੱਗਦੀਆਂ।
ਵੀਹਵੀਂ ਸਦੀ ਵਿਚ ਜਦੋਂ ਵਿਦਿਆ ਦਾ ਚਾਨਣ ਪੰਜਾਬ ਵਿਚ ਫੈਲਣ ਲੱਗਾ ਤੇ ਆਵਾਜਾਈ ਦੇ ਸਾਧਨ ਸੌਖੇ ਹੋ ਗਏ ਤਾਂ ਪੇਂਡੂ ਮਲਵਈ ਮੁਟਿਆਰਾਂ ਦਾ ਮੇਲ-ਜੋਲ ਸ਼ਹਿਰੀ ਕੁੜੀਆਂ ਨਾਲ ਵਧਣ ਲੱਗਾ ਤੇ ਪੇਂਡੂ ਕੁੜੀਆਂ ਦੇ ਪਹਿਰਾਵੇ ‘ਤੇ ਸ਼ਹਿਰੀ ਫੈਸ਼ਨ ਦਾ ਪ੍ਰਭਾਵ ਪੈਣ ਲੱਗਾ, ਜਿਸ ਦੇ ਸਿੱਟੇ ਵਜੋਂ ਪੇਂਡੂ ਮੁਟਿਆਰਾਂ ਨੇ ਤੰਗ ਮੂਹਰੀ ਦੀਆਂ ਸਲਵਾਰਾਂ, ਚੂੜੀਦਾਰ ਪਜ਼ਾਮੇ, ਘੁੱਟਣੀਆਂ ਕਮੀਜ਼ਾਂ ਤੇ ਜੈਂਪਰ ਪਾਉਣੇ ਸ਼ੁਰੂ ਕਰ ਦਿੱਤੇ। ਇਨ੍ਰਾਂ ਪੀੜ੍ਹੀਆਂ ਲਿਖੀਆਂ ਕੁੜੀਆਂ ਦੀ ਰੀਸੋ ਰੀਸ ਅਨਪੜ੍ਹ ਪੇਂਡੂ ਕੁੜੀਆਂ ਦਾ ਲਿਬਾਸ ਵੀ ਬਦਲ ਗਿਆ। ਮੁਟਿਆਰਾਂ ਦੇ ਅਜਿਹੇ ਪਹਿਰਾਵੇ ਨੂੰ ਦੇਖ ਕੇ ਪੁਰਾਤਨ ਖਿਆਲਾਂ ਦੇ ਬਜ਼ੁਰਗ ਸਹਿਣ ਨਾ ਕਰ ਸਕੇ। ਨਵੀਂ ਪੀੜ੍ਹੀ ਦੇ ਇਸ ਲਿਬਾਸ ਨੂੰ ਨਾਜਰ ਸਿੰਘ ਸਫ਼ਰੀ ਨੇ ਆਪਣੀ ‘ਰਸਭਰੀ ਪੱਤਲ’ ਵਿਚ ਕੰਜਰਾਂ ਦਾ ਬਾਣਾ ਕਹਿ ਕੇ ਭੰਡਿਆ ਹੈ :
ਕੁੜਤੀ ਸਮੇਤ ਬੰਨ੍ਹਾ, ਜੈਂਪਰ ਮੈਂ ਗਹਿਣੇ ਨੀ।
‘ਕੰਜਰਾਂ ਦੇ ਬਾਣੇ’ ਬਹੁਤੀਆਂ ਲੱਗ ਗਈਆਂ ਪਾਉਣੇ ਨੀ।
ਪਰ ਨਵੀਂ ਪੀੜ੍ਹੀ ਦੀਆਂ ਪੜ੍ਹੀਆਂ ਲਿਖੀਆਂ ਮੁਟਿਆਰਾਂ ਨੂੰ ਇਸ ਤਰ੍ਹਾਂ ਦੀ ਨੁਕਤਾਚੀਨੀ ਤੇ ਟੋਕਾ-ਟਾਕੀ ਚੰਗੀ ਨਾ ਲੱਗਦੀ ਤੇ ਉਹ ਖਿੱਝ ਕੇ ਪੁਰਾਣੀਆਂ ਔਰਤਾਂ ਦੇ ਪਹਿਰਾਵੇ ਉਪਰ ਵਿਅੰਗ ਕੱਸ ਕੇ ਮੋੜਵਾਂ ਜਵਾਬ ਦਿੰਦੀਆਂ ਹੋਈਆਂ ਕਹਿੰਦੀਆਂ :
ਅਗਲੀਆਂ ਬੁੜ੍ਹੀਆਂ ਦੇ ਕੇਹੋ ਜੇਹੇ ਕੱਪੜੇ
ਕਾਲੀਆਂ ਕਾਲੀਆਂ ਘੱਗਰੀਆਂ ਵਿਚ ਜੂੰਆਂ ਦੀ ਡਾਰ।
ਹੁਣ ਦੀਆਂ ਕੁੜੀਆਂ ਦੇ ਕੇਹੋ ਜੇਹੇ ਕੱਪੜੇ,
ਖੁੱਲ੍ਹਾ ਖੁੱਲ੍ਹਾ ਕੁੜਤਾ, ਤੰਗ ਸਲਵਾਰ।
ਹੌਲੀ-ਹੌਲੀ ਘੱਗਰੀਆਂ ਪਹਿਨਣ ਦਾ ਰਿਵਾਜ਼ ਘਟਦਾ ਗਿਆ ਤੇ ਆਖਰ ਪੰਜਾਬ ਦੀਆਂ ਪੇਂਡੂ ਔਰਤਾਂ ਦੇ ਪਹਿਰਾਵੇ ਵਿਚੋਂ ਰੰਗ ਬਿਰੰਗੀਆਂ ਸੋਹਣੀਆਂ ਘੱਗਰੀਆਂ ਅਲੋਪ ਹੋ ਕੇ ਬੀਤੇ ਸਮੇਂ ਦੀ ਗੱਲ ਬਣ ਗਈਆਂ।

Check Also

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ (ਕਿਸ਼ਤ 10ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਇਸ ਲੋਕੇਸ਼ਨ ਨੂੰ ਸੀ.ਬੀ.ਸੀ ਦੀ …