ਮੈਨੂੰ ਕੋਲ ਬੁਲਾਉਂਦੇ ਅੱਖਰ।
ਦਿਲ ਦਾ ਹਾਲ ਸੁਣਾਉਂਦੇ ਅੱਖਰ।
ਜੇ ਮੈਂ ਹੱਸਾਂ, ਇਹ ਵੀ ਹੱਸਣ,
ਮੇਰੇ ਨਾਲ ਮੇਰੇ ਗਾਉਂਦੇ ਅੱਖਰ।
ਦੂਰ ਇਨ੍ਹਾਂ ਤੋਂ ਹੋ ਨਹੀਂ ਸਕਦਾ,
ਜਾਵਾਂ ਫ਼ੜ੍ਹ ਲਿਆਉਂਦੇ ਅੱਖਰ।
ਜਿੰਨਾ ਚਿਰ ਨਾ ਲਵਾਂ ਝਰੀਟ,
ਅੰਦਰ ਖੌਰੂ ਪਾਉਂਦੇ ਅੱਖਰ।
ਕਦੇ ਕਦੇ ਸੁਫ਼ਨਿਆਂ ‘ਚ ਆਉਂਦੇ,
ਕਦੇ ਹਲੂਣ ਜਗਾਉਂਦੇ ਅੱਖਰ।
ਦੁੱਖ, ਸੁੱਖ ਦੇ ਸਾਥੀ ਮੇਰੇ,
ਧੀਰਜ ਸਦਾ ਬਨ੍ਹਾਉਂਦੇ ਅੱਖਰ।
ਮਾਂ ਬੋਲੀ ਪੰਜਾਬੀ ਦੇ ਵੀ,
ਸੋਹਿਲੇ ਰਹਿੰਦੇ ਗਾਉਂਦੇ ਅੱਖਰ।
ਸਾਹਿਤ ਸਮੁੰਦਰ ਚੁੱਭੀ ਲਾ ਕੇ,
ਮੋਤੀ ਕੱਢ ਲਿਆਉਂਦੇ ਅੱਖਰ।
ਪਿੱਠ ਥਾਪੜ ਕੇ ਦੇਣ ਹੌਂਸਲਾ,
ਲੋਰੀਆਂ ਗਾ ਸੁਆਉਂਦੇ ਅੱਖਰ।
ਮੇਰੇ ਤੋਂ ਨਾ ਕੁੱਝ ਵੀ ਮੰਗਦੇ,
ਪਿਆਰ ਹੀ ਝੋਲ਼ੀ ਪਾਉਂਦੇ ਅੱਖਰ।
ਅੱਖਰ, ਅੱਖਰ ਜੁੜ ਕੇ ਅੱਖਰ,
ਹੀਰੇ ਬਣ ਬਣ ਆਉਂਦੇ ਅੱਖਰ।
– ਸੁਲੱਖਣ ਮਹਿਮੀ ,
+647-786-6329