Breaking News
Home / ਰੈਗੂਲਰ ਕਾਲਮ / ਫੋਟੂਆਂ ਕੁਸਕਦੀਆਂ ਰਹਿੰਦੀਆਂ ਨੇ…

ਫੋਟੂਆਂ ਕੁਸਕਦੀਆਂ ਰਹਿੰਦੀਆਂ ਨੇ…

ਡਾਇਰੀ ਦੇ ਪੰਨੇ
ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਕਦੇ-ਕਦੇ ਪੁਰਾਣੀਆਂ ਫੋਟੂਆਂ ਦਾ ਝੋਲਾ ਫਰੋਲਣ ਲੱਗਦਾ ਹਾਂ, ਤਾਂ ਚੰਗਾ-ਚੰਗਾ ਲੱਗਦਾ ਹੈ। ਕਈ ਭੁੱਲੇ ਵਿਸਰੇ ਤੇ ਗੁੰਮੇ-ਗੁਆਚੇ ਚਿਹਰੇ ਅੱਖਾਂ ਮੂਹਰੇ ਆ ਜਾਂਦੇ ਨੇ। ਬੀਤੇ ਸਮਿਆਂ ਦੀਆਂ ਯਾਦਾਂ ਝੁਰਮਟ ਪਾਉਣ ਲੱਗਦੀਆਂ ਨੇ ਤੇ ਦੂਰ ਦੁਰੇਡੀਆਂ ਥਾਵਾਂ ਹਾਕਾਂ ਮਾਰਦੀਆਂ ਜਾਪਦੀਆਂ ਨੇ।
ਫੋਟੂਆਂ ਕੁਸਕਦੀਆਂ ਨੇ ਹਮੇਸ਼ਾਂ ਤੇ ਕੁਝ ਕਹਿੰਦੀਆਂ ਨੇ। ਜਿਹੜੇ ਚਿਹਰੇ ਸੰਸਾਰ ਛੱਡ ਗਏ ਤੇ ਕੇਵਲ ਫੋਟੂਆਂ ਵਿਚ ਹੀ ਜੀਵੰਤ ਨੇ, ਉਹਨਾਂ ਨੂੰ ਦੇਖ ਕੇ ਮਨ ਉਦਾਸ ਹੋ ਜਾਂਦੈ ਤੇ ਕਲੇਜੇ ਹੌਲ ਜਿਹਾ ਮੱਲੋ ਮੱਲੀ ਪੈਣ ਲੱਗਦਾ ਹੈ। ਪਤਾ ਨਹੀਂ ਕਿਉਂ, ਪੁਰਾਣੀਆਂ ਫੋਟੂਆਂ ਵਾਲਾ ਝੋਲਾ ਤੇ ਡੱਬਾ ਕਿਉਂ ਫਰੋਲਣ ਲਗਦਾ ਹਾਂ!
ਨਵੀਆਂ-ਪੁਰਾਣੀਆਂ ਫੋਟੂਆਂ ਨਾਲ ਮੇਰੇ ਕੋਲ ਕਈ ਝੋਲੇ ਭਰੇ ਪਏ ਨੇ ਤੇ ਇੱਕ ਦੋ ਡੱਬੇ ਵੀ। ਹੁਣ ਚਾਹੇ ਵਿਹਲ ਨਹੀਂ ਹੈ ਵੇਖਣ ਦੀ। (ਹੁਣ ਤਾਂ ਲੈਪ ਟਾਪ ਜਾਂ ਗੂਗਲ ਡਰਾਈਵ ਹੀ ਫੋਟੋ ਸਾਂਭ ਲੈਂਦਾ ਹੈ, ਝੋਲੇ ਦੀ ਲੋੜ ਨਹੀਂ ਹੈ) ਪਰ ਪੁਰਾਣੇ ਝੋਲਿਆਂ ਵਿਚਲੀਆਂ ਫੋਟੂਆਂ ਸਾਂਭਾਂ ਕਿੱਥੇ? ਕਿਸ ਨੂੰ ਦੇਵਾਂ? ਕਿਸੇ ਦਾ ਕੀ ਤੁਅੱਲਕ ਹੈ ਉਹਨਾਂ ਫੋਟੂਆਂ ਨਾਲ? ਬੜੀ ਵਾਰ ਪੁਰਾਣੀਆਂ ਫੋਟੂਆਂ ਦੇਖਦਿਆਂ ਮੇਰੀ ਕਲਮ ਤੋਂ ਕਈ ਕੁਛ ਲਿਖਿਆ ਗਿਆ ਹੈ,ਜੋ ਪਾਠਕ ਪਸੰਦ ਕਰਦੇ ਰਹੇ ਨੇ।
ਜਿਵੇਂ ਕਿਹਾ ਹੈ ਕਿ ਵਿਛੜਿਆਂ ਦੀਆਂ ਫੋਟੂਆਂ ਮਨ ਉਦਾਸ ਕਰ ਜਾਂਦੀਆਂ ਨੇ, ਜੇ ਕੋਈ ਫੋਟੋ ਅੱਗੇ ਆ ਵੀ ਜਾਵੇ ਤਾਂ ਪਲ ਵਿਚ ਮੂਧੀ ਮਾਰ ਦਿੰਦਾ ਹਾਂ, ਉਦਾਸੀ ਤੋਂ ਬਚਣ ਲਈ। ਵਿਛੜ ਗਿਆਂ ਦੀਆਂ ਫੋਟੂਆਂ ਦੇਖ ਉਨ੍ਹਾਂ ਦੀ ਯਾਦ ਤੰਗ ਕਰਦੀ ਹੈ।

ਅੱਜ ਜਦ ਫੋਟੂਆਂ ਵਾਲਾ ਝੋਲਾ ਫਰੋਲਿਆ ਤਾਂ, ਉਹ ਦਿਨ ਵੀ ਚੇਤੇ ਆਇਆ,ਜਦ ਆਪਣੇ ਤਾਏ ਰਾਮ ਨਾਲ ਫਿਰੋਜਪੁਰ ਗਿਆ ਸਾਂ, ਵਿਸਾਖੀ ਦਾ ਦਿਨ ਸੀ। ਪੰਜ ਕੁ ਸਾਲ ਦਾ ਹੋਵਾਂਗਾ, ਤਾਏ ਰਾਮ ਨੇ ਕਿਸ਼ਤੀ ਵਿਚ ਬਿਠਾ ਕੇ ਅੱਧਾ ਕੁ ਝੂਟਾ ਦਿਲਵਾਇਆ ਸੀ। ਪਾਣੀ ਤੋਂ ઠਬਹੁਤ ਡਰ ઠਆਇਆ ਤੇ ਰੋਣ ਲੱਗਿਆ ਸਾਂ, ਤਾਂ ਤਾਏ ਨੇ ਮਲਾਹ ਨੂੰ ਆਖਿਆ ਸੀ, ”ਲਾਹ ਦੇ ਬਈ ਸਾਨੂੰ, ਜਵਾਕ ਡਰ ਗਿਆ ਸਾਡਾ…।” ਮਲਾਹ ਨੇ ਮੈਨੂੰ ਪੁਚਕਾਰਦਿਆਂ ઠਕਿਸ਼ਤੀ ਮੋੜੀ, ਕਿਨਾਰੇ ਲਿਆ ਲਾਹ ਦਿੱਤਾ ਤੇ ਬਾਹਰ ਆ ਕੇ ਮੈਂ ਖੁਸ਼ ਹੋ ਰਿਹਾ ਸਾਂ। ਮੁੜ ਕਦੇ ਕਿਸ਼ਤੀ ਨਾ ਬੈਠਿਆ। ਵਰ੍ਹਿਆਂ ਦੇ ਵਰ੍ਹੇ ਬੀਤ ਗਏ ਨੇ। ਬਥੇਰੇ ਦਰਿਆਵਾਂ, ਨਦੀਆਂ ਝੀਲਾਂ ਤੇ ਸਮੁੰਦਰਾਂ ਦੇ ਕੰਡਿਆਂ ਉਤੇ ਤੁਰਿਆ ਹਾਂ ਦੇਸ਼ ਬਦੇਸ਼ ਵੀ।ઠਖੈਰ!

ਜਿਹੜੀ ਫੋਟੋ ਪਾਠਕਾਂ ਨਾਲ ਸਾਂਝੀ ਕੀਤੀ, ਇਹ ਲੰਡਨ ਦੀ ਇਕ ਝੀਲ ਦੀ ਹੈ, 2010 ਦੀ। ਦਸ ਸਾਲ ਲੰਘ ਗਏ ਨੇ। ਕਿਸ਼ਤੀ ਵਿਚ ਬੈਠਾ ਹਾਂ। ਨੇੜੇ ਹੀ ਬੱਤਖਾਂ ਦਾ ਪੂਰ ਤੈਰ ਰਿਹਾ ਹੈ, ਉਸ ਨੂੰ ਦੇਖ ਰਿਹਾਂ। ਮਸਤ ઠਨੇ ਬੱਤਖਾਂ ਦੇ ઠਦੁੱਧ ਧੋਤੇ ਜੋੜੇ! ਬੇਫਿਕਰ। ਬੇ-ਗਰਜ। ਬੇ-ਨਿਆਜ! ਪਾਣੀ ਹੀ ਇਨ੍ਹਾਂ ਦਾ ਸੰਸਾਰ ਹੈ। ਪਾਣੀ ਹੀ ਇਨ੍ਹਾਂ ਦਾ ਜੀਵਨ ਹੈ। ਇਹ ਪਾਣੀ ਲਈ ਹੀ ਪੈਦਾ ਹੋਈਆਂ ਨੇ। ਬੱਤਖਾਂ ਦੇ ਪੂਰ ਦੀ ਫੋਟੋ ਖਿੱਚ੍ਹਦਾ ਹਾਂ, ਤਾਂ ਨਾਲ ਬੈਠਾ ਅੰਕਲ ਇੰਦਰਜੀਤ ਸਿੰਘ ਜੀਤ ઠਮੇਰੀ ਫੋਟੋ ਖਿੱਚ੍ਹਦਾ ਹੈ। ਕਹਿੰਦਾ ਹੈ, ਆਪਣੇ ਅੰਕਲ ਦੀ ਖਿੱਚ੍ਹੀ ਫੋਟੋ ਯਾਦ ਰੱਖੀਂ ਨਿੱਕਿਆ!!
ਜੀਤ ਅੰਕਲ ਇਸੇ ઠਸਾਲ ਪੂਰਾ ਹੋ ਗਿਆ। ਊਸ਼ਾ ਅੰਟੀ ਨਾਲ ਫੋਨ ਉਤੇ ਅਫਸੋਸ ਕਰਨ ਨੂੰ ਦਿਲ ਕਰਦੈ ਪਰ ਫੋਨ ਨਹੀਂ ਹੈਗਾ ਮੇਰੇ ਕੋਲ। ਪੁਰਾਣੇ ਫੋਨ ਉਤੇ ਰਿੰਗ ਨਹੀਂ ਜਾਂਦੀ। ਇਹ ਸੰਸਾਰ ਵਿਛੜਦਿਆਂ-ਮਿਲਦਿਆਂ ਦਾ ਮੇਲਾ ਹੈ ਭਾਈ!! ਕਈ ਵਾਰੀ ਫੋਟੂਆਂ ਨਾਲ ਵੀ ਦੁੱਖ-ਸੁੱਖ ਸਾਂਝਾ ਕਰਨਾ ਪੈਂਦਾ ਹੈ। ਅੱਜ ਮੈਂ ਇਉਂ ਹੀ ਕੀਤਾ ਹੈ, ਫੋਟੂ ਨਾਲ ਦੁਖ ਸਾਂਝਾ ਕਰਦਿਆਂ ਅੱਖਾਂ ਭਰੀਆਂ, ਫੋਟੋ ਕੁਸਕੀ ਤੇ ਹੋਰ ਉਦਾਸ ਹੋ ਗਈ।

ਇਹ ਫੋਟੂ ਵੀ ਲੰਡਨ ਦੀ ਹੈ ਤੇ ਦਸ ਸਾਲ ਪੁਰਾਣੀ, ਭਾਵ ਕਿ 2005 ਦੀ, ਪੰਦਰਾਂ ਸਾਲਾਂ ਦੀ। ઑ’ਦੇਸੀ ਰੇਡੀਓ’ ਸਾਊਥਾਲ ਦੀ ਲਾਇਬ੍ਰੇਰੀ ਦੀ। ਮੈਂ ਲੰਡਨ ਸਾਂ। ਕੜਕਦੀ ਠੰਢ ਦੇ ਦਿਨ। ਕਿਣਮਿਣ ਕਿਣਮਿਣ। ਕਦੇ ਕਦੇ ਸੂਰਜ ਸਿਰੀ ਚੁੱਕਦਾ ਤਾਂ ਕਾਲੀਆਂ ਬੋਲੀਆਂ ਵਲੈਤਣ ਬੱਦਲੀਆਂ ਆ ਮਧੋਲਦੀਆਂ ਸਲਾਭ੍ਹੇ ਜਿਹੇ ਸੂਰਜ ਨੂੰ। ਤੇਜ ਝੱਖੜ ਝੁਲਦੇ। ਪਤਾ ਨਹੀ ਸੀ ਲਗਦਾ, ਕਦੋਂ ਮੀਂਹ ਹਟ ਗਿਆ, ਕਦੋਂ ਵਰ੍ਹ ਪਿਆ। ਸਵੇਰੇ ਸਾਝਰੇ ਉਠਕੇ ਰੇਡੀਓ ਦੇ ਸਟੂਡੀਓ ਵਿਚ ਅਮਰ ਤੇ ਅਜੀਤ ਖਹਿਰੇ ઠਨਾਲ ਰਿਕਾਰਡਿੰਗਾਂ ਕਰਨ ਡਹਿ ਪੈਂਦਾ। ਦੇਰ ਰਾਤੀ ਵਿਹਲੇ ਹੁੰਦੇ। ਮੋਟੀ ਮੂੰਗਫਲੀ ਤੇ ਇਟਾਲੀਅਨ ਵਾਈਨ ਵਾਜਾਂ ਮਾਰਦੀ। ਪਤਾ ਨਹੀਂ ਸੀ ਲਗਦਾ, ਕਦੋਂ ਦਿਨ ਚੜ੍ਹਿਆ ਹੈ ਕਦੋਂ ਰਾਤ ਸਿਰ ਉਤੇ ਆਣ ਖੜ੍ਹੀ ਹੈ। ਕਦ ਸੂਰਜ ਛੁਪਿਆ। ਕਦ ਮੀਂਹ ਪਿਆ, ਕਦ ਮੀਂਹ ਹਟਿਆ। ਲੰਡਨ ਦੇ ઠਸਲਾਭੇ ਮੌਸਮ ਵਿਚ ਮੈਂ ਸਿਰ ਉਤੇ ਪਟਕਾ ਬੰਨ੍ਹ ਕੇ ਰਖਦਾ। ਇੰਡੀਆ ਪਰਤਣ ਵੇਲੇ ਤਕ ਬਹੁਤਾ ਈ ਉਦਾਸ ਹੋ ਗਿਆ ਸਾਂ। ਇਕ ਦਿਨ ਲਾਇਬਰੇਰੀ ਵਿਚੋਂ ਕੋਈ ਕਿਤਾਬ ਫੋਲ ਰਿਹਾ ਸਾਂ। ਅਜੀਤ ਖਹਿਰੇ ਨੇ ਆਖਿਆ, ”ਲੈ ਦੇਖ!! ਮੈਂ ਤੇਰੀ ਫੋਟੋ ਖਿੱਚ੍ਹਾਂ!! ਉਦਾਸੇ ਮੂੰਹ ਫੋਟੋ ਨਾ ਖਿਚਵਾ, ਜਰਾ ਹੱਸ ਉਏ…।” ਮੈਂ ਉਤਲੇ ਮਨੋਂ ਹੱਸਿਆ ਸਾਂ। ਅਜੀਤ ਨੇ ਸੱਚੇ ਮਨੋਂ ਫੋਟੋ ਖਿੱਚ੍ਹੀ ਸੀ। ਅੱਜ ਪਤਾ ਨਹੀ,ਅਮਰ ਕਿਥੇ ਐ? ਅਜੀਤ ਦਾ ਕੀ ਹਾਲ ਐ? ਰੇਡੀਓ ਦਾ ਪੁਰਾਣਾ ਲਾਣਾ ਬਾਣਾ ਕਿਥੇ ਗਿਆ? ਭੁਲਦੇ ਨਹੀਂ ਭੁਲਾਏ!! ਅੱਜ ਇਸ ਫੋਟੋ ਨੇ ਸਭ ਚੇਤੇ ਕਰਵਾਏ। ਸਭਨਾ ਦੀ ਖੈਰ ਸੁਖ ਮੰਗਦਾ ਹਾਂ। ਬੜੇ ਕਮਾਲ ਦੇ ਯਾਦਗਾਰੀ ਦਿਨ ਸਨ।ਰੱਬ ਖੈਰ ਕਰੇ!!

ਕੌਣ ਕਹਿੰਦਾ ਹੈ ਕਿ ਫੋਟੂਆਂ ਨਹੀਂ ਬੋਲਦੀਆਂ? ਬਿਲਕੁਲ ਬੋਲਦੀਆਂ ਨੇ ਫੋਟੂਆਂ, ਕੋਈ ਉਹਨਾਂ ਨੂੰ ਬੁਲਾਉਣ ਵਾਲਾ ਹੋਵੇ! ਦੁਖ ਸੁਖ ਸਾਂਝਾ ਕਰਨ ਵਾਲਾ ਹੋਵੇ ਕੋਈ ਫੋਟੂਆਂ ਨਾਲ। ਕਰਦੀਆਂ ਨੇ ਦੁੱਖ ਸੁੱਖ ਸਾਂਝੇ ਤੇ ਹੁੰਗਾਰੇ ਵੀ ਭਰਦੀਆਂ ਨੇ ਫੋਟੂਆਂ! ਫੋਟੂਆਂ ਸਾਨੂੰ ਅਤੀਤ ਚੇਤੇ ਕਰਵਾਉਂਦੀਆਂ ਰਹਿੰਦੀਆਂ ਨੇ, ਅਸੀਂ ਉਦੋਂ ਕਿਜੋ ਜਿਹੇ ਸਾਂ, ਅੱਜ ਕਿਹੋ ਜਿਹੇ ਹਾਂ? ਅਸੀਂ ਕਿੰਨੇ ਤਿੱਖੇ ਸਾਂ, ਕਿੰਨੇ ਭੋਲੇ ਸਾਂ। ਸਾਡੀਆਂ ਅੱਖਾਂ ਉਦੋਂ ਕੀ ਕਹਿੰਦੀਆਂ ਸਨ ਤੇ ਅੱਜ ਕੀ ਕਹਿੰਦੀਆਂ ਨੇ! ਇਹ ਸਭ ਹਾਲ ਹਵਾਲ ਫੋਟੂਆਂ ਹੀ ਦੱਸਦੀਆਂ ਨੇ ਸਾਨੂੰ। ਮੇਰਾ ਦਿਲ ਕਰਦਾ ਹੈ ਕਿ ਹਫਤੇ ਵਿਚ ਮੈਂ ਪੁਰਾਣੀਆਂ ਫੋਟੂਆਂ ਦੇ ਝੋਲੇ ਤੇ ਡੱਬੇ ਦੋ ਵਾਰ ਜ਼ਰੂਰ ਫਰੋਲਿਆਂ ਕਰਾਂ!

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 13ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …