Breaking News
Home / ਰੈਗੂਲਰ ਕਾਲਮ / ਪਹਿਲੀ ਪੋਸਟਿੰਗ

ਪਹਿਲੀ ਪੋਸਟਿੰਗ

ਜਰਨੈਲ ਸਿੰਘ
(ਕਿਸ਼ਤ ਦਸਵੀਂ)
ਟਰੇਨਿੰਗ ਤੋਂ ਬਾਅਦ ਮੈਂ ਬਦਲੀ ਬਾਰੇ ਜਾਣਨ ਲਈ ਉਤਸੁਕ ਸਾਂ। ਸਾਰੇ ਉਤਸੁਕ ਸਨ। ਬਦਲੀਆਂ ਇੰਡੀਅਨ ਏਅਰ ਫੋਰਸ ਦੇ ਹੈਡਕੁਆਟਰ ਦਿੱਲੀ ਤੋਂ ਹੁੰਦੀਆਂ ਹਨ। ਆਪਣੇ ਸੂਬੇ ਦਾ ਕੋਈ ਹਵਾਈ ਅੱਡਾ ਮਿਲਣ ਦੀ ਸੰਭਾਵਨਾ ਵੈਸੇ ਤਾਂ ਘੱਟ ਹੀ ਹੁੰਦੀ ਹੈ ਪਰ ਕਦੀ-ਕਦੀ ਚਾਂਸ ਲੱਗ ਵੀ ਜਾਂਦੈ। ਚਾਂਸ ਲੱਗਣ ਦੀ ਆਸ ਮੈਨੂੰ ਵੀ ਸੀ। ਪਰ ਮੇਰੇ ਲਈ ਪੰਜਾਬ ਤਾਂ ਕੀ, ਪੰਜਾਬ ਦੇ ਲਾਗੇ-ਚਾਗੇ ਦਾ ਵੀ ਕੋਈ ਢੋਅ-ਮੇਲਾ ਨਾ ਬਣਿਆਂ। ਬਦਲੀ ਹੋਈ ਆਸਾਮ ਦੇ ਸਿਰੇ ‘ਤੇ ਸਥਿਤ ਹਵਾਈ ਅੱਡੇ ਛਬੂਆ ਦੀ, ਧੁਰ ਦੱਖਣ ਤੋਂ ਧੁਰ ਉੱਤਰ ਪੂਰਬ ਵਿਚਂ 2930 ਕਿਲੋਮੀਟਰ ਦਾ ਸਫਰ, ਮੇਰੇ ਪਲੇਠੇ ਸਫਰ (ਜਨਮ ਭੋਇੰ ਤੋਂ ਚੇਨਈ) ਨਾਲ਼ੋਂ ਵੀ ਲੰਮੇਰਾ। ਮਸਲਾ ਸਿਰਫ਼ ਦੂਰੀ ਦਾ ਹੀ ਨਹੀਂ ਸੀ, ਛਬੂਆ ‘ਹਾਰਡ-ਲਿਵਿੰਗ’ ਯਾਅਨੀ ਰੋਜ਼ਮਰਾ ਦੀਆਂ ਮੁੱਢਲੀਆਂ ਸਹੂਲਤਾਂ ਤੋਂ ਵਿਰਵਾ ਹਵਾਈ ਅੱਡਾ ਸੀ।
ਖ਼ੈਰ ਏਨਾ ਚੰਗਾ ਸੀ ਮੇਰੇ ਪਿਆਰੇ ਮਿੱਤਰ ਮਨਜੀਤ ਦਾ ਸਾਥ ਹੈਗਾ ਸੀ। ਚੇਨਈ ਤੋਂ ਰੇਲ ਗੱਡੀ ਰਾਹੀਂ ਚੱਲ ਕੇ ਅਸੀਂ ਯੂ.ਪੀ ਦੇ ਰੇਲਵੇ ਸਟੇਸ਼ਨਾਂ ਮੁਗਲਸਰਾਏ, ਕਾਂਸ਼ੀ, ਬਨਾਰਸ ਹੁੰਦੇ ਹੋਏ ਬਿਹਾਰ ਦੇ ਸਟੇਸ਼ਨ ਬਰੋਨੀ ਪਹੁੰਚੇ। ਓਥੋਂ ਛੋਟੀ ਪਟੜੀ ਦੀ ਰੇਲ ‘ਤੇ ਸਵਾਰ ਹੋ ਗੁਹਾਟੀ ਅਤੇ ਗੁਹਾਟੀ ਤੋਂ ਗੱਡੀ ਬਦਲ ਕੇ ਚੌਥੇ ਦਿਨ ਛਬੂਆ ਪਹੁੰਚੇ। ਓਦੋਂ ਗੱਡੀਆਂ ਦੀ ਰਫਤਾਰ ਹੁਣ ਜਿੰਨੀ ਤੇਜ਼ ਨਹੀਂ ਸੀ। ਸੰਨ 1963 ਦਾ ਮਾਰਚ ਮਹੀਨਾ ਸੀ।
ਛਬੂਏ ਦਾ ਹਵਾਈ ਅੱਡਾ ਹਿੰਦ-ਚੀਨ ਦੀ 1962 ਦੀ ਜੰਗ ਸਮੇਂ ਹੋਂਦ ਵਿਚ ਆਇਆ ਸੀ। ਰਿਹਾਇਸ਼ਾਂ ਵਾਸਤੇ ਅਜੇ ਦੋ ਕੁ ਬੈਰਕਾਂ ਹੀ ਬਣੀਆਂ ਸਨ। ਬਹੁਤੇ ਹਵਾਈ ਸੈਨਿਕਾਂ ਦਾ ਬਸੇਰਾ ਤੰਬੂਆਂ ‘ਚ ਸੀ। ਆਸਾਮ ਦੇ ਤਕਰੀਬਨ ਸਾਰੇ ਹਵਾਈ ਅੱਡਿਆਂ ‘ਤੇ ਟੈਂਟ-ਲਾਈਫ ਸੀ। ਨਹਾਉਣ-ਧੋਣ ਤੇ ਪੀਣ ਵਾਸਤੇ ਪਾਣੀ ਦੀਆਂ ਟੂਟੀਆਂ ਨਹੀਂ ਨਲ਼ਕੇ ਸਨ। ਨਲ਼ਕੇ ਤੇ ਬਾਲਟੀ ਭਰ ਕੇ ਨਹਾ ਲਈਦਾ ਸੀ। ਰਨਵੇਅ ਅਤੇ ਟੈਕਸੀ-ਟਰੈਕ ਬਣ ਚੁੱਕੇ ਸਨ ਪਰ ਅਜੇ ਕੋਈ ਸੁਕਆਡਰਨ ਨਹੀਂ ਸੀ। ਦੋ ਕੁ ਹਫ਼ਤੇ ਬਾਅਦ ਮੈਨੂੰ ਤੇ ਮਨਜੀਤ ਨੂੰ ਡਿੰਜਨ ਹਵਾਈ ਅੱਡੇ ਦੇ ਸੁਕਆਡਰਨ ਨਾਲ਼ ਅਟੈਚ ਕਰ ਦਿੱਤਾ ਗਿਆ।
ਛਬੂਆ ਤੋਂ ਡਿੰਜਨ ਪੌਣੇ ਘੰਟੇ ਦਾ ਸਫਰ ਸੀ। ਡਿੰਜਨ ‘ਚ ਦੂਜੀ ਵਿਸ਼ਵ ਜੰਗ ਸਮੇਂ ਦੇ ਵਿਸ਼ਾਲ ਰੱਨਵੇਅ, ਟੈਕਸੀਟਰੈਕ ਤੇ ਟਾਰਮਿਕ ਬਣੇ ਹੋਏ ਸਨ, ਜਿਨ੍ਹਾਂ ਨੂੰ ਮੁਰੰਮਤ ਕਰਵਾ ਕੇ ਵਰਤਿਆ ਜਾ ਰਿਹਾ ਸੀ। ਹਵਾਈ ਅਡੇ ਤੋਂ ਥ੍ਹੋੜੀ ਕੁ ਦੂਰੀ ‘ਤੇ ਡਿੰਜਨ ਨਾਂ ਦਾ ਬਸਤੀਨੁਮਾ ਪਿੰਡ ਸੀ। ਹਵਾਈ ਅੱਡੇ ਦੇ ਆਸੇ-ਪਾਸੇ ਜ਼ਮੀਨੀ ਫੌਜ ਦੀਆਂ ਯੂਨਿਟਾਂ ਸਨ।
ਸਾਡੇ ਸੁਕਆਡਰਨ ਵਿਚ ਪੱਖੇ ਵਾਲ਼ੇ ‘ਔਟਰ’ (+ਵਵਕਗ) ਨਾਂ ਦੇ ਛੋਟੇ ਟਰਾਂਸਪੋਰਟ ਜਹਾਜ਼ ਸਨ। ਕੌਕਪਿਟ ਵਿਚ ਪਾਇਲਟ ਦੀ ਸੀਟ ਨਾਲ਼ ਇਕ ਸੀਟ ਹੋਰ ਅਤੇ 10 ਸੀਟਾਂ ਪਿਛਾਂਹ ਕੈਬਿਨ ‘ਚ ਸਨ। ਲੋੜ ਪੈਣ ‘ਤੇ ਕੈਬਿਨ ਦੀਆਂ ਸੀਟਾਂ ਫੋਲਡ ਕਰਕੇ ਚਾਰ ਸਟਰੈਚਰਾਂ ਫਿੱਟ ਹੋ ਸਕਦੀਆਂ ਸਨ। ਔਟਰ ਛੋਟੇ ਜਿਹੇ ਰਨਵੇਅ ‘ਤੇ ਚੜ੍ਹ-ਉੱਤਰ ਸਕਦਾ ਸੀ।
ਸਾਡੇ ਸੁਕਆਡਰਨ ਦਾ ਕਾਜ-ਵਿਹਾਰ ਫੌਜੀਆਂ ਨਾਲ਼ ਸੀ। ਚੀਨ ਦੇ ਬਾਰਡਰ ਵੱਲ ਦੀਆਂ ਪੋਸਟਾਂ ਤੇਜੂ, ਵਾਲੌਂਗ, ਤਵਾਂਗ ਆਦਿ ਤੱਕ ਅਜੇ ਸੜਕਾਂ ਨਹੀਂ ਬਣੀਆਂ ਸਨ। ਹਸਪਤਾਲ ਵਗੈਰਾ ਦੀਆਂ ਸਹੂਲਤਾਂ ਵੀ ਨਹੀਂ ਸਨ। ਇਸ ਕਰਕੇ ਉਨ੍ਹਾਂ ਪੋਸਟਾਂ ‘ਤੇ ਫੌਜੀਆਂ ਦੀ ਨਫਰੀ ਥੋੜ੍ਹੀ ਕੁ ਹੀ ਹੁੰਦੀ ਸੀ। ਬਿਮਾਰੀ, ਛੁੱਟੀ ਤੇ ਬਦਲੀਆਂ ਸਮੇਂ ਉਨ੍ਹਾਂ ਨੂੰ ਪਿਛਾਂਹ ਲਿਆਉਣ, ਮੁੜ ਓਧਰ ਲਿਜਾਣ, ਚਿੱਠੀਆਂ ਤੇ ਹੋਰ ਜ਼ਰੂਰੀ ਸਾਮਾਨ ਪਹੁੰਚਾਉਣ ਅਤੇ ਵੱਡੇ ਫੌਜੀ ਅਫਸਰਾਂ ਨੂੰ ਉਨ੍ਹਾਂ ਦੇ ਦੌਰਿਆਂ ਸਮੇਂ ਸਵਾਰੀ ਦੇਣ ਦੇ ਕੰਮ ਸਾਡੇ ਸੁਕਆਡਰਨ ਦੇ ਜ਼ਿੰਮੇ ਸਨ। ਉਨ੍ਹਾਂ ਪੋਸਟਾਂ ਵਾਸਤੇ ਰਾਸ਼ਣ, ਦੋ ਇੰਜਣਾਂ ਵਾਲ਼ੇ ‘ਡਕੋਟਾ’ ਜਹਾਜ਼ ਪੈਰਾਸ਼ੂਟਾਂ ਰਾਹੀਂ ਡਰਾਪ ਕਰਿਆ ਕਰਦੇ ਸਨ।
ਧੁਰ ਬਾਰਡਰ ਦੀਆਂ ਪੋਸਟਾਂ ਤੱਕ ਸੜਕਾਂ ਅਤੇ ਪੁਲ਼ ਬਣਾਉਣ ਦਾ ਕੰਮ ‘ਟਸਕਰ’ ਨਾਂ ਦੀ ਵੱਡੀ ਕੰਪਨੀ ਨੇ ਵਿੱਢਿਆ ਹੋਇਆ ਸੀ। ਉਸ ਕੰਪਨੀ ਵਿਚ ਫੌਜੀ ਵੀ ਸਨ ਤੇ ਸਿਵਲੀਅਨ ਵੀ। ਮੇਰੇ ਪਿੰਡ ਦਾ ਦਿਲਬਾਗ ਸਿੰਘ ਵਿਰਦੀ-ਜੋ ਫਿਰੋਜ਼ਪੁਰ ਵਿਖੇ ਰੇਲਵੇ ‘ਚ ਓਵਰਸੀਅਰ ਸੀ-ਹੁਣ ਡੈਪੂਟੇਸ਼ਨ ‘ਤੇ ਟਸਕਰ ਵਿਚ ਨੌਕਰੀ ਕਰ ਰਿਹਾ ਸੀ। ਪਰ ਮੈਨੂੰ ਉਸਦੀ ਇਸ ਨੌਕਰੀ ਬਾਰੇ ਨਹੀਂ ਪਤਾ ਸੀ। ਦਿਲਬਾਗ ਸਿੰਘ ਮੇਰੇ ਬਾਪੂ ਜੀ ਨੂੰ ਤਾਂ ਜਾਣਦਾ ਸੀ ਪਰ ਮੈਨੂੰ ਨਹੀਂ। ਇਕ ਦਿਨ ਮਨਜੀਤ ਜਦੋਂ ਹਵਾਈ ਅੱਡੇ ਤੋਂ ਬਾਹਰ ਸੜਕ ‘ਤੇ ਟਹਿਲ ਰਿਹਾ ਸੀ ਤਾਂ ਕੁਦਰਤੀ ਉਸ ਨਾਲ਼ ਟਾਕਰਾ ਹੋ ਗਿਆ। ਇਕ ਦੂਜੇ ਦੇ ਜ਼ਿਲ੍ਹਿਆਂ ਤੇ ਪਿੰਡਾਂ ਬਾਰੇ ਪੁੱਛ-ਗਿੱਛ ਕਰਨ ‘ਤੇ ਮਨਜੀਤ ਨੇ ਉਸਨੂੰ ਮੇਰੇ ਬਾਰੇ ਦੱਸਿਆ। ਉਤਸਕ ਹੋਇਆ ਉਹ ਮਨਜੀਤ ਦੇ ਨਾਲ਼ ਹੀ ਸਾਡੀ ਬੈਰਕ ਵਿਚ ਆ ਗਿਆ।
”ਲਓ ਜੀ, ਐਹ ਆ ਤੁਹਾਡੇ ਪਿੰਡ ਦਾ ਮੁੰਡਾ ਜਰਨੈਲ।” ਮਨਜੀਤ ਨੇ ਮੇਰੇ ਵੱਲ ਇਸ਼ਾਰਾ ਕੀਤਾ। ਮੈਂ ਹੈਰਾਨ ਹੋਇਆ ਉਸ ਵੱਲ ਦੇਖੀ ਜਾ ਰਿਹਾ ਸਾਂ।
”ਤੇਰੇ ਫਾਦਰ ਦਾ ਕੀ ਨਾਂ ਐਂ।” ਦਿਲਬਾਗ ਸਿੰਘ ਨੇ ਹੱਥ ਮਿਲਾਉਂਦਿਆਂ ਪੁੱਛਿਆ।
”ਸਰਦਾਰ ਮਹਿੰਦਰ ਸਿੰਘ।”
”ਕਿਹੜਾ ਮਹਿੰਦਰ ਸਿੰਘ।” ਇਸ ਨਾਂ ਦੇ ਸਾਡੇ ਪਿੰਡ ਦੋ ਬੰਦੇ ਹੋਰ ਵੀ ਸਨ।
”ਮੈਂਬਰ ਪੰਚਾਇਤ।”
”ਮੈਂ ਸਮਝ ਗਿਆ।” ਉਹ ਬੋਲਿਆ।
”ਮੈਂ ਦਿਲਬਾਗ ਸਿੰਘ, ਪ੍ਰੀਤਮ ਸਿੰਘ ਭਾਖੜੇ ਵਾਲ਼ੇ ਦਾ ਲੜਕਾ।” ਪ੍ਰੀਤਮ ਸਿੰਘ ਪਰਿਵਾਰ ਸਮੇਤ ਭਾਖੜੇ ਰਹਿੰਦਾ ਸੀ। ਓਥੇ ਉਸਦੀ ਪੱਕੀ ਨੌਕਰੀ ਸੀ।
”ਮੈਂ ਤੁਹਾਡੇ ਟੱਬਰ ਬਾਰੇ ਸੁਣਿਆਂ ਤਾਂ ਹੋਇਐ ਪਰ ਆਪਾਂ ਕਦੇ ਮਿਲ਼ੇ ਨਹੀਂ।”
”ਹੁਣ ਦੇਖ ਲੈ ਕਿੰਨਾ ਵਧੀਆ ਮੇਲ਼ ਹੋਇਐ।”
”ਕਮਾਲ ਹੋ ਗਈ ਭਾ ਜੀ।” ਦਿਲਬਾਗ ਸਿੰਘ ਉਮਰ ‘ਚ ਮੈਥੋਂ ਕਾਫ਼ੀ ਵੱਡਾ ਸੀ।
ਪੰਜਾਬ ਤੋਂ ਏਨੀ ਦੂਰ ਪਿੰਡ ਦੇ ਅਣਦੇਖੇ ਬੰਦੇ ਨਾਲ਼ ਅਚਾਨਕ ਮੇਲ਼ ਹੋ ਜਾਣਾ ਸਾਡੇ ਦੋਨਾਂ ਲਈ ਖੁਸ਼ਗਵਾਰ ਘਟਨਾ ਸੀ। ਮੇਰੇ ਮਿੱਤਰਾਂ ਨੇ ਗਿਟਮਿਟ ਕਰਕੇ ਬੋਤਲ ਖੋਲ੍ਹ ਲਈ।
ਅਗਲੀਆਂ ਮੁਲਾਕਾਤਾਂ ‘ਚ ਉਸਨੇ ਸਾਡੇ ਜਹਾਜ਼ ‘ਚ ਉਡਾਣ ਭਰਨ ਦੀ ਇੱਛਾ ਪ੍ਰਗਟਾਈ। ”ਤੁਸੀਂ ਕਿਸੇ ਦਿਨ ਸੁਕਆਡਰਨ ‘ਚ ਆ ਜਿਓ ਕੋਸ਼ਿਸ਼ ਕਰ ਕੇ ਦੇਖ ਲਾਂਗੇ।” ਮੈਂ ਆਖਿਆ।
ਇਕ ਸਵੇਰ ਉਹ ਡੈਪੂਟੇਸ਼ਨ ਵਾਲ਼ੀ ਫੌਜੀ ਵਰਦੀ ‘ਚ ਪਹੁੰਚ ਗਿਆ। ਸਾਡਾ ਇਕ ਪਾਇਲਟ ਜਗਬੀਰ ਸਿੰਘ ਰਾਏ ਲੋਕਲ ਫਲਾਈਂਗ ਵਾਸਤੇ ਜਾ ਰਿਹਾ ਸੀ। ਮੈਂ ਉਸਨੂੰ ਬੇਨਤੀ ਕੀਤੀ, ”ਸਰ! ਇਹ ਮੇਰਾ ਭਰਾ ਹੈ। ਜਹਾਜ਼ ‘ਚ ਝੂਟਾ ਲੈਣਾ ਚਾਹੁੰਦਾ। ਜੇ ਨਾਲ਼ ਲਿਜਾ ਸਕੋ ਤਾਂ ਬੜੀ ਮਿਹਰਬਾਨੀ ਹੋਵੇਗੀ।”
ਜ਼ਰਾ ਕੁ ਸੋਚਣ ਬਾਅਦ ਉਹ ਬੋਲਿਆ, ”ਮੈਂ ਦੋ ਚੱਕਰ ਲਾ ਕੇ ਇਹਨੂੰ ਰੱਨਵੇਅ ਦੇ ਅਖੀਰ ‘ਤੇ ਉਤਾਰ ਦਿਆਂਗਾ।”
”ਠੀਕ ਐ ਸਰ! ਥੈਂਕ ਯੂ ਵੈਰੀ ਮਚ।” ਆਖਦਿਆਂ ਮੈਂ ਦਿਲਬਾਗ ਸਿੰਘ ਨੂੰ ਪਾਇਲਟ ਦੇ ਬਰਾਬਰ ਵਾਲ਼ੀ ਸੀਟ ‘ਤੇ ਬਿਠਾ ਕੇ ਬੈਲਟਾਂ ਕੱਸ ਦਿੱਤੀਆਂ।
ਛੋਟੀ ਯੂਨਿਟ ਹੋਣ ਕਰਕੇ ਸਾਡਾ ਸੁਕਆਡਰਨ ਇਕ ਪਰਿਵਾਰ ਵਾਂਗ ਸੀ। 55 ਸਾਲ ਪਹਿਲਾਂ ਦਾ ਉਹ ਸਮਾਂ ਵੀ ਚੰਗਾ ਸੀ। ਆਪਣੇ ਇਰਦ-ਗਿਰਦ ਵਾਲਿਆਂ ਦਾ ਮਾਣ-ਤ੍ਰਾਣ ਰੱਖਣ ਲਈ ਨਿਯਮ ਅੱਖੋਂ ਪਰੋਖੇ ਕਰ ਦਿੱਤੇ ਜਾਂਦੇ ਸਨ।
ਸਾਡੇ ਸੁਕਆਡਰਨ ਦੇ ਕਮਿਸ਼ੰਡ ਅਫਸਰਾਂ, ਸੀਨੀਅਰ ਨੌਨ-ਕਮਿਸ਼ੰਡ ਅਫਸਰਾਂ ਅਤੇ ਹੇਠਲੇ ਰੈਂਕਾਂ ਵਾਸਤੇ ਤਿੰਨ ਵੱਖ-ਵੱਖ ਰਿਹਾਇਸ਼ੀ ਬਲਾਕ ਸਨ। ਮੈਸਾਂ ਵੀ ਵੱਖੋ-ਵੱਖਰੀਆਂ ਸਨ। ਹੇਠਲੇ ਰੈਂਕਾਂ ਵਾਸਤੇ ਕਮਰਿਆਂ ‘ਚ ਵੰਡੀਆਂ ਦੋ ਬੈਰਕਾਂ ਸਨ। ਹਰ ਕਮਰੇ ‘ਚ ਤਿੰਨ ਜਾਂ ਚਾਰ ਬੈੱਡ ਹੁੰਦੇ ਸਨ। ਨਹਾਉਣ-ਧੋਣ ਵਾਸਤੇ ਬਾਥਰੂਮ ਨਹੀਂ, ਬੱਸ ਦੋ ਨਲ਼ਕੇ ਸਨ। ਅਸੀਂ ਆਪਣੇ ਕਮਰੇ ‘ਚ ਚਾਰ ਜਣੇ ਸਾਂਂ ਮਨਜੀਤ ਸੰਧੂ ਪਿੰਡ ਸੈਦੂਪੁਰ ਦਾਤਾ (ਹੁਸ਼ਿਆਰਪੁਰ), ਰਾਜ ਢਿੱਲੋਂ ਪਿੰਡ ਗਾਜੀਆਣਾ (ਮੋਗਾ), ਅਜੀਤ ਸਿੰਘ ਪਿੰਡ ਨਿਹਾਲ ਸਿੰਘ ਵਾਲ਼ਾ (ਮੋਗਾ) ਅਤੇ ਮੈਂ। ਉਹ ਕਮਰਾ ਸਾਡੇ ਲਈ ਸੁਲੱਖਣਾ ਸਾਬਤ ਹੋਇਆ। 19-20 ਸਾਲਾਂ ਦੇ ਅਸੀਂ ਚਾਰੇ ਹਮਉਮਰ ਸਾਂ। ਕਮਰੇ ਦੀ ਨੇੜਤਾ ਆਪਸੀ ਮੋਹ ਵਿਚ ਬਦਲ ਗਈ। ਸਾਨੂੰ ਇਕ-ਦੂਜੇ ‘ਤੇ ਮਾਣ ਸੀ। ਦੁੱਖ-ਸੁੱਖ ਫੋਲਦਿਆਂ ਅਸੀਂ ਆਪਣੇ ਘਰਾਂ-ਪਰਿਵਾਰਾਂ ਦੀਆਂ ਗੱਲਾਂ ਵੀ ਸਾਂਝੀਆਂ ਕਰ ਲੈਂਦੇ ਸਾਂ। ਡਿਨਰ ਵਾਸਤੇ ਮੈੱਸ ਨੂੰ ਇਕੱਠੇ ਜਾਂਦੇ ਸਾਂ।
ਦੂਜੇ ਕਮਰਿਆਂ ‘ਚ ਰਹਿੰਦੇ ਗੈਰ ਪੰਜਾਬੀ ਸੈਨਿਕਾਂ ਨਾਲ਼ ਵੀ ਅਸੀਂ ਜੁੜੇ ਹੋਏ ਸਾਂ। ਕਾਰਪੋਰਲ ਸਿਨਹਾ (ਬੰਗਾਲੀ), ਐਲ. ਏ. ਸੀ ਸੁਕੂਮਾਰਨ (ਤਾਮਿਲੀਅਨ), ਕਾਰਪੋਰਲ ਧਰਮਵੀਰ (ਦਿੱਲੀ ਵਾਸੀ), ਨਾਇਰ (ਕੇਰਲੀਅਨ), ਐਲ.ਏ. ਸੀ ਸਾਵੰਤ, ਕਾਰਪੋਰਲ ਗੋਰਪੜੇ (ਮਰਾਠੀ), ਕਾਰਪੋਰਲ ਦਿਵੇਦੀ (ਯੂਪੀ ਵਾਸੀ), ਕਾਰਪੋਰਲ ਬਰਦਲੋਈ, ਐਲ.ਏ.ਸੀ ਦੱਤਾ (ਆਸਾਮੀ) ਤੇ ਕੁਝ ਹੋਰਨਾਂ ਨਾਲ਼ ਬਣਿਆਂ ਸਨੇਹ ਮੇਰੇ ਚੇਤਿਆਂ ਵਿਚ ਮਿਸ਼ਰੀ ਵਾਂਗ ਘੁਲ਼ਿਆ ਹੋਇਆ ਏ।
ਨਾਵਲ ਪੜ੍ਹਨ ਦੀ ਚੇਟਕ
ਸਾਡੇ ਰੈਕਰਿਏਸ਼ਨ ਰੂਮ (ਮਨੋਰੰਜਨ ਕਮਰਾ) ‘ਚ ਅੰਗ੍ਰੇਜ਼ੀ ਅਖਬਾਰਾਂ ਆਉਂਦੀਆਂ ਸਨ। ਉਨ੍ਹਾਂ ਨੂੰ ਪੜ੍ਹਨ ਦਾ ਮੇਰਾ ਤੇ ਰਾਜ ਦਾ ਪੱਕਾ ਰੁਟੀਨ ਸੀ। ਰਾਜ ਜਸਵੰਤ ਸਿੰਘ ਕੰਵਲ ਦੇ ਇਲਾਕੇ ਦਾ ਸੀ। ਉਹ ਜਦੋਂ ਕਦੀ ਕੰਵਲ ਦੀਆਂ ਗੱਲਾਂ ਕਰਦਾ, ਮੈਂ ਗਹੁ ਨਾਲ਼ ਸੁਣਦਾ। ਉਹ ਛੁੱਟੀ ਗਿਆ ਤਾਂ ਮੈਂ ਉਸਨੂੰ ਕੰਵਲ ਦੇ ਨਾਵਲ ਲਿਆਉਣ ਲਈ ਕਿਹਾ। ਉਹ ‘ਪੂਰਨਮਾਸ਼ੀ’ ਤੇ ‘ਹਾਣੀ’ ਲੈ ਆਇਆ। ਮੈਂ ਨਾਨਕ ਸਿੰਘ ਦੇ ਤਾਂ ਦੋ ਨਾਵਲ ਪੜ੍ਹੇ ਹੋਏ ਸਨ ਪਰ ਕੰਵਲ ਨੂੰ ਪਹਿਲੀ ਵਾਰ ਪੜ੍ਹਿਆ। ‘ਪੂਰਨਮਾਸ਼ੀ’ ਨੇ ਮੈਨੂੰ ਬਹੁਤ ਟੁੰਬਿਆ… ਮੈਨੂੰ ਨਾਵਲ ਪੜ੍ਹਨ ਦੀ ਚੇਟਕ ਲੱਗ ਗਈ। ਲਾਗਲੇ ਸ਼ਹਿਰ ਤਿੰਨਸੁਕੀਆ ਦੇ ਗੁਰਦਵਾਰੇ ਦੀ ਲਾਇਬਰੇਰੀ ਬਾਰੇ ਪਤਾ ਲੱਗਣ ‘ਤੇ ਮੈਂ ਓਥੇ ਜਾ ਪਹੁੰਚਿਆ। ਉਸ ਲਾਇਬਰੇਰੀ ਵਿਚ ਨਾਨਕ ਸਿੰਘ ਤੇ ਜਸਵੰਤ ਸਿੰਘ ਕੰਵਲ ਦੇ ਅੱਠ-ਨੌਂ ਨਾਵਲ ਸਨ। ਪਰ ਇਕ ਸਮੇਂ ਇਕ ਕਿਤਾਬ ਹੀ ਇਸ਼ੂ ਕੀਤੀ ਜਾਂਦੀ ਸੀ। ਮੈਂ ਇਕ-ਇਕ ਲਿਆ ਕੇ ਸਾਰੇ ਪੜ੍ਹ ਲਏ।
ਸਾਡੀਆਂ ਬੈਰਕਾਂ ਤੋਂ ਮੈੱਸ ਤਕਰੀਬਨ ਅੱਧਾ ਕਿੱਲੋਮੀਟਰ ਸੀ। ਮੈੱਸ ਤੋਂ ਏਨੀ ਕੁ ਦੂਰੀ ‘ਤੇ ‘ਟਾਰਮਿਕ’ (ਜਹਾਜ਼ਾਂ ਦਾ ਪਾਰਕਿੰਗ ਤੇ ਸਰਵਿਸਿੰਗ ਸਥਾਨ) ਸੀ। ਸਵੇਰੇ ਤਿਆਰ ਹੋ ਕੇ ਅਸੀਂ ਡਾਂਗਰੀਆਂ ਪਹਿਨਦੇ ਤੇ ਮੈੱਸ ‘ਚੋਂ ਨਾਸ਼ਤਾ ਕਰਕੇ ਕੰਮ ‘ਤੇ ਪਹੁੰਚ ਜਾਂਦੇ। ਇਕ ਵਜੇ ਛੁੱਟੀ ਹੋਣ ‘ਤੇ ਓਵੇਂ ਹੀ ਡਾਂਗਰੀਆਂ ‘ਚ ਲੰਚ ਕਰਕੇ ਆਪਣੇ ਕਮਰਿਆਂ ‘ਚ ਆ ਟਿਕਦੇ। ਵਧੀਆ ਰੁਟੀਨ ਸੀ ਇਹ। ਵਰਦੀਆਂ ‘ਚ ਜਕੜੇ ਰਹਿਣ ਅਤੇ ਪਰੇਡ-ਪੀ.ਟੀ ਦੇ ਜੱਭਖਾਨੇ ਤੋਂ ਬਚੇ ਹੋਏ ਸਾਂ। ਲਗਦਾ ਹੀ ਨਹੀਂ ਸੀ ਕਿ ਅਸੀਂ ਫੌਜੀ ਜ਼ਿੰਦਗੀ ਜਿਉ ਰਹੇ ਹਾਂ।
ਸਾਡਾ ਏਰੀਆ ਧੁਰ ਪੂਰਬ ਵਿਚ ਹੋਣ ਕਰਕੇ, ਸੂਰਜ ਪੰਜ-ਸਾਢੇ ਪੰਜ ਵਜੇ ਚੜ੍ਹ ਜਾਂਦਾ ਸੀ। ਜਿਨ੍ਹਾਂ ਪਹਾੜੀ ਥਾਵਾਂ ‘ਤੇ ਸਾਡੇ ਜਹਾਜ਼ ਜਾਂਦੇ ਸਨ, ਉਨ੍ਹਾਂ ਥਾਵਾਂ ‘ਤੇ ਦੁਪਹਿਰ ਤੋਂ ਬਾਅਦ ਅਕਸਰ ਹੀ ਘਣੇ ਬੱਦਲ ਛਾ ਜਾਂਦੇ ਤੇ ਮੀਂਹ ਪੈਣ ਲੱਗ ਜਾਂਦਾ। ਮੌਸਮ ਖਰਾਬ ਹੋਣ ਤੋਂ ਪਹਿਲਾਂ-ਪਹਿਲਾਂ ਕੰਮ ਨਿਬੇੜਨ ਲਈ ਜਹਾਜ਼ਾਂ ਦੀਆਂ ਉਡਾਣਾਂ ਸਵੇਰੇ ਛੇ-ਸੱਤ ਵਜੇ ਸ਼ੁਰੂ ਹੋ ਜਾਂਦੀਆਂ। ਇੰਜਣ, ਏਅਰਫਰੇਮ, ਇਲੈਕਟ੍ਰੀਸ਼ਨ, ਇੰਸਟਰੂਮੈਂਟ ਰਿਪੇਅਰ, ਵਾਇਰਲੈਸ ਟਰੇਡਾਂ ਦੇ ਤਕਨੀਸ਼ਨ ਆਪੋ ਆਪਣੇ ਟਰੇਡਾਂ ਦੀ ਚੈਕਿੰਗ ਕਰਕੇ ਇਕ ਵਿਸ਼ੇਸ਼ ਫਾਰਮ ਤੇ ਦਸਤਖਤ ਕਰ ਦੇਂਦੇ। ਅਖੀਰ ਵਿਚ ‘ਰੋਜ਼ਾਨਾ ਸਰਵਿਸਿੰਗ ਸੈਕਸ਼ਨ’ ਦਾ ਇੰਚਾਰਜ, ਜਿਸ ਦਾ ਰੈਂਕ ਫਲਾਈਟ ਸਾਰਜੈਂਟ ਹੁੰਦਾ ਸੀ, ਦਸਤਖਤ ਕਰ ਦੇਂਦਾ। ਜਹਾਜ਼ਾਂ ਵਿਚ ਨੁਕਸ ਵੀ ਪੈ ਜਾਂਦੇ ਸਨ। ਜੇਕਰ ਨੁਕਸ ਵੱਡਾ ਹੁੰਦਾ ਤਾਂ ਜਹਾਜ਼ ਨੂੰ, ਵੱਡੀਆਂ ਮੁਰੰਮਤਾਂ ਕਰਨ ਵਾਲ਼ੇ ‘ਰਿਪੇਅਰ ਐਂਡ ਸਰਵਿਸਿੰਗ ਸੈਕਸ਼ਨ’ ‘ਚ ਭੇਜ ਦਿੱਤਾ ਜਾਂਦਾ। ਮਾਮੂਲੀ ਨੁਕਸ ‘ਰੋਜਾਨਾ ਸਰਵਿਸਿੰਗ ਸੈਕਸ਼ਨ’ ‘ਚ ਹੀ ਠੀਕ ਕਰ ਦਿੱਤੇ ਜਾਂਦੇ।
ਸੈਕਸ਼ਨ ਇੰਚਾਰਜ, ਉਡਣ ਲਈ ਫਿੱਟ ਜਹਾਜ਼ਾਂ ਦੀ ਲਿਸਟ ਫਲਾਈਟ ਕਮਾਂਡਰ ਨੂੰ ਭੇਜ ਦੇਂਦਾ। ਫਲਾਈਟ ਕਮਾਂਡਰ, ਜੋ ਇਕ ਸੀਨੀਅਰ ਪਾਇਲਟ ਹੁੰਦਾ ਹੈ, ਪਾਇਲਟਾਂ ਦੀਆਂ ਡਿਊਟੀਆਂ ਲਾ ਦੇਂਦਾ। ਪਾਇਲਟ ਆਪੋ ਆਪਣੀਆਂ ਫਲਾਈਟਾਂ ਦੇ ਸਮੇਂ ਅਨੁਸਾਰ, ਤਕਨੀਸ਼ਨਾਂ ਦੇ ਦਸਤਖਤਾਂ ਵਾਲ਼ੇ ਫਾਰਮ ‘ਤੇ ਦਸਤਖਤ ਕਰਕੇ ਕੌਕਪਿਟ ‘ਚ ਬੈਠ ਬੈਲਟਾਂ ਕੱਸ ਲੈਂਦੇ। ਜਹਾਜ਼ਾਂ ਨੂੰ ਤੋਰਨ (ਛਕਕ+ਿਿ) ਵਾਸਤੇ ਤਕਨੀਸ਼ਨਾਂ ਦੀਆਂ ਡਿਊਟੀਆਂ ਲੱਗਦੀਆਂ ਸਨ, ਹਰ ਜਹਾਜ਼ ਲਈ ਦੋ ਤਕਨੀਸ਼ਨ। ਜਹਾਜ਼ ਨੂੰ ‘ਟਾਰਮਿਕ ‘ਤੋਂ ਤੋਰਨ ਤੋਂ ਪਹਿਲਾਂ ਪਾਇਲਟ ਵਾਇਰਲੈੱਸ ਰਾਹੀਂ ‘ਏਅਰ ਟਰੈਫਿਕ ਕੰਟਰੋਲ ਟਾਵਰ’ ਨਾਲ਼ ਰਾਬਤਾ ਬਣਾਉਂਦਾ ਸੀ।
ਸੁਕਾਅਡਰਨ ‘ਚ ਮੈਨੂੰ ਕੁਝ ਕੁ ਮਹੀਨੇ ਹੀ ਹੋਏ ਸਨ, ਜਦੋਂ ਚੀਨ ਨੇ ਅਕਤੂਬਰ-ਨਵੰਬਰ 1962 ਦੀ ਜੰਗ ਦੇ ਸਾਡੇ ਜੰਗੀ ਕੈਦੀ ਰਿਹਾਅ ਕੀਤੇ। ਉਸ ਜੰਗ ਵਿਚ ਭਾਰਤ ਨੂੰ ਚੀਨ ਤੋਂ ਨਮੋਸ਼ੀ ਭਰੀ ਹਾਰ ਖਾਣੀ ਪਈ ਸੀ। ਭਾਰਤ ਦਾ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵਿਸ਼ਵ ਅਮਨ ਦਾ ਆਲੰਬਰਦਾਰ ਸੀ। ਉਸਦੀ ਅਮਨ ਨੀਤੀ ਨੂੰ ਗਲਤ ਤਾਂ ਨਹੀਂ ਕਿਹਾ ਜਾ ਸਕਦਾ ਪਰ ਉਸ ਨੀਤੀ ਦੀ ਖ਼ੁਮਾਰੀ ਵਿਚ ਗੁਆਢੀ ਦੇਸ਼ਾਂ ਦੀ ਫੌਜੀ ਤਾਕਤ ‘ਤੇ ਨਜ਼ਰ ਨਾ ਰੱਖਣਾ ਅਤੇ ਆਪਣੀਆਂ ਸਰਹੱਦਾਂ ਦੀ ਸੁਰੱਖਿਆ ਵੱਲੋਂ ਅਵੇਸਲੇ ਹੋ ਜਾਣਾ ਗਲਤ ਸੀ। ਓਧਰ ਚੀਨ ਆਪਣੀ ਫੌਜੀ ਸ਼ਕਤੀ ਦਾ ਵਿਸਤਾਰ ਕਰ ਰਿਹਾ ਸੀ, ਏਧਰ ਅਮਨ ਦੇ ਗੀਤ ਗਾਉਂਦੀ ਭਾਰਤ ਦੀ ਤਤਕਾਲੀ ਸਰਕਾਰ ਨੇ ਫੌਜ ਨੂੰ ਬਣਦਾ ਮਹੱਤਵ ਦੇਣ ਤੋਂ ਪਾਸਾ ਵੱਟਿਆ ਹੋਇਆ ਸੀ। ਜੰਗ ਲੜਨ ਲਈ ਦੋ ਪਹਿਲੂ ਬਹੁਤ ਅਹਿਮ ਹੁੰਦੇ ਹਨ। ਢੁੱਕਵੇਂ ਹਥਿਆਰ ਤੇ ਜੰਗ ਲੜਨ ਲਈ ਵਧੀਆ ਪਲਾਨ। ਪਰ ਭਾਰਤ ਦੋਨਾਂ ਪਹਿਲੂਆਂ ਪੱਖੋਂ ਊਣਾ ਸੀ, ਬਹੁਤ ਊਣਾ। ਫਿਰ ਵੀ ਭਾਰਤੀ ਫੌਜੀਆਂ ਨੇ ਸਿਰ-ਧੜ ਦੀ ਬਾਜ਼ੀ ਲਾ ਦਿੱਤੀ। ਡੇਢ ਹਜ਼ਾਰ ਸ਼ਹੀਦੀਆਂ ਪਾ ਗਏ ਤੇ ਹਜ਼ਾਰ ਤੋਂ ਵੱਧ ਜ਼ਖਮੀ ਹੋਏ। ਤੇ ਚੜ੍ਹ ਕੇ ਆਏ ਦੁਸ਼ਮਣ ਨੂੰ ਉਨ੍ਹਾਂ ਨੇ ਸੁੱਕਾ ਨਹੀਂ ਸੀ ਜਾਣ ਦਿੱਤਾ। ਸਾਧਨ ਵਿਹੂਣੇ ਹੁੰਦਿਆਂ ਵੀ ਉਨ੍ਹਾਂ ਚੀਨ ਦੇ 700 ਫੌਜੀ ਮੌਤ ਦੇ ਘਾਟ ਉਤਾਰੇ ਅਤੇ 1700 ਦੇ ਕਰੀਬ ਜ਼ਖਮੀ ਕੀਤੇ।
ਇਹ ਜੰਗ ਭਾਰਤ ਲਈ ਬਹੁਤ ਵੱਡਾ ਹਲੂਣਾ ਸੀ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਫੌਜੀ ਸ਼ਕਤੀ ਮਜ਼ਬੂਤ ਕਰਨ ਲਈ ਵੱਡੇ ਕਦਮ ਉਠਾਏ।
ਚੀਨ ਨੇ ਭਾਰਤ ਦੇ 4000 ਦੇ ਕਰੀਬ ਫੌਜੀ, ਜੰਗੀ ਕੈਦੀ ਬਣਾ ਲਏ ਸਨ। ਜਿਹੜੇ ਜੰਗੀ ਕੈਦੀ, ਚੀਨ ਨੇ ਸਾਡੇ ਵੱਲ ਦੀਆਂ ਪੋਸਟਾਂ ‘ਤੇ ਪਹੁੰਚਾਏ, ਉਹ ਸਾਡੇ ਸੁਕਆਡਰਨ ਨੇ ਢੋਏ ਸਨ। ਜਹਾਜ਼ ਨੂੰ ਰਸੀਵ ਕਰਕੇ ਪੌੜੀ ਲਾਉਣ, ਜਹਾਜ਼ ਦੇ ਅੰਦਰ ਜਾ ਕੇ ਉਨ੍ਹਾਂ ਦੀਆਂ ਬੈਲਟਾਂ ਖੋਲ੍ਹਣ, ਹੇਠਾਂ ਉਤਾਰਨ, ਬੀਮਾਰ ਤੇ ਅੰਗਹੀਣ ਫੌਜੀਆਂ ਨੂੰ ਸਟਰੈਚਰਾਂ ‘ਤੇ ਪਾ ਕੇ ਲਾਹੁਣ ਅਤੇ ‘ਟਾਰਮਿਕ ‘ਤੋਂ ਬਾਹਰ ਉਨ੍ਹਾਂ ਨੂੰ ਲੈਣ ਆਏ ਫੌਜੀ ਅਧਿਕਾਰੀਆਂ ਤੱਕ ਲਿਜਾਣ ਦਾ ਕੰਮ ਸਾਡੇ ਜ਼ਿੰਮੇ ਸੀ। ਜੰਗੀ ਕੈਦੀਆਂ ਨੂੰ ਹਦਾਇਤਾਂ ਸਨ ਕਿ ਉਨ੍ਹਾਂ ਨੇ ਜੰਗ ਅਤੇ ਚੀਨ ਵਿਚ ਆਪਣੀ ਕੈਦ ਬਾਰੇ ਕਿਸੇ ਨਾਲ਼ ਕੋਈ ਗੱਲ ਨਹੀਂ ਕਰਨੀ।
ਪਰ ਮੇਰੇ ਅੰਦਰ ਉਨ੍ਹਾਂ ਮੂਹੋਂ ‘ਕੁਝ’ ਸੁਣਨ ਦੀ ਉਤਸੁਕਤਾ ਸੀ। ਕੱਲੇ- ਕੱਲੇ ਦੀਆਂ ਬੈਲਟਾਂ ਖੋਲ੍ਹਣ ਸਮੇਂ ਮੈਂ ਧੀਮੀ ਆਵਾਜ਼ ‘ਚ ਉਨ੍ਹਾਂ ਦਾ ਹਾਲ ਪੁੱਛ ਲੈਂਦਾ। ਕੁਝ ਦਾ ਉੱਤਰ ਤਾਂ ਭਾਵੇਂ ”ਠੀਕ ਐ” ਹੁੰਦਾ ਪਰ ਉਨ੍ਹਾਂ ਦੇ ਚਿਹਰਿਆਂ ‘ਤੇ ਉੱਭਰੀ ਗਹਿਰੀ ਚੀਸ ਉਨ੍ਹਾਂ ਅੰਦਰਲੀ ਭੜਾਸ ਜ਼ਾਹਰ ਕਰ ਦਿੰਦੀ। ਕੁਝ ਭਰੇ-ਪੀਤੇ, ਜਹਾਜ਼ ਦੇ ਦਰਵਾਜ਼ੇ ਤੀਕ ਆਉਣ ਤੱਕ, ਇਕੋ ਸਾਹੇ ਅੱਧ-ਪਚੱਧੀ ਭੜਾਸ ਕੱਢ ਲੈਂਦੇ। ਉਨ੍ਹਾਂ ਦੇ ਸੁਣੇ ਸਾਰੇ ਕੁਝ ਦਾ ਸਾਰ-ਅੰਸ਼ ਇਹ ਸੀ:
ਹੱਲਾ ਬੋਲਣ ਜਾਂ ਦੁਸ਼ਮਣ ਨਾਲ਼ ਸਿੱਝਣ ਲਈ ਢੁੱਕਵੀਂ ਪਲਾਨਿੰਗ ਨਾ ਹੋਣ ਕਾਰਨ ਹਫੜਾ-ਦਫੜੀ ਤੇ ਭੰਬਲਭੂਸੇ ਵਾਲ਼ੀ ਸਥਿਤੀ ਸੀ… ਭਾਰਤੀ ਫੌਜੀਆਂ ਕੋਲ਼ ਤੋਪਾਂ ਨਹੀਂ ਸਨ। ਪੁਰਾਣੀਆਂ ਮਸ਼ੀਨ-ਗੰਨਾਂ ਅਤੇ ਥ੍ਰੀ-ਨਾਟ-ਥ੍ਰੀ ਦੀਆਂ ਰਾਈਫਲਾਂ ਸਨ। ਇਹ ਰਾਈਫਲਾਂ 20 ਗੋਲੀਆਂ ਫਾਇਰ ਕਰਨ ਬਾਅਦ ਗਰਮ ਹੋ ਜਾਂਦੀਆਂ ਸਨ… ਗੋਲੀ-ਸਿੱਕਾ ਮੁੱਕਣ ‘ਤੇ ਨਵੀਂ ਸਪਲਾਈ ਘੱਟ ਹੀ ਹੁੰਦੀ ਸੀ। ਰਾਸ਼ਣ-ਪਾਣੀ ਦੀ ਸਪਲਾਈ ਦਾ ਹਾਲ ਵੀ ਮਾੜਾ ਸੀ… ਚੀਨਿਆਂ ਦੇ ਮੁਕਾਬਲੇ ਸਾਡੀ ਫੌਜ ਦੀ ਨਫਰੀ ਥੋੜ੍ਹੀ ਸੀ। ਚੀਨ ਨੇ ਫਰੰਟ ਪੋਸਟਾਂ ਤੱਕ ਸੜਕਾਂ ਬਣਾਈਆਂ ਹੋਈਆਂ ਸਨ। ਭਾਰਤ ਵੱਲ ਦੇ ਪਾਸੇ ਅਜਿਹੀਆਂ ਸੜਕਾਂ ਦੀ ਅਣਹੋਂਦ ਸੀ।
ਆਸਾਮ ਦੇ ਸਾਡੇ ਵਾਲ਼ੇ ਖਿੱਤੇ ਵਿਚ ਜ਼ਿਆਦਾ ਸਮਾਂ ਗਰਮੀ ਰਹਿੰਦੀ ਸੀ। ਅਕਤੂਬਰ ਤੋਂ ਫਰਵਰੀ ਤੱਕ ਠੰਢ ਪੈਂਦੀ ਸੀ ਪਰ ਹਲਕੀ-ਹਲਕੀ। ਜੂਨ ਤੋਂ ਸਤੰਬਰ ਤੱਕ ਭਾਰੀ ਬਾਰਸ਼ਾਂ ਹੁੰਦੀਆਂ ਸਨ।
(ਚਲਦਾ)

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …