Breaking News
Home / ਰੈਗੂਲਰ ਕਾਲਮ / ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ
(ਕਿਸ਼ਤ 16ਵੀਂ
ਸਹਿਜ-ਸੁਖਾਵੇਂ ਹਾਲਾਤ ਦੇ ਫਲਸਰੂਪ ਮੇਰੀ ਸੁੱਕ ਚੁੱਕੀ ਸਿਰਜਣਾਤਮਿਕ ਨਦੀ ਮੁੜ ਸਿੰਮ ਪਈ। ਕੈਨੇਡਾ ਵਿਚ ਪਹਿਲੀ ਮੌਲਿਕ ਕਹਾਣੀ ‘ਦੋ ਟਾਪੂ’ ਸਿਰਜੀ। ਇਸ ਤਂ ਬਾਅਦ ਪੰਜ ਹੋਰ ਸਿਰਜੀਆਂ। ਇਨ੍ਹਾਂ ਛੇ ਕਹਾਣੀਆਂ ਵਿਚ ਮੈਂ ਪੰਜਾਬੀ ਕੈਨੇਡੀਅਨਾਂ ਦੇ ਘਰਾਂ-ਪਰਿਵਾਰਾਂ ਦੇ ਮਸਲਿਆਂ ਤੇ ਸਮਾਚਾਰਾਂ ਨੂੰ ਵਿਸ਼ਾ-ਵਸਤੂ ਬਣਾਇਆ ਹੈ। ਇਨ੍ਹਾਂ ਵਿਚ ਗੋਰੇ ਪਾਤਰਾਂ ਦੀ ਭੂਮਿਕਾ ਵੀ ਹੈ।
ਤਿੰਨ ਕਹਾਣੀਆਂ ਦੀ ਰਚਨਾ ਪ੍ਰਕਿਰਿਆ:
ਕਹਾਣੀ ‘ਦੋ ਟਾਪੂ’: ਇਸ ਕਹਾਣੀ ਦਾ ਬੀਜ ਮੇਰੇ ਅੰਦਰ ਪਹਿਲਾਂ ਹੀ ਕਿਤੇ ਪਿਆ ਹੋਇਆ ਸੀ… ਮੇਰੀ ਸੋਚ ਵਿਚ ਇਕ ਅਜਿਹੀ ਮੁਟਿਆਰ ਦਾ ਅਕਸ ਉੱਭਰਿਆ ਜੋ ਇੰਡੀਆ ਤੋਂ ਕੈਨੇਡਾ ਆ ਕੇ ਬਦਲਦੀ ਹੈ। ਬਦਲਾਵ ਦੇ ਕਾਰਨ ਹਨ ਆਰਥਿਕ ਤੇ ਵਿਅਕਤੀਗਤ ਸੁਤੰਤਰਤਾ। ਪਤੀ ਨਾਲ਼ ਅਣਬਣ ਤੇ ਫਿਰ ਤਲਾਕ ਤੋਂ ਬਾਅਦ ਵੀ ਉਹ ਮੁਟਿਆਰ ਮੈਨੂੰ ਛੱਬ ਨਾਲ਼ ਜ਼ਿੰਦਗੀ ਜਿਉਂਦੀ ਦਿਸਦੀ ਸੀ।
ਕੁਲਵੰਤ ਦੇ ਤਾਏ ਦੀ ਪੋਤਰੀ ਪਿੱਕੂ ਮੁਲਤਾਨੀ ਕਾਂਊਂਸਲਰ ਦੀ ਜੌਬ ਕਰਦੀ ਸੀ। ਮੈਂ ਉਸ ਵੱਲੋਂ ਡੀਲ ਕੀਤੇ ਕਿਸੇ ਤਲਾਕ ਦੇ ਕੇਸ ਬਾਰੇ ਪੁੱਛਿਆ। ਉਸਨੇ ਮੈਨੂੰ ਇਕ ਕੇਸ ਦੇ ਵੇਰਵੇ ਦੱਸੇ ਤੇ ਸੰਬੰਧਿਤ ਮੁਟਿਆਰ ਨਾਲ਼ ਮਿਲ਼ਾਇਆ। ਉਸਦੇ ਤਲਾਕ ਦੇ ਕਾਰਨ ਕੁਝ ਹੋਰ ਸਨ। ਪਰ ਮੈਂ ਕਾਰਨ ਬਣਾਉਣਾ ਸੀ ਰਿਸ਼ਤਿਆਂ ਨਾਲ਼ ਜੁੜੀ ਇੰਮੀਗਰੇਸ਼ਨ ਨੂੰ। ਇੰਮੀਗਰੇਸ਼ਨ ਦੀ ਲਾਲਸਾ ਰਿਸ਼ਤਿਆਂ ਨੂੰ ਪਿਛਾਂਹ ਹੀ ਨਹੀਂ ਸੁੱਟਦੀ, ਤੋੜਦੀ ਵੀ ਹੈ। ਉਸ ਤਲਾਕ ਸ਼ੁਦਾ ਮੁਟਿਆਰ ਰਾਹੀਂ ‘ਦੋ ਟਾਪੂ’ ਦੀ ਮੁੱਖ ਪਾਤਰ ਪਾਸ਼ੀ ਦਾ ਢੁਕਵਾਂ ਕਿਰਦਾਰ ਉਸਰ ਨਹੀਂ ਸੀ ਰਿਹਾ। ਇਕ ਦਿਨ ਅਸੀਂ ਘਰ ‘ਚ ਬੈਠੇ ਪੰਜਾਬ ਦੀਆਂ ਗੱਲਾਂ ਕਰ ਰਹੇ ਸਾਂ ਕਿ ਕੁਲਵੰਤ ਨੇ ਨੌਂ ਸਾਲ ਪਹਿਲਾਂ ਸਾਡੇ ਲਾਗੇ ਰਹਿੰਦੀ ਰਹੀ ਨੀਲਮ ਦਾ ਜ਼ਿਕਰ ਛੇੜਿਆ। ਚੇਤਾ ਆਉਂਦਿਆਂ ਹੀ ਮੈਨੂੰ ਢੁਕਵੀਂ ਪਾਤਰ ਮਿਲ਼ ਗਈ।
ਆਦਮਪੁਰ ਅਸੀਂ ਬੈਂਸ ਪਰਿਵਾਰ ਦੇ ਜਿਸ ਮਕਾਨ ‘ਚ ਰਹਿੰਦੇ ਸਾਂ ਉਸਦੇ ਇਕ ਹਿੱਸੇ ਵਿਚ ਨੀਲਮ ਕੁਝ ਚਿਰ ਕਿਰਾਏ ‘ਤੇ ਰਹੀ ਸੀ। ਉਹ ਤਲਾਕ-ਸ਼ੁਦਾ ਸੀ। ਉਸਦੇ ਦੋ ਬੱਚੇ ਸਨ। ਉਹ ਸੈਂਟਰਲ ਸਕੂਲ ‘ਚ ਅਧਿਆਪਕਾ ਸੀ। ਸੁਨੱਖੀ ਤੇ ਜ਼ਹੀਨ ਨੀਲਮ ਅੰਦਰ ਪਤੀ ਨਾਲ਼ੋਂ ਟੁੱਟਣ ਦਾ ਦਰਦ ਤਾਂ ਸੀ ਪਰ ਜਿਸ ਮਾਣ ਅਤੇ ਵਿਸ਼ਵਾਸ ਨਾਲ਼ ਉਹ ਜ਼ਿੰਦਗੀ ਜਿਉ ਰਹੀ ਸੀ, ਛੋਟੇ-ਛੋਟੇ ਬੱਚੇ ਪਾਲ਼ ਰਹੀ ਸੀ, ਉਸ ਵਿਚੋਂ ਅੱਜ ਦੀ ਔਰਤ ਦੇ ਸਵੈਮਾਣ ਦੀ ਛੱਬ ਸਾਫ ਝਲਕਦੀ ਸੀ। ਅਸਲ ‘ਚ ‘ਦੋ ਟਾਪੂ’ ਕਹਾਣੀ ਦਾ ਬੀਜ ਰੂਪ ਮੇਰੇ ਅਵਚੇਤਨ ‘ਚ ਪਿਆ ਨੀਲਮ ਦਾ ਹੀ ਅਕਸ ਸੀ। ਕਹਾਣੀ ਵਿਚ ਮੈਂ ਸਿਰਫ਼ ਉਸਦੇ ਅਕਸ ਨੂੰ ਹੀ ਵਰਤਿਆ ਹੈ। ਕਹਿਣ ਦਾ ਭਾਵ ਇਹ ਕਿ ‘ਦੋ ਟਾਪੂ’ ਦੀ ਮੁੱਖ ਪਾਤਰ ਪਾਸ਼ੀ (ਪੁਸ਼ਪਿੰਦਰ) ਨੀਲਮ ਨਹੀਂ। ਪਾਸ਼ੀ ਦੀ ਆਪਣੀ ਵੱਖਰੀ ਪਰਸਨੈਲਿਟੀ ਹੈ। ਉਹ ਪਰਸੈਨਲਿਟੀ ਮੈਂ ਆਪਣੀ ਕਲਪਨਾ ਰਾਹੀਂ ਉਸਾਰੀ ਹੈ।
ਕਹਾਣੀ ਵਿਚ ਦੋ ਮੁਖ ਪਾਤਰ ਹਨ ਪਾਸ਼ੀ ਤੇ ਬਲਰਾਜ। ਕੈਨੇਡਾ ਵਾਸੀ ਬਲਰਾਜ ਦਸ ਜਮਾਤਾਂ ਪੜ੍ਹਿਆ ਹੋਇਆ ਹੈ। ਉਸਦਾ ਵਿਆਹ ਪੰਜਾਬ ‘ਚ ਐਮ.ਐਸ.ਸੀ ਕਰਦੀ ਪਾਸ਼ੀ ਨਾਲ਼ ਹੋ ਜਾਂਦਾ ਹੈ। ਪਾਸ਼ੀ ਕੈਨੇਡਾ ਆ ਜਾਂਦੀ ਹੈ। ਏਥੇ ਪੜ੍ਹਾਈ ਕਰਕੇ ਉਹ ਕੰਪਿਊਟਰ ਦੀ ਚੰਗੀ ਜੌਬ ਹਾਸਲ ਕਰ ਲੈਂਦੀ ਹੈ। ਪਤੀ ਨਾਲ਼ੋਂ ਵਧੀਆ ਜੌਬ ਹੋਣ ਕਰਕੇ ਕਦੀ-ਕਦੀ ਅਚੇਤ ਹੀ ਪਾਸ਼ੀ ਨੂੰ ਆਪਣਾ ਮੋਢਾ ਪਤੀ ਨਾਲੋਂ ਉੱਚਾ ਮਹਿਸੂਸ ਹੋਣ ਲੱਗ ਪੈਂਦਾ ਹੈ। ਉਨ੍ਹਾਂ ਦੇ ਦੋ ਬੱਚੇ ਹਨ। ਪਾਸ਼ੀ ਆਪਣੇ ਮੰਮੀ-ਡੈਡੀ ਤੇ ਭੈਣ-ਭਰਾ ਨੂੰ ਵੀ ਕੈਨੇਡਾ ਸੱਦ ਲੈਂਦੀ ਹੈ। ਬਲਰਾਜ ਪਾਸ਼ੀ ਦੀ ਭੈਣ ਦਾ ਰਿਸ਼ਤਾ ਆਪਣੇ ਭਤੀਜੇ ਲਈ ਮੰਗਦਾ ਹੈ। ਪਾਸ਼ੀ ਦਾ ਡੈਡੀ ਤੇ ਭਰਾ ਆਖਦੇ ਹਨ ਕਿ ਉਸਦਾ ਭਤੀਜਾ ਘੱਟ ਪੜ੍ਹਿਆ ਹੋਇਐ।
ਬਲਰਾਜ ਨੂੰ ਗੁੱਸਾ ਚੜ੍ਹ ਜਾਂਦਾ ਹੈ। ਉਹ ਆਖਦਾ ਹੈ, “ਜਦੋਂ ਮੇਰਾ ਰਿਸ਼ਤਾ ਹੋਇਆ ਉਦੋਂ ਤੁਸੀਂ ਕਿੱਥੇ ਗਇਓ ਸੀ ਬੜੇ ਪੜ੍ਹਾਕੂ। ਮੈਂ ਤੁਹਾਥੋਂ ਕੋਈ ਲੁਕੋਅ ਨਹੀਂ ਸੀ ਰੱਖਿਆ।”
ਪਾਸ਼ੀ ਵੀ ਮਾਪਿਆਂ ਦਾ ਪੱਖ ਪੂਰਦੀ ਹੈ। ਇਹ ਮਸਲਾ ਪਤੀ-ਪਤਨੀ ਵਿਚ ਤਣਾਓ-ਟਕਰਾਓ ਦਾ ਰੂਪ ਧਾਰ ਲੈਂਦਾ ਹੈ… ਆਖਰ ਉਨ੍ਹਾਂ ਦਾ ਤਲਾਕ ਹੋ ਜਾਂਦਾ ਹੈ। ਕਹਾਣੀ ਤਲਾਕ ‘ਤੇ ਹੀ ਨਹੀਂ ਮੁੱਕਦੀ, ਤਲਾਕ ਤੋਂ ਬਾਅਦ ਦੋਨਾਂ ਪਾਤਰਾਂ ਦੇ ਮਨੋਕਲ਼ੇਸ਼ਾਂ ਨੂੰ ਵਧਾਉਣ ਘਟਾਉਣ ਵਾਲ਼ੀਆਂ ਸਥਿਤੀਆਂ ਕਹਾਣੀ ਦੀ ਵਿਸ਼ੇਸ਼ਤਾ ਬਣਦੀਆਂ ਹਨ।
ਪਾਸ਼ੀ ‘ਤੇ ਪੱਛਮ ਦੀ ਔਰਤ ਦੀ ਵਿਅਕਤੀਗਤ ਆਜ਼ਾਦੀ ਤੇ ਆਰਥਿਕ ਆਜ਼ਾਦੀ ਦਾ ਪ੍ਰਭਾਵ ਹੈ। ਉਹ ਅੱਜ ਦੀ ਨਾਰੀ ਦੇ ਸਵੈਮਾਣ ਤੇ ਗਰੇਸ (ਛੱਬ) ਦੀ ਪ੍ਰਤਿਨਿਧ ਹੈ।
ਬਲਰਾਜ ਪੂਰਬ ਦੀ ਮਰਦਵਾਦੀ ਹਉਂ ਦਾ ਪ੍ਰਤਿਨਿਧ ਹੈ। ਪਰ ਆਪਣੇ ਬੱਚਿਆਂ ਨਾਲ਼ ਉਸਦਾ ਬਹੁਤ ਮੋਹ ਹੈ। ਉਸਨੇ ਕੋਰਟ ਤੋਂ ਬੱਚਿਆਂ ਨੂੰ ਮਿਲਣ ਦੀ ਇਜਾਜ਼ਤ ਲਈ ਹੋਈ ਏ। ਹਰ ਤੀਜੇ ਵੀਕ ਐਂਡ ਬੱਚੇ ਉਸ ਕੋਲ਼ ਹੁੰਦੇ ਹਨ।
ਕਹਾਣੀ ਵਿਚ ਮਨੋਕਲ਼ੇਸ਼ ਹਨ, ਮਨੋਸੰਕਟ ਹਨ, ਤਣਾਓ ਹੈ, ਟਕਰਾਓ ਹੈ ਪ੍ਰੰਪਰਿਕ ਸੰਸਕ੍ਰਿਤੀ ਅਤੇ ਅਤਿ ਆਧੁਨਿਕ ਸੰਸਕ੍ਰਿਤੀ ਦਾ ਟਕਰਾਓ। ਦੋਨਾਂ ਧਿਰਾਂ ਦਾ ਆਪੋ ਆਪਣਾ ਸੱਚ ਹੈ। ਮੈਂ ਫਾਸਲੇ ‘ਤੇ ਖੜ੍ਹ ਕੇ ਦੋਨਾਂ ਧਿਰਾਂ ਦੇ ਸੱਚ ਨੂੰ ਪੇਸ਼ ਕਰਦਾ ਹਾਂ। ਉਨ੍ਹਾਂ ਦੋਨਾਂ ਦੇ ਸੱਚ ਪਿੱਛੇ ਕਾਰਜਸ਼ੀਲ ਸਮਾਜਕ, ਆਰਥਿਕ ਤੇ ਸਭਿਆਚਾਰਕ ਸੰਦਰਭਾਂ ਨੂੰ ਉਸਾਰਦਾ ਹਾਂ। ਕਹਾਣੀ ਦਾ ਖੁੱਲ੍ਹਾ ਅੰਤ ਅਤੇ ਇਸਦੀ ਵੱਥ ਅਤੇ ਕੱਥ ਵਿਚਲੀ ਇਕਸੁਰਤਾ, ਇਸਨੂੰ ਪੁਖਤਾ ਰਚਨਾ ਬਣਾਉਣ ਵਿਚ ਸਹਾਈ ਹੁੰਦੇ ਹਨ।
ਪ੍ਰਤੀਕ-ਚਿਹਨ ਮੇਰੀ ਰਚਨਾਕਾਰੀ ਦਾ ਅਹਿਮ ਅੰਗ ਹਨ। ਪ੍ਰਤੀਕੀਕਰਨ ਦੀ ਜੁਗਤ ਕਹਾਣੀ ਦੇ ਵਿਸ਼ਾ ਵਸਤੂ ਅਤੇ ਪਾਤਰਾਂ ਦੇ ਕਿਰਦਾਰ ਨੂੰ ਗਹਿਰੇ ਤੇ ਵਡੇਰੇ ਅਰਥ ਪ੍ਰਦਾਨ ਕਰਦੀ ਹੈ। ਮੈਂ ਸ਼ੁਰੂ ਤੋਂ ਹੀ ਇਸ ਜੁਗਤ ਨੂੰ ਸਫਲਤਾ ਨਾਲ਼ ਵਰਤਦਾ ਆ ਰਿਹਾਂ। ਮੇਰੀਆਂ ਪਹਿਲੀਆਂ ਕੁਝ ਕਹਾਣੀਆਂ, ਜਿਵੇਂ ਬੁਰਜ ਦੀ ਇੱਟ, ਕਾਣਸੂਤੇ ਵਗਦੇ ਬਲਦ, ਕੰਬਦਾ ਚਾਨਣ, ਲੈਂਟਰ ਹੇਠਲੇ ਫੱਟੇ ਆਦਿ ਦੇ ਨਾਂ ਪ੍ਰਤੀਕਮਈ ਹਨ। ‘ਦੋ ਟਾਪੂ’ ਕਹਾਣੀ ਵਿਚ ਵਰਤੇ ਪ੍ਰਤੀਕ ਹੇਠ ਲਿਖੇ ਅਨੁਸਾਰ ਹਨ:
ਦੋ ਟਾਪੂ: ਮੋਢੇ ਨਾਲ਼ ਮੋਢਾ ਡਾਹ ਕੇ ਜੀਵਨ ਗਾਡੀ ਚਲਾਉਣ ਵਾਲ਼ੇ ਬਲਰਾਜ ਤੇ ਪਾਸ਼ੀ ਜਦੋਂ ਇਕ ਦੂਜੇ ਨਾਲ਼ੋਂ ਟੁੱਟਦੇ ਹਨ ਤਾਂ ਉਨ੍ਹਾਂ ਦੀ ਸਥਿਤੀ ਦੋ ਵੱਖੋ-ਵੱਖਰੇ ਟਾਪੂਆਂ ਵਰਗੀ ਹੋ ਜਾਂਦੀ ਹੈ। ਉਨ੍ਹਾਂ ਦੀ ਸਾਂਝ, ਉਨ੍ਹਾਂ ਦਾ ਪਿਆਰ ਆਪੋ ਆਪਣੀ ਹਸਤੀ ਦੀ ਵੱਖਰਤਾ ਵਿਚ ਤਬਦੀਲ ਹੋ ਜਾਂਦਾ ਹੈ। ਦੋ ਟਾਪੂ ਦੇ ਸ਼ਬਦ, ਦੋ ਸੰਸਕ੍ਰਿਤੀਆਂ ਦੇ ਪ੍ਰਤੀਨਿਧ ਪਾਤਰਾਂ ਨੂੰ ਵੀ ਚਿਹਨਤ ਕਰਦੇ ਹਨ। ਮੇਲੇ ਨੂੰ ਜਾ ਰਹੀ ਬਸ: ਇਸ ਚਿਹਨ ਰਾਹੀਂ ਮੈਂ ਇਹ ਕਹਿਣਾ ਚਾਹਿਆ ਹੈ ਕਿ ਮੇਲੇ, ਜ਼ਿੰਦਗੀ ਦੀਆਂ ਖੁਸ਼ੀਆਂ ਤੇ ਰੌਣਕਾਂ ਅੱਧੇ ਅਧੂਰੇ ਪਰਿਵਾਰ ਵੀ ਮਾਣ ਤਾਂ ਲੈਂਦੇ ਹਨ ਪਰ ਭਰਪੂਰਤਾ ਵਿਚ ਉਦੋਂ ਹੀ ਮਾਣੇ ਜਾਂਦੇ ਹਨ, ਜਦੋਂ ਪਰਿਵਾਰ ਦੇ ਸਾਰੇ ਜੀਅ ਅੰਗ ਸੰਗ ਹੋਣ, ਨਾਲ਼-ਨਾਲ਼ ਹੋਣ।
ਅੰਸਰਿੰਗ ਮਸ਼ੀਨ: ਇਸ ਪ੍ਰਤੀਕ ਰਾਹੀਂ ਮੈਂ ਰਿਸ਼ਤਿਆਂ ਵਿਚੋਂ ਖਾਰਜ ਹੋ ਰਹੇ ਮੋਹ ਤੇਹ ਵੱਲ ਇਸ਼ਾਰਾ ਕੀਤਾ ਹੈ। ਕਹਾਣੀ ਦਾ ਕਾਲ ਕ੍ਰਮ ਬਾਰਾਂ ਕੁ ਸਾਲ ਬਣਦਾ ਹੈ। ਬਾਰਾਂ ਸਾਲ ਦੇ ਸਮੇਂ ਨੂੰ ਮੈਂ ਫਲੈਸ਼ ਬੈਕ ਰਾਹੀਂ ਤਕਰੀਬਨ 24 ਘੰਟਿਆਂ ਵਿਚ ਪੇਸ਼ ਕੀਤਾ ਹੈ। ਸ਼ਨੀਵਾਰ ਸਵੇਰੇ ਬਲਰਾਜ ਬੱਚਿਆਂ ਨੂੰ ਲੈਣ ਆਉਂਦਾ ਹੈ, ਕਹਾਣੀ ਸ਼ੁਰੂ ਹੁੰਦੀ ਹੈ। ਐਤਵਾਰ ਸਵਰੇ ਜਦੋਂ ਉਹ ਬੱਚਿਆਂ ਨੂੰ ਛੱਡਣ ਆਉਂਦਾ ਹੈ ਤਾਂ ਕਹਾਣੀ ਮੁੱਕ ਜਾਂਦੀ ਹੈ।
ਇਹ ਕਹਾਣੀ ਪੰਜਾਬੀ ਦੇ ਨਾਮਵਰ ਪਰਚੇ ‘ਸਿਰਜਣਾ’ (ਜਨਵਰੀ ਮਾਰਚ 1995) ਵਿਚ ਛਪੀ। ਮੁੱਖ ਪੰਨੇ ਉੱਤੇ ਡਾ.ਰਘਬੀਰ ਸਿੰਘ ਨੇ ਇਹ ਸ਼ਬਦ ਅੰਕਿਤ ਕੀਤੇ ਸਨ ‘ਪਰਵਾਸੀ ਜੀਵਨ ਅਨੁਭਵ ਬਾਰੇ ਇਕ ਸ਼ਕਤੀਸ਼ਾਲੀ ਰਚਨਾ: ਜਰਨੈਲ ਸਿੰਘ ਦੀ ਕਹਾਣੀ ਦੋ ਟਾਪੂ’। ਇਸ ਕਹਾਣੀ ਦੀ ਏਨੀ ਚਰਚਾ ਹੋਈ ਕਿ ਇਹ ਮੇਰੇ ਨਾਂ ਨਾਲ਼ ਜੁੜ ਗਈ ਜਰਨੈਲ ਸਿੰਘ ‘ਦੋ ਟਾਪੂ’ ਵਾਲ਼ਾ। ਪੰਜਾਬੀ ਸਾਹਿਤ ਦੇ ਪ੍ਰਮੁੱਖ ਵਿਦਵਾਨਾਂ ਨੇ ਇਸਨੂੰ ‘ਕਲਾਸਿਕ ਕਹਾਣੀ’ ਦਾ ਦਰਜਾ ਦਿੱਤਾ ਹੈ।
ਕਹਾਣੀ ‘ਜੜ੍ਹਾਂ’: ਮੈਂ ਪੰਜਾਬੀ ਕੈਨੇਡੀਅਨ ਭਾਈਚਾਰੇ ਦੇ ਉਨ੍ਹਾਂ ਲੋਕਾਂ ਬਾਰੇ ਲਿਖਣਾ ਚਾਹੁੰਦਾ ਸਾਂ ਜੋ ਕੈਨੇਡਾ ਦੀ ਧਰਤੀ ਵਿਚ ਜੜ੍ਹਾਂ ਲਾਉਣ ਦੀ ਬਜਾਇ ਪੰਜਾਬ/ ਭਾਰਤ ਦੀ ਧਰਤੀ ਆਪਣੇ ਨਾਲ਼ ਚੁੱਕੀ ਫਿਰਦੇ ਹਨ ਤੇ ਵਾਪਸ ਮੁੜਨ ਦੀਆਂ ਗੱਲਾਂ ਕਰਦੇ ਹਨ। ਕਾਰਨ ਨਸਲਵਾਦ ਸੀ। ਇੰਗਲੈਂਡ, ਅਮਰੀਕਾ ਦੇ ਮੁਕਾਬਲੇ ਕੈਨੇਡਾ ਵਿਚ ਨਸਲਵਾਦ ਬਹੁਤ ਘੱਟ ਹੈ ਪਰ ਇਸ ਅਣਮਨੁੱਖੀ ਵਰਤਾਰੇ ਬਾਰੇ ਗੱਲ ਕਰਨੀ ਬਣਦੀ ਸੀ।
ਇਕਬਾਲ ਰਾਮੂਵਾਲੀਆ ਨਾਲ਼ ਨਸਲਵਾਦ ਦੀ ਇਕ ਘਟਨਾ ਵਾਪਰੀ ਸੀ। ਉਹ ਹਾਈ ਸਕੂਲ ‘ਚ ਟੀਚਰ ਸੀ। ਜੌਬ ‘ਤੇ ਉਸਦੇ ਮੇਲ ਬਾਕਸ ਵਿਚ ਕੋਈ ਨਸਲਵਾਦੀ ਗੋਰਾ ਸਾਬਣ ਦੀ ਟਿੱਕੀ ਰੱਖ ਗਿਆ। ‘ਜੜ੍ਹਾਂ’ ਕਹਾਣੀ ਦੇ ਮੁੱਖ ਪਾਤਰ ਪ੍ਰੋਫੈਸਰ ਕੁਲਵਰਨ ਨੂੰ ਮੈਂ ਆਪਣੀ ਕਲਪਨਾ ਰਾਹੀਂ ਇਕਬਾਲ ਵਿਚੋਂ ਸਿਰਜਿਆ। ਇਕਬਾਲ ਨਸਲਵਾਦ ਤੋਂ ਘਬਰਾ ਕੇ ਇੰਡੀਆ ਨੂੰ ਨਹੀਂ ਸੀ ਮੁੜਿਆ। ਇੱਥੇ ਹੀ ਆਪਣੀਆਂ ‘ਜੜ੍ਹਾਂ’ ਪੱਕੀਆਂ ਕੀਤੀਆਂ। ਪਰ ਕੁਲਵਰਨ ਨਸਲਵਾਦ ਮੂਹਰੇ ਹਾਰ ਮੰਨ ਕੇ ਇੰਡੀਆ ਮੁੜ ਜਾਂਦੈ। ਪੰਜਾਬ ਦੇ ਇਕ ਕਾਨਵੈਂਟ ਸਕੂਲ ਵਿਚ ਪ੍ਰਿੰਸੀਪਲ ਦੀ ਜੌਬ ਕਰਦਾ ਉਹ ਖੁਸ਼ ਹੈ। ਕੈਨੇਡਾ ‘ਚ ਗ੍ਰਹਿਣ ਕੀਤੀ ਈਮਾਨਦਾਰੀ ਤੇ ਮਿਹਨਤ ਦੇ ਗੁਣਾਂ ਸਦਕਾ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਉਸਦਾ ਆਦਰ ਕਰਦੇ ਹਨ। ਸੰਕਟ ਉਦੋਂ ਪੈਦਾ ਹੁੰਦਾ ਹੈ ਜਦੋਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ‘ਚ ਪੜ੍ਹਦੇ ਉਸਦੇ ਇਕਲੌਤੇ ਪੁੱਤਰ ਨੂੰ, ਝੂਠੇ ਮੁਕੱਦਮੇ ਵਿਚ ਫਸਾ ਲਿਆ ਜਾਂਦਾ ਹੈ… ਇੰਡੀਆ ਦੇ ਭ੍ਰਿਸ਼ਟਚਾਰ ਤੇ ਧੱਕੇਸ਼ਾਹੀ ਦਾ ਦਰੜਿਆ ਕੁਲਵਰਨ, ਆਪਣਾ ਘਰ ਤੇ ਸਾਰਾ ਧੰਨ ਗੁਆ ਕੇ, ਆਪਣੀ ਜਨਮ-ਭੋਇੰ ਤੋਂ ਤ੍ਰਾਹ ਤ੍ਰਾਹ ਕਰਦਾ, ਪਤਨੀ ਤੇ ਪੁੱਤਰ ਨੂੰ ਲੈ ਕੇ ਕੈਨੇਡਾ ਪਰਤ ਆਉਂਦਾ ਹੈ। ਇਹ ਸੱਚ ਹੈ ਕਿ ਬੰਦੇ ਦੀ ਜੜ੍ਹ ਨੂੰ ਵਧੀਆ ਧਰਤ ਦੀ ਤਲਾਸ਼ ਹਮੇਸ਼ਾ ਰਹਿੰਦੀ ਹੈ। ਪਰ ਨਵੀਆਂ ਧਰਤੀਆਂ ‘ਤੇ ਜੜ੍ਹਾਂ ਪੱਕੀਆਂ ਕਰਨ ਲਈ ਲੋੜੀਂਦਾ ਐਟੀਚਿਊਡ ਬਹੁਤ ਜ਼ਰੂਰੀ ਹੈ।
(ਚਲਦਾ)

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …