Breaking News
Home / ਰੈਗੂਲਰ ਕਾਲਮ / ਦਿੱਲੀ ਫਿਰ ਧੋਖਾ ਦੇ ਗਈ ਪੰਜਾਬ ਨੂੰ!

ਦਿੱਲੀ ਫਿਰ ਧੋਖਾ ਦੇ ਗਈ ਪੰਜਾਬ ਨੂੰ!

ਦੀਪਕ ਸ਼ਰਮਾ ਚਨਾਰਥਲ
ਆਮ ਆਦਮੀ ਪਾਰਟੀ ਦੀ ਲੋਕ ਸਭਾ ਵਿਚ ਜੇ ਕੋਈ ਥਾਂ ਬਣੀ ਹੈ ਤਾਂ ਉਸ ਵਿਚ ਸਭ ਤੋਂ ਵੱਡੀ ਭੂਮਿਕਾ ਪੰਜਾਬ ਦੀ ਹੀ ਹੈ। ਪੂਰੇ ਦੇਸ਼ ਵਿਚੋਂ ਪੰਜਾਬ ‘ਚੋਂ ਹੀ 4 ਮੈਂਬਰ ਜਿੱਤ ਕੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਬਣ ਲੋਕ ਸਭਾ ਵਿਚ ਬੈਠੇ ਹਨ। ਇਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਵਿਚ ਵੀ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਤਕੜਾ ਹੁੰਗਾਰਾ ਦਿੱਤਾ ਤੇ ਪਾਰਟੀ ਸੂਬੇ ਵਿਚ ਵਿਰੋਧੀ ਧਿਰ ਦੀ ਤਕੜੀ ਭੂਮਿਕਾ ਵਾਲੀ ਥਾਂ ਬਣਾ ਗਈ। ਪਰ ਜਦੋਂ ਰਾਜ ਸਭਾ ਦੇ ਲਈ ਨੁਮਾਇੰਦੇ ਚੁਣਨ ਦੀ ਵਾਰੀ ਆਈ ਤਦ ਆਮ ਆਦਮੀ ਪਾਰਟੀ ਦੀ ਹਾਈਕਮਾਨ ਜਾਂ ਪਾਰਟੀ ਦਾ ਇਕ ਮਾਤਰ ਸੁਪਰੀਮੋ ਪੰਜਾਬ ਨੂੰ ਭੁੱਲ ਹੀ ਗਿਆ। ਪਤਾ ਨਹੀਂ ਇਹ ਭੁੱਲ ਹੈ ਜਾਂ ਪੰਜਾਬ ਨਾਲ ਧੋਖਾ। ਜਿਸ ਪੰਜਾਬ ਤੋਂ ਪਾਰਟੀ ਦੇ 4 ਸੰਸਦ ਮੈਂਬਰ ਹੋਣ, ਉਸੇ ਸੂਬੇ ਵਿਚ 20 ਐਮ ਐਲ ਏ ਹੋਣ ਤੇ ਉਸ ਸੂਬੇ ਨੂੰ ਰਾਜ ਸਭਾ ਵਿਚ ਨੁਮਾਇੰਦਗੀ ਹੀ ਨਾ ਮਿਲੇ। ਜੇ ਪੰਜਾਬ ਦਾ ਕੋਈ ਨੁਮਾਇੰਦਾ ਨਹੀਂ ਚੁਣਨਾ ਸੀ ਤਾਂ ਘੱਟੋ-ਘੱਟ ਉਸ ਪੰਜਾਬੀ ਨੂੰ ਤਾਂ ਚੁਣਿਆ ਜਾ ਸਕਦਾ ਸੀ, ਜਿਸ ਨੇ ਆਪਣੀ ਪਾਰਟੀ ਦਾ ਹੁਕਮ ਮੰਨਦਿਆਂ ਆਪਣੇ ਰਾਜਨੀਤਕ ਕੈਰੀਅਰ ਦੀ ਬਲੀ ਦਿੱਤੀ। ਦਿੱਲੀ ਦੇ ਵਿਧਾਇਕ ਦਾ ਅਹੁਦਾ ਤਿਆਗ ਕੇ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਖਿਲਾਫ ਚੋਣ ਲੜੀ। ਇਹ ਜਾਣਦਿਆਂ ਵੀ ਕਿ ਸਿਆਸਤ ਦੇ ਇਨ੍ਹਾਂ ਧੁਨੰਤਰਾਂ ਖਿਲਾਫ ਜਿੱਤਣਾ ਅਸਾਨ ਨਹੀਂ। ਪਰ ਪਾਰਟੀ ਹਾਈਕਮਾਨ ਨੂੰ ਆਪਣਾ ਉਹ ਜਰਨੈਲ ਵੀ ਯਾਦ ਨਹੀਂ ਆਇਆ। ਕਹਿਣ ਵਾਲੇ ਤਾਂ ਪਾਰਟੀ ਲੀਡਰਾਂ ‘ਤੇ ਰਾਜ ਸਭਾ ਦੀਆਂ ਸੀਟਾਂ ਵੇਚਣ ਦੇ ਵੀ ਦੋਸ਼ ਲਗਾ ਰਹੇ ਹਨ। ਪਾਰਟੀ ਦੇ ਅੰਦਰੋਂ ਵੀ ਬਗਾਵਤ ਖੁੱਲ੍ਹ ਕੇ ਸਾਹਮਣੇ ਆਉਣ ਲੱਗੀ ਹੈ। ਬੱਸ, ਸਾਡਾ ਗਿਲਾ ਤਾਂ ਏਨਾ ਹੀ ਹੈ ਕਿ ਤਿੰਨ ਨਾਮ ਰਾਜ ਸਭਾ ਲਈ ਜਾਣੇ ਸਨ, ਪਰ ਦਿੱਲੀ ‘ਚ ਬੈਠ ਕੇ ਪਾਰਟੀ ਹਾਈਕਮਾਨ ਨੇ ਇਕ ਵਾਰ ਫਿਰ ਪੰਜਾਬੀਆਂ ਦੇ ਪਿਆਰ ਨੂੰ, ਪੰਜਾਬੀਆਂ ਦੇ ਸਾਥ ਨੂੰ ਭੁਲਾ ਕੇ ਪਤਾ ਨਹੀਂ ਕਿਨ੍ਹਾਂ ਨਾਲ ਯਾਰੀਆਂ ਪੁਗਾਈਆਂ ਤੇ ਕਿਉਂ ਪੁਗਾਈਆਂ। ਪਰ ਪੰਜਾਬ ਨਾਲ ਲੱਗਦਾ ਦਿੱਲੀ ਫਿਰ ਧੋਖਾ ਕਰ ਗਈ। ਚਲੋ, ਮਰਜ਼ੀ ਹੈ, ਸਭ ਸਿਆਸਤ ਹੈ।

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …