ਵੇਖ ਲੈ …
ਆ ਜਾ ਤੂੰ ਕੈਨੇਡਾ ਦੀ ਬਹਾਰ ਵੇਖ ਲੈ,
ਸੱਚਾ-ਸੁੱਚਾ ਇਹਦਾ ਕਿਰਦਾਰ ਵੇਖ ਲੈ।
ਲੋਕ ਹਰ ਰੋਜ਼ ਨੇ, ਕੰਮਾਂ ‘ਤੇ ਜਾਂਵਦੇ,
ਡਾਲਰਾਂ ਨੂੰ ਕਰ ‘ਕੱਠੇ, ਘਰ ਲਿਆਂਵਦੇ,
ਹਫਤੇ ‘ઑਚ ਹੁੰਦਾ, ਕੰਮ-ਕਾਰ ਵੇਖ ਲੈ,
ਆ ਜਾ ਤੂੰ ਕੈਨੇਡਾ ਦੀ ਬਹਾਰ ਵੇਖ ਲੈ।
ਮੰਦਰ, ਮਸਜਦ, ਗੁਰਦੁਆਰੇ ਸਾਂਝੇ ਨੇ,
ਚਲਦੇ ਨੇ ਲੰਗਰ ਰਲ ਸਾਰੇ ਖਾਂਦੇ ਨੇ,
ਸਭ ਧਰਮਾਂ ਦਾ ਹੁੰਦਾ ਸਤਿਕਾਰ ਵੇਖ ਲੈ,
ਆ ਜਾ ਤੂੰ ਕੈਨੇਡਾ ਦੀ ਬਹਾਰ ਵੇਖ ਲੈ।
ਕਾਲੇ, ਗੋਰੇ, ਭੂਰੇ, ਸੱਭ ‘ਕੱਠੇ ਬਹਿੰਦੇ ਨੇ,
ਸਾਹ ਇੱਕ ਦੂਸਰੇ ਦੇ ਨਾਲ ਸਾਹ ਲੈਂਦੇ ਨੇ,
ਸਾਰਿਆਂ ਦੇ ਬਰਾਬਰ ਅਧਿਕਾਰ ਵੇਖ ਲੈ,
ਆ ਜਾ ਤੂੰ ਕੈਨੇਡਾ ਦੀ ਬਹਾਰ ਵੇਖ ਲੈ।
ਸੈਂਟਰ-ਆਈਲੈਂਡ, ਵੰਡਰਲੈਂਡ ਮੋਂਹਦਾ ਏ,
ਸੀ. ਐਨ ਟਾਵਰ ਵੀ ਅਕਾਸ਼ ਛੋਂਹਦਾ ਏ,
ਨਿਆਗਰਾ-ਫ਼ਾਲ ਦੀ, ਝਲਕਾਰ ਵੇਖ ਲੈ,
ਆ ਜਾ ਤੂੰ ਕੈਨੇਡਾ ਦੀ ਬਹਾਰ ਵੇਖ ਲੈ।
ਔਰਤ-ਮਰਦ ਦਾ ਵੀ ਰਤਾ-ਮਾਸਾ ਭੇਦ ਨਾ,
ਨੇਰੇ-ਸਵੇਰੇ ਆਣਾ-ਜਾਣਾ ਕੋਈ ਖ਼ੇਦ ਨਾ,
ਹਰ ਵੇਲੇ ਰਹਿੰਦੀ ਬੱਸ ਤਿਆਰ ਵੇਖ ਲੈ,
ਆ ਜਾ ਤੂੰ ਕੈਨੇਡਾ ਦੀ ਬਹਾਰ ਵੇਖ ਲੈ।
ਸਾਰੇ ਹੀ ਲੋਕ ਸਾਫ਼-ਸੁਥਰਾ ਨੇ ਖਾਂਵਦੇ,
ਦੋ ਹਫਤਿਆਂ ਬਾਅਦ ਹੀ ઑਚੈਕ਼ ਮਿਲ ਜਾਂਵਦੇ,
ਮੁੱਲ ਪਾਵੇ ਮਿਹਨਤ ਦਾ ਸਰਕਾਰ ਵੇਖ ਲੈ,
ਆ ਜਾ ਤੂੰ ਕੈਨੇਡਾ ਦੀ ਬਹਾਰ ਵੇਖ ਲੈ।
ਥਾਂ-ਥਾਂ ‘ਤੇ ਵੇਖ ਲਓ ਸਕੂਲ ਬਣੇ ਨੇ,
ਸੜਕਾਂ ਵੀ ਵਧੀਆ, ਅਸੂਲ ਬਣੇ ਨੇ,
ਖੇਤਾਂ ਵਿੱਚ ਨੱਚ ਰਹੀ ਬਹਾਰ ਵੇਖ ਲੈ,
ਆ ਜਾ ਤੂੰ ਕੈਨੇਡਾ ਦੀ ਬਹਾਰ ਵੇਖ ਲੈ।
ਕੈਨੇਡਾ ਦੇਸ਼ ਸਾਰੀ ਦੁਨੀਆਂ ਤੋਂ ਸੋਹਣਾ ਏ,
ਫੁੱਲਾਂ ਨਾਲ ਭਰਿਆ ਇਹ ਮਨ-ਮੋਹਣਾ ਏ,
ਸੁਰਗਾਂ ਦੀ ਪੈਂਦੀ ‘ਘਈ’ ਝਲਕਾਰ ਵੇਖ ਲੈ,
ਆ ਜਾ ਤੂੰ ਕੈਨੇਡਾ ਦੀ ਬਹਾਰ ਵੇਖ ਲੈ।
ਡਾ. ਗਿਆਨ ਸਿੰਘ ਘਈ
ਫ਼ੋਨ: 94635-72150