ਖ਼ੂਬਸੂਰਤ ਮੁਲਕਾਂ ਵਿਚ, ਗਿਣਿਆਂ ਜਾਂਦਾ ਕਨੇਡਾ ਏ,
ਕਈਆਂ ਦੇ ਲਈ ਸੁਰਗ ਤੇ ਕਈਆਂ ਲਈ ਛਲੇਡਾ ਏ।
ਖ਼ੂਬਸੂਰਤ ਨੇ ਝੀਲਾਂ, ਦਿਲਾਂ ਨੂੰ ਧੂਹ ਪਾਉਂਦੀਆਂ ਨੇ,
ਯਾਤਰੀਆਂ ਨੂੰ ਉਹ ਇੱਥੇ, ਖਿੱਚੀ ਲਿਆਉਂਦੀਆਂ ਨੇ,
ਨਿਆਗਰਾ-ਫਾਲ ਵੀ ਯਾਰੋ! ਇਹਦਾ ਕੇਡਾ ਵੱਡਾ ਏ,
ਖ਼ੂਬਸੂਰਤ ਮੁਲਕਾਂ ਵਿਚ ਗਿਣਿਆਂ ਜਾਂਦਾ ਕਨੇਡਾ ਏ।
ਸੀ. ਐੱਨ. ਟਾਵਰ ਇਹਦਾ, ਅਸਮਾਨ ਨੂੰ ਛੋਂਹਦਾ ਏ,
ਲਾਗੇ ਸੈਂਟਰ-ਆਈਲੈਂਡ ਵੀ ਤਾਂ ਮਨ ਨੂੰ ਭਾਉਂਦਾ ਏ,
ਪੂਰਬ ਤੋਂ ਪੱਛਮ ਤੱਕ ਕਨੇਡਾ ਬੜਾ ਦੂਰ-ਦੁਰੇਡਾ ਏ,
ਖ਼ੂਬਸੂਰਤ ਮੁਲਕਾਂ ਵਿਚ ਗਿਣਿਆਂ ਜਾਂਦਾ ਕਨੇਡਾ ਏ।
ਕਈ ਤਾਂ ਏਥੇ ਬੜੇ ਹੀ ਵਧੀਆ ‘ਸੈੱਟ’ ਹੋ ਜਾਂਦੇ ਨੇ,
ਪਰ ਕਈ ਨੇ ਉਹ ਵੀ, ਜੋ ਖ਼ਾਸੇ ਈ ਧੱਕੇ ਖਾਂਦੇ ਨੇ,
ਉਨ੍ਹਾਂ ਦੇ ਲਈ ਤਾਂ ਇਹ, ਕਾਫ਼ੀ ‘ਟੇਢਾ-ਮੇਢਾ’ ਏ,
ਖ਼ੂਬਸੂਰਤ ਮੁਲਕਾਂ ਵਿਚ ਗਿਣਿਆਂ ਜਾਂਦਾ ਕਨੇਡਾ ਏ।
ਸਿਆਸਤ ਇੱਥੋਂ ਦੀ ਵੀ ਤਾਂ ਕਾਫੀ ਰੰਗ-ਬਰੰਗੀ ਏ,
ਲੋਕ ਹੀ ਫੈਸਲਾ ਕਰਦੇ, ਪਾਰਟੀ ਕਿਹੜੀ ਚੰਗੀ ਏ,
ਘੱਟ-ਗਿਣਤੀ ਸਰਕਾਰ ਨੂੰ, ਵੀ ਨਾ ਲੱਗਦਾ ਠੇਡਾ ਏ,
ਖ਼ੂਬਸੂਰਤ ਮੁਲਕਾਂ ਵਿਚ ਗਿਣਿਆਂ ਜਾਂਦਾ ਕਨੇਡਾ ਏ।
ਸ਼ਾਂਤ ਮੁਲਕ ਏ ਪਰ ਕਦੇ, ਹਿੰਸਾ ਵੀ ਹੋ ਜਾਂਦੀ ਏ,
ਕਨੇਡਾ-ਵਾਸੀਆਂ ਨੂੰ ਤਾਂ ਉਹ, ਡਾਹਡੀ ਤੜਫਾਂਦੀ ਏ,
ਗੰਨ-ਕੰਟਰੋਲ ਐਕਟ ‘ਝੰਡ’ ਤਾਂ ਹੀ ਬਣਿਆਂ ਝੇਡਾ ਏ,
ਖ਼ੂਬਸੂਰਤ ਮੁਲਕਾਂ ਵਿਚ ਗਿਣਿਆਂ ਜਾਂਦਾ ਕਨੇਡਾ ਏ।
ਖ਼ੂਬਸੂਰਤ ਮੁਲਕਾਂ ਵਿਚ, ਗਿਣਿਆਂ ਜਾਂਦਾ ਕਨੇਡਾ ਏ,
ਕਈਆਂ ਦੇ ਲਈ ਸੁਰਗ ਤੇ ਕਈਆਂ ਲਈ ਛਲੇਡਾ ਏ।
ਡਾ. ਸੁਖਦੇਵ ਸਿੰਘ ਝੰਡ
ਫੋਨ : 647-567-9128
ਦੇਸ਼ ਕਨੇਡਾ ਦੀ ਭਾਰੀ ਹੈ ਮੰਗ ਮਿੱਤਰੋ।
ਪੂਰੀ ਕਰਦਾ ਸਭ ਦੀ ਉਮੰਗ ਮਿੱਤਰੋ।
ਇੱਥੇ ਆ ‘ਜੇ ਜੋ ਵੀ ਕਰਦਾ ਸੰਭਾਲ ਜੀ।
ਕੰਮ ਉੱਤੇ ਜਾਣ ਵਾਲੀ ਫੜੇ ਚਾਲ ਜੀ।
ਕੋਈ ਕਰਦਾ ‘ਨੀ ਇੱਥੇ ਤੰਗ ਮਿੱਤਰੋ।
ਦੇਸ਼ ਕਨੇਡਾ ਦੀ ਭਾਰੀ ਹੈ ਮੰਗ ਮਿੱਤਰੋ।
ਪੂਰੀ ਕਰਦਾ ਸਭ ਦੀ ਉਮੰਗ ਮਿੱਤਰੋ।
ਪੀਣ ਖਾਣ ਦੀ ਕੋਈ ਇੱਥੇ ਥੋੜ੍ਹ ਨਹੀਂ।
ਐਵੇਂ ਵਾਧੂ ਫਿਕਰਾਂ ਦੀ ਲੋੜ ਨਹੀਂ।
ਰੋਟੀ ਮਿਲ ਜਾਵੇ ਦੋ ਤਿੰਨ ਡੰਗ ਮਿੱਤਰੋ।
ਦੇਸ਼ ਕਨੇਡਾ……
ਸਾਫ਼ ਸੁਥਰੀ ਹੈ ਇੱਥੇ ਹਵਾ ਵਗਦੀ।
ਚਾਰੇ ਪਾਸੇ ਹਰਿਆਲੀ ਚੰਗੀ ਲਗਦੀ।
ਸਾਉਣ ਮਹੀਨੇ ਉੱਡਦੇ ਪਤੰਗ ਮਿੱਤਰੋ।
ਦੇਸ਼ ਕਨੇਡਾ…..
ਲੋਕੀ ਲੁੱਟਦੇ ਨਜ਼ਾਰੇ, ਇਕਾਂਤ ਭਾਲਦੇ।
ਸਾਰੇ ਘਰ ਦਾ ਮਹੌਲ ਵੀ ਸ਼ਾਂਤ ਭਾਲਦੇ।
ਆ ਕੇ ਕਿਹੜਾ ਕਰ ਜਾਊ ਭੰਗ ਮਿੱਤਰੋ।
ਦੇਸ਼ ਕਨੇਡਾ…..
ਕਰੇ ਕੰਮ ਕਾਰ ਜੋ, ਰਹੇ ਗਰੀਬ ਨਾ।
ਇੱਕ ਦੂਜੇ ਦੇ ਵੀ ਬਹੁਤਾ ਕਰੀਬ ਨਾ।
ਸੱਚ ਮੈਂ ਲਿਖਾਂ ਨਾ ਕੋਈ ਸੰਗ ਮਿੱਤਰੋ।
ਦੇਸ਼ ਕਨੇਡਾ…..
ਕੁੱਤੇ ਬਿੱਲੀਆਂ ਦੇ ਸ਼ੁਕੀਨ ਬਹੁਤ ਨੇ।
ਸਾਂਭ ਸੰਭਾਲ਼ ਦੇ ਪ੍ਰਬੀਨ ਬਹੁਤ ਨੇ।
ਗੰਦ ਚੁੱਕ, ਲਿਫਾਫਾ ਲੈਂਦੇ ਟੰਗ ਮਿੱਤਰੋ।
ਕੋਈ ਕਰਦਾ ‘ਨੀ ਦੁਕਾਨਾਂ ਤੇ ਮੋਲ ਜੀ।
ਲਿਖਿਆ ਹੁੰਦਾ ਹੈ ਪੂਰਾ ਨਾਪ ਤੋਲ ਜੀ।
ਲੇਬਲ ਲੱਗੇ, ਜਿਵੇਂ ਹੋਣ ਫੰਗ ਮਿੱਤਰੋ।
ਦੇਸ਼ ਕਨੇਡਾ……
ਸਾਫ ਦਿਲ ਦੇ ਨੇ ਗੋਰੇ ਸੱਚ ਹੈ ਪੱਲੇ।
ਛੱਡਦੇ ਨਾ ਹੱਕ ਭਾਵੇਂ ਰਹਿ ਜਾਣ ‘ਕੱਲੇ।
ਗੱਲ ਕਰਦੇ ਮੂੰਹ ਤੇ ਨਿਸ਼ੰਗ ਮਿੱਤਰੋ।
ਦੇਸ਼ ਕਨੇਡਾ……
ਇਹ ਸੁੰਦਰਤਾ ਦੀ ਮਿਸਾਲ ਜੱਗ ਤੇ।
ਅਜ਼ੂਬਾ ਹੈ ਨਿਆਗਰਾਫਾਲ ਜੱਗ ਤੇ।
ਜੋ ਵੇਖ ਲਵੇ ਰਹਿ ਜਾਵੇ ਦੰਗ ਮਿੱਤਰੋ।
ਦੇਸ਼ ਕਨੇਡਾ……
ਸੀ ਐਨ ਟਾਵਰ ਦੀ ਹੈ ਸ਼ਾਨ ਵੱਖਰੀ।
ਘੱਟ ‘ਨੀ ਅਜ਼ੂਬੇ ਤੋਂ ਕਮਾਨ ਵੱਖਰੀ।
ਸੋਚਦੇ ਬਣਾਇਆ ਕਿਸ ਢੰਗ ਮਿੱਤਰੋ।
ਦੇਸ਼ ਕਨੇਡਾ……
ਇੱਥੇ ਦਰੱਖਤ ਮਿੱਠੇ, ਸ਼ਹਿਦ ਭਰਿਆ।
ਮੈਪਲ ਟਰੀ, ਜਿਵੇਂ ਕ੍ਰਿਸ਼ਮਾ ਕਰਿਆ।
ਰਸ ਨਿੱਕਲੇ ਮਿੱਠਾ ਗੁਲਕੰਦ ਮਿੱਤਰੋ।
ਦੇਸ਼ ਕਨੇਡਾ…..
ਨਾਲ਼ੇ ਨਦੀਆਂ ਦੇ ਇੱਥੇ ਪ੍ਰਵਾਹ ਚਲਦੇ।
ਕੋਈ ਗਿਣਤੀ ਨਾ ਕਿੰਨੇ ਅਥਾਹ ਚਲਦੇ।
ਗੋਰੇ ਪਾਣੀਆਂ ‘ਚ ਨੰਗ ਧੜੰਗ ਮਿੱਤਰੋ।
ਦੇਸ਼ ਕਨੇਡਾ……
ਇੱਕੋ ਜਿਹਾ ਕਨੂੰਨ ਆਮ ਖਾਸ ਲਈ।
ਸ਼ਿਫਾਰਿਸ਼ ਦੀ ਕਦੇ ਲੋੜ ਨਾ ਪਈ।
ਜਾਊ ਕੌਣ ਕਨੂੰਨ ਅੱਗੇ ਖੰਘ ਮਿੱਤਰੋ।
ਦੇਸ਼ ਕਨੇਡਾ……
ਹਾਣੀਆਂ ਦੇ ਨਾਲ ਹਾਣੀ ਮੌਜ਼ਾਂ ਮਾਣਦੇ।
ਕੋਈ ਸਕਦਾ ‘ਨੀ ਰੋਕ, ਟਿੱਚ ਜਾਣਦੇ।
ਹੀਰ ਲੱਭਣੀ ਨਾ ਪੈਂਦੀ ਜਾ ਝੰਗ ਮਿੱਤਰੋ।
ਦੇਸ਼ ਕਨੇਡਾ…..
ਨਸ਼ਾ-ਪੱਤਾ ਵੀ ਲੋਕ ਇੱਥੇ ਕਰਦੇ ਬੜੇ।
ਹੋ ਕੇ ਇੱਥੋਂ ਦੇ ਵੀ ਭੁੱਖੇ ਮਰਦੇ ਬੜੇ।
ਕੰਮ ਕਰਦੇ ਨਾ ਰਹਿਣ ਮਲੰਗ ਮਿੱਤਰੋ।
ਦੇਸ਼ ਕਨੇਡਾ……
ਖੁੱਲ੍ਹੇਆਮ ਕੋਈ ਹਲਕਾ ‘ਨੀ ਹੋ ਸਕਦਾ।
ਕਿਤੇ ਖੜ੍ਹ, ਨੰਬਰ ‘ਨੀ ਕਰ ਦੋ ਸਕਦਾ।
ਪੈਂਦਾ ਝੱਲਣਾ ਜ਼ੁਰਮਾਨੇ ਦਾ ਡੰਗ ਮਿੱਤਰੋ।
ਦੇਸ਼ ਕਨੇਡਾ……
ਆਖਾਂ ਸੱਚ, ਸਭ ਕੁੱਝ ਚੰਗਾ ‘ਨੀ ਇੱਥੇ।
ਪਿਆਰ ਦੀ ਵਗਦੀ ਗੰਗਾ ‘ਨੀ ਇੱਥੇ।
ਦਿਲ ਤੇ ਦਿਮਾਗੋਂ ਨੇ ਕਰੰਗ ਮਿੱਤਰੋ।
ਦੇਸ਼ ਕਨੇਡਾ……
ਇੱਥੇ ਬੱਚਿਆਂ ਨੂੰ ਕੋਈ ਸਕੇ ਘੂਰ ਨਾ।
ਝੱਟ ਨੰਬਰ ਘੁਮਾਉਣ ਠਾਣਾ ਦੂਰ ਨਾ।
ਆ ਕੇ ਫੜ ਲੈਂਦੇ ਛੇਤੀਂ ਸੰਘ ਮਿੱਤਰੋ।
ਦੇਸ਼ ਕਨੇਡਾ…..
ਔਰਤਾਂ ਦੀ ਪੁੱਛ ਪ੍ਰਤੀਤ ਬਹੁਤ ਆ।
ਦੂਰੀ ਰੱਖਣ ਦੀ ਵੀ ਰੀਤ ਬਹੁਤ ਆ।
ਐਵੇਂ ਪਤੀ ਕਿਵੇਂ ਦਰ ਜਾਊ ਲੰਘ ਮਿੱਤਰੋ।
ਦੇਸ਼ ਕਨੇਡਾ……
ਨਹੀਂ ਚਾਹੀਦਾ ਇੱਥੇ ਅਹਿਸਾਨ ਜਿਹਾ।
ਗੁੰਮ ਹੋ ਗਿਆ ਤਾਂ ਹੀ ਸਨਮਾਨ ਜਿਹਾ।
ਰਹਿੰਦੇ ਆਪੇ ‘ਚ, ਦਾਇਰਾ ਤੰਗ ਮਿੱਤਰੋ।
ਦੇਸ਼ ਕਨੇਡਾ……
ਕਈਆਂ ਨੂੰ ਡਾਲਰ ਚਮਕ ਮਾਰ ਗਈ।
ਹਾਣ ਵੀ ਨਾ ਦੇਖਿਆ ਖਨਕ ਮਾਰ ਗਈ।
ਬੇਜੋੜ ਜਿਹੀ ਛਣਕੀ ਸੀ ਵੰਗ ਮਿੱਤਰੋ।
ਦੇਸ਼ ਕਨੇਡਾ…..
ਗੱਲਾਂ ਹੋਰ ਵੀ ਨੇ ਹੋ ‘ਜੂ ਕੋਰੜਾ ਲੰਮੇਰਾ।
ਕੰਮ ਤੇ ਵੀ ਜਾਣਾ ਹੋਣ ਵਾਲਾ ਹੈ ਸਵੇਰਾ।
ਰਹਿਣਾ ਪੈਂਦਾ ਇੱਥੇ ਹੋ ਕੇ ਪਾਬੰਦ ਮਿੱਤਰੋ।
ਦੇਸ਼ ਕਨੇਡਾ……
ਵਤਨ ਪਿਆਰਾ ਸਾਡਾ ਮਾਣ ਹੈ ਕਨੇਡਾ।
ਦੁਨੀਆਂ ਤੇ ਸੁੱਖਾਂ ਦੀ ਖਾਣ ਹੈ ਕਨੇਡਾ।
‘ਹਕੀਰ’ ਰਹੇ ਸਦਾ ਅੰਗ ਸੰਗ ਮਿੱਤਰੋ।
ਦੇਸ਼ ਕਨੇਡਾ …..
ਸੁਲੱਖਣ ਸਿੰਘ
+647-786-6329