ਹਕੀਰ ਅਸੀਂ ਹੋ ਗਏ
ਕੰਡਿਆਂ ‘ਚ ਰਹਿ ਕੇ ਕਰੀਰ ਅਸੀਂ ਹੋ ਗਏ।
ਕਿਸੇ ਦੀਆਂ ਅੱਖੀਆਂ ਦਾ ਨੀਰ ਅਸੀਂ ਹੋ ਗਏ।
ਲੱਗੇ ਹਿਜ਼ਰ ਦੇ ਫੱਟ ਭੁਲਾਇਆਂ ਕਦੋਂ ਭੁੱਲਦੇ,
ਤੂਤ ਦੇ ਮੋਛੇ ਜਿਹੇ ਚੀਰ ਅਸੀਂ ਹੋ ਗਏ।
ਚੜ੍ਹਦਾ ਸਵੇਰਾ ਹੁੰਦੀ ਸ਼ਾਮ ਸਾਡੇ ਨਾਲ ਸੀ,
ਸਿਖਰ ਦੁਪਿਹਰੇ ਹੀ ਅਖੀਰ ਅਸੀਂ ਹੋ ਗਏ।
ਲੱਖਾਂ ਕੋਹਾਂ ਉੱਤੇ ਚੰਦ ਕਿਸੇ ਦਾ ਪਿਆਰ ਏ,
ਬ੍ਰਿਹਾ ਚਕੋਰ ਦੀ ਤਕਦੀਰ ਅਸੀਂ ਹੋ ਗਏ।
ਰਿਸ਼ਤਿਆਂ ‘ਚ ਦੇਖ ਕੇ ਗਿਰਾਵਟ, ਹੈ ਦੁਖੀ ਮਨ,
ਸੋਚ ਕੇ ਬੇਚੈਨ ਲੀਰੋ ਲੀਰ ਅਸੀਂ ਹੋ ਗਏ।
ਦੂਜੇ ਦੇ ਹੱਥਾਂ ‘ਚ ਕੱਠਪੁਤਲੀਆਂ ਵਾਂਙ ਜਿਵੇਂ,
ਕਦੋਂ ਕਿਸੇ ਹੋਰ ਦੀ ਜਗੀਰ ਅਸੀਂ ਹੋ ਗਏ।
ਲੇਖਾ ਜੋਖਾ ਜਦੋਂ ਕੀਤਾ ਜ਼ਿੰਦਗੀ ਦੇ ਸਫ਼ਰ ਦਾ,
ਮੰਜ਼ਿਲ ਅਜੇ ਦੂਰ ਰਾਹਗੀਰ ਅਸੀਂ ਹੋ ਗਏ।
ਕੰਨ ਪੜਵਾ ਕੇ ਮੰਗੂ ਧੀਦੋ ਤੋਂ ਰਾਂਝਾ ਹੋਇਆ,
ਚੂਚਕੇ ਦੀ ਬੇਟੀ ਤੋਂ ਹੀਰ ਅਸੀਂ ਹੋ ਗਏ।
ਲੁੱਟ ਗਿਆ ਸਭ ਕੁੱਝ ਵਜ਼ੂਦ ਕਿੱਥੇ ਬਚਿਆ,
ਆਪਣੇ ਹੀ ਸ਼ਹਿਰ ਪਨਾਹਗੀਰ ਅਸੀਂ ਹੋ ਗਏ।
ਤੇਰੀ ਬੇਗੁਨਾਹੀ ਦਾ ਸਬੂਤ ਕਦੋਂ ਮੰਗਿਆ,
ਨਾ ਪੁੱਛਿਆ ਹੀ ਤੂੰ, ਕਿਉਂ ‘ਹਕੀਰ’ ਅਸੀਂ ਹੋ ਗਏ।
– ਸੁਲੱਖਣ ਮਹਿਮੀ
+647-786-6329