Breaking News
Home / ਰੈਗੂਲਰ ਕਾਲਮ / ਇਹੋ ਜਿਹਾ ਸੀ ਮੇਰਾ ਬਚਪਨ-2

ਇਹੋ ਜਿਹਾ ਸੀ ਮੇਰਾ ਬਚਪਨ-2

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ, 94174-21700
ਮੈਂ ਬਹੁਤ ਨਿਆਣਾ ਸਾਂ। ਗਰਮੀਂ ਦੇ ਦਿਨਾਂ ਵਿਚ ਲੋਕਾਂ ਨੂੰ ਮੀਂਹ ਦੀ ਬੜੀ ਬੇਸਬਰੀ ਨਾਲ ਉਡੀਕ ਹੁੰਦੀ। ਜਦ ਸਾਉਣ ਮਹੀਨਂਾ ਚੜ੍ਹਦਾ ਤਾਂ ਪਿੰਡ ਵੱਖਰੀ ਰੰਗਤ ਵਿਚ ਰੰਗਿਆ ਜਾਂਦਾ। ਸਵੇਰੇ ਸਵੇਰੇ ਗੁਰੂ ਘਰ ਵਿਚੋਂ ਬਾਬਾ ਜੀ ਸਾਉਣ ਮਹੀਨੇ ਦੀ ਬਾਣੀ ਉਚਾਰਦੇ। ਆਥਣ ਤੋਂ ਪਹਿਲਾਂ ਕੁੜੀਆਂ ਪੀਘਾਂ ਝੂਟਦੀਆਂ। ਮੈਂ ਆਪਣੀ ਭੂਆ ਊਸ਼ਾ ਨਾਲ ਤੀਆਂ ‘ਤੇ ਜਾਂਦਾ, ਨਾਲ ਭੂਆ ਦੀਆਂ ਹਾਨਣਾ ਹੁੰਦੀਆਂ, ਇਸ ਵੇਲੇ ਕੁਝ ਕੁ ਨਾਂ ਚੇਤੇ ਹਨ ਮੌੜਾਂ ਦੀ ਲਾਲੀ ਤੇ ਬਿੰਦਰੀ, ਗੱਗੀ ਗੁਰਮੇਲ ਕੀ, ਮੇਰੀ ਮਾਸੀ ਦੀ ਕੁੜੀ ਦਰਸ਼ਨਾ ਵੀ ਮੇਰੀ ਭੁਆ ਦੀ ਸਹੇਲੀਆਂ ਵਾਂਗ ਹੀ ਸੀ। ਤੀਆਂ ਦੇ ਦਿਨ ਬਹੁਤ ਰਮਣੀਕ ਹੁੰਦੇ ਸਨ। ਬੱਦਲ ਚੜ੍ਹਦਾ ਤਾਂ ਹਰ ਇੱਕ ਦਾ ਮਨ ਝੂੰਮ ਉਠਦਾ। ਕਈਆਂ ਦੇ ਘਰੇ ਵੰਨ-ਸੁਵੰਨੇ ਪਕਵਾਨ ਬਣਦੇ। ਮੀਂਹ ਲੱਥਦਾ ਤਾਂ ਖੀਰ ਰਿੱਝਦੀ ਤੇ ਪੂੜੇ ਤਲੇ ਜਾਂਦੇ। (ਹੁਣ ਨਾ ਕੋਈ ਪੂੜੈ ਖਾਵੇ ਤੇ ਨਾ ਕਈ ਤਲੇ)। ਮੇਰੀ ਮਾਂ ਰਵਾਇਤੀ ਖਾਣਾ ਬਣਾਉਣ ਵਿਚ ਸਭ ਤੋਂ ਅੱਗੇ ਹੁੰਦੀ ਸੀ।
ਕੁੜੀਆਂ ਗੁੱਡੀ ਫੂਕਦੀਆਂ ਕਿ ਮੀਂਹ ਪਵੇਗਾ! ਮੀਂਹ ਫਿਰ ਵੀ ਨਾ ਪੈਂਦਾ। ਪਿੰਡ ਦੇ ਸਿਆਣੇ-ਨਿਆਣੇ ਕੁੱਤਿਆਂ ਲਈ ਰੋਟੀਆਂ ‘ਕੱਠੀਆਂ ਕਰਦੇ ਤੇ ਟੋਕਰੇ ਭਰਦੇ। ਕੁੱਤਿਆਂ ਨੂੰ ਇਸ ਲਈ ਰੋਟੀ ਪਾਈ ਜਾਂਦੀ ਕਿ ਇਹ ਦਰਵੇਸ਼ ਹਨ ਤੇ ਇਹਨਾਂ ਦੀ ਆਤਮਾ ਦੀ ਆਵਾਜ਼ ਇੰਦਰ ਦੇਵਤਾ ਸੁਣਕੇ ਪ੍ਰਸੰਨ ਹੋਵੇਗਾ ਤੇ ਮੀਂਹ ਲਾਜ਼ਮੀਂ ਆਵੇਗਾ ਪਰ ਮੀਂਹ ਫਿਰ ਵੀ ਨਾ ਆਉਂਦਾ ਤੇ ਲੋਕੀਂ ਗੱਲਾਂ ਕਰਦੇ, ”ਬਈ, ਹੁਣ ਕੀ ਕਰੀਏ, ਜਦ ਕੁਦਰਤ ਈ ਕਹਿਰਵਾਨ ਹੋਗੀ ਐ।” ਕੋਈ ਆਖਦਾ, ”ਭਾਈ ਦਾਤੇ ਦੀਆਂ ਲਿਖੀਆਂ ਨੂੰ ਕੌਣ ਮੋੜੇ ਪਾਵੇ? ਉਸੇ ਨੇ ਡੋਬਣਾ ਐਂ ਤੇ ਉਸੇ ਨੇ ਬਚਾਉਣਾ ਐਂ।” ਮੀਂਹ ਨੂੰ ਤਰਸਦੇ ਲੋਕ ਉਦਾਸ ਹੋ ਜਾਂਦੇ। ਸੋਕੇ ਵੀ ਬੜੀ ਬੁਰੀ ਤਰ੍ਹਾਂ ਪੈਂਦੇ ਤੇ ਡੋਬੇ ਵੀ ਅਜਿਹੇ ਆਉਂਦੇ ਕਿ ਸਿਰੇ ਤੀਕ ਡੋਬ ਜਾਂਦੇ।
ਬਹੁਤ ਦਿਨ ਮੀਂਹ ਪੈਂਦਾ ਰਿਹਾ ਸੀ। ਪਹਿਲਾਂ ਸਾਡੇ ਕੱਚੇ ਕੋਠੇ ਚੋਣ ਲੱਗੇ। ਪਰਾਂਤਾ, ਬਾਲਟੀਆਂ ਤੇ ਬੱਠਲ ਕਿਣਮਿਣ ਦੇ ਹੇਠਾਂ ਧਰੇ ਗਏ। ਫਿਰ ਪਾਣੀ ਘਰਲ-ਘਰਲ ਵਹਿਣ ਲੱਗਿਆ ਤਾਂ ਬਸ ਹੋ ਗਈ। ਬਾਲਟੀਆਂ-ਬੱਠਲ ਜੁਆਬ ਦੇ ਗਏ। ਸਾਰਾ ਟੱਬਰ ਆਸਮਾਨ ਵੱਲ ਮੂੰਹ ਕਰ-ਕਰ ਦੇਖਦਾ ਕਿ ਕਦ ਮੀਂਹ ਥੰਮ੍ਹੇਗਾ? ਕਦ ਬੰਦ ਹੋਵੇਗੀ ਇਹ ਕਿਣਮਿਣ ਕਿਣਮਿਣ! ਕਦ ਸੂਰਜ ਦੇਵਤਾ ਦੇ ਹੋਣਗੇ ਦੀਦਾਰ! ਕਦ ਜਾਵਣਗੇ ਲੋਕੀਂ ਕੰਮੀਂ-ਕਾਰੀਂ! ਸੁੱਖਾਂ ਸੁੱਖੀਆਂ ਜਾਂਦੀਆਂ। ਜਦ ਸੂਰਜ ਦੇਵਤਾ ਭੋਰਾ ਕੁ ਸਿਰੀ ਕੱਢਦਾ ਤਾਂ ਲੋਕ ਸੌ-ਸੌ ਸ਼ੁਕਰ ਕਰਦੇ। ”ਹੇ ਮੇਰੇ ਮਾਲਕਾ ਬਚਾ ਲੈ, ਤੇਰੇ ਰੱਖਣ ‘ਤੇ ਈ ਆਂ ਮੇਰੇ ਦਾਤਿਆ, ਬਸ ਕਰਜਾ ਹੁਣ ਬਹੁਤ ਹੋਗੀ ਐ।” ਮੇਰਾ ਦਾਦਾ ਬੋਲਿਆ ਸੀ। ਦਸ ਦਿਨ ਲਗਾਤਾਰ ਮੀਂਹ ਪਿਆ ਸੀ। ਲੋਕਾਂ ਦੇ ਕੋਠੇ-ਕੰਧਾਂ ਧੜੇਹ-ਧੜੇਹ ਕਰ-ਕਰ ਕੇ ਡਿੱਗਣ ਲੱਗੇ ਸਨ। ਇਹਨਾਂ ਲੋਕਾਂ ਵਿਚ ਸਰਦੇ-ਪੁੱਜਦੇ ਜੱਟ ਵੀ ਤੇ ਆਮ ਤੇ ਗਰੀਬ ਲੋਕ ਵੀ ਸ਼ਾਮਿਲ ਸਨ। ਇਹ ਇਹੋ ਜਿਹੇ ਦਿਨ ਸਨ ਕਿ ਮੇਰੀ ਮਾਂ ਸਾਨੂੰ ਤਿੰਨਾਂ ਭੈਣ-ਭਰਵਾਂ ਨੂੰ ਆਪਣੀ ਬੁੱਕਲ ਵਿਚੋਂ ਬਾਹਰ ਨਾ ਕੱਢਦੀ ਜਿਵੇਂ ਮੀਂਹ ਨੇ ਉਸਦੀ ਔਲਾਦ ਨੂੰ ਪੀ ਜਾਣਾ ਹੁੰਂਦਾ ਹੈ! ਅਸੀਂ ਆਪਣੇ ਸਿਰਫ ਕੱਪੜੇ ਹੀ ਚੁੱਕੇ ਸਨ ਤੇ ਨਾਲ ਲਗਦੇ ਮੇਰੇ ਮਾਸੀ ਕੇ ਘਰੇ ਪੱਕੇ ਕੋਠੇ ਵਿਚ ਜਾ ਬੈਠੇ ਸਾਂ। ਕੁਝ ਦਿਨ ਰਹੇ। ਜਦ ਘਰ ਆਏ ਤਾਂ ਗਿੱਲੇ ਕੋਠੇ ਡਿੱਗੂੰ-ਡਿੱਗੂੰ ਕਰਨ ਪਏ!
ਨਹਿਰਾਂ ਵੀ ਉਛਲੀਆਂ ਸਨ ਉਦੋਂ ਦਰਿਆ ਵੀ ਨੱਕੋ-ਨੱਕੋ ਵਗੇ। ਹੜ ਭਾਰੀ ਸੀ। ਗਲੀਆਂ-ਨਾਲੀਆਂ, ਟੋਭ੍ਹੇ, ਖੂਹ, ਖੇਤ, ਸੜਕ-ਪਹਾ ਤੇ ਛੱਪੜ ਕੋਈ ਲੱਭਿਆਂ ਨਹੀਂ ਸੀ ਲਭਦਾ। ਨੀਰੇ-ਚਾਰੇ ਵੰਨੀਉਂ ਪਸੂ ਭੁੱਖੇ ਮਰਨ ਲੱਗੇ ਸਨ। ਬਹੁਤ ਲੋਕ ਦੂਰ ਕਿਧਰੇ ਰਿਸ਼ਤੇਦਾਰੀਆਂ ਵਿਚ ਚਲੇ ਗਏ। ਰੁੱਖਾਂ ਉਤੇ ਸੱਪ ਚੜ੍ਹ ਗਏ। ਪਾਣੀ ਦੇ ਡਰੋਂ ਜੇ ਕੋਈ ਰੁੱਖ ਉਤੇ ਚੜ੍ਹਿਆਂ ਤਾਂ ਉਹ ਸੱਪ ਦਾ ਡੰਗ ਖਾ ਬੈਠਾ। ਪੰਛੀਆਂ ਦੇ ਆਲ੍ਹਣੇ ਉਜੜ-ਪੁੱਜੜ ਗਏ। ਫਸਲਾਂ ਨੂੰ ਪਾਣੀ ਡੀਕ ਲਾ ਕੇ ਪੀ ਗਿਆ। ਲੋਕਾਂ ਨੂੰ ਗੀਤ ਭੁੱਲ ਗਏ ਤੇ ਰੋਣਾ-ਕੁਰਲਾਣਾ ਹਾਵੀ ਹੋ ਗਿਆ ਹਰ ਇੱਕ ਮਨ ਉਤੇ। ਕੀ ਬੱਚਾ ਤੇ ਕੀ ਸਿਆਣਾ, ਹਰ ਕਈ ਰੱਬ ਨੂੰ ਰੱਜ ਰੱਜ ਕੇ ਕੋਸੇ ਕਿ ਦਾਤਿਆ ਕਿਹੜੇ ਜੁੱਗ ਦਾ ਵੈਰ ਕੱਢਿਆ ਈ। ਜਿੰਨਾ ਕੁ ਮੈਨੂੰ ਚੇਤੇ ਹੈ ਅਸੀਂ ਘਰ ਹੀ ਰਹੇ ਸਾਂ ਉਸ ਹੜ੍ਹ ਵਿਚ। ਸਾਡੇ ਪਿੰਡ ਪਾਣੀ ਨੇ ਓਨੀ ਮਾਰ ਨਹੀਂ ਸੀ ਕੀਤੀ ਜਿੰਨੀ ਦੂਜਿਆਂ ਪਿੰਡਾਂ ਵਿਚ ਕੀਤੀ ਸੀ। ਪਹਿਲਾਂ ਮੀਂਹ ਪੈਣ ‘ਤੇ ਸੱਖਾਂ ਸੁਖਦੇ ਸਨ ਲੋਕ ਤੇ ਹੁਣ ਮੀਂਹ ਬੰਦ ਹੋਣ ਦੀਆਂ ਸੁੱਖਾਂ ਸੁੱਖਣ ਲੱਗੇ ਸਨ। ਪਾਕਿਸਤਾਨ ਵਿਚ ਵੀ ਉਦੋਂ ਭਾਰੀ ਹੜ੍ਹ ਆਏ ਸਨ ਤਬਾਹੀ ਦੀ ਆਖੀਰ ਹੋ ਗਈ ਸੀ। ਰੇਡੀਓ ਉਤੋਂ ਖਬਰਾਂ ਤੇ ਮੌਸਮ ਦਾ ਹਾਲ-ਚਾਲ ਸੁਣਦੇ ਬਹੁਤੇ ਲੋਕ ਇਹੋ ਆਖੀ ਜਾਂਦੇ ਸਨ ਕਿ ਪਾਣੀ ਪਾਕਿਸਤਾਨੋਂ ਆਇਆ ਹੈ ਤੇ ਮੁਸਲਿਆਂ ਨੇ ਜਾਣ ਬੁੱਝ ਕੇ ਭੇਜਿਆ ਹੈ, ਸਾਨੂੰ ਤਬਾਹ ਕਰਨ ਵਾਸਤੇ।
(ਚਲਦਾ)

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …