ਦੀਪਕ ਸ਼ਰਮਾ ਚਨਾਰਥਲ, 98152-52959
ਪੰਜਾਬ ਵਿਚ ਸੱਤਾ ਹੀ ਬਦਲੀ ਹੈ, ਹਾਲਾਤ ਨਹੀਂ ਬਦਲੇ। ਪੱਗਾਂ ਦੇ ਰੰਗ ਹੀ ਬਦਲੇ ਹਨ, ਕਿਸਾਨਾਂ ਦੇ ਗਲ ਪੈਣ ਵਾਲੇ ਫਾਹੇ ਨਹੀਂ ਬਦਲੇ। ਥਾਣਿਆਂ ‘ਚ ਫੋਨਾਂ ‘ਤੇ ਧਮਕਾਉਣ ਵਾਲੇ ਲੀਡਰਾਂ ਦੇ ਨਾਂ ਹੀ ਬਦਲੇ ਹਨ ਸਿਆਸਤ ਦਾ ਸਰੂਪ ਨਹੀਂ ਬਦਲਿਆ। ਕਿਸਾਨਾਂ ਨੂੰ ਕਰਜ਼ਾ ਮੁਕਤੀ ਦੇ ਸਰਟੀਫਿਕੇਟ ਤਾਂ ਜ਼ਰੂਰ ਵੰਡੇ ਗਏ, ਜਿਸਦੀ ਥੋੜ੍ਹੀ ਬਹੁਤ ਰਾਹਤ ਵੀ ਕਿਸਾਨਾਂ ਤੱਕ ਅੱਪੜੀ, ਪਰ ਅੱਜ ਵੀ ਪੰਜਾਬ ਵਿਚ ਕਿਸਾਨਾਂ ਦੀ ਖੁਦਕੁਸ਼ੀ ਬਾਦਸਤੂਰ ਜਾਰੀ ਹੈ। ਖੇਤ ਮਜ਼ਦੂਰ ਤੇ ਗਰੀਬ ਤਬਕਾ ਆਦਿ ਦੀ ਤਾਂ ਕੋਈ ਸਾਰ ਹੀ ਨਹੀਂ ਲੈ ਰਿਹਾ। ਮੁਲਾਜ਼ਮ ਚਾਰ-ਚਾਰ, ਪੰਜ-ਪੰਜ ਮਹੀਨਿਆਂ ਤੋਂ ਤਨਖਾਹਾਂ ਉਡੀਕਦੇ ਹਨ ਤੇ ਸਰਕਾਰ ਖਜ਼ਾਨਾ ਖਾਲੀ ਹੋਣ ਦਾ ਰੋਣਾ ਰੋ ਕੇ ਸਾਰ ਦਿੰਦੀ ਹੈ। ਮੰਤਰੀ ਤਾਂ ਮੰਤਰੀ, ਸੰਤਰੀ ਤਾਂ ਸੰਤਰੀ ਇੱਥੇ ਲੱਲੀ- ਛੱਲੀ ਲੀਡਰ ਵੀ ਪੁਲਿਸ ਦੀਆਂ ਜਿਪਸੀਆਂ ਲਈ ਬੈਠੇ ਹਨ ਤੇ ਸੁਰੱਖਿਆ ਛੱਤਰੀ ਦੇ ਨਾਂ ਹੇਠ ਸਾਰੇ ਸਿਆਸੀ ਦਲਾਂ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਕੁਝ ਹੋਰ ਅਜਿਹੇ ਅਨਸਰ ਜਿਹੜੇ ਪੁਲਿਸ ਰਿਕਾਰਡ ਵਿਚ ਭਗੌੜੇ ਤੱਕ ਹਨ, ਨੇ ਸਰਕਾਰੀ ਖਜ਼ਾਨੇ ਵਿਚ ਮੋਰੀਆਂ ਕਰ ਰੱਖੀਆਂ ਹਨ। ਕਹਿਣ ਨੂੰ ਖਜ਼ਾਨਾ ਖਾਲੀ ਹੈ, ਪਰ ਯਾਰੀਆਂ ਪੁਗਾਉਣ ਲਈ, ਸੈਰਗਾਹਾਂ ‘ਤੇ ਜਾਣ ਲਈ, ਹਿਮਾਚਲ ਵਿਚ ਛੁੱਟੀਆਂ ਬਿਤਾਉਣ ਲਈ ਕੋਈ ਘਾਟਾ ਨਹੀਂ। ਇਕ ਪਾਸੇ ਪੰਜਾਬ ਵਿਚ ਦਰਪੇਸ਼ ਮੁਸ਼ਕਲਾਂ ਚਾਹੇ ਕਿਸਾਨੀ ਦਾ ਮਸਲਾ ਹੋਵੇ, ਚਾਹੇ ਬੇਰੁਜ਼ਗਾਰੀ ਦੀ ਗੱਲ ਹੋਵੇ, ਚਾਹੇ ਤਨਖਾਹਾਂ ਤੇ ਭੱਤਿਆਂ ਦੀ ਗੱਲ ਹੋਵੇ, ਚਾਹੇ ਨਸ਼ਿਆਂ ਦਾ ਵੱਡਾ ਮੁੱਦਾ ਹੋਵੇ ਤੇ ਚਾਹੇ ਨਜਾਇਜ਼ ਮਾਈਨਿੰਗ ਜਾਂ ਕੁਝ ਹੋਰ ਮਸਲੇ ਹੋਣ, ਸਭ ਉਵੇਂ ਦੇ ਉਵੇਂ ਹੀ ਵੱਡੇ ਸਵਾਲ ਬਣ ਕੇ ਸਰਕਾਰ ਮੂਹਰੇ ਖੜ੍ਹੇ ਹਨ, ਪਰ ਪੰਜਾਬ ਨੂੰ ਸੁੱਕਣੇ ਪਾ ਕੇ ਆਪ ਜਨਾਬ ਤੁਰ ਗਏ ਪਹਾੜਾਂ ਦੀ ਸੈਰ ਉਤੇ। ਚਰਚਾ ਤਾਂ ਫਿਰ ਸ਼ੋਸ਼ਲ ਮੀਡੀਆ ‘ਤੇ ਵੀ ਜੰਮ ਕੇ ਹੋਈ। ਕੋਈ ਆਖ ਰਿਹਾ ਹੈ ਪਾਕਿਸਤਾਨੀ ਸਹੇਲੀ ਦਾ ਜਨਮ ਦਿਨ ਮਨਾਉਣ ਗਏ ਹਨ ਤੇ ਤਸਵੀਰਾਂ ਸਾਹਮਣੇ ਆਉਂਦੀਆਂ ਹਨ ਖੁੱਲ੍ਹੇ ਵਿਚ ਤਿਆਰ ਹੋ ਰਹੇ ਖਾਣੇ ਨੂੰ ਖੁਦ ਪਕਾ ਕੇ ਵੇਖਣ ਦੀਆਂ। ਨਾ ਸ਼ਾਹਕੋਟ ਦੀ ਚੋਣ ਦਾ ਫਿਕਰ, ਨਾ ਪੰਜਾਬ ਦੇ ਪਾਣੀਆਂ ‘ਚ ਜ਼ਹਿਰ ਘੋਲਣ ਵਾਲੇ ਵੱਡੇ ਧਨਾਢਾਂ ‘ਤੇ ਕਾਰਵਾਈ ਕਰਨ ਦੀ ਚਿੰਤਾ, ਬਸ ਸ਼ਾਹੀ ਠਾਠ ਹੈ ਤੇ ਉਪਰੋਂ ਆਪਣੀ ਸਰਕਾਰ ਹੈ, ਫਿਰ ਪੰਜਾਬ ਭਾਵੇਂ ਪਿਆ ਰਹੇ ਸੁੱਕਣੇ, ਆਪਾਂ ਤਾਂ ਮਾਣੋ ਠੰਡੀਆਂ ਹਵਾਵਾਂ। ਰੱਬ ਰਾਖਾ ਮੇਰੇ ਪੰਜਾਬ ਦਾ।
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …