Breaking News
Home / ਰੈਗੂਲਰ ਕਾਲਮ / ਮੇਰੀ ਆਖਰੀ ਪੋਸਟ

ਮੇਰੀ ਆਖਰੀ ਪੋਸਟ

ਜਰਨੈਲ ਸਿੰਘ
(ਕਿਸ਼ਤ 25ਵੀਂ)
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਸੋ ਰਿਸਕ ਤਾਂ ਹੈਗਾ ਹੀ ਸੀ। ਪਰ ਮੇਰਾ ਸੰਵੇਦਨਸ਼ੀਲ ਮਨ ਵਰਦੀ ਦੀ ਨੌਕਰੀ ਤੋਂ ਅੱਕ-ਥੱਕ ਚੁੱਕਾ ਸੀ। ਵਰਦੀ ਨੇ ਮੇਰੀ ਜ਼ਬਾਨ ਨੂੰ ਜੰਦਰਾ ਮਾਰਿਆ ਹੋਇਆ ਸੀ। ਮੈਂ ਇਹ ਨਹੀਂ ਸੀ ਪੁੱਛ ਸਕਦਾ ਕਿ ਹਵਾ ‘ਚ ਉੱਡਣ ਵਾਲ਼ੀਆਂ ਮਸ਼ੀਨਾਂ ਦੇ ਤਕਨੀਸ਼ਨਾਂ ਦੀ ਤਨਖਾਹ ਏਨੀ ਥੋੜ੍ਹੀ ਕਿਉਂ ਹੈ? ਅਫਸਰਾਂ ਤੇ ਹੇਠਲੇ ਰੈਂਕਾਂ ਵਿਚ ਏਨਾ ਪਾੜਾ ਕਿਉਂ ਹੈ? ਪਾੜਾ ਸਿਰਫ਼ ਤਨਖਾਹਾਂ ‘ਚ ਹੀ ਨਹੀਂ, ਮੈੱਸਾਂ ਦੇ ਖਾਣਿਆਂ ਤੇ ਵਰਦੀਆਂ ਦੇ ਕੱਪੜਿਆ ਦੀ ਕੁਆਲਿਟੀ ਵਿਚ ਵੀ। ਇਨ੍ਹਾਂ ਸ਼ਿਕਵਿਆਂ ਦੀ ਘੁਟਣ ਤੋਂ ਇਲਾਵਾ ਵੱਡੀ ਗੱਲ ਇਹ ਕਿ ਮੇਰੇ ਮਨ ‘ਤੇ ਆਜ਼ਾਦੀ ਨਾਲ਼ ਕਹਾਣੀਆਂ ਲਿਖਣ ਤੇ ਛਪਵਾਉਣ ਦੀ ਰੀਝ ਹਾਵੀ ਹੋ ਚੁੱਕੀ ਸੀ।
ਪੰਜਾਬੀ ਦੀ ਐਮ.ਏ ਸਿਰੇ ਲਾ ਦਿੱਤੀ।
ਰਿਟਾਇਰਮੈਂਟ ਤੋਂ 6 ਮਹੀਨੇ ਪਹਿਲਾਂ, ਸਿਵਲ ‘ਚ ਨੌਕਰੀ ਵਾਸਤੇ ਅਪਲਾਈ ਕਰਨ ਲਈ ਐਨ.ਓ.ਸੀ ਮਿਲ਼ ਗਿਆ। ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਚੰਡੀਗੜ੍ਹ ਨੇ ‘Field Economics Investigator’ (ਫੀਲਡ ਇਕਨਾਮਿਕਸ ਇਨਵੈਸਟੀਗੇਟਰ) ਦੀਆਂ ਪੋਸਟਾਂ ਵਾਸਤੇ ਦਰਖਾਸਤਾਂ ਮੰਗੀਆਂ। ਮੈਂ ਅਪਲਾਈ ਕਰ ਦਿੱਤਾ। ਇੰਟਰਵਿਊ-ਕਮੇਟੀ ‘ਚ ਤਿੰਨ ਉੱਚ ਅਧਿਕਾਰੀ ਸਨਂ ਪੰਜਾਬ ਸਟੇਟ ਕੋਆਪ੍ਰੇਟਿਵ ਮਹਿਕਮੇ ਦਾ ਰਜਿਸਟਰਾਰ ਮਿਸਟਰ ਜੋਸ਼ੀ ਆਈ.ਏ.ਐਸ, ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਦਾ ਮੈਨੇਜਿੰਗ ਡਾਇਰੈਕਟਰ ਸ.ਅਮਰਜੀਤ ਸਿੰਘ ਵਾਲੀਆ ਅਤੇ ਇਸੇ ਬੈਂਕ ਦਾ ਜਨਰਲ ਮੈਨੇਜਰ (ਨਾਂ ਯਾਦ ਨਹੀਂ)। ਮਿਸਟਰ ਜੋਸ਼ੀ ਨੇ ਅੰਗ੍ਰੇਜ਼ੀ ਸਾਹਿਤ ਪੜ੍ਹਿਆ ਹੋਇਆ ਸੀ। ਉਸਨੇ ਰੁਮਾਂਟਿਕ ਲਹਿਰ ਦੇ ਕਵੀਆਂ ਸ਼ੈਲੇ ਤੇ ਕੀਟਸ ਬਾਰੇ ਸਵਾਲ ਪੁੱਛੇ। ਉਹ ਸਵਾਲ ਮੇਰੇ ਲਈ ਸੌਖੇ ਸਨ।
”ਤੁਸੀਂ ਫੌਜੀ ਹੋ। ਡਸਿਪਲਿਨ ਬਾਰੇ ਕੁਝ ਦੱਸੋ?” ਮਿਸਟਰ ਵਾਲੀਆ ਨੇ ਪੁੱਛਿਆ।
”ਸਰ! ਫੌਜ ਵਿਚ ਤਾਂ ਡਸਿਪਲਿਨ ਦਾ ਮਤਲਬ, ਬੰਦਿਆਂ ਦੇ ਮਨਾਂ ਅੰਦਰ ਸਜ਼ਾਵਾਂ ਦਾ ਡਰ ਭਰ ਕੇ ਉਨ੍ਹਾਂ ਨੂੰ ਕਾਬੂ ‘ਚ ਰੱਖਣ ਅਤੇ ਉਨ੍ਹਾਂ ‘ਤੇ ਹੁਕਮ ਚਲਾਉਣਾ ਹੀ ਹੁੰਦਾ ਹੈ। ਪਰ ਮੇਰੇ ਮੁਤਾਬਿਕ ਡਸਿਪਲਿਨ ਦਾ ਅਰਥ ਬੰਦੇ ਵੱਲੋਂ ਚੰਗੇ ਨਿਯਮਾਂ ਜਿਵੇਂ ਜ਼ਿੰਮੇਵਾਰੀ, ਤਰਤੀਬ, ਸੁਹਿਰਦਤਾ, ਸਦਾਚਾਰ ਆਦਿ ‘ਤੇ ਪਹਿਰਾ ਦੇਣਾ ਹੈ। ਹਰ ਬੰਦੇ ਦਾ ਇਸ ਤਰ੍ਹਾਂ ਦਾ ਡਸਿਪਲਿਨ ਪਰਿਵਾਰ, ਸਮਾਜ ਤੇ ਦੇਸ਼ ਲਈ ਹਿੱਤਕਾਰੀ ਸਿੱਧ ਹੋ ਸਕਦਾ ਹੈ।”
”ਕਰਜ਼ਾ ਦੇਣ ਲੱਗਿਆਂ ਬੈਂਕ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦੈ ਤਾਂ ਕਿ ਵਸੂਲੀ ਸਮੇਂ ਸਿਰ ਹੋ ਸਕੇ?” ਜਨਰਲ ਮੈਨੇਜਰ ਨੇ ਪ੍ਰਸ਼ਨ ਕੀਤਾ।
”ਬੈਂਕ ਨੂੰ ਇਹ ਘੋਖਣਾ ਚਾਹੀਦੈ ਕਿ ਕੀ ਕਰਜ਼ਦਾਰ ‘ਚ ਕਰਜ਼ੇ ਦੀ ਰਕਮ ਮੋੜਨ ਦੀ ਸਮਰੱਥਾ ਹੈਗੀ ਏ। ਸਮੇਂ-ਸਮੇਂ ਬੈਂਕ ਇਹ ਵੀ ਚੈੱਕ ਕਰੇ ਕਿ ਕੀ ਕਰਜ਼ਦਾਰ ਨੇ ਕਰਜ਼ਾ ਸਹੀ ਮੰਤਵ ਲਈ ਵਰਤਿਆ ਹੈ?” ਮੇਰਾ ਜਵਾਬ ਸੀ।
”ਡੁੱਬ ਗਏ ਕਰਜ਼ਿਆਂ ਦੀ ਪੜਤਾਲ ਕਰਨ ਲਈ ਕੀ ਪਰੌਸੈੱਸ ਹੋਣਾ ਚਾਹੀਦੈ?” ਜਨਰਲ ਮੈਨੇਜਰ ਦਾ ਅਗਲਾ ਸਵਾਲ ਸੀ।
ਇੰਟਰਵਿਊ ਦੀ ਤਿਆਰੀ ਵਜੋਂ ਮੈਂ Investigation ਦੀਆਂ ਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਹੋਈ ਸੀ। ਉਸ ਅਨੁਸਾਰ ਜਵਾਬ ਬਣਾ ਦਿੱਤਾ। ਅੰਤ ਵਿਚ ਇੰਟਰਵਿਊ ਕਮੇਟੀ ਦੇ ਚੇਅਰਮੈਨ ਮਿਸਟਰ ਜੋਸ਼ੀ ਵੱਲੋਂ ਕਹੇ ”ਥੈਂਕ ਯੂ” ਦੇ ਜਵਾਬ ਵਿਚ ”ਥੈਂਕ ਯੂ” ਆਖ ਮੈਂ ਬਾਹਰ ਆ ਗਿਆ। ਮੇਰੇ ਹਿਸਾਬ ਨਾਲ਼ ਇੰਟਰਵਿਊ ਜੇ ਬਹੁਤ ਚੰਗੀ ਨਹੀਂ ਤਾਂ ਮਾੜੀ ਵੀ ਨਹੀਂ ਸੀ।
ਨੌਕਰੀ ਦੇ 15 ਸਾਲ ਤਾਂ ਮਾਰਚ 1977 ਨੂੰ ਪੂਰੇ ਹੋਣੇ ਸਨ। ਪਹਿਲੀ ਜਨਵਰੀ ਤੋਂ 31 ਮਾਰਚ ਤੱਕ 3 ਮਹੀਨੇ ਦੀ ਛੁੱਟੀ ਸੀ। 27 ਦਸੰਬਰ ਸ਼ਾਮ ਨੂੰ ਸੀਨੀਅਰ ਨਾਨ-ਕਮਿਸ਼ੰਡ ਅਫਸਰਾਂ ਦੀ ਸਾਡੀ ਮੈੱਸ ਵਿਚ ਮੈਨੂੰ ਤੇ ਇਕ ਵਾਰੰਟ ਅਫਸਰ ਨੂੰ ਰਸਮੀ ਕਿਸਮ ਦੀ ਵਿਦਾਇਗੀ ਪਾਰਟੀ ਦਿੱਤੀ ਗਈ। 31 ਦਸੰਬਰ ਨੂੰ ਅਸੈਂਬਲੀ ਹਾਲ ਦੇ ਤਕਨੀਸ਼ਨਾਂ ਵੱਲੋਂ ਚਾਹ-ਪਾਰਟੀ ਸੀ। ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਏਅਰਫੋਰਸ ਵਿਚ ਬੋਲਣ-ਲਿਖਣ ਦਾ ਸਾਰਾ ਵਿਹਾਰ ਅੰਗ੍ਰੇਜ਼ੀ ‘ਚ ਹੁੰਦਾ ਹੈ। ਔਜਲਾ ਸਾਹਿਬ ਨੇ ਅੰਗ੍ਰੇਜ਼ੀ ‘ਚ ਦਿੱਤੇ ਭਾਸ਼ਣ ਵਿਚ ਮੇਰੇ ਲਈ Competent technician, intellectualandtrustworthyperson (ਨਿਪੁੰਨ ਤਕਨੀਸ਼ਨ, ਬੁੱਧੀਮਾਨ ਤੇ ਭਰੋਸੇਯੋਗ ਵਿਅਕਤੀ) ਦੇ ਸ਼ਬਦ ਵਰਤਦਿਆਂ ਮੇਰੇ ਕਾਜ-ਵਿਹਾਰ ਦੀ ਸ਼ਲਾਘਾ ਕੀਤੀ ਅਤੇ ਮੇਰੇ ਚੰਗੇਰੇ ਭਵਿੱਖ ਲਈ ਸ਼ੁੱਭ ਇਛਾਵਾਂ ਦਿੱਤੀਆਂ। ਔਜਲਾ ਸਾਹਿਬ ਅਤੇ ਤਕਨੀਸ਼ਨਾਂ ਨਾਲ਼ ਕੰਮ ਕਰਨ ਨੂੰ ਆਪਣਾ ਸੁਭਾਗ ਆਖਦਿਆਂ ਮੈਂ ਉਨ੍ਹਾਂ ਵੱਲੋਂ ਮਿਲ਼ੇ ਸਨੇਹ ਤੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ। ਅਸੈਂਬਲੀ ਹਾਲ ਤੋਂ ਵਿਦਾ ਹੋਣ ਸਮੇਂ, ‘ਕੱਲੇ-‘ਕੱਲੇ ਨਾਲ਼ ਹੱਥ ਮਿਲ਼ਾਉਂਦਿਆਂ ਤੇ ਉਨ੍ਹਾਂ ਦੀਆਂ ਸ਼ੁੱਭ ਇਛਾਵਾਂ ਲੈਂਦਿਆਂ ਮੈਂ ਭਾਵੁਕ ਹੋ ਗਿਆ ਸਾਂ।
ਸ਼ਾਮ ਨੂੰ ਗਵਾਂਢੀਆਂ ਬਾਲਾ ਸੁਬਰਾਮਨੀਅਮ ਤੇ ਦਿਵਿਆ ਗਹਿਲੋਤ ਨੇ ਪਾਰਟੀ ਰੱਖੀ ਹੋਈ ਸੀ। ਮੈਂ ਤੇ ਕੁਲਵੰਤ ਬੱਚਿਆਂ ਸਮੇਤ ਜਦੋਂ ਬਾਲਾ ਸੁਬਰਾਮਨੀਅਮ ਦੇ ਕੁਆਟਰ ‘ਚ ਵੜੇ ਤਾਂ ਸਾਨੂੰ ਹੈਰਾਨੀ ਭਰੀ ਖੁਸ਼ੀ ਹੋਈ। ਗਵਾਂਢੀਆਂ ਤੋਂ ਇਲਾਵਾ ਕਾਨੂੰ ਸਨਿਆਲ, ਰਾਕੇਸ਼ ਸੂਦ, ਬੰਤਾ ਸਿੰਘ ਤੇ ਮਾਧਵ ਰਾਓ ਹੁਰੀਂ ਵੀ ਫੈਮਲੀਆਂ ਸਮੇਤ ਹਾਜ਼ਰ ਸਨ। ਸੁਬਰਾਮਨੀਅਮ ਨੇ ਦੱਸਿਆ ਕਿ ਪਾਰਟੀ ਸਾਰਿਆਂ ਨੇ ਰਲ਼ ਕੇ ਆਯੋਜਿਤ ਕੀਤੀ ਸੀ। ਸਾਰੇ ਪਰਿਵਾਰ ਇਕ-ਦੂਜੇ ਨੂੰ ਜਾਣਦੇ ਸਨ। ਇਕ ਕਮਰੇ ਦੇ ਫਰਸ਼ ‘ਤੇ ਫੌਜੀ ਕੰਬਲਾਂ ਉੱਤੇ ਬੈੱਡ-ਸ਼ੀਟਾਂ ਵਿਛਾਈਆਂ ਹੋਈਆਂ ਸਨ। ਵੱਖ-ਵੱਖ ਰੰਗਾਂ-ਨਸਲਾਂ ਵਾਲ਼ੇ ਸਾਰੇ ਜਣੇ, ਇਕ ਵੱਡੇ ਪਰਿਵਾਰ ਵਾਂਗ ਇਕਮਿੱਕ ਹੋ ਕੇ ਖਾ-ਪੀ ਰਹੇ ਸਨ। ਗੱਲਾਂ-ਬਾਤਾਂ ਵੀ ਚੱਲ ਰਹੀਆਂ ਸਨ। ਨਿਆਣਿਆਂ ਦੀ ਟੋਲੀ ਆਪਣੀਆਂ ਖੇਡਾਂ ‘ਚ ਮਸਤ ਸੀ। ਰਾਕੇਸ਼ ਨੂੰ ਗਾਉਣ ਦਾ ਸ਼ੌਂਕ ਸੀ। ਉਸਨੇ ਹੇਕ ਦੇ ਅੰਦਾਜ਼ ਵਿਚਇਕ ਪਹਾੜੀ ਗੀਤ ਸੁਣਾਇਆ। ਸਾਰਿਆਂ ਪਸੰਦ ਕੀਤਾ। ਸਨਿਆਲ ਦੀ ਪਤਨੀ (ਨਾਂ ਭੁੱਲ ਗਿਐ) ਵੀ ਕਦੀ-ਕਦੀ ਗਾ ਲੈਂਦੀ ਸੀ। ਸਾਡੇ ਕਹਿਣ ‘ਤੇ ਉਸਨੇ ਬੰਗਾਲੀ ਗੀਤ ਗਾਇਆ। ਉਸਦੀ ਸੁਰੀਲੀ ਆਵਾਜ਼ ਤੇ ਡੂੰਘੀ ਨਦੀ ਦੇ ਵਹਾਅ ਵਰਗੀ ਗੀਤ ਦੀ ਲੈਅ ਦਿਲਾਂ ਨੂੰ ਧੂਹ ਪਾਉਣ ਵਾਲ਼ੀ ਸੀ। ਸਨਿਆਲ ਦੇ ਮੂੰਹੋਂ ਗੀਤ ਦੀ ਹਿੰਦੀ ‘ਚ ਵਿਆਖਿਆ ਸੁਣ ਕੇ ਪਤਾ ਲੱਗਾ ਕਿ ਗੀਤ ਦਾ ਥੀਮ ਜੀਵਨ ਦੀ ਗਤੀਸ਼ੀਲਤਾ ਸੀ। ਪਾਰਟੀ ਦਾ ਅਨੰਦ ਮਾਣਦਿਆਂ ਸਾਡੀ ਨਿਗ੍ਹਾ ਕੰਧ ‘ਤੇ ਲਟਕਦੇ ਕਲਾਕ ਦੀਆਂ ਸੂਈਆਂ ਵੱਲ ਵੀ ਘੁੰਮ ਰਹੀ ਸੀ।
ਨਵਾਂ ਸਾਲ ਚੜ੍ਹਦਿਆਂ ਹੀ ਸਾਰਿਆਂ ਨੇ ‘ਹੈਪੀ ਨਿਊ ਯੀਅਰ’ ਅਤੇ ਸ਼ੁਭ ਇਛਾਵਾਂ ਦੇ ਬੋਲ ਸਾਂਝੇ ਕੀਤੇ। ਸਾਡੇ ਭਵਿੱਖੀ ਜੀਵਨ-ਸਫਰ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ।
ਮੁਸਾਫਰੀ ਕਿਸਮ ਦੀ ਨੌਕਰੀ ਹੋਣ ਕਾਰਨ ਸਾਡਾ ਸਾਮਾਨ ਥੋੜ੍ਹਾ ਹੀ ਸੀ ਜੋ ਦੋ ਕੁ ਦਿਨ ਪਹਿਲਾਂ ਦਲਜੀਤ ਸਿੰਘ ਆਪਣੇ ਕਿਸੇ ਦੋਸਤ ਦੇ ਜੋਂਗੇ ‘ਤੇ ਲੱਦ ਕੇ ਪਿੰਡ ਲੈ ਗਿਆ ਸੀ।
ਸਾਲ 1977 ਦੇ ਪਹਿਲੇ ਦਿਨ ਅਸੀਂ ਪਿੰਡ ਦੀ ਤਿਆਰੀ ਕਰ ਲਈ। ਬੱਸ ਅੱਡੇ ਨੂੰ ਟੁਰਨ ਸਮੇਂ ਗਵਾਂਢੀਆਂ ਨਾਲ਼ ਗਲਵੱਕੜੀਆਂ ਪਾਉਂਦਿਆਂ ਸਾਡੀਆਂ ਅਤੇ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ। ਵਰਦੀ ਵਾਲ਼ੀ ਨੌਕਰੀ ਤੋਂ ਮੁਕਤ ਹੋਣ ਦੀ ਸ਼ਾਂਤੀ ਸੀ ਜਾਂ ਪਤਾ ਨਹੀਂ ਕੀ, ਕਿ ਪਿੰਡ ਪਹੁੰਚ ਕੇ ਮੈਂ ਕਈ ਦਿਨ ਬਹੁਤ ਸੁੱਤਾ। ਮਾਂ, ਬਾਪੂ ਜੀ ਤੇ ਭੈਣ-ਭਰਾਵਾਂ ਸੰਗ ਬਹਿਣਾ ਚੰਗਾ ਲਗਦਾ ਸੀ। ਰਿਸ਼ਤੇਦਾਰਾਂ ਤੇ ਪਿੰਡ ਵਾਲਿਆਂ ਨੂੰ ਖੁਸ਼ੀ-ਖੁਸ਼ੀ ਮਿਲ਼ ਰਿਹਾ ਸਾਂ। ਇਕ ਦਿਨ ਸਾਡੀ ਬੀਹੀ ਦੀਆਂ ਦੋ ਬੁੜ੍ਹੀਆਂ ਦੇ ਬੋਲ ਮੇਰੇ ਕੰਨੀਂ ਪਏ, ”ਲੈ ਕੁੜੇ! ਇਹ ਤਾਂ ਜੁਆਨੀ ‘ਚ ਈ ਲਟੈਰ ਹੋ ਕੇ ਆ ਗਿਆ।” ”ਖਾਲੀ ਨਹੀਂ ਆਇਆ। 15 ਸਾਲ ਖੱਟ ਕਮਾ ਕੇ ਆਇਆ, ਪੈਨਸ਼ਨ ਦੇ ਸਿਰ ਹੋ ਕੇ।”
ਇਨ੍ਹਾਂ ਬੋਲਾਂ ਨੇ ਮੈਨੂੰ ਸੋਚੀਂ ਪਾ ਦਿੱਤਾ। ‘ਕਿਹੜੀ ਕਮਾਈ ਸੀ ਮੇਰੇ ਪੱਲੇ? ਮੇਰੇ ਬੈਂਕ-ਖਾਤੇ ਵਿਚ ਸਿਰਫ਼ ਤਿੰਨ ਕੁ ਹਜ਼ਾਰ ਸੀ। ਉਹ ਵੀ ਥੋੜ੍ਹੇ ਕੁ ਦਿਨ ਪਹਿਲਾਂ ਨੌਕਰੀ ਦੇ ਕੁਝ ਫੰਡ ਮਿਲ਼ੇ ਸਨ। ਤੇ ਪੈਨਸ਼ਨ ਸਿਰਫ਼ 130 ਰੁਪਏ ਮਹੀਨਾ। ਏਅਰ ਫੋਰਸ ਵਿਚ ਜਿੱਦਾਂ ਦਾ ਗਿਆ ਸੀ, ਭਰ ਜੁਆਨੀ ਦੇ 15 ਸਾਲ ਗੁਆ ਕੇ ਓਦਾਂ ਦਾ ਹੀ ਖਾਲਮ-ਖਾਲੀ ਪਰਤ ਆਇਆ ਸਾਂ।’ ਪਰ ਛੇਤੀ ਹੀ ਮੇਰੇ ਅੰਦਰੋਂ ਗੌਰਵ ਉੱਭਰ ਪਿਆਂ ਮੈਂ ਖਾਲਮ-ਖਾਲੀ ਨਹੀਂ। ਉਦੋਂ ਮੈਂ ਦਸ ਜਮਾਤੂ ਸੀ। ਹੁਣ ਮੇਰੇ ਪੱਲੇ ਦੋ ਮਾਸਟਰ ਡਿਗਰੀਆਂ ਹਨ। ਉਦੋਂ ਮੇਰੀ ਹਸਤੀ ਆਪਣੇ ਪਿੰਡ ਅਤੇ ਆਲ਼ੇ-ਦੁਆਲ਼ੇ ਦੇ 50-60 ਕਿੱਲੋਮੀਟਰਾਂ ਤੱਕ ਹੀ ਸੀਮਤ ਸੀ ਤੇ ਹੁਣ ਮੈਂ ਹਜ਼ਾਰਾਂ ਮੀਲਾਂ ਦੇ ਸੁਖਾਵੇਂ ਤੇ ਬਿਖੜੇ ਪੰਧ ਗਾਹ ਕੇ ਆਇਆ ਹਾਂ। ਭਾਰਤ ਦੇ ਤਕਰੀਬਨ ਅੱਧੇ ਸੂਬਿਆਂ ਦੇ ਸ਼ਹਿਰ, ਕਸਬੇ ਅਤੇ ਸੋਹਣੇ- ਕੁਸੋਹਣੇ ਸਥਾਨ ਦੇਖੇ ਹੀ ਨਹੀਂ, ਸਾਰੇ ਥਾਵੀਂ ਰਹਿੰਦਾ-ਵਸਦਾ ਰਿਹਾਂ। ਅਨੇਕਾਂ ਸਮਾਰਕ ਦੇਖੇ ਹਨ। ਅਨੇਕਾਂ ਦਰਿਆਵਾਂ ਤੇ ਚੇਨਈ ਦੇ ਸਮੁੰਦਰ ਨਾਲ਼ ਸਾਂਝ ਪਾਈ ਹੈ।…ਤੇ ਏਅਰਫੋਰਸ ਵਿਚ ਮੇਰੇ ਨਾਲ ਸਾਰੇ ਸੂਬਿਆਂ ਦੇ ਲੋਕ ਕੰਮ ਕਰਦੇ ਸਨ। ਬੈਰਕਾਂ-ਕੁਆਟਰਾਂ ਵਿਚ ਉਨ੍ਹਾਂ ਦੇ ਨਾਲ਼ ਹੀ ਰਹਿੰਦਾ ਰਿਹਾਂ। ਉਨ੍ਹਾਂ ਵਿਚ ਵਿਚਰਦਿਆਂ ਉਨ੍ਹਾਂ ਦੀ ਰਹਿਣੀ-ਬਹਿਣੀ, ਰਸਮੋ-ਰਿਵਾਜ ਤੇ ਜੀਵਨ-ਸ਼ੈਲੀ ਨੂੰ ਨੇੜਿਓਂ ਵੇਖਿਆ ਹੈ, ਸਮਝਿਆ ਹੈ। ਨੇੜਲੀ ਸਾਂਝ ਵਾਲ਼ੇ ਮਿੱਤਰ-ਪਿਆਰਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਨੇਹ ਭਰਿਆ ਸਾਥ ਨਸੀਬ ਹੋਇਆ ਹੈ। ਪਾਕਿਸਤਾਨ ਨਾਲ਼ ਹੋਈਆਂ ਜੰਗਾਂ ਦੌਰਾਨ ਜੰਗਾਂ ਦੀ ਭਿਆਨਕਤਾ ਤੇ ਕਰੂਰਤਾ ਹੱਡੀਂ ਹੰਢਾਈ ਹੋਈ ਏ। ਜੰਗ ਲੜਦਿਆਂ ਫੌਜੀਆਂ ਦੇ ਜੋਸ਼, ਬਹਾਦਰੀ, ਭੈਅ ਅਤੇ ਚਿੰਤਾਵਾਂ ਦੇ ਅਹਿਸਾਸ ਮੇਰੀਆਂ ਹੱਡ-ਬੀਤੀਆਂ ਦਾ ਹਿੱਸਾ ਹਨ। ਫੌਜੀਆਂ ਦੀ ਹੋਣੀ ਦੀਆਂ ਕੁਝ ਤ੍ਰਾਸਦਿਕ ਘਟਨਾਵਾਂ ਦਾ ਮੈਂ ਚਸ਼ਮਦੀਦ ਗਵਾਹ ਹਾਂ। ਏਅਰਫੋਰਸ ਦੇ ਵੱਖ-ਵੱਖ ਤਰ੍ਹਾਂ ਦੇ ਇਹ ਸਾਰੇ ਅਨੁਭਵ ਮੇਰੇ ਲਈ ਇਕ ਵਿਸ਼ੇਸ਼ ਕਿਸਮ ਦੀ ਤਾਲੀਮ ਹੈ। ਏਅਰਫੋਰਸ ‘ਚ ਹਾਸਲ ਕੀਤੀ ਅਕਾਦਮਿਕ ਯੋਗਤਾ ਅਤੇ ਇਸ ਵਿਸ਼ੇਸ਼ ਕਿਸਮ ਦੀ ਤਾਲੀਮ ਨੇ ਮੇਰੇ ਨਜ਼ਰੀਏ ਅਤੇ ਜੀਵਨ ਦ੍ਰਿਸ਼ਟੀ ਨੂੰ ਵਸੀਹ ਕੀਤਾ ਹੈ’। ਇਸ ਹਿਸਾਬ-ਕਿਤਾਬ ਦੀ ਆਖਰੀ ਗੱਲ ਇਹ ਸੀ, ‘ਏਅਰਫੋਰਸ ਮੇਰੇ ਲਈ ਸਿਰਫ਼ ਮਾੜੀ ਹੀ ਨਹੀਂ, ਚੰਗੀ ਵੀ ਸੀ। ਜੇ ਮੈਥੋਂ ਜਵਾਨੀ ਦੇ 15 ਸਾਲ ਲਏ ਹਨ ਤਾਂ ਮੈਨੂੰ ਕੁਝ ਦਿੱਤਾ ਵੀ ਹੈ, ਜੋ ਦਿੱਤਾ ਹੈ ਉਹ ਵਿਸ਼ੇਸ਼ ਹੈ।’
(ਇਹ ਆਰਟੀਕਲ ਇਥੇ ਸਮਾਪਤ ਹੁੰਦਾ ਹੈ)

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …