Breaking News
Home / ਰੈਗੂਲਰ ਕਾਲਮ / ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਿੱਖ ਇਤਿਹਾਸਕਾਰ – ਡਾ. ਜਸਬੀਰ ਸਿੰਘ ਸਰਨਾ ਨਾਲ ਇਕ ਮੁਲਾਕਾਤ

ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਿੱਖ ਇਤਿਹਾਸਕਾਰ – ਡਾ. ਜਸਬੀਰ ਸਿੰਘ ਸਰਨਾ ਨਾਲ ਇਕ ਮੁਲਾਕਾਤ

‘ਮੈਂ ਕਸ਼ਮੀਰ ਗਿਆ ਤੇ ਪਿੱਛੋਂ
ਮੁਲਾਕਾਤ ਕਰਤਾ
ਡਾ.ਦੇਵਿੰਦਰ ਪਾਲ ਸਿੰਘ 416-859-1856
(ਕਿਸ਼ਤ ਦੂਜੀ)
ਕੋਸ਼ਕਾਰੀ : World Punjabi Writers Who’s Who (2004), (2004), ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਪਸ਼ੂ-ਪੰਛੀ ਤੇ ਬਨਸਪਤੀ ਸੰਕੇਤਾਂ ਦਾ ਕੋਸ਼ (2007), ਸ਼੍ਰੀ ਗੁਰੂ ਗ੍ਰੰਥ ਸਾਹਿਬ : ਮੂਲ ਸੰਕਲਪ ਕੋਸ਼ (2010), ਪੰਜਾਬੀ ਵਿਰਾਸਤ ਕੋਸ਼ (2013), ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਲੋਕਧਾਰਾਈ ਸੰਕੇਤਾਂ ਦਾ ਕੋਸ਼ (2012), ਗੁਰਦੁਆਰਾ ਕੋਸ਼ (2013), ਸਹਿ ਸੰ. ਪਾਤਸ਼ਾਹੀ ੧੦ :ਵਿਚਾਰ ਕੋਸ਼ (2017) ਪੰਜਾਬੀ ਸਾਹਿਤ : ਸਾਹਿਤਕਧਾਰਾ (2001), 1947: ਘਲੂਘਾਰੇ ਦੀ ਕਵਿਤਾ (2016), ਪੰਜਾਬੀ ਲੋਕ ਗੀਤ (2018), ਲੇਖਕ ਅਨੁਕ੍ਰਮਣਿਕਾ ਵਿਸ਼ੇਸ਼ ਅੰਕ ਸ਼ੀਰਾਜਾ (2018), ਸੰ, ਗੁਰਮੁਖੀ ਲਿਪੀ: ਉਤਪਤੀ, ਉਨਤੀ ਅਤੇ ਉਤਮ ਹੱਥ ਲਿਖਤਾਂ (2018), ਕੁਰਾਨ ਸ਼ਰੀਫ ਦੀਆਂ ਗੁਰਬਾਣੀ ਨਾਲ ਮਿਲਦੀਆਂ ਆਇਤਾਂ (2019), ਸੰ. ਗੁਰੂ ਨਾਨਕ ਸਾਹਿਬ ਦਾ ਅਰਬ ਦੇਸ਼ਾਂ ਦਾ ਸਫਰਨਾਮਾ (2020, ਦੂਜਾ ਐਡੀਸ਼ਨ), ਸਫ਼ਰਨਾਮਾ ਏ ਪਾਕਿਸਤਾਨ ਅਤੇ ਹੋਰ (2020)
ਵਿਗਿਆਨ : ਕਸ਼ਮੀਰ ਦੇ ਜੰਗਲੀ ਫੁੱਲ (1998), ਜੰਮੂ-ਕਸ਼ਮੀਰ ਦੇ ਅਨੋਖੇ ਪੰਛੀ ਅਤੇ ਜੰਗਲੀ ਜੀਵ (2007), Flora and Fauna in Guru Nanak’s Bani (2018, 2nd Ed.), ਕਸ਼ਮੀਰ ਦੇ ਜੰਗਲੀ ਫੁਲ, ਪੰਛੀ ਅਤੇ ਜੀਵ (2020). ਪਿਛੇ ਜਿਹੇ ਹੀ 1849 ਤੋਂ 2018 ਤਕ ਦੀਆਂ ਪੰਜਾਬੀ ਹਵਾਲਾ ਪੁਸਤਕਾਂ ਦਾ ਸਰਵੇਖਣ ਡਾ. ਐਮ. ਪੀ. ਸਤੀਜਾ, ਡਾ ਸੁਖਦੇਵ ਸਿੰਘ, ਡਾ. ਹਰੀਸ਼ ਚੰਦਰ ਵਲੋਂ ਕੀਤਾ ਗਿਆ। ਇਸ ਕੈਟਾਗਰੀ ਵਿੱਚ ਮੈਂਨੂੰ ਸਰਵੋਤਮ ਸਥਾਨ ਹਾਸਲ ਹੋਇਆ ਹੈ। ਅੱਜ ਤਕ ਤਕਰੀਬਨ 51 ਪੁਸਤਕਾਂ ਛਪ ਚੁੱਕੀਆਂ ਹਨ। ਜੰਮੂ-ਕਸ਼ਮੀਰ ਦੀ ਸਿਖ ਤਵਾਰੀਖ ਦਾ ਨਵਾਂ ਐਡੀਸ਼ਨ ਤਿੰਨ ਕੁ ਮਹੀਨੇ ਤੱਕ ਅਉਣ ਦਾ ਇੰਤਜ਼ਾਰ ਹੈ। ਉਸ ਤੋਂ ਇਲਾਵਾ ਅੰਗਰੇਜ਼ੀ ਭਾਸ਼ਾ ਵਿਚ ਰਚਿਤ ਕਿਤਾਬ : ”ਦਾ ਸਿੱਖਸ ਇੰਨ ਜੰਮੂ ਐਂਡ ਕਸ਼ਮੀਰ” ਵੀ ਤਿਆਰੀ ਅਧੀਨ ਹੈ।
ਡਾ. ਸਿੰਘ : ਰਚਨਾਵਾਂ ਨੂੰ ਛਪਵਾਉਣ ਲਈ ਕਿਨ੍ਹਾਂ ਕਿਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ?
ਡਾ. ਸਰਨਾ : ਪੁਸਤਕਾਂ ਨੂੰ ਛਾਪਣਾ ਤਿੱਖੀ ਧਾਰ ਉੱਤੇ ਤੁਰਨ ਬਰਾਬਰ ਹੈ ਅਤੇ ਉਹ ਵੀ ਕਈ ਪੜਾਵਾਂ ਵਿਚੋਂ ਗੁਜ਼ਰਨਾ ਪੈਂਦਾ ਹੈ। ਵਰ੍ਹਿਆਂ ਦੀ ਮਿਹਨਤ ਮਗਰੋਂ ਪ੍ਰਕਾਸ਼ਕ 30-35 ਹਜ਼ਾਰ ਰੁਪਏ ਲੈ ਕੇ 100 ਜਾਂ 150 ਕਿਤਾਬਾਂ ਦੇਂਦੇ ਹਨ। ਸਾਫ਼ ਲਫ਼ਜ਼ਾਂ ਵਿੱਚ ਇੰਝ ਆਖਦੇ ਹਾਂ ਮਲਾਈ ਤੇ ਮੱਖਣ ਸਾਰਾ ਪ੍ਰਕਾਸ਼ਕ ਛੱਕ ਜਾਂਦੇ ਹਨ ਅਤੇ ਲੇਖਕ ਨੂੰ ਲੱਸੀ ਦਾ ਛੰਨ੍ਹਾ ਦੇ ਦੇਂਦੇ ਹਨ, ਜਿਸ ਵਿੱਚ ਪਾਣੀ ਦੀ ਮਾਤਰਾ ਵਧੇਰੇ ਹੁੰਦੀ ਹੈ।
ਡਾ. ਸਿੰਘ: ਆਪ ਜੀ ਨੂੰ ਮਿਲੇ ਸਨਮਾਨਾਂ ਬਾਰੇ ਜਾਨਣ ਦਾ ਇਛੁੱਕ ਹਾਂ।
ਡਾ. ਸਰਨਾ : ਜਦੋਂ ਵੀ ਕੋਈ ਲੇਖਕ ਲਿਖਦਾ ਹੈ ਉਸ ਨੂੰ ਇਨਾਮਾਂ ਆਦਿ ਦੀ ਤਾਂਘ ਨਹੀਂ ਹੁੰਦੀ ਕਿਉਂਕਿ ਲੇਖਕ ਸਦਾ ਅਪਣੀ ਲਿਖਤ ਵਿੱਚ ਕਾਰਜਸ਼ੀਲ ਹੁੰਦਾ ਹੈ। ਇਕ ਸਮਾਂ ਉਹ ਵੀ ਆਉਂਦਾ ਹੈ ਜਦੋਂ ਇਨਾਮ /ਸਨਮਾਨ ਉਹਦੇ ਪਿੱਛੇ ਭੱਜਦੇ ਹਨ। ਅਜਕਲ੍ਹ ਇਨਾਮ /ਸਨਮਾਨਾਂ ਦੀ ਕਾਣੀ ਵੰਡ ਦੇ ਚਰਚੇ ਤਾਂ ਅਖਬਾਰਾਂ ਦੀ ਜ਼ੀਨਤ ਵੀ ਬਣਦੇ ਹਨ। ਮੇਰੀ ਸਾਹਿਤਕ ਯਾਤਰਾ ਦੌਰਾਨ ਸਮੇਂ ਸਮੇਂ ਪ੍ਰਾਪਤ ਹੋਏ ਮਾਣ-ਸਨਮਾਨ ਦਾ ਸੰਖੇਪ ਵੇਰਵਾ ਕੁਝ ਇੰਝ ਹੈ;
ਸੰਨ 2020 ਵਿਚ ਸੱਚਾ ਪਾਤਸ਼ਾਹ ਪੱਤ੍ਰਿਕਾ ਵਲੋਂ ‘ਬਹਾਦਰ ਸਿੰਘ ਪੁਰਸਕਾਰ’ ਪ੍ਰਦਾਨ ਕੀਤਾ ਗਿਆ। ਸੰਨ 2015 ਵਿਚ ਜੇ. ਕੇ. ਪੰਜਾਬੀ ਸਾਹਿਤ ਸਭਾ, ਸ੍ਰੀਨਗਰ, ਕਸ਼ਮੀਰ ਵਲੋਂ ‘ਮੋਹਨ ਸਿੰਘ ਮੋਹਨ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਸੰਨ 2012 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ‘ਭਾਈ ਨੰਦ ਲਾਲ ਗੋਇਆ ਪੁਰਸਕਾਰ’ ਦਿੱਤਾ ਗਿਆ ਹੈ। ਸੰਨ 2002 ਵਿਚ ਨਵੀਂ ਦਿੱਲੀ ਵਿਖੇ ‘ਸੈਕੂਲਰ ਇੰਡੀਆ ਹਾਰਮੋਨੀ ਅਵਾਰਡ’ ਪ੍ਰਾਪਤ ਹੋਇਆ। ਸੰਨ 1998 ਵਿਚ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਨੇ ‘ਭਾਈ ਕਾਹਨ ਸਿੰਘ ਨਾਭਾ ਪੁਰਸਕਾਰ’ ਪ੍ਰਦਾਨ ਕਰ ਕੇ ਸਨਮਾਨਿਤ ਕੀਤਾ। ਸੰਨ 1995-96 ਵਿਚ ‘ਜੇ. ਕੇ. ਅਕੈਡਮੀ ਅਵਾਰਡ’ ਪ੍ਰਾਪਤ ਹੋਇਆ। ਸੰਨ 1982 ਵਿਚ ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ ‘ਉੱਤਮ ਕਵੀ’ ਦਾ ਸਨਮਾਨ ਹਾਸਿਲ ਹੋਇਆ। ਇਸੇ ਸਾਲ ਬਟਾਲਾ ਵਿਖੇ ‘ਸ਼ਿਵ ਕੁਮਾਰ ਬਟਾਲਵੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਸੰਨ 1978 ਅਤੇ ਸੰਨ 1981 ਵਿਚ ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ ‘ਰਾਏ ਬਹਾਦਰ ਬਿਸ਼ੰਬਰ ਦਾਸ ਸੇਠੀ ਮੈਡਲ’ ਪ੍ਰਾਪਤ ਕਰਨ ਦਾ ਮਾਣ ਹਾਸਿਲ ਹੋਇਆ। ਹੋਰ ਵੀ ਕਈ ਸੰਸਥਾਵਾਂ ਵਲੋਂ ਸਮੇਂ-ਸਮੇਂ ਮਾਣ-ਸਨਮਾਨ ਮਿਲਦਾ ਹੀ ਰਿਹਾ ਹੈ/ਰਹਿੰਦਾ ਹੈ।
ਡਾ. ਸਿੰਘ : ਸਰਨਾ ਜੀ! ਆਪ ਦੀ ਪਕੜ੍ਹ ਖੇਤੀਬਾੜੀ ਵਿਸ਼ੇ ਦੇ ਮਾਹਿਰ ਵਜੋਂ ਜਿੰਨ੍ਹੀ ਪਰਪੱਕ ਹੈ, ਓਨ੍ਹੀ ਹੀ ਲੇਖਕ ਤੇ ਸਿੱਖ ਇਤਿਹਾਸਕਾਰ ਦੇ ਰੂਪ ਵਿਚ ਵੀ ਹੈ। ਆਪ ਨੂੰ ਇਨ੍ਹਾਂ ਸਾਰੇ ਰੂਪਾਂ ਵਿਚੋਂ ਕਿਹੜਾ ਰੂਪ ਵਧੇਰੇ ਪਸੰਦ ਹੈ ਅਤੇ ਕਿਉ੬?
ਡਾ. ਸਰਨਾ : ਖੇਤੀਬਾੜੀ ਮੇਰੇ ਲਈ ਹੱਥੀ ਕਿਰਤ ਕਰਨ ਦਾ ਇਕ ਵਿਸ਼ੇਸ਼ ਸਾਧਨ ਹੈ, ਜੋ ਗੁਰੂ ਨਾਨਕ ਸਾਹਿਬ ਨੇ ਸੰਸਾਰ ਦੇ ਲੋਕਾਂ ਨੂੰ ਮਾਰਗ ਦਰਸ਼ਨ ਦਿਤਾ ਹੈ।
ਇਸ ਤੋਂ ਉੱਤਮ ਕਿਤਾ ਮੇਰੇ ਲਈ ਹੋਰ ਕੋਈ ਨਹੀਂ। ਕਲਮਕਾਰ ਹੋਣ ਦੇ ਨਾਤੇ ਮੇਰੀ ਕਲਮ ਕਈ ਪੜਾਵਾਂ ਵਿੱਚੋਂ ਹੋ ਕੇ ਗੁਜ਼ਰੀ ਹੈ, ਉਹ ਅਸਲੋਂ ਇਤਿਹਾਸ ਹੀ ਸਿਰਜਦੀ ਰਹੀ ਹੈ। ਵਿਸ਼ੇ ਪੱਖ ਤੋਂ ਸਾਰੇ ਰੂਪ ਹੀ ਮੇਰੇ ਮਨ ਪਸੰਦੀਦਾ ਹਨ ਕਿਉਂਕਿ ਇਕ ਮਾਂ ਨੂੰ ਉਸ ਦੇ ਸਾਰੇ ਬੱਚਿਆਂ ਨਾਲ ਪਿਆਰ ਤੇ ਮੋਹ ਹੁੰਦਾ ਹੈ।
ਡਾ. ਸਿੰਘ : ਆਪ ਦੇ ਵਿਚਾਰ ਅਨੁਸਾਰ ਪੰਜਾਬੀ ਭਾਸ਼ਾ ਦੀਆਂ ਮੌਲਿਕ ਸਾਹਿਤਕ ਅਤੇ ਇਤਿਹਾਸਕਾਰੀ ਰਚਨਾਵਾਂ, ਹੋਰਨਾਂ ਭਾਸ਼ਾਵਾਂ ਦੇ ਉੱਤਮ ਸਾਹਿਤ ਦੀ ਤੁਲਨਾ ਵਿਚ ਕਿਹੜਾ ਸਥਾਨ ਰੱਖਦੀਆਂ ਹਨ?
ਡਾ. ਸਰਨਾ : ਦੂਜੀਆਂ ਭਾਸ਼ਾਵਾਂ ਦੇ ਉੱਤਮ ਸਾਹਿਤ ਦੇ ਬਰਾਬਰ ਪੰਜਾਬੀ ਭਾਸ਼ਾ ਵਿੱਚ ਵੀ ਸਾਡਾ ਸਾਹਿਤ ਮੋਲਿਕ, ਉੱਤਮ ਅਤੇ ਸ੍ਰੇਸ਼ਟ ਆਖਿਆ ਜਾ ਸਕਦਾ ਹੈ। ਭਾਈ ਵੀਰ ਸਿੰਘ ਦੀਆਂ ਰਾਣਾ ਸੂਰਤ ਸਿੰਘ (1919), ਦਿਲ ਤਰੰਗ (1920), ਤ੍ਰੇਲ ਤੁਪਕੇ (1921), ਬਿਜਲੀਆਂ ਦੇ ਹਾਰ (1927), ਮੇਰੇ ਸਾਈਆਂ ਜੀਉ (1953) ਆਦਿ ਰਚਨਾਵਾਂ ਮੋਲਿਕ ਤੇ ਉੱਤਮ ਸਾਹਿਤ ਦੀ ਵੰਨਗੀ ਵਜੋਂ ਦੂਜੀਆਂ ਭਾਸ਼ਾਵਾਂ ਦੇ ਬਰਾਬਰ ਰਖਿਆ ਜਾ ਸਕਦਾ ਹੈ।
ਡਾ. ਸਿੰਘ : ਜਨ ਸੰਚਾਰ ਮਾਧਿਅਮਾਂ ਦੀ ਵਰਤੋਂ ਦੌਰਾਨ ਆਪ ਦੇ ਪ੍ਰਮੱਖ ਸਰੋਕਾਰ ਸਮਾਜਿਕ, ਧਾਰਮਿਕ, ਸਭਿਆਚਾਰਕ, ਵਾਤਾਵਰਣੀ ਅਤੇ ਇਤਿਹਾਸਕ ਪਹਿਲੂਆਂ ਨਾਲ ਸੰਬੰਧਤ ਹਨ। ਕੀ ਸਮਾਜ ਨੂੰ ਅਜਿਹੇ ਸਰੋਕਾਰਾਂ ਪ੍ਰਤੀ ਚੇਤੰਨ ਕਰਨ ਲਈ ਇਨ੍ਹਾਂ ਮਾਧਿਅਮਾਂ ਦੀ ਵਰਤੋਂ ਦੇ ਨਾਲ-ਨਾਲ ਕੁਝ ਹੋਰ ਵੀ ਕੀਤਾ ਜਾ ਸਕਦਾ ਹੈ?
ਡਾ. ਸਰਨਾ : ਮਨੁੱਖ ਆਦਿ ਕਾਲ ਤੋਂ ਹੀ ਧਾਰਮਿਕ, ਸਮਾਜਿਕ, ਸੱਭਿਆਚਾਰਕ, ਵਾਤਾਵਰਣੀ ਅਤੇ ਇਤਿਹਾਸਕ ਪਹਿਲੂਆਂ ਨਾਲ ਸੰਬੰਧਤ ਰਿਹਾ ਹੈ। ਇਹ ਸਰੋਕਾਰ ਉਸੇ ਤਰ੍ਹਾਂ ਹੀ ਮਨੁੱਖ ਦੇ ਚਿੰਤਨ ਵਿੱਚ ਇਕਮਿੱਕ ਹੋਏ ਹਨ ਜਿਵੇਂ ਦੁੱਧ ਵਿੱਚ ਕੈਸੀਨ।
ਧਰਮ ਦੀ ਟੀਸੀ ਸੱਭ ਤੋਂ ਸੁੱਚੀ, ਉੱਚੀ ਤੇ ਵਿੱਲਖਣ ਹੈ ਜੋ ਪਿਆਰ ਤੇ ਖੜੀ ਹੈ। ਧਰਮ ਦਾ ਖਾਸ ਮਨੋਰਥ, ਮਨ ਤਰਜ਼ੇ ਜ਼ਿੰਦਗੀ ਦੀਆਂ ਅਨੇਕਾਂ ਔਕੜਾਂ ਨੂੰ ਠੀਕ ਢੰਗ ਨਾਲ ਦਰੁਸਤ ਕਰਕੇ ਜ਼ਿੰਦਗੀ ਨੂੰ ਸੁਖੀ ਰਖਣਾ ਹੈ। ਸਾਰੇ ਲੋਕਾਂ ਦੀਆਂ ਸਮੱਸਿਆਵਾਂ ਤਕਰੀਬਨ ਇਕੋ ਜਿਹੀਆਂ ਹਨ। ਇਸੇ ਲਈ ਮੁਢਲੇ ਤੌਰ ਤੇ ਸਾਰੇ ਧਰਮਾਂ ਦਾ ਪੈਗਾਮ ਸਰਬ ਸਾਂਝਾ ਆਖਿਆ ਜਾਂਦਾ ਹੈ। ਇਲਮ ਦਾ ਸੁਰਮਾ ਅੱਖਾਂ ਵਿਚ ਪਾਣ ਨਾਲ ਸਾਰੀ ਸੂਝਬੂਝ ਹੋ ਜਾਂਦੀ ਹੈ।
ਗਿਆਨ ਅੰਜਨੁ ਜਾ ਕੀ ਨੇਤ੍ਰੀ ਪੜਿਆ ਤਾ ਕਉ ਸਰਬ ਪ੍ਰਗਾਸਾ॥ (ਗੁਰੂ ਗ੍ਰੰਥ ਸਾਹਿਬ, ਪੰਨਾ 610)
ਧਰਮ ਰਹਿਤ ਇਲਮ ਕੇਵਲ ਅਧੋਗਤੀ ਦੀ ਸੂਚਕ ਹੈ ਜੋ ਬਰਬਾਦੀ ਤੇ ਖੁਆਰੀ ਦਾ ਸੰਕੇਤ ਹੈ। ਗੁਰਬਾਣੀ ਵਿੱਚ ਵੀ ਜ਼ਿਕਰ ਆਉਂਦਾ ਹੈ, ਜੋ ਪੁਰਖ ਜਾਂ ਕੋਮ ਗਰਕ ਹੋਣੀ ਹੋਵੇ ਤਾਂ ਮਜ਼ਹਬ ਦੀ ਦਾਤ-ਚੰਗਿਆਈ ਪਹਿਲਾਂ ਹੀ ਖੋਹ ਲਈ ਜਾਂਦੀ ਹੈ।
ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ॥ (ਗੁਰੂ ਗ੍ਰੰਥ ਸਾਹਿਬ, ਪੰਨਾ 417)
ਡਾ. ਸਿੰਘ : ਵਿਗੜ ਰਹੇ ਸਮਾਜਿਕ, ਧਾਰਮਿਕ, ਅਤੇ ਸਭਿਆਚਾਰਕ ਵਾਤਾਵਰਣ ਦਾ ਮੂਲ ਕਾਰਕ ਆਪ ਕਿਸ ਨੂੰ ਮੰਨਦੇ ਹੋ? ਵੱਡਾ ਦੋਸ਼ੀ ਕੌਣ ਹੈ?
ਡਾ. ਸਰਨਾ : ਸਾਡੇ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਵਾਤਾਵਰਣ ਦੇ ਵੱਡੇ ਦੋਸ਼ੀ ਉਹ ਲੋਕ ਹਨ ਜੋ ਸਾਡੇ ਵਿਦਿਅਕ ਅਦਾਰਿਆਂ ਤੇ ਕਬਜ਼ੇ ਕਰਕੇ ਇਨ੍ਹਾਂ ਨੂੰ ਅਪਣੀ ਮਲਕੀਅਤ ਸਮਝਦੇ ਹਨ।
ਵਿਦਿਆਰਥੀਆਂ ਦੀ ਵਿੱਦਿਆ ਵਿੱਚ ਇਨਸਾਨੀਅਤ ਦਾ ਅਕਸ ਦਿਖਾਈ ਦੇਣਾ ਚਾਹੀਦਾ ਹੈ। ਅੱਜਕਲ ਦੇਸ਼ ਤੇ ਵਿਦੇਸ਼ਾਂ ਦੇ ਇਲਮੀ ਅਦਾਰਿਆਂ ਵਿੱਚ ਧਾਰਮਿਕ ਵਿੱਦਿਆ ਦੇਣੀ ਫ਼ਾਲਤੂ ਜਿਹੀ ਬਾਤ ਸਮਝੀ ਜਾਂਦੀ ਹੈ। ਵਿੱਦਿਆ ਨੂੰ ਮਜ਼ਹਬ ਰਹਿਤ ਤੇ ਵੱਖ ਕਰ ਦੇਣ ਨਾਲ ਜੋ ਹਾਨੀ ਹੋਈ ਹੈ ਉਹ ਸਾਰੇ ਜਾਣਦੇ ਹਨ। ਸ਼ੇਖ ਸ਼ਾਅਦੀ ਨੇ ਠੀਕ ਕਿਹਾ ਸੀ :
”ਪੜ ਲਈ ਗੁਲਸਿਤਾਂ ਮਤਲਬ ਨਾ ਪਾਇਆ ਸ਼ੇਖ ਕਾ,
ਸਾਰੀ ਕਿਤਾਬੇ ਹਿਫ਼ਜ਼ ਕਰ ਹਾਫ਼ਜ਼ ਹੂਆ ਤੋ ਕਿਆ ?”
ਜੇਕਰ ਮਨੁੱਖ ਧਰਤੀ ਤੇ ਸੱਚੇ ਹੋਕੇ ਵਿਚਰੇ ਤਾਂ ਨਾ ਕਾਨੂੰਨੀ ਝਗੜੇ, ਨਾ ਨਫ਼ਰਤ ਅਤੇ ਨਾ ਖੁਦਗਰਜ਼ੀ ਅਪਣੇ ਪੈਰ ਪਸਾਰ ਸਕੇਗੀ। ਮਜ਼ਹਬ ਰਹਿਤ ਵਿੱਦਿਆ ਹਾਸਲ ਕਰਨ ਨਾਲ ਸੰਸਾਰ ਨੂੰ ਦੋ ਵੱਡੇ ਨੁਕਸਾਨ ਹੋਏ ਹਨ। ਪਹਿਲਾ ਇਹ ਕਿ ਮਨੁੱਖ ਨੇਕ-ਆਚਰਣ ਦੀ ਪੱਕੀ ਨੀਂਹ ਤੋਂ ਵਾਂਝਿਆਂ ਰਹਿ ਗਿਆ ਅਤੇ ਦੂਜਾ ਧਾਰਮਿਕ ਸਿੱਖਿਆ ਦਾ ਕੰਮ ਵੱਖ ਵੱਖ ਫਿਰਕਿਆਂ ਦੇ ਹਵਾਲੇ ਹੋ ਗਿਆ। ਕੁੱਝ ਫਿਰਕਿਆਂ ਨੇ ਧਰਮ ਨੂੰ ਸੀਮਤ ਦਾਇਰੇ ਅੰਦਰ ਬੰਦ ਕਰ ਦਿੱਤਾ ਅਤੇ ਕਟੱੜਤਾ ਕਾਰਨ ਧਾਰਮਿਕ ਈਰਖਾ ਤੇ ਵਿਰੋਧ ਪੈਦਾ ਕੀਤਾ ਹੈ।
ਡਾ. ਸਿੰਘ: ਸਮਾਜਿਕ, ਧਾਰਮਿਕ, ਸਭਿਆਚਾਰਕ ਅਤੇ ਵਾਤਾਵਰਣੀ ਪ੍ਰਦੂਸ਼ਣ ਤੋਂ ਬਚਣ ਲਈ ਸਰਕਾਰੀ, ਨਿੱਜੀ ਅਤੇ ਗੈਰ-ਸਰਕਾਰੀ ਪੱਧਰ ਲਈ ਆਪ ਕੋਲ ਕਿਹੜੇ-ਕਿਹੜੇ ਉਪਾਓ ਅਤੇ ਸਮਾਧਾਨ ਹਨ?
ਡਾ. ਸਰਨਾ : ਮੇਰਾ ਵਿਚਾਰ ਹੈ ਕਿ ਉਚੇਚੇ ਦਰਜੇ ਦੇ ਕੋਰਸਾਂ ਵਿੱਚ, ਅਪਣੇ ਗੋਰਵਮਈ ਵਿਰਸੇ ਵਿਚੋਂ ਗੁਰੂ ਸਾਹਿਬਾਨ ਦੇ ਜੀਵਨ ਉਪਦੇਸ਼ਾਂ, ਸਿੱਖ ਸ਼ਹੀਦਾਂ ਆਦਿ ਦੀ ਪੜ੍ਹਾਈ ਸ਼ਾਮਲ ਕੀਤੀ ਜਾਣੀ ਚਾਹੀਦੀ ਹੈ। ਇਨਸਾਨ ਦੀ ਬੁੱਧੀ, ਦਲੀਲ ਸ਼ਕਤੀ ਰੱਬ ਦੀ ਹੋਂਦ ਉੱਤੇ ਯਕੀਨ ਦੀ ਮੰਗ ਕਰਦੀ ਹੈ। ਕੋਈ ਵੀ ਅਸਲੀ ਵਿਚਾਰਵਾਨ ਬੰਦਾ ਨਾਸਤਿਕ ਨਹੀਂ ਹੋ ਸਕਦਾ। ਮੇਰੇ ਖਿਆਲ ਵਿੱਚ ਧਰਮ ਇਕ ਰੂਹਾਨੀ ਤਜਰਬਾ ਹੈ ਜੋ ਆਪਣੇ ਆਪ ਹੁੰਦਾ ਰਹਿੰਦਾ ਹੈ। ਧਾਰਮਿਕ ਸਿੱਖਿਆ ਦੇਣ ਦੀ ਸਭ ਤੋਂ ਵੱਧ ਜਿੰਮੇਵਾਰੀ ਜਿਥੇ ਮਾਪਿਆਂ ਅਤੇ ਉਸਤਾਦਾਂ ਉੱਪਰ ਨਿਰਭਰ ਹੈ ਉੱਥੇ ਮੈਨੇਜਮੈਂਟ ਕਮੇਟੀਆਂ, ਸਿੱਖ ਨੇਤਾਵਾਂ, ਸੰਸਥਾਵਾਂ ਅਤੇ ਬੁੱਧੀਜੀਵੀਆਂ ਨੂੰ ਵਧੇਰੇ ਚਿੰਤਾਤੁਰ ਹੋਣਾ ਪਵੇਗਾ ਤਾਂ ਹੀ ਇਲਮ ਦੀ ਨੀਂਹ ਧਰਮ ਦੀ ਚਟਾਨ ਉੱਪਰ ਰੱਖੀ ਜਾ ਸਕਦੀ ਹੈ। ਇਹੋ ਹੀ ਸੱਭ ਤੋਂ ਵੱਡਾ ਸਮਾਧਾਨ ਹੈ ਜਿਸ ਦੇ ਘੇਰੇ ਵਿੱਚ ਧਾਰਮਿਕ, ਸਮਾਜਿਕ, ਸੱਭਿਆਚਾਰਕ ਆਦਿ ਸੱਭ ਕੁੱਝ ਆ ਜਾਂਦਾ ਹੈ।
ਡਾ. ਸਿੰਘ: ਜੰਮੂ-ਕਸ਼ਮੀਰ ਵਿਖੇ ਪੰਜਾਬੀ ਭਾਸ਼ਾ ਵਿਚ ਮੌਜੂਦਾ ਹੋ ਚੁੱਕੇ / ਹੋ ਰਹੇ ਸਾਹਿਤਕ / ਇਤਿਹਾਸਕਾਰੀ ਕਾਰਜਾਂ ਬਾਰੇ ਤੁਹਾਡੇ ਕੀ ਵਿਚਾਰ ਹਨ?
ਡਾ. ਸਰਨਾ : ਜੰਮੂ-ਕਸ਼ਮੀਰ ਦੀ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੇ ਪਾਸਾਰ ਲਈ ਬਹੁਤ ਸਾਰੇ ਵਿਦਵਾਨਾਂ ਨੇ ਯੋਗਦਾਨ ਪਾਇਆ ਹੈ। ਜੰਮੂ-ਕਸ਼ਮੀਰ ਅਕੈਡਮੀ ਨੇ ਤਿੰਨ ਭਾਗਾਂ ਵਿੱਚ ਪੰਜਾਬੀ ਸਾਹਿਤ ਦਾ ਇਤਿਹਾਸ ਛਾਪ ਦਿੱਤਾ ਹੈ। ਰਿਆਸਤ ਵਿੱਚ ਬਹੁਤ ਸਾਰੀਆਂ ਹੱਥ ਲਿੱਖਤਾਂ ਵੱਖ-ਵੱਖ ਥਾਵਾਂ ਤੇ ਪਈਆਂ ਹਨ, ਜਿਨ੍ਹਾਂ ਨੂੰ ਵਿਗਿਆਨਕ ਲੀਹਾਂ ਤੇ ਡਿਜ਼ੀਟਲ ਕਰਨ ਦੀ ਜ਼ਰੂਰਤ ਹੈ। ਇਨ੍ਹਾਂ ਵਿਚੋਂ ਕਈਆਂ ਦੀ ਨਿਸ਼ਾਨਦੇਹੀ ਮੈਂ ਅਪਣੀ ਕਿਤਾਬ ਗੁਰਮੁਖੀ ਲਿੱਪੀ ਵਿੱਚ ਕੀਤੀ ਹੈ। ਸਮੇਂ ਦੀਆਂ ਜੁੱਗ ਗਰਦੀਆਂ, ਜੰਗਾਂ, ਘਲੂਘਾਰੇ, ਸੰਨ ਸੰਤਾਲੀ ਆਦਿ ਨੇ ਸਾਡੇ ਸੈਂਕੜੇ ਗ੍ਰੰਥ ਅਤੇ ਪੋਥੀਆਂ ਨੂੰ ਹਮੇਸ਼ਾ ਲਈ ਸਾਡੇ ਕੋਲੋਂ ਅਲੋਪ ਕਰ ਦਿੱਤਾ ਹੈ। ਮਿਸਾਲ ਦੇ ਤੋਰ ‘ਤੇ ਅਕਾਲੀ ਕੌਰ ਸਿੰਘ ਨਿਹੰਗ ਨੇ ਗੁਰੂ ਨਾਨਕ ਆਸ਼ਰਮ, ਚਕਾਰ ਵਿੱਚ 70,000 ਹੱਥ ਲਿਖਤਾਂ, ਪੁਸਤਕਾਂ, ਅਖਬਾਰਾਂ ਆਦਿ ਇਕਠੇ ਕੀਤੇ ਸਨ, ਜੋ 1947 ਸਮੇਂ ਕਬਾਲੀ ਹਮਲਾਵਾਰਾਂ ਨੇ ਅੱਗ ਲਾ ਕੇ ਨਸ਼ਟ ਕਰ ਦਿਤੇ ਸਨ, ਜਿਨ੍ਹਾਂ ਵਿਚ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥ ਵੀ ਸ਼ਾਮਲ ਸਨ। ਜਿਥੋਂ ਤੱਕ ਸਿੱਖ ਇਤਿਹਾਸਕਾਰੀ ਦੀ ਬਾਤ ਹੈ, ਮੈਂ ਅਪਣੇ ਵਲੋਂ ਸਾਂਭਣ ਦਾ ਯਤਨ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਕਰਾਂਗਾ। ਕਈ ਦੁਰਲੱਭ ਹੱਥ ਲਿਖਤਾਂ ਗੁਰਮੁਖੀ ਤੋਂ ਇਲਾਵਾ ਦੇਵਨਾਗਰੀ ਅਤੇ ਨਸਤਲੀਕ ਵਿੱਚ ਵੀ ਪਈਆਂ ਹਨ। ਉਹ ਵਿਭਿੰਨ ਪੁਰਾਲੇਖ ਵਿਭਾਗਾਂ, ਵਿਸ਼ਵ ਵਿਦਿਆਲਿਆ, ਪੁਸਤਕਾਲਿਆਂ ਤੇ ਵਿਅਕਤੀਆਂ ਦੇ ਘਰਾਂ ਆਦਿ ਵਿੱਚ ਪਈਆਂ ਹਨ। ਉਨ੍ਹਾਂ ਸਾਰਿਆਂ ਦੀਆਂ ਸੂਚੀਆਂ ਤਿਆਰ ਕਰਕੇ ਜਾਂਚਣ ਤੇ ਪਰਖਣ ਦੀ ਲੋੜ ਦੇ ਨਾਲ ਨਾਲ ਚਾਨਣ ਵਿੱਚ ਲਿਆਉਣ ਦੀ ਜ਼ਰੂਰਤ ਹੈ। ਗੁਰੂ ਨਾਨਕ ਸਾਹਿਬ ਨੇ ਹੀ ਮਟਨ ਸਾਹਿਬ, ਕਸ਼ਮੀਰ ਵਿੱਚ ਇੱਕ ਅਧਿਆਤਮਕ ਵਾਰ ”ਰਾਗ ਆਸਾ ਮਹਲਾ ੧ ਪਟੀ ਲਿਖੀ” ਦੀ ਰਚਨਾ ਕੀਤੀ ਸੀ।
ਡਾ. ਸਿੰਘ : ਅਜੋਕੇ ਸਮੇਂ ਵਿਚ ਸੰਪੂਰਨ ਵਿਸ਼ਵ ਇਕ ਗਲੋਬਲ ਵਿਲਿਜ਼ ਬਣ ਚੁੱਕਾ ਹੈ। ਆਪ ਦੇ ਵਿਚਾਰ ਅਨੁਸਾਰ ਇਨ੍ਹਾਂ ਨਵੇਂ ਹਾਲਾਤਾਂ ਵਿਚ ਪੰਜਾਬੀ ਭਾਸ਼ਾ ਵਿਚ ਰਚਿਤ ਸਾਹਿਤ / ਇਤਿਹਾਸ ਪਾਠਕਾਂ ਦੀ ਰਾਹਨੁਮਾਈ ਲਈ ਕਿਵੇਂ ਸਹਾਇਕ ਸਿੱਧ ਹੋ ਸਕਦੇ ਹਨ?
ਡਾ. ਸਰਨਾ : ਅਜੋਕੀ ਗਲੋਬਲਾਈਜੇਸ਼ਨ ਵਿੱਚ ਸਾਨੂੰ ਅਪਣੇ ਘਰਾਂ ਤੋਂ ਪੰਜਾਬੀ ਦਾ ਆਰੰਭ ਕਰਨਾ ਚਾਹੀਦਾ ਹੈ। ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਪੰਜਾਬੀ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਬੱਚਾ ਗੁਰਮੁਖੀ ਸਿੱਖੇਗਾ ਤਾਂ ਹੀ ਉਹ ਵਿਰਾਸਤੀ ਖ਼ਜ਼ਾਨੇ ਦੀ ਸਾਂਭ-ਸੰਭਾਲ ਕਰ ਸਕੇਗਾ। ਅਜੋਕੇ ਸਮੇਂ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਵਿੱਚ ਪੰਜਾਬੀ ਸਾਹਿਤ ਦਾ ਵਿਕਾਸ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ।
ਪੰਜਾਬੀ ਭਾਸ਼ਾ ਗੁਰਮੁਖੀ ਤੇ ਸ਼ਾਹਮੁਖੀ ਦੋਵੇਂ ਲਿਪੀਆਂ ਰਾਹੀਂ ਸੰਸਾਰ ਭਰ ਵਿੱਚ ਹਰਮਨ ਪਿਆਰੀ ਹੋ ਰਹੀ ਹੈ। ਇੰਟਰਨੈੱਟ ‘ਤੇ ਇਹ ਦੋਵੇਂ ਲਿਪੀਆਂ ਵਿੱਚ ਢੇਰ ਸਾਰਾ ਪੰਜਾਬੀ ਸਾਹਿਤ ਉਪਲੱਬਧ ਹੈ। ਇੰਟਰਨੈੱਟ ਰਾਹੀਂ ਤੁਸੀਂ ਕੋਈ ਵੀ ਕਿਤਾਬ ਸਫ਼ਰ ਵਿੱਚ ਜਾਂ ਕਿਸੇ ਹਾਲਤ ਵਿੱਚ ਵੀ ਬਿਨਾਂ ਭਾਰ ਚੁਕਿਆਂ ਪੜ੍ਹ ਸਕਦੇ ਹੋ ਜਾਂ ਖੋਜ ਸਕਦੇ ਹੋ। ਜੋ ਨਾਯਾਬ ਕਿਤਾਬਾਂ ਕਿਤੋਂ ਨਹੀਂ ਮਿਲਦੀਆਂ ਉਹ ਸਹਿਜੇ ਹੀ ਇੰਟਰਨੈੱਟ ਤੋਂ ਡਾਉਨਲੋਡ ਕਰ ਸਕਦੇ ਹਾਂ। ਇੰਟਰਨੈੱਟ ਸਾਡਾ ਲਈ ਸਹਾਇਕ ਦਾ ਕੰਮ ਕਰਦਾ ਹੈ।
ਡਾ. ਸਿੰਘ : ਆਪ ਪੰਜਾਬੀ ਭਾਸ਼ਾ ਦੇ ਮੰਨੇ-ਪ੍ਰਮੰਨੇ ਕਵੀ ਤੇ ਸਫ਼ਰਨਾਮਾ ਲੇਖਕ ਹੋ। ਸਾਹਿਤ ਰਚਨਾ ਕਾਰਜਾਂ ਖਾਸ ਕਰ ਕਵਿਤਾ ਤੇ ਹੋਰ ਵਿਧਾਵਾਂ ਵਿਚ ਰਚਨਾ ਕਾਰਜਾਂ ਲਈ ਕਿਹੜੇ ਨੁਕਤਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ?
ਡਾ. ਸਰਨਾ : ਕਵਿਤਾ ਤਾਂ ਚਿੰਤਨਧਾਰਾ ਦਾ ਸਾਫ਼ ਸੁਥਰਾ ਚਸ਼ਮਾ ਹੈ ਜੋ ਅਪਣੇ ਆਪ ਫੁੱਟ ਪੈਂਦਾ ਹੈ। ਇਸ ਵਿੱਚ ਖਿਆਲਾਂ ਦੇ ਪ੍ਰਵਾਹ ਤੁਰਦੇ ਰਹਿੰਦੇ ਹਨ । ਕਵਿਤਾ ਲਿਖਦੇ ਸਾਰ ਉਸ ਨੂੰ ਤਿੰਨ ਚਾਰ ਵਾਰ ਲਿਖਣ ਨਾਲ ਆਪੇ ਹੀ ਸੁਧਾਈ ਹੋ ਜਾਂਦੀ ਹੈ। ਸਾਹਿਤ ਦੀਆਂ ਦੂਜੀਆਂ ਵਿਧਾਵਾਂ ਵਿੱਚ ਪੂਰੀ ਤਨਦੇਹੀ ਨਾਲ ਨਿੱਠ ਕੇ ਲਿਖਣਾ ਪੈਂਦਾ ਹੈ, ਖਾਸਕਰ ਇਤਿਹਾਸ ਨੂੰ। ਜਿਵੇਂ ਸੁਨਿਆਰੇ ਸੋਨੇ ਨੂੰ ਅਪਣੇ ਆਕਾਰ ਵਿੱਚ ਢਾਲਦੇ ਹਨ ਉਸੇ ਤਰ੍ਹਾਂ ਇਤਿਹਾਸਕਾਰ ਨੂੰ ਵੀ ਕਰਨਾ ਪੈਂਦਾ ਹੈ। ਜਿਵੇਂ ਅਸੀਂ ਦੁੱਧ ਨੂੰ ਕੜਾਹੀ ਵਿੱਚ ਪਾ ਕੇ ਕਾੜ੍ਹਦੇ ਹਾਂ ਤਾਂ ਜੋ ਪਾਣੀ ਦੀ ਮਾਤਰਾ ਹੁੰਦੀ ਹੈ ਉਹ ਭਾਫ਼ ਬਣ ਕੇ ਉਡ ਜਾਂਦੀ ਹੈ ਬਸ ਕੁਝ ਅਜਿਹਾ ਹੀ ਕਰਨਾ ਪੈਂਦਾ ਹੈ। ਸਫ਼ਰਨਾਮਾ ਤਾਂ ਸਾਡਾ ਸ਼ੀਸ਼ਾ ਹੈ ਜੋ ਕੁੱਝ ਤੁਸੀਂ ਵੇਖਿਆ ਹੈ ਉਸੇ ਤਰ੍ਹਾਂ ਹੀ ਬਿਆਨ ਕਰਨਾ ਹੁੰਦਾ ਹੈ। ਇਸ ਵਿੱਚ ਰੋਚਕਤਾ ਹੋਣੀ ਅਤੇ ਪਾਠ
(ਚਲਦਾ)
ਡਾਇਰੈਕਟਰ, ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ, ਮਿਸੀਸਾਗਾ, ਕੈਨੇਡਾ

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …