Breaking News
Home / ਨਜ਼ਰੀਆ / ਪੰਜਾਬ ਦਾ ਦਰਵੇਸ਼ ਸਿਆਸਤਦਾਨ਼: ਸਵ. ਹਰੀ ਸਿੰਘ ਜ਼ੀਰਾ

ਪੰਜਾਬ ਦਾ ਦਰਵੇਸ਼ ਸਿਆਸਤਦਾਨ਼: ਸਵ. ਹਰੀ ਸਿੰਘ ਜ਼ੀਰਾ

ਕੈਪਟਨ ਇਕਬਾਲ ਸਿੰਘ ਵਿਰਕ
ਫ਼ੋਨ: 647-631-9445
ਇਸ ਦੁਨੀਆਂ ਦਾ ਦਸਤੂਰ ਹੈ ਕਿ ਇਨਸਾਨ ਇੱਥੇ ਸੰਸਾਰ ਵਿਚ ਆਉਂਦਾ ਹੈ, ਦੁਨਿਆਵੀ ਕਾਰਜਾਂ ਵਿਚ ਰੁੱਝ ਜਾਂਦਾ ਹੈ ਅਤੇ ਇਨਾਂ ਨੂੰ ਮਾੜਾ-ਚੰਗਾ ਨਿਭਾਉਂਦਿਆਂ ਹੋਇਆਂ ਅਖ਼ੀਰ ਇਸ ਤੋਂ ਰੁਖ਼ਸਤ ਹੋ ਜਾਂਦਾ ਹੈ। ਇਹ ਜੀਵਨ ਦੀ ਕੌੜੀ ਸੱਚਾਈ ਹੈ ਜਿਸ ਨੂੰ ਪ੍ਰਵਾਨ ਕਰਨਾ ਹੀ ਪੈਂਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਫ਼ੁਰਮਾਇਆ ਗਿਆ ਹੈ:
ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀਐ॥
ਜਿਸ ਕੇ ਜੀਅ ਪ੍ਰਾਣ ਹਹਿ ਕਿਉ ਸਾਹਿਬ ਮਨੋ ਬਿਸਾਰੀਐ॥ (ਆਸਾ ਦੀ ਵਾਰ)
ਹਰੀ ਸਿੰਘ ਜ਼ੀਰਾ ਦੇ ਜਨਮ ਦਾ ਸਾਲ 1941 ਹੈ। ਉਹ ਮੇਰੇ ਤੋਂ ਦੋ-ਢਾਈ ਮਹੀਨੇ ਛੋਟਾ ਸੀ। ਮੇਰੇ ਘਰ ਦੇ ਮੈਂਬਰਾਂ ਦੇ ਦੱਸਣ ਅਨੁਸਾਰ ਮੇਰੇ ਜਨਮ ਦਾ ਮਹੀਨਾ ਮਾਰਚ ਹੈ ਅਤੇ ਸਾਲ 1941 ਹੈ। ਇਸ ਹਿਸਾਬ ਨਾਲ ਉਸ ਦਾ ਜਨਮ 1941 ਦੇ ਮਈ ਜਾਂ ਜੂਨ ਮਹੀਨੇ ਦਾ ਹੋਵੇਗਾ। ਅਲਬੱਤਾ, 2 ਅਗਸਤ 2020 ਨੂੰ ਪੀ.ਜੀ.ਆਈ ਚੰਡੀਗੜ ਵਿਖੇ ਹੋਏ ਉਸ ਦੇ ਅਕਾਲ-ਚਲਾਣੇ ਸਮੇਂ ਪਰਿਵਾਰਕ ਸੂਤਰਾਂ ਦੇ ਦੱਸਣ ਮੁਤਾਬਿਕ ਸਰਕਾਰੀ-ਐਫ਼ੀਡੈਵਿਟ ਅਨੁਸਾਰ ਉਸ ਦੀ ਜਨਮ ਤਰੀਕ 11 ਜੂਨ 1941 ਸੀ ਅਤੇ ਉਸ ਸਮੇਂ ਉਸ ਦੀ ਉਮਰ ਲੱਗਭੱਗ 80 ਸਾਲ ਸੀ। ਉਦੋਂ ਜਨਮ ਦੀਆਂ ਤਰੀਕਾਂ ਪਰਿਵਾਰ ਦੇ ਮੈਂਬਰਾਂ ਵੱਲੋਂ ਘੱਟ ਹੀ ਯਾਦ ਰੱਖੀਆਂ ਜਾਂਦੀਆਂ ਸਨ ਅਤੇ ਸਕੂਲ ਵਿਚ ਦਾਖ਼ਲ ਕਰਾਉਣ ਸਮੇਂ ਮਾਪਿਆਂ ਵੱਲੋਂ ਸਕੂਲ ਮਾਸਟਰ ਨੂੰ ਇਹ ਅੰਦਾਜ਼ੇ ਨਾਲ ਹੀ ਦੱਸੀਆਂ ਜਾਂਦੀਆਂ ਸਨ।
ਬਹੁਤੇ ਕੇਸਾਂ ਵਿਚ ਤਾਂ ਸਕੂਲ ਦੇ ਅਧਿਆਪਕਾਂ ਵੱਲੋਂ ਦਾਖ਼ਲਾ-ਰਜਿਸਟਰਾਂ ਵਿਚ ਇਹ ਤਰੀਕਾਂ ਨਵੇਂ ਵਿੱਦਿਅਕ ਸੈਸ਼ਨ ਦਾ ਪਹਿਲਾ ਦਿਨ, ਭਾਵ ਪਹਿਲੀ ਅਪ੍ਰੈਲ ਹੀ ਦਰਜ ਕਰ ਲਈਆਂ ਜਾਂਦੀਆਂ ਸਨ।
ਦੂਜੀ ਜਮਾਤ ਤੋਂ ਲੈ ਕੇ ਛੇਵੀਂ ਜਮਾਤ ਤੱਕ ਅਸੀਂ ਦੋਵੇਂ ਪ੍ਰਾਇਮਰੀ ਤੇ ਹਾਈ ਸਕੂਲ ਜ਼ੀਰਾ ਵਿਖੇ ਇਕੱਠੇ ਪੜਦੇ ਰਹੇ। ਬਚਪਨ ਤੋਂ ਹੀ ਹਰੀ ਸਿੰਘ ਦਾ ਸੁਭਾਅ ਸਿੱਧਾ-ਸਾਦਾ ਅਤੇ ਉਸ ਦਾ ਚਿਹਰਾ-ਮੋਹਰਾ ਢਿੱਲੜ ਜਿਹਾ ਹੋਣ ਕਾਰਨ ਅਸੀਂ ਸਾਰੇ ਜਮਾਤੀ ਉਸ ਨੂੰ ‘ਲੋਲਾ’ ਕਹਿੰਦੇ ਹੁੰਦੇ ਸੀ। ਪਰ ਕਿਸਮਤ ਦਾ ਧਨੀ ਹਰੀ ਸਿੰਘ ਜਦੋਂ ઑਸਿਆਸਤ ਦੇ ਪਿੜ਼ ਵਿਚ ਦਾਖ਼ਲ ਹੋ ਗਿਆ ਤਾਂ ਹੌਲੀ ਹੌਲ਼ੀ ਇਸ ਦੀਆਂ ਪੌੜੀਆਂ ਚੜਦਿਆਂ ਹੋਇਆਂ ਪੰਜ ਵਾਰ ਐੱਮ. ਐੱਲ. ਏ. ਬਣਿਆਂ ਅਤੇ ਪੰਜਾਬ ਟਿਊਬਵੈੱਲ ਕਾਰਪੋਰੇਸ਼ਨ ਦਾ ਚੇਅਰਮੈਨ ਵੀ ਰਿਹਾ। ਇਸ ਦੌਰਾਨ ਅਤੇ ਉਸ ਤੋਂ ਬਾਅਦ ਵੀ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਪੱਕੇ ਤੌਰ ‘ઑਤੇ ਜੁੜਿਆ ਰਿਹਾ ਅਤੇ ਜੀਵਨ-ਭਰ ਕਦੇ ਵੀ ਦਲ-ਬਦਲੀ ਨਹੀਂ ਕੀਤੀ, ਜਿਵੇਂ ਕਿ ਸਿਆਸਤ ਵਿਚ ਅਕਸਰ ਹੀ ਹੁੰਦਾ ਹੈ।
ਹਰੀ ਸਿੰਘ ਜ਼ੀਰਾ ਨੂੰ ਸਵੇਰ ਸਮੇਂ ਜਦੋਂ ਵੀ ਕਿਤੇ ਟੈਲੀਫ਼ੋਨ ਕਰਨਾ, ਉਹ ਅਕਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਨ ਵਿਚ ਲੱਗਾ ਹੁੰਦਾ ਸੀ। ਉਸ ਦੇ ਪਿਤਾ ਜੀ ਸਰਦਾਰ ਜਸਵੰਤ ਸਿੰਘ ਅਤੇ ਦਾਦਾ ਜੀ ਸਰਦਾਰ ਚੰਨਣ ਸਿੰਘ ਵੀ ਬੜੇ ਹੀ ਧਾਰਮਿਕ ਬਿਰਤੀ ਵਾਲੇ ਸਨ। ਮਾਤਾ ਸ਼ਾਮ ਕੌਰ ਵੀ ਪੂਰੇ ਧਾਰਮਿਕ ਵਿਚਾਰਾਂ ਵਾਲੇ ਸਨ। ਇਸ ਤਰਾਂ ਅੱਗੋਂ ਇਹ ਪਰੰਪਰਾਵਾਦੀ ઑਜਾਗ਼ ਹਰੀ ਸਿੰਘ ਨੂੰ ਵੀ ਬਚਪਨ ਤੋਂ ਹੀ ਲੱਗ ਗਈ। ਸਿਆਸਤ ਵਿਚ ਪ੍ਰਵੇਸ਼ ਕਰਕੇ ਉਹ ਬੇਸ਼ਕ ਇਕ ਪ੍ਰਪੱਕ ਅਤੇ ਹਰਮਨ-ਪਿਆਰਾ ਲੀਡਰ ਬਣ ਗਿਆ ਸੀ ਪਰ ਇਸ ਦੇ ਨਾਲ ਹੀ ਉਹ ਬੜਾ ਗੁਰਮੁਖ ਅਤੇ ਮਿਲਾਪੜਾ ਇਨਸਾਨ ਸੀ। ਏਸੇ ਕਰਕੇ ਹੀ ਸ਼ਾਇਦ, ਪੰਜਾਬ ਦੇ ਲੋਕ ਉਸ ਨੂੰ ‘ਦਰਵੇਸ਼ ਸਿਆਸਤਦਾਨ’ ਦਾ ਦਰਜਾ ਦਿੰਦੇ ਹਨ। ਕੈਨੇਡਾ ਦੀਆਂ ਅਖ਼ਬਾਰਾਂ ਵਿਚ ਵੀ ਉਨਾਂ ਨੂੰ ‘ਦਰਵੇਸ਼ ਸਿਆਸਤਦਾਨ’ ਵਜੋਂ ਹੀ ਯਾਦ ਕੀਤਾ ਗਿਆ ਹੈ।
ਹਰੀ ਸਿੰਘ ਜ਼ੀਰਾ ਦਾ ਪਰਿਵਾਰ ਅਸਲੀ ਟਕਸਾਲੀ ਅਕਾਲੀ ਪਰਿਵਾਰ ਸੀ ਅਤੇ ਉਸ ਦੀ ਜੀਵਨ-ਸ਼ੈਲੀ ਬੜੀ ਸਿੱਧੀ-ਸਾਦੀ ਸੀ। ਉਸ ਦੇ ਪਿਤਾ ਜੀ ਜਸਵੰਤ ਸਿੰਘ ਨੇ ਅੰਗਰੇਜ਼ੀ ਰਾਜ ਸਮੇਂ ਕਈ ਵਾਰ ਜੇਲਾਂ ਕੱਟੀਆਂ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਰਹੇ। ਇਹੀ ਜਜ਼ਬਾ ਉਨਾਂ ਦੇ ਸਪੁੱਤਰ ਹਰੀ ਸਿੰਘ ਜ਼ੀਰਾ ਵਿਚ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਉਸ ਨੇ ਆਪਣਾ ਸਿਆਸੀ ਜੀਵਨ ਜ਼ੀਰਾ ਵਿਧਾਨ ਸਭਾ ਹਲਕੇ ਦੇ ਅਕਾਲੀ ਐੱਮ.ਐੱਲ.ਏ. ਇੰਦਰਜੀਤ ਸਿੰਘ ਜ਼ੀਰਾ ਦੇ ਸੈੱਕਟਰੀ ਵਜੋਂ ਸ਼ੁਰੂ ਕੀਤਾ ਅਤੇ 1975 ਵਿਚ ਭਾਰਤ ਵਿਚ ਲੱਗੀ ਐਮਰਜੈਂਸੀ ਦੌਰਾਨ ਇਸ ਦੇ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਰੰਭ ਕੀਤੇ ਗਏ ਸੰਘਰਸ਼ ਅਤੇ ਅਕਾਲੀ ਮੋਰਚਿਆਂ ਵਿਚ ਵੱਧ ਚੜ ਕੇ ਹਿੱਸਾ ਲਿਆ। ਬਹੁਤ ਸਾਰੇ ਵੱਡੇ-ਛੋਟੇ ਅਕਾਲੀ ਨੇਤਾਵਾਂ ਵਾਂਗ ਉਹ ਵੀ ਜੇਲ ਗਿਆ ਅਤੇ ਲੱਗਭੱਗ ਚਾਰ ਸਾਲ ਜੇਲ ਕੱਟੀ।
ਐਮਰਜੈਂਸੀ ਖ਼ਤਮ ਹੋਣ ‘ઑਤੇ ਉਹ ਪਹਿਲੀ ਵਾਰ 1977 ਵਿਚ ਜ਼ੀਰਾ ਤੋਂ ਅਕਾਲੀ ਦਲ ਦੀ ਟਿਕਟ ਉઑਤੇ ਐੱਮ.ਐੱਲ.ਏ. ਚੁਣਿਆ ਗਿਆ। ਫਿਰ 1980, 1985 ਅਤੇ 2002 ਵਿਚ ਮੁੜ ਐੱਮ.ਐੱਲ.ਏ. ਬਣਿਆ। 2007 ਵਿਚ ਉਹ ਕਾਂਗਰਸ ਦੇ ਆਗੂ ਨਰੇਸ਼ ਕੁਮਾਰ ਤੋਂ ਇਹ ਚੋਣ ਹਾਰ ਗਿਆ ਅਤੇ 2012 ਵਿਚ ਓਸੇ ਕਾਂਗਰਸੀ ਉਮੀਦਵਾਰ ਨੂੰ ਹਰਾ ਕੇ ਉਸ ਨੇ ਮੁੜ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸ ਤਰਾਂ ਉਸ ਨੇ ਪੰਜ ਵਾਰ ਜ਼ੀਰਾ ਅਸੈਂਬਲੀ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕੀਤੀ। ਇਸ ਦੌਰਾਨ ਉਹ ਕੁਝ ਸਮਾਂ ਪੰਜਾਬ ਟਿਊਬਵੈੱਲ ਕਾਰਪੋਰੇਸ਼ਨ ਦੇ ਚੇਅਰਮੈਨ ਦੇ ਅਹੁਦੇ ‘ઑਤੇ ਤਾਇਨਾਤ ਰਿਹਾ ਅਤੇ ਅਕਾਲੀ ਦਲ ਦੀ ਕੋਰ ਕਮੇਟੀ ਦਾ ਅਹਿਮ ਮੈਂਬਰ ਵੀ ਰਿਹਾ।
ਭਾਰਤੀ ਫ਼ੌਜ ਵਿਚ ਨੌਕਰੀ ਦੇ ਦੌਰਾਨ ਮੈਂ ਦੋ ਵਾਰ ਹਰੀ ਸਿੰਘ ਨੂੰ ਮਿਲਿਆ। ਇਕ ਵਾਰ ਉਸ ਨੂੰ ਬਿਨਾਂ ਦੱਸੇ ਹੀ ਮੈਂ ਕਾਰ ‘ઑਤੇ ਮੋਗੇ ਤੋਂ ਅੰਮ੍ਰਿਤਸਰ ਜਾ ਰਿਹਾ ਸੀ। ਫ਼ੋਨ ਵਗ਼ੈਰਾ ਤਾਂ ਉਦੋਂ ਹੁੰਦੇ ਨਹੀਂ ਸਨ। ਜ਼ੀਰੇ ਉਸ ਦੀ ਕਾਰ ਖੜੀ ਵੇਖੀ ਤਾਂ ਬਾਹਰ ਸੜਕ ‘ઑਤੇ ਆਪਣੀ ਗੱਡੀ ਖੜੀ ਕਰਕੇ ਉਸ ਵੱਲ ਚੱਲ ਪਿਆ ਅਤੇ ਕਾਰ ਦੇ ਕੋਲ ਜਾ ਕੇ ਕਿਹਾ ਕਿ ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ। ਉਹ ਕਹਿਣ ਲੱਗਾ ਕਿ ਉਹ ਤਾਂ ਜ਼ਰੂਰੀ ਮੀਟਿੰਗ ਲਈ ਚੰਡੀਗੜ ਜਾ ਰਿਹਾ ਹੈ ਪਰ ਨਾਲ ਹੀ ਉਹ ਮੇਰਾ ਹੱਥ ਫੜ ਕੇ ਮੈਨੂੰ ਕੋਠੀ ਦੇ ਅੰਦਰ ਲੈ ਗਿਆ। ਅਸੀਂ ਇਕੱਠਿਆਂ ਚਾਹ-ਪਾਣੀ ਪੀਤਾ ਅਤੇ ਇਸ ਦੌਰਾਨ ਲੱਗਭੱਗ ਦੋ ਘੰਟੇ ਗੱਪ-ਸ਼ੱਪ ਵੀ ਚੱਲਦੀ ਰਹੀ।
ਫਿਰ ਆਖ਼ਰੀ ਵਾਰ ਮੈਂ ਉਸ ਨੂੰ ਉਸ ਦੇ ਘਰ 2018 ਵਿਚ ਮਿਲਿਆ। ਦੋਵੇਂ ਵਾਰ ਉਸ ਦੀ ਕੋਠੀ ਦੇ ਦਰਵਾਜ਼ੇ ਮੈਨੂੰ ਖੁੱਲੇ ਮਿਲੇ ਅਤੇ ਉਸ ਨੇ ਮੇਰੀ ਖ਼ੂਬ ਸੇਵਾ ਕੀਤੀ। ਇਹ ਦਰਵਾਜ਼ੇ ਕੇਵਲ ਮੇਰੇ ਲਈ ਹੀ ਨਹੀਂ, ਸਗੋਂ ਹਰੇਕ ਲਈ ਖੁੱਲੇ ਹੁੰਦੇ ਸਨ। ਕੋਈ ਵੀ ਉੱਥੇ ਜਾ ਕੇ ਉਸ ਨੂੰ ਮਿਲ ਸਕਦਾ ਸੀ। ਉਸ ਦੀ ਕੋਠੀ ‘ઑਤੇ ਕੋਈ ਪੁਲਿਸ-ਗਾਰਦ ਨਹੀਂ ਸੀ ਹੁੰਦੀ। ਦਰਅਸਲ, ਇਸ ਦੀ ਉਸ ਨੂੰ ਜ਼ਰੂਰਤ ਹੀ ਨਹੀਂ ਸੀ, ਕਿਉਂਕਿ ਉਸ ਦਾ ਕਿਸੇ ਨਾਲ ਵੀ ਕਿਸੇ ਕਿਸਮ ਦਾ ਕੋਈ ਵੈਰ-ਵਿਰੋਧ ਨਹੀਂ ਸੀ। ਅੱਜਕੱਲ ਮੰਤਰੀ ਤੇ ਐੱਮ.ਐੱਲ.ਏ. ਤਾਂ ਇਕ ਪਾਸੇ ਰਹੇ, ਹਰੇਕ ਛੋਟਾ-ਵੱਡਾ ਸਿਆਸੀ ਆਗੂ ਹੀ ਪੁਲਿਸ ਗਾਰਦ ਲਈ ਫਿਰਦਾ ਹੈ। ਸਿਆਸੀ ਨੇਤਾਵਾਂ ਲਈ ਪੁਲਿਸ ਗਾਰਦ ਰੱਖਣਾ ਹੁਣ ਉਨਾਂ ਲਈ ઑਸਟੇਟੱਸ-ਸਿੰਬਲ਼ ਬਣ ਗਿਆ ਹੈ। ਮੈਨੂੰ ਯਾਦ ਹੈ 2017 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਹਰੀ ਸਿੰਘ ਜ਼ੀਰਾ ਦੀ ਚੋਣ-ਮੁਹਿੰਮ ‘ઑਤੇ ਜ਼ੀਰਾ ਦਾਣਾ-ਮੰਡੀ ਆਏ। ਪੰਡਾਲ ਵਿਚ ਬੈਠਿਆਂ ਮੈਂ ਬਾਦਲ ਸਾਹਿਬ ਨੂੰ ਉਦੋਂ ਪਹਿਲੀ ਵਾਰ ਦੂਰੋਂ ਹੀ ਵੇਖਿਆ। ਚੋਣ-ਜਲਸੇ ਤੋਂ ਬਾਅਦ ਮੈਂ ਹਰੀ ਸਿੰਘ ਦੇ ਘਰ ਗਿਆ ਅਤੇ ਉਸ ਨੂੰ ਦੱਸਿਆ ਕਿ ਮੈਂ ਤੁਹਾਡੇ ਕੰਪੇਨ-ਪੰਡਾਲ ਵਿਚ ਬੈਠਿਆਂ ਦੂਰੋਂ ਹੀ ਬਾਦਲ ਸਾਹਿਬ ਦਾ ਭਾਸ਼ਨ ਸੁਣਿਆ ਹੈ। ਉਹ ਕਹਿਣ ਲੱਗਾ, ”ਆ ਜਾਣਾ ਸੀ ਸਟੇਜ ਦੇ ਨੇੜੇ, ਬਾਦਲ ਸਾਹਿਬ ਨਾਲ ਤੇਰੀ ਫ਼ੋਟੋ ਹੀ ਖਿਚਵਾ ਦਿੰਦਾ।” ਮੈਂ ਅੱਗੋਂ ਕਿਹਾ ਸੀ, ”ਸਾਨੂੰ ਫ਼ੌਜੀਆਂ ਨੂੰ ਇਨਾਂ ਫ਼ੋਟੋਆਂ ਦੀ ਕੀ ਜ਼ਰੂਰਤ ਹੈ। ਇਹ ਤਾਂ ਤੁਹਾਨੂੰ ਸਿਆਸੀ ਆਗੂਆਂ ਨੂੰ ਹੀ ਲੋੜੀਂਦੀਆਂ ਨੇ। ਅਸੀਂ ਕਿਹੜਾ ਸਿਆਸੀ ਜਾਂ ਕੋਈ ਹੋਰ ਲਾਹਾ ਲੈਣਾ ਹੁੰਦਾ ਹੈ।” …ਤੇ ਇਹ ਬਿਲਕੁਲ ਸੱਚਾਈ ਹੈ ਕਿ ਹਰੀ ਸਿੰਘ ਜ਼ੀਰਾ ਦੇ ਪੰਜ ਵਾਰ ਐੱਮ.ਐੱਲ.ਏ. ਹੁੰਦਿਆਂ ਮੈਂ ਕਦੇ ਵੀ ਉਸ ਨੂੰ ਕਿਸੇ ਵੀ ਕੰਮ ਲਈ ਨਹੀਂ ਕਿਹਾ।
ਇੱਥੇ ਇਸ ਦੇ ਬਾਰੇ ਜ਼ਿਕਰ ਕਰਨ ਦਾ ਮੇਰਾ ਮਕਸਦ ਸਿਰਫ਼ ਇਹ ਦੱਸਣਾ ਹੈ ਕਿ ਹਰੀ ਸਿੰਘ ਜ਼ੀਰਾ ਕਿੰਨੇ ਉੱਚੇ ਪੱਧਰ ਦਾ ਸਿਆਸਤਦਾਨ ਸੀ ਅਤੇ ਉਸ ਦਾ ਜੀਵਨ ਕਿੰਨਾ ਸਿੱਧਾ-ਸਾਦਾ ਸੀ। ਕਿੰਨਾ ਚੰਗਾ ਹੋਵੇ, ਜੇਕਰ ਸਾਡੇ ਐੱਮ.ਐੱਲ.ਏ./ਐੱਮ.ਪੀ., ਮੰਤਰੀ ਤੇ ਹੋਰ ਸਿਆਸਤਦਾਨ ਵੀ ਹਰੀ ਸਿੰਘ ਜ਼ੀਰਾ ਵਾਂਗ ਆਪਣਾ ਜੀਵਨ ਸਾਦੇ ਢੰਗ ਨਾਲ ਬਤੀਤ ਕਰਨ। ਫਿਰ ਉਨਾਂ ਨੂੰ ਕਿਸੇ ਪੁਲਿਸ-ਗਾਰਦ ਦੀ ਲੋੜ ਹੀ ਨਾ ਪਵੇ ਅਤੇ ਨਾ ਹੀ ਲੋਕਾਂ ਨੂੰ ਇਨਾਂ ਨੇਤਾਵਾਂ ਨੂੰ ਮਿਲਣ ਲਈ ਲੰਮੀਆਂ ਉਡੀਕਾਂ ਕਰਨੀਆਂ ਪੈਣ।
ਹਰੀ ਸਿੰਘ ਜ਼ੀਰਾ ਬਚਪਨ ਦੀਆਂ ਯਾਦਾਂ ਕਦੇ ਭੁੱਲਦਾ ਨਹੀਂ ਸੀ। ਅਸੀਂ ਜਦੋਂ ਵੀ ਕਦੇ ਇਕੱਠੇ ਹੁੰਦੇ, ਬਚਪਨ ਦੀਆਂ ਯਾਦਾਂ ਸਾਡੇ ਅੱਗੇ ਫ਼ਿਲਮ ਦੀ ਰੀਲ ਵਾਂਗ ਘੁੰਮ ਜਾਂਦੀਆਂ ਅਤੇ ਅਸੀਂ ਉਨਾਂ ਦਾ ਖ਼ੂਬ ਆਨੰਦ ਲੈਂਦੇ। ਬੜਾ ਹੀ ਹਸਮੁੱਖ ਅਤੇ ਮਿਲਾਪੜਾ ਇਨਸਾਨ ਸੀ, ਹਰੀ ਸਿੰਘ ਜ਼ੀਰਾ।
ਆਪਣੇ ਆਖ਼ਰੀ ਦਿਨਾਂ ਵਿਚ ਉਹ ਹਾਈ ਬਲੱਡ-ਪਰੈੱਸਰ ਅਤੇ ਦਿਲ ਦੀ ਬੀਮਾਰੀ ਦਾ ਮਰੀਜ਼ ਹੋ ਗਿਆ ਅਤੇ ਕੁਝ ਮਹੀਨੇ ਪੀ.ਜੀ.ਆਈ. ਚੰਡੀਗੜ ਵਿਚ ਦਾਖ਼ਲ ਰਿਹਾ। ਅਖ਼ੀਰ ਉਹ 2 ਅਗਸਤ 2019 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਪ੍ਰਮਾਤਮਾ ਉਸ ਦੀ ਰੂਹ ਨੂੰ ਸ਼ਾਂਤੀ ਬਖ਼ਸ਼ੇ! ਉਹ ਆਪਣੇ ਪਿੱਛੇ ਹੱਸਦਾ-ਵੱਸਦਾ ਪਰਿਵਾਰ ਛੱਡ ਕੇ ਗਿਆ ਹੈ। ਉਸ ਦੀ ਪਤਨੀ ਦਵਿੰਦਰ ਕੌਰ, ਸਪੁੱਤਰ ਅਵਤਾਰ ਸਿੰਘ ਅਤੇ ਤਿੰਨ ਲੜਕੀਆਂ ਹਨ। ਪੋਤਰਾ ਹਰਬੀਰ ਇੰਦਰ ਸਿੰਘ ਐੱਮ.ਏ.,ਐੱਲ.ਐੱਲ.ਬੀ. ਸਫ਼ਲ ਵਕੀਲ ਹੈ ਅਤੇ ਨੂੰਹ ਜਸਵਿੰਦਰ ਕੌਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਮੈਂਬਰ ਹੈ।
(ਸੋਧ ਤੇ ਤਰਤੀਬ: ਡਾ. ਸੁਖਦੇਵ ਸਿੰਘ ਝੰਡ)

Check Also

ਵਿਗਿਆਨ ਗਲਪ ਕਹਾਣੀ

ਕਿਸ਼ਤ-1 ਆਖ਼ਰੀ ਮਿਸ਼ਨ ਉੱਚੇ ਪਹਾੜਾਂ ਵਾਲੀ ਵਾਦੀ ਦੀ ਡੂੰਘੀ ਖੱਡ ਵਿਚ ਉਹ ਫ਼ੌਜੀ ਆਖ਼ਰੀ ਦਮਾਂ …