ਕਿਸ਼ਤ ਪਹਿਲੀ
ਨਿੱਤਨੇਮ ਵਾਂਗ ਸਵੇਰ ਦੀ ਚਾਹ ਪੀਂਦਿਆਂ ਬਾਪ ਨਾਲ ਫੋਨ ‘ਤੇ ਗੱਲ ਕਰਦਾ ਹਾਂ, ਲਵੇਰੀ ਗਾਂ ਦੀਆਂ, ਮੌਸਮ ਦੀਆਂ, ਬਾਰਸ਼ ਦੀਆਂ, ਫ਼ਸਲ ਦੀਆਂ, ਪਿੰਡ ਦੀਆਂ ਅਤੇ ਆਲੇ-ਦੁਆਲੇ ਦੀਆਂ। ਫ਼ਿਕਰਮੰਦੀ ਜ਼ਾਹਰ ਕਰਦਾ ਹਾਂ ਕਿ ਸਾਈਕਲ ‘ਤੇ ਸਾਝਰੇ ਹੀ ਤਿੰਨ ਕਿਲੋਮੀਟਰ ਦੂਰ ਗੁਰਦੁਆਰੇ ਨਾ ਜਾਇਆ ਕਰੋ। ਟਰੈਫ਼ਿਕ ਬਹੁਤ ਜ਼ਿਆਦਾ ਹੈ। ਕਾਰਾਂ ਆਦਿ ਵਾਲੇ ਸਾਈਕਲ ਵਾਲਿਆਂ ਨੂੰ ਤਾਂ ਬੰਦੇ ਹੀ ਨਹੀਂ ਸਮਝਦੇ। ਪਰ ਉਹ ਬਜਿੱਦ ਨੇ ਸਾਈਕਲ ‘ਤੇ ਨਿੱਤਨੇਮ ਵਾਂਗ ਗੁਰਦੁਆਰੇ ਜਾਣ ਲਈ। ਤੇ ਆਖਰ ਨੂੰ ਮੈਂ ਹਾਰ ਮੰਨਦਾ, ਵਾਅਦਾ ਲੈਂਦਾ ਹਾਂ ਕਿ ਉਹ ਸਵੇਰੇ ਜਲਦੀ ਨਾ ਜਾਣ। ਮੂੰਹ-ਹਨੇਰੇ ਕੁਝ ਵੀ ਹੋ ਸਕਦਾ ਏ। ਇਹ ਵੀ ਵਾਅਦਾ ਕਰਦਾ ਹਾਂ ਕਿ ਮਈ ਵਿਚ ਆਵਾਂਗਾ ਅਤੇ ਤਿੰਨ ਕੁ ਮਹੀਨੇ ਇੰਡੀਆ ਰਹਾਂਗਾ। ਜ਼ਿੰਦਗੀ ਦੀ ਢਲਦੀ ਸ਼ਾਮ ‘ਚ ਬਾਪ ਨਾਲ ਕੁਝ ਪਲ ਬਿਤਾਉਣ ਦੀ ਤਮੰਨਾ ਤਾਂ ਸੀ ਪਰ ਇਸਨੂੰ ਪੂਰਨਤਾ ਵੰਨੀਂ ਪਤਨੀ ਨੇ ਤੋਰਿਆ ਜਦ ਇਕ ਦਿਨ ਕਹਿਣ ਲੱਗੀ, ”ਤੁਸੀਂ 16 ਸਾਲ ਦੀ ਉਮਰ ਵਿਚ ਘਰੋਂ ਨਿਕਲ ਗਏ ਸੀ ਉਚੇਰੀ ਪੜਾਈ ਲਈ। ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਕੀਤੀ। 30 ਸਾਲ ਤੱਕ ਕਾਲਜ਼ਾਂ ‘ਚ ਪੜ੍ਹਾ ਕੇ ਰਿਟਾਇਰ ਵੀ ਹੋ ਗਏ। ਤੁਹਾਡਾ ਕਦੇ ਜੀਅ ਨਹੀਂ ਕਰਦਾ ਕਿ ਕੁਝ ਸਮਾਂ ਆਪਣੇ ਬਾਪ ਨਾਲ ਵੀ ਬਿਤਾ ਲਿਆ ਜਾਵੇ? ਉਹ ਤਾਂ ਦਰਿਆਵੇ ਕੰਢੀਂ ਰੁੱਖੜਾ ਨੇ। ਪਤਾ ਨਹੀਂ ਕਦ ਵਹਿ ਜਾਣ?” ਮੈਂ ਆਪਣੇ ਆਪ ਨੂੰ ਕੋਸਦਾ, ਪਤਨੀ ਨਾਲ ਵਾਅਦਾ ਕਰਦਾ ਹਾਂ ਕਿ ਇਸ ਗਰਮੀਆਂ ਵਿਚ ਤਿੰਨ ਮਹੀਨੇ ਬਾਪ ਨਾਲ ਬਿਤਾਉਣੇ ਹਨ। ਜਦ ਇਸ ਬਾਰੇ ਬਾਪ ਨੂੰ ਪਤਾ ਲੱਗਾ ਤਾਂ ਕਹਿਣ ਲੱਗਾ ਫਿਰ ਤਾਂ ਡੇਢ ਮਹੀਨੇ ਬਾਅਦ ਤੁਸੀਂ ਆ ਹੀ ਜਾਣਾ। ਮਨ ਵਿਚ ਸੀ ਕਿ ਉਹਨਾਂ ਦੇ ਜੀਵਨ-ਸੰਘਰਸ਼ ਦੀਆਂ ਉਹ ਪਰਤਾਂ ਫਰੋਲਣ ਦੀ ਕੋਸ਼ਿਸ਼ ਕਰਾਂਗਾ ਜੋ ਮੈਂਨੂੰ ਨਹੀਂ ਪਤਾ। ਉਹਨਾਂ ਪਲਾਂ ਨੂੰ ਮੁੜ ਜਿਉਂਦੇ ਕਰਾਂਗਾ ਜੋ ਬਾਪ ਦੇ ਚੇਤਿਆਂ ‘ਚੋਂ ਕਿਰਨ ਲੱਗ ਪਏ ਨੇ। ਆਸ ਸੀ ਕਿ ਬਾਪ ਦੇ ਨੈਣਾਂ ਵਿਚ ਹੁਲਾਸ ਅਤੇ ਆਸ ਦੀ ਕਿਣਮਿਣ ਨੂੰ ਨਿਹਾਰਾਂਗਾ ਜੋ ਅਕਸਰ ਹੀ ਵਿਦੇਸ਼ ਤੋਂ ਪਰਤਣ ‘ਤੇ ਉਹਨਾਂ ਦੇ ਦੀਦਿਆਂ ਵਿਚ ਤਾਰੀ ਹੁੰਦੀ। ਉਮੀਦ ਸੀ ਕਿ ਮਿਲਣੀ ਵਿਚੋਂ ਬਹੁਤ ਸਾਰੇ ਮਾਣਕ-ਮੋਤੀ ਮੇਰਾ ਹਾਸਲ ਬਣਨਗੇ ਜਿਹਨਾਂ ਦੀ ਚਮਕ ਵਿਚੋਂ ਜ਼ਿੰਦਗੀ ਦੇ ਹਨੇਰੇ ਰਾਹਾਂ ਨੂੰ ਰੁੱਸ਼ਨਾਇਆ ਜਾ ਸਕਦਾ ਏ। ਆਪਣਿਆਂ ਦੀ ਖੁਦਗਰਜ਼ੀ ਕਾਰਨ, ਉਹਨਾਂ ਦੀਆਂ ਅਪੂਰਨ ਆਸਾਂ, ਤਿੱੜਕੀਆਂ ਰੀਝਾਂ ਅਤੇ ਤੋੜੇ ਵਾਅਦਿਆਂ ਦੀ ਤਫ਼ਸੀਲ ਪਤਾ ਕਰਾਂਗਾ। ਸਮਾਜਿਕ ਬਣਤਰ ਵਿਚ ਪੈ ਰਹੇ ਮਘੋਰਿਆਂ ਦੀ ਤਹਿ ਵਿਚ ਜਾਣ ਦੀ ਜੁਸਤਜ਼ੂ ਸੀ। ਉਹਨਾਂ ਦੀ ਜੀਵਨ-ਇਬਾਰਤ ਵਿਚੋਂ ਇਬਾਦਤ ਵਰਗਾ ਕੁਝ ਕੁ ਸ਼ਬਦਾਂ ‘ਚ ਉਕਰ ਕੇ ਸਫ਼ਿਆਂ ਦਾ ਸਰਫ਼ ਬਣਾਂਵਾਂਗਾ।
ਪਰ ਆਸ ਨੂੰ ਚਿੱਤਵਣ ਅਤੇ ਪੂਰਨ ਹੋਣ ਵਿਚ ਬਹੁਤ ਫ਼ਰਕ ਹੁੰਦਾ। ਅਜੇਹਾ ਹੀ ਮੇਰੇ ਨਾਲ ਵਾਪਰਿਆ ਜਦ ਦੂਸਰੇ ਦਿਨ ਸਵੇਰੇ ਉਸੇ ਸਮੇਂ ਛੋਟੇ ਭਰਾ ਦਾ ਫ਼ੋਨ ਆਉਂਦਾ ਹੈ ਕਿ ਭਾਪਾ ਜੀ ਦੇ ਦਿਮਾਗ ਦੀ ਨਾੜੀ ਫੱਟ ਗਈ ਹੈ। ਖੱਬਾ ਪਾਸੇ ‘ਤੇ ਅਸਰ ਹੋ ਗਿਆ। ਉਹ ਬੋਲ ਨਹੀਂ ਸਕਦੇ। ਅੱਖਾਂ ਵੀ ਕਦੇ ਕਦਾਈਂ ਹੀ ਖੌਲਦੇ ਨੇ। ਹੁਣ ਉਹਨਾਂ ਨੂੰ ਜਲੰਧਰ ਲੈ ਕੇ ਜਾ ਰਹੇ ਹਾਂ। ਕਿਆਮਤ ਟੁੱਟ ਗਈ ਮੇਰੇ ‘ਤੇ। ਕੁਝ ਤੋਂ ਕੁਝ ਹੋਣ ਦਾ ਅਹਿਸਾਸ। ਸੁਪਨਿਆਂ ਦੇ ਤਿੱੜਕਣ ਦੀ ਆਹਟ। ਇਸ ਆਹਟ ਵਿਚੋਂ ਖੁਦ ਨੂੰ ਸੰਭਾਲਣ ਅਤੇ ਜਲਦੀ ਤੋਂ ਜਲਦੀ ਬਾਪ ਨੂੰ ਮਿਲਣ ਦੀ ਕਾਹਲ। ਸਵੇਰੇ ਸੱਤ ਵਜੇ ਇਹ ਪਤਾ ਲੱਗਾ ਅਤੇ 12 ਵਜੇ ਇੰਡੀਆ ਨੂੰ ਫਲਾਈਟ ਲੈਣ ਲਈ ਏਅਰਪੋਰਟ ‘ਤੇ ਪਹੁੰਚ ਗਏ। ਇਕ ਪਲ ਵਿਚ ਹੀ ਸਮਾਂ ਕਿਹੜੀ ਕਰਵੱਟ ਲੈ ਲਵੇ, ਕੋਈ ਨਹੀਂ ਜਾਣਦਾ। ਇਸ ਅਣਜਾਣਤਾ ਵਿਚ ਹੀ ਸਭ ਤੋਂ ਵੱਡੀ ਸਚਾਈ ਛੁਪੀ ਹੋਈ ਕਿ ਪਲ ਦਾ ਨਹੀਂ ਵਿਸਾਹ ਕੋਈ। ਜੋ ਕਰਨਾ ਚਾਹੁੰਦੇ ਹੋ, ਹੁਣ ਕਰੋ। ਬਾਅਦ ਵਿਚ ਤਾਂ ਇਕ ਪਛਤਾਵਾ ਹੀ ਪੱਲੇ ਵਿਚ ਰਹਿ ਜਾਂਦਾ। ਬਹੁਤ ਕੁਝ ਅਣਕਿਹਾ ਹੀ ਰਹਿ ਜਾਂਦਾ ਜੋ ਅਸੀਂ ਆਪਣੇ ਪਿਆਰਿਆਂ ਨੂੰ ਕਹਿਣਾ, ਸੁਣਨਾ, ਦੇਖਣਾ, ਦੱਸਣਾ ਜਾਂ ਸਮਝਾਉਣਾ ਹੁੰਦਾ। ਆਪਸੀ ਰੋਸੇ/ਰੰਜ਼ਸ਼ਾਂ ਨੂੰ ਦੂਰ ਕਰਨ ਲਈ ਉਦਮ ਕਰਨੇ ਹੁੰਦੇ ਜਾਂ ਮਾਨਸਿਕ ਤਿੱੜਕਣ ਨੂੰ ਭਰਨ ਲਈ ਉਚੇਚ ਕਰਨੀ ਹੁੰਦੀ। ਇਸਨੂੰ ਉਸੇ ਪਲ ਕਰੋ। ਕਿਧਰੇ ਸਮਾਂ ਸਾਡੇ ਹੱਥੋਂ ਤਿੱਲਕ ਨਾ ਜਾਵੇ। ਅੱਜ ਨੂੰ ਕਦੇ ਵੀ ਭਲਕ ਨਾ ਬਣਨ ਦੇਵੋ। ਕੈਨੇਡਾ ਤੋਂ ਵੀ ਛੋਟੀ ਭੈਣ ਦਾ, ਫਲਾਈਟ ਲੈਣ ਅਤੇ ਦਿਲੀ ਤੋਂ ਇਕੱਠੇ ਜਾਣ ਦਾ ਫ਼ੋਨ ਆ ਗਿਆ। ਵੱਡੀ ਬੇਟੀ ਆਪਣੇ ਦਾਦੇ ਨਾਲ ਇੰਨੀ ਜ਼ਿਆਦਾ ਮੋਹ ਦੀਆਂ ਤੰਦਾਂ ਵਿਚ ਬੱਝੀ ਕਿ ਉਹ ਵੀ ਨਾਲ ਜਾਣ ਲਈ ਬਜਿੱਦ। ਸਿਰਫ਼ ਇਕ ਹਫਤੇ ਲਈ ਹੀ ਨਾਲ ਤੁੱਰ ਪਈ ਜਿਵੇਂ ਕਪੂਰਥਲੇ ਤੋਂ ਚੰਡੀਗੜ ਜਾਣਾ ਹੋਵੇ। ਇਉਂ ਲੱਗੇ ਜਿਉਂ ਸਮਾਂ ਰੁੱਕ ਗਿਆ ਹੋਵੇ। ਹਜ਼ਾਰ ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਚੱਲਣ ਵਾਲਾ ਜਹਾਜ ਵੀ ਖੜੋਤਾ ਨਜ਼ਰ ਆਵੇ। ਮਨ ਦੀ ਕੇਹੀ ਅਵੱਸਥਾ ਕਿ ਹਵਾਈ ਸਫ਼ਰ ਨੂੰ ਮਾਨਣ ਵਾਲੇ ਪਲਾਂ ਵਿਚ ਵੀ ਮਨ ਉਕਤਾਇਆ, ਬਾਹਰ ਨਿਕਲ, ਉਡ ਕੇ ਬਾਪ ਕੋਲ ਪਹੁੰਚਣ ਲਈ ਉਤਾਵਲਾ। ਮਾਯੂਸੀ, ਘਬਰਾਹਟ ਅਤੇ ਦਰਦ ਵਿਚ ਗੁੰਨੀ ਮਾਨਸਿਕਤਾ। ਅਬੋਲਤਾ, ਬੋਲਬਾਣੀ ਵਿਚ ਹਾਵੀ। ਭਾਵੀ ਵਾਪਰਨ ਦਾ ਡਰ ਕਿ ਸ਼ਾਇਦ ਫ਼ੋਨ ਵਿਚ ਕੁਝ ਓਹਲਾ ਰੱਖਿਆ ਹੋਵੇ? ਹੁਣ ਪਤਾ ਨਹੀਂ ਕੀ ਹੋ ਗਿਆ ਹੋਣੇ? ਮਨ, ਮਾੜੇ ਵਿਚਾਰਾਂ ਅਤੇ ਢਹਿੰਦੀਆਂ ਕਲਾਂ ਵਿਚੋਂ ਨਿਕਲਣ ਦੀ ਬਜਾਏ ਇਸ ਵਿਚ ਹੋਰ ਡੂੰਘਾ ਧੱਸਦਾ ਜਾ ਰਿਹਾ। ਇਸੇ ਉਧੇੜ-ਬੁੱਣ ਵਾਲੀ ਮਾਨਸਿਕਤਾ ਵਿਚ ਬਹੁਤ ਔਖਾ ਸੀ ਅਮਰੀਕਾ ਤੋਂ ਜਲੰਧਰ ਦੇ ਹਸਪਤਾਲ ਵਿਚ ਪਹੁੰਚਣਾ।
ਹਸਪਤਾਲ ਦੇ ਆਈਸੀ ਯੂ ਵਿਚ ਜਿੰ ਦਾ ਮੂਹਰੈਲ ਤੇ ਸ਼ਾਹ-ਅਸਵਾਰ, ਬੇਸੁੱਧ ਹੋਇਆ ਬੈੱਡ ‘ਤੇ ਲੇਟਿਆ, ਡਾਕਟਰਾਂ ਤੇ ਨਰਸਾਂ ਦੇ ਜੰਮਘੱਟੇ ‘ਚ ਜ਼ਿੰਦਗੀ ਨੂੰ ਜਿਉਣ ਅਤੇ ਮੌਤ ਨੂੰ ਹਰਾਉਣ ਲਈ ਪੂਰਾ ਵਾਹ ਲਾ ਰਿਹਾ ਸੀ। ਆਪਣੇ ਪਰਿਵਾਰ ਦੇ ਪ੍ਰਦੇਸ ਤੋਂ ਪਰਤਣ ‘ਤੇ ਹਰ ਇਕ ਨੂੰ ਸੀਨੇ ਨਾਲ ਲਾ ਕੇ ਅਸ਼ੀਰਵਾਦ ਦੇਣ, ਚਾਵਾਂ-ਰੱਤਾ ਮਾਹੌਲ ਸਿਰਜਣ ਅਤੇ ਖੁਸ਼ੀ ਵਿਚ ਖੀਵਾ ਹੋਣ ਵਾਲਾ ਬਾਪ, ਇਸ ਗੱਲੋਂ ਬੇਖਬਰ ਕਿ ਉਹਨਾਂ ਦਾ ਵੱਡੇ ਪੁੱਤ-ਨੂੰਹ, ਧੀ ਅਤੇ ਪਲੇਠੀ ਪੋਤਰੀ ਵਿਦੇਸ਼ ਤੋਂ ਉਡ ਕੇ ਆ ਗਏ ਹਨ। ਬੰਦ ਅੱਖਾਂ ਅਤੇ ਬੋਲਣ ਤੋਂ ਅਸਮਰਥ ਬਾਪ ਦੀਆਂ ਭਾਵਨਾਵਾਂ ਪ੍ਰਗਟ ਹੋਣ ਤੋਂ ਬੇਹਿੱਸ ਤੇ ਅਹਿਲ। ਖੱਬਾ ਪਾਸਾ ਬਿਲਕੁਲ ਨਿਰਜਿੰਦ। ਆਲੇ-ਦੁਆਲੇ ‘ਚ ਪਸਰੀ ਮੂਕ ਚੁੱਪ। ਸਿੱਸਕੀਆਂ ਦੀ ਰੂਹ ਛਾਲੋ-ਛਾਲੀ। ਬੱਚਿਆਂ ਦੀਆਂ ਭਾਵਨਾਵਾਂ, ਬਾਪ ਦੀ ਰੂਹ ਤੀਕ ਪਹੁੰਚਣ ਤੋਂ ਅਸਮਰਥ। ਬੇਹੋਸ਼ੀ (ਕੋਮਾ) ਵਿਚ ਪਏ ਹੋਏ ਬਾਪ ਨੇ ਕਿਵੇਂ ਪੁੱਛਣਾ ਕਿ ਕਿਵੇਂ ਰਿਹਾ ਸਫ਼ਰ? ਕਿੰਝ ਅਸੀਸਾਂ ਦੇਣੀਆਂ? ਕਿੰਝ ਪੋਤਰੀ ਦੇ ਬੱਚਿਆਂ ਦੀਆਂ ਤੋਤਲੀਆਂ ਗੱਲਾਂ ਸੁਣ ਕੇ ਖੁਸ਼ ਹੋਣਾ? ਉਹ ਤਾਂ ਸਿਰਫ਼ ਗੁੰਗੀ ਚੁੱਪ ਦਾ ਸਰੂਪ। ਬਹੁਤ ਹਾਕਾਂ ਮਾਰੀਆਂ ਉਹਨਾਂ ਨੂੰ ਬੁਲਾਉਣ ਲਈ। ਪਰ ਬੇਸੁੱਧ ਬਾਪ ਕਿਵੇਂ ਆਪਣੀਆਂ ਆਂਦਰਾਂ ਤੋਂ ਮਨਫ਼ੀ ਹੁੰਦਾ ਏ, ਇਹ ਇਸ ਮੌਕੇ ‘ਤੇ ਸਭ ਤੋਂ ਵੱਡੀ ਸਚਾਈ ਜੱਗ-ਜ਼ਾਹਰ ਸੀ। ਅਸੀਂ ਇਸ ਸਚਾਈ ਤੋਂ ਮੁੱਨਕਰ ਹੋ, ਉਸਦੀ ਅਵਾਜ ਸੁਣਨ ਲਈ ਹੱਠ ਕਰਦੇ ਰਹੇ। ਦੀਦਿਆਂ ਦੀ ਚਮਕ ਦੇਖਣ ਲਈ ਅੱਖਾਂ ਖੋਲ੍ਹਣ ਲਈ ਲਿੱਲਕੜੀਆਂ ਕੱਢਦੇ ਰਹੇ। ਸਾਡੀਆਂ ਕੋਸ਼ਿਸਾਂ ਆਖਰ ਨੂੰ ਬੇਆਸ ਹੋ ਗਈਆਂ।
ਸਾਡੇ ਸਾਹਮਣੇ ਸੀ ਟੀਕੇ ਲਗਵਾਉਣ ਤੋਂ ਨਾਬਰ ਬਾਪ, ਸੂਈਆਂ ਨਾਲ ਵਿੰਨਿਆ, ਸਾਹਾਂ ਦੀ ਟੁੱਟਦੀ ਤੰਦ ਨੂੰ ਜੋੜਨ ਲਈ ਪੂਰੀ ਵਾਹ ਲਾ ਰਿਹਾ। ਯਾਦ ਆਇਆ ਕਿ ‘ਕੇਰਾਂ ਬਾਪ ਦੀ ਖੱਬੀ ਲੱਤ ‘ਤੇ ਹੱਲ ਦਾ ਚੌਅ ਵੱਜਣ ਕਾਰਨ, ਦਸ ਇੰਚ ਲੰਬਾ ਤੇ ਦੋ ਇੰਚ ਡੂੰਘਾ ਜਖ਼ਮ ਹੋ ਗਿਆ। ਸਾਫ਼ੇ ਨਾਲ ਲੱਤ ਨੂੰ ਬੰਨ ਜਦ ਡਾਕਟਰ ਕੋਲ ਆਏ ਤਾਂ ਉਹ ਕਹਿੰਦਾ ਟਾਂਕੇ ਲੱਗਣਗੇ। ਬੇਹੋਸ਼ੀ ਦਾ ਟੀਕਾ ਲਾ ਦਿੰਦਾ ਹਾਂ। ਪਰ ਬਾਪ ਨੇ ਟੀਕੇ ਤੋਂ ਮਨ੍ਹਾਂ ਕਰਕੇ, ਬਿਨਾਂ ਟੀਕੇ ਤੋਂ ਟਾਂਕੇ ਲਗਵਾਏ ਅਤੇ ਦੋ ਤਿੰਨ ਦਿਨ ਬਾਅਦ ਪਹਿਲਾਂ ਵਾਂਗ ਹੀ ਹੱਲ ਵਾਹ ਰਹੇ ਸਨ। ਇਹ ਉਹਨਾਂ ਦਾ ਦਰਦ ਦੀ ਪਰਵਾਹ ਨਾ ਕਰਨ ਅਤੇ ਪੀੜ ਨੂੰ ਹਰਾਉਣ ਦੀ ਫ਼ਿਤਰਤ ਸੀ।
ਆਈ ਸੀ ਯੂ ਦਾ ਚੁੱਪ-ਵਾਤਾਵਰਣ। ਮੂਕ ਚੁੱਪ ਨੂੰ ਤੋੜਦੀ ਚੀਖ਼, ਕੁਰਲਾਹਟ ਅਤੇ ਪੀੜ। ਮੌਤ ਨਾਲ ਜੂਝ ਰਹੀਆਂ ਜਿੰਦਾਂ ਅਤੇ ਉਹਨਾਂ ਵਿਚ ਮੇਰਾ ਬਾਪ ਵੀ ਜੀਵਨ-ਮੌਤ ਦੀ ਲੜਾਈ ਲੜ ਰਿਹਾ। ਅੱਖਾਂ ਵਿਚ ਨਮੀ। ਇਸ ਨਮੀ ਵਿਚ ਇਕ ਹਿਰਖ਼, ਦਰਦ, ਪੀੜਾ ਅਤੇ ਪੀੜਾ ਵਿਚੋਂ ਉਭਰਨ ਦੀ ਨਹੀਂ ਸੀ ਉਗਸੁਗ। ਦਿਮਾਗ ਦੀ ਨਾੜੀ ਫੱਟਣ ਕਾਰਨ ਬੇਸੁੱਧ ਪਿਆ ਬਾਪ, ਮੇਰਾ ਲਈ ਦੇਖਣਾ, ਖੁਦ ਤੋਂ ਬੇ-ਮੁੱਖਤਾ ਅਤੇ ਬੇ-ਯਕੀਨੀ ਸੀ। ਸਾਰੀ ਉਮਰ ਗੋਲੀ ਖਾਣ ਤੋਂ ਪ੍ਰਹੇਜ਼ ਕਰਨ ਵਾਲਾ ਅਤੇ ਸਾਈਕਲ ਨੂੰ ਆਖਰੀ ਪਲ ਤੀਕ ਹਮਸਫ਼ਰ ਸਮਝਣ ਵਾਲੇ ਬਾਪ ਨੂੰ ਇਹ ਬਿਮਾਰੀ ਇੰਝ ਘੇਰ ਲਵੇਗੀ, ਸੋਚ ਕੇ ਹੀ ਮਨ ਦੀ ਉਥਲ-ਪੁਥਲ ਵਿਚ ਗਵਾਚ ਜਾਂਦਾ ਹਾਂ।
ਮਨ ਬੀਤੇ ਦੀਆਂ ਪਰਤਾਂ ਦੇ ਸਫ਼ੇ ਉਲੱਥਦਾ, ਬਹੁਤ ਕੁਝ ਇਹਨਾਂ ਵਿਚੋਂ ਪੜਨ ਅਤੇ ਇਸ ‘ਚੋਂ ਖੁਦ ਨੂੰ ਸਮਝਣ ਤੇ ਸਪੱਸ਼ਟੀਕਰਨ ਲਈ ਮਨ-ਬੀਹੀ ‘ਤੇ ਦਸਤਕ ਦਿੰਦਾ ਹਾਂ। ਇਕ ਦਮ ਮੇਰੀ ਨਿਗਾਹ ਸੱਜੇ ਹੱਥ ਦੀਆਂ ਦੋਹਾਂ ਉਂਗਲਾਂ ‘ਤੇ ਜਾਂਦੀ ਹੈ ਜੋ ਡਾਕਟਰਾਂ ਵਲੋਂ ਪੱਟੀ ਨਾਲ ਬੰਨੀਆਂ ਹੋਈਆਂ ਨੇ। ਸੋਚਦਾ ਹਾਂ ਸ਼ਾਇਦ ਕੋਈ ਜਖ਼ਮ ਹੋਵੇ। ਪਤਾ ਲੱਗਦਾ ਹੈ ਕਿ ਬਾਪ ਦੇ ਹੱਥ ਨੂੰ ਕੰਟਰੋਲ ਕਰਨ ਲਈ ਇਸ ਪੱਟੀ ਰਾਹੀਂ ਇਕ ਰੱਸੀ ਪਾ ਕੇ ਬੈੱਡ ਨਾਲ ਬੰਨਿਆ ਗਿਆ ਸੀ ਤਾਂ ਕਿ ਉਹ ਲੱਗੀ ਹੋਈ ਆਕਸੀਜਨ ਜਾਂ ਖਾਣੇ ਲਈ ਨੱਕ ‘ਚ ਪਾਈ ਨਾਲੀ ਨੂੰ ਬੇਹੋਸ਼ੀ ਵਿਚ ਲਾਹ ਨਾ ਦੇਵੇ। ਪਰਿਵਾਰ ਨੂੰ ਹੱਥਾਂ ਨਾਲ ਦੁਆਵਾਂ ਤੇ ਅਸੀਸਾਂ ਵੰਡਣ ਵਾਲਾ ਅਤੇ ਛਾਂਵਾਂ ਦਾ ਨਿਉਂਦਾ ਦੇਣ ਵਾਲੇ ਬਾਪ ਦੀਆਂ ਉਂਗਲਾਂ ਦਾ ਬੱਝੇ ਜਾਣਾ, ਮਨ ਨੂੰ ਮਾਯੂਸ ਕਰ ਗਿਆ। ਨਰਸ ਦੀ ਸਲਾਹ ਨਾਲ, ਮੈਂ ਸੱਜੇ ਹੱਥ ਦੀਆਂ ਦੋਹਾਂ ਉਂਗਲਾਂ ‘ਤੇ ਬੱਝੀ ਪੱਟੀ ਨੂੰ ਖੋਲਦਾ ਹਾਂ। ਉਂਗਲਾਂ ‘ਤੇ ਪਏ ਨਿਸ਼ਾਨ ਅਤੇ ਇਹਨਾਂ ਦੀ ਕੀਰਤੀ ਨੂੰ ਨੱਤਮਸਤਕ ਹੁੰਦਾ, ਇਹਨਾਂ ਦੀਆਂ ਬਰਕਤਾਂ ਦੇ ਖਿਆਲਾਂ ਵਿਚ ਗਵਾਚਦਾ ਹਾਂ। ਇਹਨਾਂ ਉਂਗਲਾਂ ‘ਤੇ ਪਈਆਂ ਚੀਘਾਂ ਨੂੰ ਹੱਥਾਂ ਨਾਲ ਮਿਟਾਉਂਦਾ, ਉਂਗਲਾਂ ਦੇ ਸਫ਼ਰ ਨੂੰ ਕਿਆਸਦਾ, ਖੁਦ ਵਿਚੋਂ ਹੀ ਖੁਦ ਹੀ ਮਨਫ਼ੀ ਹੋ ਜਾਂਦਾ। ਹੰਝੂਆਂ ਨਾਲ ਭਰ ਜਾਂਦੇ ਨੇ ਨੈਣ। ਮਨ ਉਸ ਸਖ਼ਸ਼ੀਅਤ ਨੂੰ ਪੁਨਰ-ਸੁਰਜੀਵ ਕਰਦਾ ਹੈ ਜੋ ਮੇਰੇ ਸਮੁੱਚ ਦੀ ਨੀਂਹ, ਦਿੱਖ ਅਤੇ ਸਮੁੱਚੀ ਬਣਤਰ ਵਿਚ ਅਹਿਮ ਅਤੇ ਪ੍ਰਮੁੱਖ ਸੀ।
ਇਹਨਾਂ ਉਂਗਲਾਂ ਨੂੰ ਫੜ ਕੇ ਮੇਰੇ ਨਿੱਕੇ ਨਿੱਕੇ ਹੱਥਾਂ ਨੇ ਤੁੱਰਨਾ ਸਿਖਿਆ ਸੀ ਅਤੇ ਇਸਨੇ ਪੈਰਾਂ ਦੇ ਨਾਵੇਂ ਸਫ਼ਰ ਦਾ ਸਿਰਨਾਵਾਂ ਖੁਣਿਆ ਸੀ। ਇਹਨਾਂ ਉਂਗਲਾਂ ਦਾ ਆਸਰਾ, ਹੁਣ ਵੀ ਮੇਰੇ ਰਾਹਾਂ ਵਿਚ ਆਈਆਂ ਮੁਸ਼ਕਲਾਂ ਨੂੰ ਹੱਲ ਕਰਨ ਅਤੇ ਮਜਬੂਤੀ ਨਾਲ ਖੜੇ ਰਹਿਣ ਲਈ ਮੂਲ ਅਧਾਰ ਏ। ਇਹ ਉਂਗਲੀ ਫੜ ਕੇ ਪਹਿਲੇ ਕਦਮ ਪੁਟਣ ਲੱਗਿਆਂ ਬਾਪ ਨੇ ਹੱਲਾ-ਸ਼ੇਰੀ ਦਿਤੀ ਸੀ ਜਿਹੜੀ ਮੇਰਾ ਹਾਸਲ ਬਣ, ਮਾਲੂਕ ਮਨ ਵਿਚ ਸਦਾ ਲਈ ਖੁਣੀ ਗਈ। ਬਾਪ ਦੀ ਹੱਲਸ਼ੇਰੀ ਨੂੰ ਨਿਹਾਰਦੀਆਂ ਉਹਨਾਂ ਮਾਸੂਮ ਅੱਖਾਂ ਨੂੰ ਹੁਣ ਵੀ ਮਹਿਸੂਸ ਕਰਦਾ, ਮੈਂ ਬਚਪਨੇ ਵਿਚ ਪੁੱਟੇ ਪਹਿਲੇ ਕਦਮ ਨੂੰ ਸਿਜਦਾ ਕਰਦਾ ਹਾਂ। ਇਸ ਉਂਗਲ ਨੂੰ ਘੁੱਟ ਕੇ ਫੜ, ਬਚਪਨੇ ਵਿਚ ਰਿਆੜ ਕੀਤੀ ਹੋਵੇਗੀ ਅਤੇ ਬਾਪ ਨੇ ਮੇਰੀ ਜਿੱਦ-ਪੂਰਤੀ ਨੂੰ ਆਪਣਾ ਮਾਣ ਸਮਝਿਆ ਹੋਵੇਗਾ। ਪਰ ਮੇਰੇ ਬਾਪ ਦੀ ਦਿਆਲਤਾ ਦਾ ਬਿਰਖ਼ ਤਾਂ ਹੁਣ ਤੀਕ ਵੀ ਲਹਿਰਾਉਂਦਾ, ਮੇਰੇ ਜੀਵਨ-ਝੋਲੀ ਵਿਚ ਨਿਆਮਤਾਂ ਦੇ ਫ਼ਲ ਪਾਉਂਦਾ ਏ। ਇਸ ਉਂਗਲ ਨੂੰ ਪੜ ਕੇ ਮੈਂ ਖੇਤਾਂ ਵੰਨੀਂ ਜਾਂਦੇ ਬਾਪ ਨਾਲ ਜਾਣ ਦੀ ਜਿੱਦ ਜਰੂਰ ਕੀਤੀ ਹੋਵੇਗੀ ਪਰ ਬਾਪ ਦੀ ਪਲੋਸਣੀ ਨੇ ਮੇਰੀ ਜਿੱਦ ਨੂੰ ਮੋਮ ਵਾਂਗ ਪਿਘਲਾ ਦਿਤਾ ਹੋਵੇਗਾ।
ਜ਼ਿੰਦਗੀ ਵਿਚ ਹਾਰ ਨਾ ਮੰਨਣ ਵਾਲਾ ਅਤੇ ਹਰ ਔਕੜ ਨੂੰ ਮੂਹਰੇ ਹੋ ਕੇ ਟੱਕਰਨ ਵਾਲਾ ਬਾਪ ਆਖ਼ਰ ਨੂੰ ਸਮੇਂ ਹੱਥੋਂ ਹਾਰ, ਮੇਰੇ ਸਾਹਵੇਂ ਬੇਬਸੀ ਵਿਚ ਬੈੱਡ ‘ਤੇ ਬੈੱਡ ਬਣਿਆ ਏ। ਇਹਨਾਂ ਉਂਗਲਾਂ ਨਾਲ ਮੇਰੀ ਉਂਗਲ ਨੂੰ ਫੜ ਕੇ ਹੀ ਮੇਰਾ ਬਾਪ ਮੈਂਨੂੰ ਸਕੂਲ ਲੈ ਕੇ ਗਿਆ ਹੋਵੇਗਾ। ਮੇਰਾ ਜਨਮ ਵਾਢੀ ਤੋਂ ਕੁਝ ਦਿਨ ਪਹਿਲਾਂ ਕਹਿ, ਅੱਖਰ-ਰਾਹੇ ਤੋਰਨ ਦਾ ਸਬੱਬ ਬਣਿਆ ਹੋਵੇਗਾ। ਬਾਪ ਦੇ ਕਿਹੜੇ ਸੁਪਨੇ ਹੋਣਗੇ ਜਿਹੜੇ ਉਹ ਪੂਰੇ ਨਾ ਕਰ ਸਕਿਆ ਅਤੇ ਉਹਨਾਂ ਨੂੰ ਆਪਣੇ ਬੇਟੇ ਰਾਹੀਂ ਪੂਰੇ ਕਰਨਾ ਚਾਹੁੰਦਾ ਸੀ। ਬਾਪ ਦੀਆਂ ਇਹਨਾਂ ਉਂਗਲਾਂ ਸਦਕਾ ਹੀ ਮੇਰੀਆਂ ਉਂਗਲਾਂ ਨੇ ਕਲਮ ਨੂੰ ਆਪਣਾ ਅਕੀਦਾ ਬਣਾ, ਕਲਮ-ਕਿਰਤੀ ਬਣਨ ਦਾ ਉਦਮ ਕੀਤਾ ਜਿਸ ਵਿਚ ਬਾਪ ਦੀ ਹਰ ਮੋੜ ‘ਤੇ ਦਿਤੀ ਹੱਲਾਸ਼ੇਰੀ ਮੇਰਾ ਹਾਸਲ ਰਿਹਾ। ਇਹ ਕਲਮ ਹੀ ਪੂਰਨਿਆਂ ‘ਤੇ ਲਿਖਦੀ ਲਿਖਦੀ ਹੌਲੀ ਹੌਲੀ ਅੱਖਰਾਂ ਦੀ ਤਾਸੀਰ ਅਤੇ ਤਰਤੀਬ ਨੂੰ ਪਛਾਣ ਕੇ, ਪੂਰਨੇ ਪਾਉਣ ਜੋਗੀ ਹੋ ਗਈ। ਹਰਫ਼ਾਂ ਰਾਹੀਂ ਗਿਆਨ-ਜੋਤ ਨੂੰ ਮਸਤਕ ਵਿਚ ਉਤਾਰਨਾ ਅਤੇ ਫਿਰ ਇਸ ਗਿਆਨ-ਚਾਨਣ ਨੂੰ ਵੰਡਣ ਦਾ ਧਰਮ ਤਾਂ ਬਾਪ ਦੀ ਉਂਗਲੀ ਦਾ ਕਰਜ਼ਾ ਮੋੜਨ ਦਾ ਨਿਗੂਣਾ ਜਿਹਾ ਉਦਮ ਏ ਜੋ ਹੁਣ ਤੀਕ ਨਿਭਾ ਰਿਹਾ ਹਾਂ।
ਸੱਜੇ ਹੱਥ ਦੀਆਂ ਇਹਨਾਂ ਉਂਗਲਾਂ ਨੇ ਹੀ ਕਣਕ/ਮੱਕੀ ਨੂੰ ਕੇਰਨ ਦਾ ਗੁਣ ਦੱਸਦਿਆਂ, ਹੱਲ ਵਾਹੁੰਦਿਆਂ, ਪੋਰ ਨਾਲ ਬੀਜ ਕੇਰਨ ਦਾ ਮੀਰਾ ਗੁਣ ਮੇਰੇ ਜਿਹਨ ਵਿਚ ਧਰਿਆ। ਇਹਨਾਂ ਉਂਗਲਾਂ ਰਾਹੀਂ ਕੇਰੇ ਬੀਜ ਨਾਲ ਪੈਦਾ ਹੋਈ ਫਸਲ ਦਾ ਹੁਲਾਰ, ਭੜੌਲੇ ਭਰਦਾ, ਪਰਿਵਾਰਕ ਖੁਸ਼ਹਾਲੀ ਦਾ ਹਾਸਲ ਬਣ ਜਾਂਦਾ ਸੀ। ਬਾਪ ਦੀਆਂ ਪੈੜਾਂ ਵਿਚ ਨਿੱਕੇ ਨਿੱਕੇ ਪੈਰ ਧਰਨ ਵਾਲੇ, ਹੌਲੀ ਹੌਲੀ ਆਪ ਬਾਪ ਬਣ ਕੇ ਨਵੀਆਂ ਪੈੜਾਂ ਸਿਰਜਣ ਜੋਗੇ ਹੋ ਜਾਂਦੇ ਨੇ। ਪਰ ਬੱਚੇ ਦੀਆਂ ਪੈੜਾਂ ਹਮੇਸ਼ਾ ਆਪਣੇ ਬਾਪ ਤੋਂ ਨਿਗੂਣੀਆਂ ਹੁੰਦੀਆਂ ਨੇ। ਦਰਅਸਲ ਕੋਈ ਵੀ ਬੱਚਾ, ਬਾਪ ਦੀਆਂ ਪੈੜਾਂ ਦੇ ਮੇਚ ਆ ਹੀ ਨਹੀਂ ਸਕਦਾ।
ਇਹ ਉਂਗਲਾਂ ਅਜੇਹੀਆਂ ਉਂਗਲਾਂ ਸਨ ਜੋ ਜੀਵਨ-ਦਾਤੀਆਂ ਬਣ ਕੇ ਬਖਸ਼ਿਸ਼ਾਂ ਕਰਦੀਆਂ ਸਨ। ਜਦ ਇਹਨਾਂ ਨੂੰ ਅਹਿਲ ਪਈਆਂ ਦੇਖਦਾ ਹਾਂ ਤਾਂ ਉਂਗਲਾਂ ਦੇ ਸਫ਼ਰ ਦੀ ਸੰਪੂਰਨਾ ‘ਤੇ ਜਿਥੇ ਹੁਲਾਸ ਹੈ, ਉਥੇ ਮਾਣ ਭਰਿਆ ਅਹਿਸਾਸ ਵੀ ਮਨ ਵਿਚ ਪੈਦਾ ਹੁੰਦਾ ਕਿ ਇਹਨਾਂ ਉਂਗਲਾਂ ਨੇ ਕਰਾਮਾਤੀ ਸਮਿਆਂ ਦੀ ਸਿਰਜਣਾ ਕੀਤੀ।
ਇਹ ਉਂਗਲਾਂ ਰਾਹ-ਦਸੇਰਾ, ਮੰਝਲਾਂ ਦਾ ਸਿਰਨਾਵਾਂ। ਮਸਤਕ ਰੇਖਾਵਾਂ ਨੂੰ ਸੁਚਾਰੂ ਰੂਪ ਵਿਚ ਉਕਰਨ ਦਾ ਸੁਚੱਜਾ ਸਬੱਬ। ਬਾਪ ਨਾਲ ਮੇਲੇ ਵਿਚ ਜਾਣ ਸਮੇਂ ਇਹਨਾਂ ਉਂਗਲਾਂ ਨੂੰ ਘੁੱਟ ਕੇ ਫੜਨ ਦਾ ਚੇਤਾ ਅਜੇਹੀ ਅਮਿੱਟ ਛਾਪ ਹੈ ਕਿ ਕਪਟੀ ਦੁਨੀਆਂ ਦੀ ਬੇਇਤਬਾਰੀ, ਬਦ-ਇਖਲਾਕੀ, ਬੇਈਮਾਨੀ ਅਤੇ ਰਿਸ਼ਤਿਆਂ ਵਿਚਲੀ ਗੰਧਲੇਪਣ ਦੇ ਦੌਰ ਵਿਚ ਵੀ ਜੀਵਨ ਦੀਆਂ ਕਦਰਾਂ-ਕੀਮਤਾਂ ਦੀ ਉਂਗਲ ਛੱਡਣ ਦੀ ਕਦੇ ਵੀ ਕੁਤਾਹੀ ਨਹੀਂ ਕੀਤੀ। ਬਾਪ ਦੀਆਂ ਇਹ ਉਂਗਲਾਂ ਸਰਬੱਤ ਦੇ ਭਲੇ ਦਾ ਮੀਰੀ ਗੁਣ ਬਣ ਕੇ, ਮੇਰੇ ਰਾਹਾਂ ਨੂੰ ਰੁੱਸ਼ਨਾਅ ਰਹੀਆਂ ਨੇ।
ਬਾਪ ਦੀਆਂ ਇਹਨਾਂ ਉਂਗਲਾਂ ਨੇ ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਅਤੇ ਅਗਾਂਹ ਉਹਨਾਂ ਦੇ ਬੱਚਿਆਂ ਦੀ ਛੋਹ ਮਾਣੀ। ਇਸ ਛੋਹ ਵਿਚਲੇ ਅਹਿਸਾਸ ਅਤੇ ਘੁੱਟਣ ਦੀ ਨਿੱਘ-ਮਿਲਣੀ ਦਾ ਅਜੇਹਾ ਆਲਮ ਸੀ ਕਿ ਬਾਪ, ਵੱਡੇ ਪਰਿਵਾਰ ਦਾ ਹਰਦਿਲ ਅਜੀਜ਼ ਸੀ। ਇਹਨਾਂ ਉਂਗਲਾਂ ਨਾਲ ਹੀ ਉਹ ਬੱਚਿਆਂ ਦੇ ਸਿਰਾਂ ਨੂੰ ਪਲੋਸਦਾ ਰਿਹਾ। ਦੁਆਵਾਂ ਦਿੰਦਿਆਂ, ਲੰਮੇਰੀ, ਸਿਹਤਮੰਦ ਅਤੇ ਚੰਗੇਰੀ ਉਮਰ ਦੀ ਅਸੀਸ ਨਾਲ ਨਿਵਾਜ਼ਦਾ ਰਿਹਾ।
ਬਾਪ ਦੀਆਂ ਇਹਨਾਂ ਉਂਗਲਾਂ ਦੇ ਗੱਲ੍ਹਾਂ ‘ਤੇ ਪਏ ਨਿਸ਼ਾਨ ਵੀ ਯਾਦ ਆਉਂਦੇ ਨੇ ਜਦ ਗਲਤੀਆਂ ਤੇ ਕੁਤਾਹੀਆਂ ਨੂੰ ਨਾ-ਮਨਜੂ ਕਰਨ ਵਾਲੇ ਬਾਪ ਦੀ ਵਾਰ ਵਾਰ ਅਵੱਗਿਆ, ਉਂਗਲਾਂ ਦੇ ਨਿਸ਼ਾਨ ਉਕਰਨ ਤੀਕ ਫੈਲ ਗਈ। ਭਾਵੇਂ ਉਹਨਾਂ ਦੇ ਦੀਦਿਆਂ ਵਿਚ ਪਛਤਾਵੇ ਦੀ ਨਮੀ ਬਹੁਤ ਜਲਦੀ ਤਰਦੀ ਸੀ। ਪਰ ਉਹ ਆਪਣੇ ਬੱਚਿਆਂ ਨੂੰ ਦੁਨਿਆਵੀ ਅਲਾਮਤਾਂ ਤੋਂ ਦੂਰ ਰੱਖ, ਮਿਹਨਤੀ, ਮਾਣ-ਮੱਤੇ, ਮੁੜਕੇ ਦੇ ਮੋਤੀ ਅਤੇ ਮੁਸ਼ੱਕਤ ਦਾ ਮਾਣ ਬਣਾਉਣ ਲਈ ਫ਼ਿਕਰਮੰਦ ਸਨ। ਇਸ ਪ੍ਰਤੀ ਉਚੇਚ ਉਹਨਾਂ ਦੀ ਪ੍ਰਮੁੱਖਤਾ ਸੀ। ਯਾਦ ਆਉਂਦਾ ਹੈ, ਪ੍ਰੈਪ ਵਿਚੋਂ ਫ਼ੇਲ੍ਹ ਹੋਣਾ। ਬਾਪ ਦੇ ਸੁਪਨੇ ਦੇ ਤਿੱੜਕਣ ਦੀ ਆਵਾਜ ਹੁਣ ਵੀ ਕੰਨੀਂ ਗੂੰਜਦੀ ਏ। ਹੁਣ ਵੀ ਦਿਸਦਾ ਏ ਉਸਦੀ ਅੱਖ ਵਿਚ ਲਟਕਿਆ ਹੰਝੂ ਜੋ ਗੱਲਾਂ ‘ਤੇ ਪਈਆਂ ਲਾਸਾਂ ਨਾਲੋਂ ਵੀ ਡੂੰਘਾ ਨਿਸ਼ਾਨ ਮੇਰੇ ਮਨ ਵਿਚ ਉਕਰ ਗਿਆ ਸੀ। ਇਹ ਸਭ ਕੁਝ ਹੁਣ ਵੀ ਮੇਰੇ ਚੇਤਿਆਂ ਵਿਚ ਸੱਜਰਾ ਏ। ਬਾਪ ਦੇ ਨੈਣੀਂ ਲਟਕਦਾ ਉਹ ਹੰਝੂ , ਮੇਰੇ ਦੀਦਿਆਂ ਵਿਚ ਉਚੇਰੇ ਦਿਸਹੱਦਿਆਂ ਦਾ ਸਿਰਨਾਵਾਂ ਖੁੱਣਦਾ ਰਿਹਾ ਅਤੇ ਬਾਪ ਦੀ ਹੱਲਾਸ਼ੇਰੀ ਸੁਪਨ-ਪੂਰਤੀ ਲਈ ਪ੍ਰੇਰਦੀ ਰਹੀ।
ਬਾਪ ਦੀਆਂ ਉਂਗਲਾਂ ਦੀ ਪੁੱਖ਼ਤਗੀ ਸਾਹਵੇਂ ਜਦ ਮੈਂ ਆਪਣੀਆਂ ਉਂਗਲਾਂ ਕਿਆਸਦਾ ਹਾਂ ਤਾਂ ਮੇਰੀਆਂ ਉਂਗਲਾਂ ਬਹੁਤ ਨਿਗੂਣੀਆਂ ਨੇ। ਜੋ ਸਫ਼ਲਤਾ ਤੇ ਸ਼ਰਫ਼ ਬਾਪ ਦੀਆਂ ਉਂਗਲਾਂ ਦੇ ਨਾਮ ਏ, ਮੇਰੀਆਂ ਉਂਗਲਾਂ ਉਹ ਬੁਲੰਦੀ ਹਾਸਲ ਨਹੀਂ ਕਰ ਸਕੀਆਂ ਕਿਉਂਕਿ ਬਾਪ ਸਾਹਮਣੇ ਬੱਚਾ ਬੌਣਾ ਹੀ ਤਾਂ ਹੁੰਦਾ।
(ਬਾਕੀ ਅਗਲੇ ਅੰਕ ਵਿਚ)