Breaking News
Home / ਨਜ਼ਰੀਆ / ਇਕਬਾਲ ਰਾਮੂਵਾਲੀਆ ਦੀ ਦੂਜੀ ਬਰਸੀ ਸਮੇਂ ਵਿਸ਼ੇਸ਼

ਇਕਬਾਲ ਰਾਮੂਵਾਲੀਆ ਦੀ ਦੂਜੀ ਬਰਸੀ ਸਮੇਂ ਵਿਸ਼ੇਸ਼

ਇਕਬਾਲ ਰਾਮੂਵਾਲੀਆ ਦੀਆਂ ਕਵਿਤਾਵਾਂ
17 ਜੂਨ 2019 ਨੂੰ ਸ਼ਾਇਰ ਮਿੱਤਰ ਇਕਬਾਲ ਰਾਮੂਵਾਲੀਆ (22 ਫਰਵਰੀ 1946 – 17 ਜੂਨ 2017) ਦੀ ਦੂਜੀ ਬਰਸੀ ਸੀ।
ਡਾ. ਸੁਰਿੰਦਰ ਧੰਜਲ
(Professor Emeritus, Thompson Rivers University, Kamloops, BC)
ਇਕਬਾਲ ਰਾਮੂਵਾਲੀਆ ਨੇ ਆਪਣੇ ਪਹਿਲੇ ਕਾਵਿ-ਸੰਗ੍ਰਹਿ ਸੁਲਘਦੇ ਅਹਿਸਾਸ (1973) ਨਾਲ਼ ਪੰਜਾਬੀ ਸਾਹਿਤ ਵਿਚ ਪ੍ਰਵੇਸ਼ ਕੀਤਾ, ਜਦੋਂ ਨਕਸਲਵਾੜੀ ਲਹਿਰ ਤੋਂ ਪ੍ਰਭਾਵਿਤ ਹੋ ਕੇ, ਪੰਜਾਬੀ ਵਿਚ ਕ੍ਰਾਂਤੀਕਾਰੀ ਕਵਿਤਾ (ਜਿਸ ਨੂੰ ਬਾਅਦ ਵਿੱਚ ਵਿਦਰੋਹੀ ਕਵਿਤਾ, ਜੁਝਾਰੂ ਕਵਿਤਾ ਜਾਂ ਨਵ-ਪ੍ਰਗਤੀਵਾਦੀ ਕਵਿਤਾ ਵੀ ਕਿਹਾ ਗਿਆ ਹੈ) ਸਾਹਮਣੇ ਆ ਰਹੀ ਸੀ। ਇਸ ਕਰਕੇ ਇਕਬਾਲ ਦੀ ਮੁੱਢਲੀ ਕਵਿਤਾ ‘ਤੇ ਕ੍ਰਾਂਤੀਕਾਰੀ ਪੰਜਾਬੀ ਕਵਿਤਾ ਦੇ ਕਈ ਮੋਢੀ-ਕਵੀਆਂ – ਪਾਸ਼, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ – ਅਤੇ ਹੋਰਨਾਂ ਦਾ ਪ੍ਰਭਾਵ ਪ੍ਰਤੱਖ ਹੈ। ਸੁਲਘਦੇ ਅਹਿਸਾਸ ਤੋਂ ਬਾਅਦ ਉਸਨੇ ਤਿੰਨ ਕੋਣ (ਸੁਰਿੰਦਰ ਧੰਜਲ ਅਤੇ ਸੁਖਿੰਦਰ ਨਾਲ਼ ਸਾਂਝਾ ਕਾਵਿ ਸੰਗ੍ਰਹਿ, 1979), ਕੁਝ ਵੀ ਨਹੀਂ (1984), ਪਾਣੀ ਦਾ ਪਰਛਾਵਾਂ (1991), ਕਵਿਤਾ ਮੈਨੂੰ ਲਿਖਦੀ ਹੈ (1995), ਅਤੇ ਪਲ਼ੰਘ ਪੰਘੂੜਾ (2000) ਕਾਵਿ-ਪੁਸਤਕਾਂ ਦੀ ਰਚਨਾ ਕੀਤੀ। ਇਕਬਾਲ ਦੀ ਸੁਲਘਦੇ ਅਹਿਸਾਸ ਤੋਂ ਬਾਅਦ ਦੀ ਕਵਿਤਾ, ਹੌਲੀ ਹੌਲੀ ਉਸਦੀ ਪਹਿਲੀ ਕਵਿਤਾ ਤੋਂ ਇੱਕ ਸੁਚੇਤ ਵਿੱਥ ਸਥਾਪਿਤ ਕਰਦੀ ਰਹੀ।
ਇਕਬਾਲ ਦੀਆਂ ਇਹ ਛੇ ਕਾਵਿ-ਪੁਸਤਕਾਂ ਉਸ ਲਈ ਮੰਜ਼ਲ ਨਹੀਂ ਬਣੀਆਂ, ਸਗੋਂ ਉਸਦੇ ਨਿਰੰਤਰ ਕਾਵਿਕ-ਵਿਕਾਸ ਦੇ ਮਹੱਤਵਪੂਰਨ ਪੜਾਅ ਹਨ। ਆਪਣੇ ਸਮੁੱਚੇ ਕਾਵਿਕ-ਸਫ਼ਰ ਦੌਰਾਨ ਇਕਬਾਲ ઑਕ੍ਰਾਂਤੀਕਾਰੀ਼ ਕਵਿਤਾ, ઑਸੰਘਣੇ ਅਲੰਕਾਰਾਂ਼ ਵਾਲ਼ੀ ਕਵਿਤਾ, ઑਪ੍ਰਗੀਤਕ਼ ਕਵਿਤਾ, ઑਆਧੁਨਿਕ ਸੰਵੇਦਨਾ਼ ਵਾਲ਼ੀ ਕਵਿਤਾ, ઑਦੇਹਵਾਦੀ਼ ਕਵਿਤਾ, ઑਪਰਵਾਸੀ ਚੇਤਨਾ਼ ਵਾਲ਼ੀ ਕਵਿਤਾ ਵਰਗੇ ਅਨੇਕਾਂ ਰੰਗਾਂ ਵਿੱਚ ਵਿਚਰਦਾ ਹੈ, ਪਰ ਨਿਰੰਤਰ ਵਿਕਾਸਸ਼ੀਲ ਹੋਣ ਕਰਕੇ, ਆਪਣੇ ਆਪ ਨੂੰ ਦੁਹਰਾਉਂਦਾ ਨਹੀਂ।
ਸਾਹਿਤ ਦੇ ਨਾਮ ‘ਤੇ ਗ਼ੈਰ-ਸਾਹਿਤਕ ਸਮੱਗਰੀ ਧੜਾ-ਧੜ ਛਪ ਰਹੀ ਹੈ। ਇਸ ਨਾਲ਼ ਜਿੱਥੇ ਸਾਹਿਤਕ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ, ਉੱਥੇ ਸਾਹਿਤ ਅਤੇ ਗ਼ੈਰ-ਸਾਹਿਤ ਵਿੱਚ ਨਿਖੇੜਾ ਕਰ ਸਕਣ ਦਾ ਕਾਰਜ ਵੀ ਦਿਨੋ-ਦਿਨ ਔਖਾ ਹੋ ਰਿਹਾ ਹੈ। ਇਸ ਤਰਾਂ ਦੇ ਨਾਖ਼ੁਸ਼ਗਵਾਰ ਵਾਤਾਵਰਣ ਵਿੱਚ ਇਕਬਾਲ ਵਰਗੇ ਕਵੀਆਂ ਦੀਆਂ ਰਚਨਾਵਾਂ ਖ਼ੁਸ਼ਬੂ ਦੇ ਬੁੱਲੇ ਹਨ, ਜੋ ਇੱਕੋ ਸਮੇਂ ਹੀ ਪੜ੍ਹਨਯੋਗ, ਗੁੜ੍ਹਨਯੋਗ, ਅਤੇ ਮਾਨਣਯੋਗ ਹਨ। ਇਕਬਾਲ ਰਾਮੂਵਾਲੀਆ ਦਾ ਨਾਮ ਇੱਕ ਹੱਥ ਦੀਆਂ ਉਂਗਲ਼ਾਂ ‘ਤੇ ਗਿਣੇ ਜਾਣ ਵਾਲ਼ੇ ਸੰਜੀਦਾ ਕੈਨੇਡੀਅਨ ਪੰਜਾਬੀ ਲੇਖਕਾਂ ਦੀ ਸੂਚੀ ਵਿੱਚ ਸ਼ਾਮਲ ਹੋ ਸਕਣਾ, ਮਹਿਜ਼ ਇਤਫਾਕ ਨਹੀਂ, ਅਤੇ ਨਾ ਹੀ ਮਿੱਤਰਾਂ ਦੀ ਮਿਹਰਬਾਨੀ। ਇਕਬਾਲ-ਕਾਵਿ ਵੱਲੋਂ ਇਸ ਸਥਾਨ ਨੂੰ ਹਾਸਲ ਕਰ ਸਕਣ ਪਿੱਛੇ ਕੁੱਝ ਕੁ ਪ੍ਰਮੁਖ ਕਾਰਨ ਇਹ ਹਨ: ਉਸਦੀ ਕਵਿਤਾ ਵਿਚਲੀ ਕਲਾ-ਕੌਸ਼ਲਤਾ, ਗਤੀਸ਼ੀਲਤਾ, ਸਾਧਨਾ, ਨਿਰੰਤਰ ਅਧਿਐਨ, ਵਿਰਸੇ ਵਿੱਚ ਹਾਸਲ ਹੋਈ ਗਾਇਕੀ, ਸੰਗੀਤ ਅਤੇ ਤਰਕ; ਹਰ ਸਥਿਤੀ ਦੀ ਬਹੁ-ਪਰਤੀ ਅਤੇ ਬਹੁ-ਦਿਸ਼ਾਵੀ ਪਰਖ-ਪੜਚੋਲ, ਪੇਂਡੂ ਪਿਛੋਕੜ ਵਿੱਚ ਰਸੇ ਹੋਣਾ, ਸੰਘਰਸ਼ ਵਿੱਚ ਅਤੁੱਟ ਵਿਸ਼ਵਾਸ, ਵਿਸ਼ਵ ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਸਮਝਣ/ਸਮਝਾਉਣ ਵਾਲ਼ੀ ਮਹੀਨ ਦ੍ਰਿਸ਼ਟੀ, ਮਨੁੱਖੀ ਰਿਸ਼ਤਿਆਂ ਦਾ ਹਮਦਰਦ-ਵਿਸ਼ਲੇਸ਼ਣ ਅਤੇ ਇਹਨਾਂ ਸਾਰੇ ਨੁਕਤਿਆਂ ਪ੍ਰਤੀ ਨਿਰੰਤਰ ਚੇਤਨ ਰਹਿਣਾ। ਇਹ ਸਭ ਨੁਕਤੇ ਉਸਨੂੰ ਉਸਦੇ ਸਮਕਾਲੀਆਂ ਤੋਂ ਵੱਖਰਿਆਉਂਦੇ ਹਨ।
ਇਕਬਾਲ-ਕਾਵਿ ਦਾ ਇਹ ਨਿਰੰਤਰ ਵਿਕਾਸਸ਼ੀਲ ਪਰਿਵਰਤਨ, ਕਿਸੇ ਇੱਕੋ ਹੀ ਧਰਾਤਲ ‘ਤੇ ਖੜੋਤਾ, ਲੇਟਵੇਂ-ਦਾਅ ਵਾਲ਼ਾ, ਸਮਤਲ ਜਾਂ ਦੁਮੇਲ-ਮੁਖੀ (horizontal) ਫੈਲਾਅ ਨਹੀਂ, ਸਗੋਂ ਨਵੀਆਂ ਸਥਿਤੀਆਂ ਵਿੱਚ, ਨਵੇਂ-ਨਵੇਂ ਅਤੇ ਵੰਨ-ਸਵੰਨੇ ਵਿਸ਼ਿਆਂ ਨੂੰ ਪ੍ਰਮਾਣਿਕ ਕਵਿਤਾ ਦੇ ਸੂਖਮ ਜੁੱਸੇ ਵਿੱਚ ਸਮੋਂਦਾ, ਕਾਵਿ-ਪਰਬੀਨਤਾ ਦੀਆਂ ਨਵੀਆਂ ਨਵੀਆਂ ਟੀਸੀਆਂ ਛੋਹਦਾ ਹੋਇਆ, ਖੜ੍ਹਵੇਂ-ਦਾਅ ਵਾਲ਼ਾ (vertical) ਪਸਾਰਾ ਹੈ। ਰਸੀਲੇ ਅਤੇ ਕਲਾਤਮਕ ਸ਼ਬਦ-ਚਿਤਰਾਂ ਦੀ ਸਿਰਜਣਾ ਇਕਬਾਲ-ਕਾਵਿ ਦਾ ਇੱਕ ਮੀਰੀ ਗੁਣ ਹੈ। ਇਕਬਾਲ ਦੀ ਕਵਿਤਾ ਪਰਵਾਸ, ਸਮਕਾਲੀ ਸਮਾਜਕ-ਅਰਥ-ਵਿਗਿਆਨ ਸਥਿਤੀਆਂ (socio-economic conditions), ਉਪਭੋਗੀ ਸੱਭਿਆਚਾਰ (consumer culture), ਵਿਕਸਿਤ ਪੂੰਜੀਵਾਦੀ ਵਿਵਸਥਾ ਵਿੱਚ ਦਿਨੋ-ਦਿਨ ਅਰਥਹੀਣ ਹੋ ਰਹੇ ਮਨੁੱਖੀ ਰਿਸ਼ਤਿਆਂ, ਅਤੇ ਵਿਦਰੋਹ ਦੇ ਅੰਤਰ-ਸੰਬੰਧਾਂ ਤੇ ਦਵੰਦਾਂ ਨੂੰ ਵਿਲੱਖਣ ਕਾਵਿਕ ਅੰਦਾਜ਼ ਵਿੱਚ ਪਛਾਣਦੀ ਅਤੇ ਬਿਆਨਦੀ ਹੈ।
ਇਕਬਾਲ ਦੇ ਸਮੁੱਚੇ ਸਾਹਿਤਕ ਯੋਗਦਾਨ ਵਿੱਚ ਛੇ ਹੋਰ ਮੌਲਿਕ ਪੁਸਤਕਾਂ (ਇੱਕ ਪੰਜਾਬੀ ਨਾਵਲ, ਦੋ ਅੰਗਰੇਜ਼ੀ ਨਾਵਲ, ਇੱਕ ਕਹਾਣੀ-ਸੰਗ੍ਰਿਹ ਅਤੇ ਦੋ ਭਾਗਾਂ ਵਿੱਚ ਰਚੀ ਸਵੈ-ਜੀਵਨੀ), ਜੋ ਰਸੀਲੀ ਸਿਰਜਣਾਤਮਕ-ਗੱਦ ਦੇ ਅਨੂਠੇ ਨਮੂਨੇ ਹਨ, ਅਤੇ ਦੋ ਸੰਪਾਦਿਤ ਪੁਸਤਕਾਂ ਵੀ ਸ਼ਾਮਲ ਹਨ। ਇਕਬਾਲ ਦੀਆਂ ਇਹ ਅੱਠ ਪੁਸਤਕਾਂ ਵੀ ਕੋਈ ਘੱਟ ਮਹੱਤਵਪੂਰਨ ਨਹੀਂ ਹਨ, ਪਰ ਉਪਰੋਕਤ ਲੱਛਣਾਂ ਕਾਰਨ, ਇਕਬਾਲ-ਕਾਵਿ ਦੀ ਮਹੱਤਤਾ ਬੇਜੋੜ ਹੈ। 17 ਜੂਨ 2019 ਨੂੰ ਸ਼ਾਇਰ ਮਿੱਤਰ ਇਕਬਾਲ ਰਾਮੂਵਾਲੀਆ ਦੀ ਦੂਜੀ ਬਰਸੀ ਸਮੇਂ ਅਸੀਂ ਸ਼ਰਧਾਂਜਲੀ ਵਜੋਂ ਇਕਬਾਲ ਦੀਆਂ ਛੇ ਕਾਵਿ-ਪੁਸਤਕਾਂ ਸੁਲਘਦੇ ਅਹਿਸਾਸ, ਤਿੰਨ ਕੋਣ (ਦੋ ਹੋਰ ਕੈਨੇਡੀਅਨ ਪੰਜਾਬੀ ਕਵੀਆਂ ਨਾਲ਼ ਸਾਂਝਾ ਕਾਵਿ-ਸੰਗ੍ਰਿਹ), ਕੁਝ ਵੀ ਨਹੀਂ, ਪਾਣੀ ਦਾ ਪਰਛਾਵਾਂ, ਕਵਿਤਾ ਮੈਨੂੰ ਲਿਖਦੀ ਹੈ, ਅਤੇ ਪਲ਼ੰਘ ਪੰਘੂੜਾ ਼ਚੋਂ ਇੱਕ ਇੱਕ ਚੋਣਵੀਂ ਕਵਿਤਾ ਸਾਂਝੀ ਕਰ ਰਹੇ ਹਾਂ।

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …