-2.9 C
Toronto
Monday, January 12, 2026
spot_img
Homeਭਾਰਤਕਾਂਗਰਸ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਰਾਹੁਲ ਨੇ ਛੱਡੀ ਪ੍ਰਧਾਨਗੀ

ਕਾਂਗਰਸ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਰਾਹੁਲ ਨੇ ਛੱਡੀ ਪ੍ਰਧਾਨਗੀ

ਕਿਹਾ – ਮੈਂ ਹੁਣ ਕਾਂਗਰਸ ਦਾ ਪ੍ਰਧਾਨ ਨਹੀਂ
ਨਵੀਂ ਦਿੱਲੀ : ਲੋਕ ਸਭਾ ਚੋਣਾਂ ਵਿੱਚ ਮਿਲੀ ਨਮੋਸ਼ੀਜਨਕ ਹਾਰ ਲਈ ‘ਕਾਂਗਰਸ ਪ੍ਰਧਾਨ’ ਵਜੋਂ ਜ਼ਿੰਮੇਵਾਰੀ ਲੈਂਦਿਆਂ ਰਾਹੁਲ ਗਾਂਧੀ ਅਧਿਕਾਰਤ ਤੌਰ ‘ਤੇ ਪ੍ਰਧਾਨਗੀ ਤੋਂ ਲਾਂਭੇ ਹੋ ਗਏ। ਰਾਹੁਲ ਪਿਛਲੇ ਕਈ ਦਿਨਾਂ ਤੋਂ ਅਹੁਦਾ ਛੱਡਣ ਲਈ ਬਜ਼ਿੱਦ ਸਨ, ਹਾਲਾਂਕਿ ਉਹ ਕਾਂਗਰਸ ਵਰਕਿੰਗ ਕਮੇਟੀ ਅੱਗੇ ਆਪਣਾ ਅਸਤੀਫ਼ਾ ਪਹਿਲਾਂ ਹੀ ਰੱਖ ਚੁੱਕੇ ਸਨ। ਰਾਹੁਲ ਦੇ ਇਸ ਸੱਜਰੇ ਐਲਾਨ ਨਾਲ ਨਵਾਂ ਕਾਂਗਰਸ ਪ੍ਰਧਾਨ ਥਾਪਣ ਲਈ ਰਾਹ ਪੱਧਰਾ ਹੋ ਗਿਆ ਹੈ। ਰਾਹੁਲ ਨੇ ਕਿਹਾ ਕਿ ਭਾਜਪਾ ਲਈ ਉਨ੍ਹਾਂ ਦੇ ਮਨ ਵਿਚ ਕੋਈ ਨਫ਼ਰਤ ਨਹੀਂ ਹੈ, ਪਰ ਉਨ੍ਹਾਂ ਦੇ ਸਰੀਰ ਦਾ ਹਰ ਕਣ (ਸੈੱਲ) ਭਾਰਤ ਪ੍ਰਤੀ ਉਨ੍ਹਾਂ (ਭਾਜਪਾ) ਦੀ ਵਿਚਾਰਧਾਰਾ ਦਾ ਵਿਰੋਧ ਕਰਦਾ ਹੈ।
ਰਾਹੁਲ ਨੇ ਇਕ ਖੁੱਲ੍ਹੀ ਚਿੱਠੀ, ਜੋ ਉਨ੍ਹਾਂ ਮਗਰੋਂ ਟਵਿੱਟਰ ‘ਤੇ ਵੀ ਸਾਂਝੀ ਕੀਤੀ, ਵਿੱਚ ਕਿਹਾ ਕਿ ਹੁਣ ਉਹ ਕਾਂਗਰਸ ਦੇ ਪ੍ਰਧਾਨ ਨਹੀਂ ਹਨ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਰਐਸਐਸ ਖਿਲਾਫ਼ ਛੇੜੀ ਲੜਾਈ ਵਿੱਚ ਇਕੱਲਿਆਂ ਰਹਿਣ ਦੇ ਬਾਵਜੂਦ ਉਨ੍ਹਾਂ ਨੂੰ ਇਸ ਗੱਲ ‘ਤੇ ਮਾਣ ਹੈ। ਉਂਜ ਰਾਹੁਲ ਨੇ ਕਿਹਾ ਕਿ ਅਜਿਹੀ ਪਾਰਟੀ, ਜਿਸ ਦੀਆਂ ਕਦਰਾਂ ਕੀਮਤਾਂ ਤੇ ਆਦਰਸ਼ਾਂ ਨੇ ‘ਇਸ ਖੂਬਸੂਰਤ ਰਾਸ਼ਟਰ ਦੀ ਜਿੰਦ-ਜਾਨ’ ਵਜੋਂ ਸੇਵਾ ਕੀਤੀ ਹੈ, ਦੀ ਖਿਦਮਤ ਕਰਨਾ ਮਾਣ ਵਾਲੀ ਗੱਲ ਸੀ। ਮਾਈਕਰੋਬਲਾਗਿੰਗ ਸਾਈਟ ‘ਤੇ ਅਸਤੀਫ਼ਾ ਪੋਸਟ ਕਰਨ ਤੋਂ ਘੰਟੇ ਕੁ ਮਗਰੋਂ ਰਾਹੁਲ ਨੇ ਆਪਣੇ ਟਵਿੱਟਰ ਪ੍ਰੋਫਾਈਲ ਤੋਂ ‘ਕਾਂਗਰਸ ਪ੍ਰਧਾਨ’ ਦਾ ਆਪਣਾ ਅਹੁਦਾ ਵੀ ਹਟਾ ਦਿੱਤਾ।

RELATED ARTICLES
POPULAR POSTS