75 ਦਿਨਾਂ ਤੱਕ ਹੀ ਮਿਲੇਗੀ ਇਹ ਸਹੂਲਤ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ 18 ਸਾਲ ਤੋਂ ਉਪਰ ਦੇ ਸਾਰੇ ਵਿਅਕਤੀਆਂ ਨੂੰ ਕਰੋਨਾ ਦੀ ਬੂਸਟਰ ਡੋਜ਼ ਮੁਫਤ ਲਗਾਈ ਜਾਵੇਗੀ। ਅੱਜ ਕੇਂਦਰੀ ਕੈਬਨਿਟ ਨੇ ਇਸ ਸਬੰਧੀ ਮਨਜੂਰੀ ਵੀ ਦੇ ਦਿੱਤੀ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕਰ ਨੇ ਇਸਦੀ ਜਾਣਕਾਰੀ ਦਿੱਤੀ ਹੈ। ਹੁਣ ਸਾਰੇ ਸਰਕਾਰੀ ਹਸਪਤਾਲਾਂ ਵਿਚ 15 ਜੁਲਾਈ ਤੋਂ ਬੂਸਟਰ ਡੋਜ਼ ਲਗਾਈ ਜਾਵੇਗੀ ਅਤੇ ਇਹ ਸਹੂਲਤ 75 ਦਿਨਾਂ ਲਈ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸਿਰਫ ਸੀਨੀਅਰ ਸਿਟੀਜ਼ਨ ਅਤੇ ਫਰੰਟ ਲਾਈਨ ਵਰਕਰਾਂ ਦੇ ਲਈ ਹੀ ਕਰੋਨਾ ਦੀ ਮੁਫਤ ਬੂਸਟਰ ਡੋਜ਼ ਦੀ ਸਹੂਲਤ ਸੀ। ਉਧਰ ਦੂਜੇ ਪਾਸੇ ਭਾਰਤ ਵਿਚ ਕਰੋਨਾ ਦੇ ਮਾਮਲੇ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਇਸੇ ਦੌਰਾਨ ਡਬਲਿਊ ਐਚ ਓ ਦੇ ਚੀਫ ਟੈਡਰੋਸ ਨੇ ਚਿਤਾਵਨੀ ਦਿੱਤੀ ਹੈ ਕਿ ਕੋਵਿਡ 19 ਮਹਾਮਾਰੀ ਅਜੇ ਤੱਕ ਖਤਮ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਦੁਨੀਆ ਭਰ ਵਿਚ ਕਰੋਨਾ ਦੇ ਲਗਾਤਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਟੈਡਰੋਸ ਨੇ ਕਿਹਾ ਕਿ ਕਰੋਨਾ ਦੇ ਨਵੇਂ ਵੇਰੀਐਂਟ ਦੇ ਆਉਣ ਦੀ ਸੰਭਾਵਨਾ ਅਜੇ ਵੀ ਬਣੀ ਹੋਈ ਹੈ।