ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੀਈਓ ਰਾਕੇਸ਼ ਰੰਜਨ ਸਹਾਏ ਨੇ ਦਿੱਤੀ ਜਾਣਕਾਰੀ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੈਨੇਡਾ ਲਈ ਦੋ ਚਾਰਟਰ ਉਡਾਣਾਂ ਜਲਦੀ ਸ਼ੁਰੂ ਹੋਣਗੀਆਂ। ਇੱਕ ਨਿੱਜੀ ਕੰਪਨੀ ਨੇ ਕੈਨੇਡਾ ਦੇ ਦੋ ਸ਼ਹਿਰਾਂ ਲਈ ਆਪਣੀਆਂ ਚਾਰਟਰ ਉਡਾਣਾਂ ਸ਼ੁਰੂ ਕਰਨ ਲਈ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਪਹੁੰਚ ਕੀਤੀ ਹੈ। ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਇਸ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ। ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਰਾਕੇਸ਼ ਰੰਜਨ ਸਹਾਏ ਨੇ ਕਿਹਾ ਕਿ ਕੈਨੇਡੀਅਨ ਕੰਪਨੀ ਨੇ ਕੈਨੇਡਾ ਦੇ ਦੋ ਸ਼ਹਿਰਾਂ ਲਈ ਚਾਰਟਰ ਉਡਾਣਾਂ ਸ਼ੁਰੂ ਕਰਨ ਲਈ ਸਾਡੇ ਨਾਲ ਸੰਪਰਕ ਕੀਤਾ ਹੈ। ਅਸੀਂ ਉਨ੍ਹਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ ਅਤੇ ਹੁਣ ਅੰਤਿਮ ਮਨਜ਼ੂਰੀ ਦੀ ਉਡੀਕ ਹੈ। ਇਸੇ ਦੌਰਾਨ ਲੰਡਨ ਲਈ ਸਿੱਧੀਆਂ ਉਡਾਣਾਂ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਹਾਲ ਹੀ ਵਿੱਚ ਬਿ੍ਰਟਿਸ਼ ਹਾਈ ਕਮਿਸ਼ਨ ਨਾਲ ਮੀਟਿੰਗ ਕੀਤੀ ਸੀ ਅਤੇ ਹੀਥਰੋ ਹਵਾਈ ਅੱਡੇ ਜਾਂ ਬਰਮਿੰਘਮ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਦੀ ਸੰਭਾਵਨਾ ਬਾਰੇ ਚਰਚਾ ਕੀਤੀ ਗਈ ਸੀ।