-6.2 C
Toronto
Saturday, January 3, 2026
spot_img
Homeਭਾਰਤਜਹਾਜ਼ ਅਗਵਾ ਮਾਮਲੇ 'ਚੋਂ ਸਤਨਾਮ ਸਿੰਘ ਪਾਉਂਟਾ ਤੇ ਤਜਿੰਦਰਪਾਲ ਸਿੰਘ ਹੋਏ ਬਰੀ

ਜਹਾਜ਼ ਅਗਵਾ ਮਾਮਲੇ ‘ਚੋਂ ਸਤਨਾਮ ਸਿੰਘ ਪਾਉਂਟਾ ਤੇ ਤਜਿੰਦਰਪਾਲ ਸਿੰਘ ਹੋਏ ਬਰੀ

37 ਸਾਲਾਂ ਬਾਅਦ ਦੋਵੇਂ ਸਿੰਘਾਂ ਨੂੰ ਮਿਲੀ ਰਿਹਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਹਵਾਈ ਅੱਡੇ ਤੋਂ ਸ੍ਰੀਨਗਰ ਜਾ ਰਹੇ ਹਵਾਈ ਜਹਾਜ਼ ਨੂੰ 29 ਸਤੰਬਰ 1981 ਨੂੰ ਅਗ਼ਵਾ ਕਰਕੇ ਲਾਹੌਰ ਲੈ ਜਾਣ ਦੇ ਦੋਸ਼ੀ ਭਾਈ ਸਤਨਾਮ ਸਿੰਘ ਪਾਉਂਟਾ ਅਤੇ ਭਾਈ ਤਜਿੰਦਰਪਾਲ ਸਿੰਘ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੇਸ਼ਧ੍ਰੋਹ ਦੇ ਮੁੱਕਦਮੇ ਤੋਂ ਬਰੀ ਕਰ ਦਿੱਤਾ। ਜੱਜ ਅਜੈ ਪਾਂਡੇ ਨੇ ਦੋਵਾਂ ਨੂੰ ਸੰਵਿਧਾਨ ਦੀ ਧਾਰਾ 20(2) ਅਤੇ ਸੀਆਰਪੀਸੀ 300 ਤਹਿਤ ਦੋਹਰੀ ਸਜ਼ਾ ਨਾ ਦੇਣ ਦਾ ਐਲਾਨ ਕੀਤਾ। ਫ਼ੈਸਲੇ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਦਾਲਤ ਵਿਚ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਲਕਾ ਨੇ ਦੋਵੇਂ ਸਿੰਘਾਂ ਦੇ ਬਰੀ ਹੋਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ 37 ਸਾਲ ਬਾਅਦ ਦੋਵੇਂ ਸਿੰਘਾਂ ਨੂੰ ਕਾਨੂੰਨੀ ਸ਼ਿਕੰਜੇ ਤੋਂ ਅਜ਼ਾਦ ਹੋਣ ਦੀ ਖੁਸ਼ੀ ਮਿਲੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋਹਾਂ ਨੂੰ ਪਿਛਲੇ ਇਕ ਸਾਲ ਤੋਂ ਕਾਨੂੰਨੀ ਮਦਦ ਦਿੱਤੀ ਜਾ ਰਹੀ ਸੀ। ਬਰੀ ਹੋਣ ਉਪਰੰਤ ਦੋਵੇਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ਼ੁਕਰਾਨਾ ਕਰਨ ਪੁੱਜੇ ਜਿਥੇ ਉਨ੍ਹਾਂ ਨੂੰ ਹੈੱਡ ਗ੍ਰੰਥੀ ਨੇ ਸਿਰੋਪੇ ਦਿੱਤੇ। ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਸਤਨਾਮ ਸਿੰਘ ਨੇ ਝੱਲੀ ਪੀੜਾ ਦਾ ਇਜ਼ਹਾਰ ਕੀਤਾ। ਉਨ੍ਹਾਂ ਦੱਸਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਜੇਲ੍ਹ ਤੋਂ ਰਿਹਾਈ ਕਰਾਉਣ ਵਾਸਤੇ ਦਲ ਖਾਲਸਾ ਦੇ ਪੰਜ ਨੌਜਵਾਨ 29 ਸਤੰਬਰ 1981 ਨੂੰ ਦਿੱਲੀ ਤੋਂ ਸ੍ਰੀਨਗਰ ਜਾ ਰਹੇ ਹਵਾਈ ਜਹਾਜ਼ ਨੂੰ ਅਗ਼ਵਾ ਕਰਕੇ ਪਾਕਿਸਤਾਨ ਸਥਿਤ ਲਾਹੌਰ ਲੈ ਗਏ ਸਨ। ਇਸ ਕਰਕੇ ਪਾਕਿਸਤਾਨ ਵਿਚ 1986 ‘ਚ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਉਨ੍ਹਾਂ ਦੱਸਿਆ ਕਿ ਲਾਹੌਰ ਜੇਲ੍ਹ ਤੋਂ ਸਜ਼ਾ ਪੂਰੀ ਕਰਨ ਮਗਰੋਂ ਉਹ ਸਿਆਸੀ ਸ਼ਰਨ ਲੈਣ ਲਈ ਅਮਰੀਕਾ ਅਤੇ ਭਾਈ ਤਜਿੰਦਰ ਪਾਲ ਸਿੰਘ ਕੈਨੇਡਾ ਚਲੇ ਗਏ ਸਨ ਪਰ ਦੋਹਾਂ ਨੂੰ ਸਿਆਸੀ ਪਨਾਹ ਨਹੀਂ ਮਿਲੀ।
ਸਗੋਂ ਅਮਰੀਕੀ ਪ੍ਰਸ਼ਾਸਨ ਨੇ ਗ਼ੈਰਕਾਨੂੰਨੀ ਆਵਾਜਾਈ ਦੇ ਦੋਸ਼ ਹੇਠ ਭਾਈ ਸਤਨਾਮ ਸਿੰਘ ਨੂੰ ਚਾਰ ਸਾਲ ਤਕ ਜੇਲ੍ਹ ਵਿਚ ਰੱਖਿਆ। ਭਾਈ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਰਤ ਭੇਜ ਦਿੱਤਾ ਗਿਆ ਜਿਥੇ ਚਾਰ ਦਿਨ ਤਿਹਾੜ ਜੇਲ੍ਹ ਵਿਚ ਗੁਜ਼ਾਰਨੇ ਪਏ ਸਨ। ਉਨ੍ਹਾਂ ਕਿਹਾ ਕਿ 37 ਸਾਲ ਬਾਅਦ ਉਹ ਨਿਆਂਪਾਲਿਕਾ ਦਾ ਧੰਨਵਾਦ ਕਰਦੇ ਹਨ ਕਿਉਂਕਿ ਇਹ ਸਮੁੱਚੀ ਕੌਮ ਦਾ ਕੇਸ ਸੀ।

RELATED ARTICLES
POPULAR POSTS