Breaking News
Home / ਭਾਰਤ / ਯੈਸ ਬੈਂਕ ਘਪਲਾ : ਮੁੰਬਈ ‘ਚ ਸੱਤ ਥਾਵਾਂ ‘ਤੇ ਸੀਬੀਆਈ ਨੇ ਮਾਰੇ ਛਾਪੇ

ਯੈਸ ਬੈਂਕ ਘਪਲਾ : ਮੁੰਬਈ ‘ਚ ਸੱਤ ਥਾਵਾਂ ‘ਤੇ ਸੀਬੀਆਈ ਨੇ ਮਾਰੇ ਛਾਪੇ

600 ਕਰੋੜ ਰੁਪਏ ਦੀ ਰਿਸ਼ਵਤ ਦਾ ਮਾਮਲਾ – 7 ਮੁਲਜ਼ਮਾਂ ਵਿਰੁੱਧ ਲੁਕਆਊਟ ਸਰਕੂਲਰ ਜਾਰੀ
ਨਵੀਂ ਦਿੱਲੀ : ਸੀਬੀਆਈ ਨੇ ਸੋਮਵਾਰ ਨੂੰ ਘਪਲਿਆਂ ਨਾਲ ਪੀੜਤ ਡੀ.ਐਚ.ਐਫ.ਐਲ. ਵਲੋਂ ਯੈਸ ਬੈਂਕ ਦੇ ਸਹਿ-ਸੰਸਥਾਪਕ ਰਾਣਾ ਕਪੂਰ ਦੇ ਪਰਿਵਾਰ ਨੂੰ ਕਥਿਤ ਤੌਰ ‘ਤੇ 600 ਕਰੋੜ ਰੁਪਏ ਦੀ ਰਿਸ਼ਵਤ ਦੇਣ ਦੇ ਮਾਮਲੇ ਵਿਚ ਮੁੰਬਈ ਦੀਆਂ 7 ਵੱਖ-ਵੱਖ ਥਾਵਾਂ ‘ਤੇ ਛਾਪੇ ਮਾਰੇ। ਸੀਬੀਆਈ ਨੇ ਆਪਣੀ ਐਫਆਈਆਰ ਵਿਚ 5 ਕੰਪਨੀਆਂ, ਕਪੂਰ ਦੀ ਪਤਨੀ ਅਤੇ 3 ਬੇਟੀਆਂ ਸਮੇਤ 7 ਵਿਅਕਤੀਆਂ ਅਤੇ ਹੋਰਨਾਂ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਰਾਣਾ ਕਪੂਰ ਦੇ ਨਾਲ-ਨਾਲ ਏਜੰਸੀ ਨੇ ਉਸਦੀ ਪਤਨੀ ਬਿੰਦੂ, ਬੇਟੀ ਰੋਸ਼ਨੀ, ਰਾੀੀ ਅਤੇ ਰਾਧਾ ਵਿਰੁੱਧ ਵੀ ਮੁਕੱਦਮਾ ਦਾਇਰ ਕੀਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਦੇ ਅਧਿਕਾਰੀਆਂ ਵਲੋਂ ਮੁੰਬਈ ਵਿਚ ਮੁਲਜ਼ਮਾਂ ਦੇ ਰਿਹਾਇਸ਼ੀ ਕੰਪਲੈਕਸਾਂ ਦੀ ਤਲਾਸ਼ੀ ਲਈ ਗਈ। ਇਹ ਸਿਲਸਿਲਾ ਸੋਮਵਾਰ ਰਾਤ ਦੇਰ ਤੱਕ ਜਾਰੀ ਰਿਹਾ। ਏਜੰਸੀ ਦਾ ਦੋਸ਼ ਹੈ ਕਿ ਕਪੂਰ ਨੇ ਡੀਐਚਐਫਐਲ ਦੇ ਪ੍ਰਮੋਟਰ ਕਪਿਲ ਵਧਾਵਨ ਨਾਲ ਅਪਰਾਧਿਕ ਸਾਜਿਸ਼ ਰਚ ਕੇ ਯੈਸ ਬੈਂਕ ਰਾਹੀਂ ਡੀਐਚਐਫਐਲ ਨੂੰ ਵਿੱਤੀ ਮੱਦਦ ਮੁਹੱਈਆ ਕਰਵਾਈ ਅਤੇ ਉਸਦੇ ਬਦਲੇ ਵਿਚ ਰਾਣਾ ਦੇ ਪਰਿਵਾਰ ਦੇ ਮੈਂਬਰਾਂ ਨੂੰ ਬੇਲੋੜਾ ਲਾਭ ਮਿਲਿਆ। ਸੀਬੀਆਈ ਨੇ ਸੋਮਵਾਰ ਨੂੰ ਰਾਣਾ ਕਪੂਰ, ਉਸਦੀ ਪਤਨੀ ਬਿੰਦੂ ਅਤੇ ਬੇਟੀਆਂ ਰੋਸ਼ਨੀ, ਰਾਖੀ ਤੇ ਰਾਧਾ ਦੇ ਨਾਲ ਹੀ ਡੀਐਚਐਲਐਫ ਦੇ ਕਰਤਾ ਧਰਤਾ ਕਪਿਲ ਵਧਾਵਨ ਅਤੇ ਡਬਲਿਊ ਡਿਵੈਲਪਰਜ਼ ਦੇ ਪ੍ਰਮੋਟਰ ਧੀਰਜ ਵਧਾਵਨ ਵਿਰੁੱਧ ਲੁਕਆਊਟ ਸਰਕੂਲਰ ਜਾਰੀ ਕੀਤਾ ਤਾਂ ਜੋ ਉਹ ਦੇਸ਼ ਨਾ ਛੱਡ ਕੇ ਜਾ ਸਕਣ।
600 ਕਰੋੜ ਰੁਪਏ ਲੈਣ ਦਾ ਦੋਸ਼
ਦੋਸ਼ ਹੈ ਕਿ ਜਦੋਂ ਯੈਸ ਬੈਂਕ ਨੇ ਡੀਐਚਐਫਐਲ ਨੂੰ 3700 ਕਰੋੜ ਰੁਪਏ ਦਾ ਕਰਜ਼ ਦਿੱਤਾ ਤਾਂ ਕਪੂਰ ਦੀ ਕੰਪਨੀ ਨੂੰ 600 ਕਰੋੜ ਰੁਪਏ ਮਿਲੇ। ਈਡੀ ਨੂੰ ਸ਼ੱਕ ਹੈ ਕਿ ਡੀਐਚਐਫਐਲ ਤੋਂ 13 ਹਜ਼ਾਰ ਕਰੋੜ ਰੁਪਏ 79 ਖੋਖਾ ਕੰਪਨੀਆਂ ਵਿਚ ਪਾਏ ਗਏ ਹਨ। ਇਨ੍ਹਾਂ ਵਿਚ ਹੀ ਇਕ ਡਿਊਟ ਅਰਬਨ ਵੈਂਚਰਜ਼ ਹੈ। ਈਡੀ ਮੁਤਾਬਕ ਡੀਐਚਐਫਐਲ ਦੇ ਪ੍ਰਮੋਟਰਾਂ ਅਤੇ ਹੋਰ ਕੰਪਨੀਆਂ ਦੀ ਕਿਸੇ ਇਕ ਕਾਰਪੋਰੇਟ ਕੰਪਨੀ ਨੂੰ ਕਰਜ਼ ਦੀ ਰਾਸ਼ੀ ਦਿਵਾਉਣ ਵਿਚ ਭੂਮਿਕਾ ਹੈ ਅਤੇ ਇਸਦੀ ਦਲਾਲੀ ਦੀ ਰਕਮ ਕਪੂਰ ਦੀ ਪਤਨੀ ਦੇ ਬੈਂਕ ਖਾਤਿਆਂ ਵਿਚ ਪਾਈ ਗਈ ਹੈ।
2017 ਤੋਂ ਹੋ ਰਹੀ ਸੀ ਬੈਂਕ ਦੀ ਨਿਗਰਾਨੀ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਬੈਂਕ ਦੀ ਨਿਗਰਾਨੀ 2017 ਤੋਂ ਕੀਤੀ ਜਾ ਰਹੀ ਸੀ ਅਤੇ ਇਸ ਨਾਲ ਸਬੰਧਤ ਗਤੀਵਿਧੀਆਂ ਦੀ ਹਰ ਦਿਨ ਨਿਗਰਾਨੀ ਕੀਤੀ ਗਈ। ਉਨ੍ਹਾਂ ਕਿਹਾ ਕਿ ਕਰਜ਼ੇ ਦੇ ਖਤਰੇ ਭਰੇ ਫੈਸਲਿਆਂ ਦਾ ਪਤਾ ਲੱਗਣ ਤੋਂ ਬਾਅਦ ਰਿਜ਼ਰਵ ਬੈਂਕ ਨੇ ਯੈਸ ਬੈਂਕ ਪ੍ਰਬੰਧਨ ਵਿਚ ਬਦਲਾਅ ਦਾ ਸੁਝਾਅ ਦਿੱਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜਾਂਚ ਏਜੰਸੀਆਂ ਨੂੰ ਵੀ ਯੈਸ ਬੈਂਕ ਵਿਚ ਬੇਨਿਯਮੀਆਂ ਦਾ ਪਤਾ ਲੱਗਾ।
ਯੈਸ ਬੈਂਕ ਦਾ ਪ੍ਰਮੋਟਰ ਰਾਣਾ ਕਪੂਰ ਗ੍ਰਿਫਤਾਰ
ਮੁੰਬਈ : ਯੈਸ ਬੈਂਕ ਦੇ ਪ੍ਰਮੋਟਰ ਰਾਣਾ ਕਪੂਰ ਨੂੰ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮੁੰਬਈ ਦੀ ਇਕ ਅਦਾਲਤ ਨੇ ਰਿਮਾਂਡ ‘ਤੇ ਭੇਜ ਦਿੱਤਾ। ਤੀਹ ਘੰਟੇ ਤੋਂ ਜ਼ਿਆਦਾ ਸਮੇਂ ਤੋਂ ਜਾਰੀ ਛਾਪੇਮਾਰੀ ਅਤੇ ਜਾਂਚ ਵਿਚ ਕਪੂਰ ਦੇ 2 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਨਿਵੇਸ਼, 44 ਬੇਸ਼ਕੀਮਤੀ ਪੇਂਟਿੰਗਾਂ ਅਤੇ ਇਕ ਦਰਜਨ ਤੋਂ ਜ਼ਿਆਦਾ ਖੋਖਾ ਕੰਪਨੀਆਂ ਹੁਣ ਈਡੀ ਦੇ ਰਡਾਰ ‘ਤੇ ਹਨ। ਸੀਬੀਆਈ ਨੇ ਵੀ ਐਫਆਈਆਰ ਦਰਜ ਕਰ ਲਈ ਹੈ। 62 ਸਾਲਾ ਰਾਣਾ ਕਪੂਰ ਨੂੰ ਈਡੀ ਨੇ ਮਨੀ ਲਾਂਡਰਿੰਗ ਐਕਟ ਦੀਆਂ ਤਜਵੀਜ਼ਾਂ ਤਹਿਤ ਯੈਸ ਬੈਂਕ ਵਿਚ ਵਿੱਤੀ ਹੇਰਾਫੇਰੀਆਂ ਕਰਨ ਅਤੇ ਕੰਮਕਾਰ ਵਿਚ ਮਾੜੇ ੍ਰਪਬੰਧਾਂ ਦੇ ਦੋਸ਼ਾਂ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ। ਉਹ ਨਿੱਜੀ ਬੈਂਕ ਦਾ ਸਾਲ 2003-2004 ਵਿਚ ਪ੍ਰਮੋਟਰ ਰਹਿ ਚੁੱਕਾ ਹੈ। ਬਾਅਦ ਵਿਚ ਬੈਂਕ ਦੇ ਐਮਡੀ ਅਤੇ ਸੀਈਓ ਦੀ ਬਣੇ, ਪਰ ਬੈਂਕਿੰਗ ਮੁਗਲ ਨੂੰ ਸਤੰਬਰ 2018 ਵਿਚ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ।
ਐਸਬੀਆਈ ਨਿਵੇਸ਼ ਕਰਨ ਲਈ ਤਿਆਰ, 49 ਫੀਸਦੀ ਹਿੱਸੇਦਾਰੀ ਹੋਵੇਗੀ ਟਰਾਂਸਫਰ
ਨਵੀਂ ਦਿੱਲੀ : ਨਿੱਜੀ ਖੇਤਰ ਦੇ ਯੈਸ ਬੈਂਕ ‘ਤੇ ਪਾਬੰਦੀ ਲਾਉਣ ਦੇ ਅਗਲੇ ਦਿਨ ਹੀ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਇਸ ਦੇ ਪੁਨਰਗਠਨ ਯੋਜਨਾ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਬੈਂਕ ਪ੍ਰਬੰਧਨ ਨੂੰ ਖਾਰਜ ਕਰਨ ਅਤੇ ਇਸਦੇ ਕੰਮਕਾਜ ‘ਤੇ ਅਸਥਾਈ ਰੋਕ ਲਗਾਉਣ ਤੋਂ ਪਹਿਲਾਂ ਆਰਬੀਆਈ ਅਤੇ ਸਰਕਾਰ ਨੇ ਪੂਰੀ ਪਲਾਨਿੰਗ ਕਰ ਲਈ ਸੀ। ਫਿਲਹਾਲ ਐਸਬੀਆਈ ਨੂੰ ਯੈਸ ਬੈਂਕ ਦੀ 49 ਫੀਸਦੀ ਹਿੱਸੇਦਾਰੀ ਦਿੱਤੀ ਜਾ ਸਕਦੀ ਹੈ ਅਤੇ ਸੰਕੇਤ ਹਿਸ ਗੱਲ ਦੇ ਵੀ ਹਨ ਕਿ ਐਸਬੀਆਈ ਆਪਣੇ ਨਾਲ ਕੁਝ ਦੂਜੀਆਂ ਵਿੱਤੀ ਸੰਸਥਾਵਾਂ ਨੂੰ ਵੀ ਇਸ ਵਿਚ ਸ਼ਾਮਲ ਕਰ ਸਕਦਾ ਹੈ। ਸਕੀਮ ਤਹਿਤ ਨਵੇਂ ਯੈਸ ਬੈਂਕ ਦੇ ਬੋਰਡ ਆਫ ਡਾਇਰੈਕਟਰ ਵਿਚ ਛੇ ਮੈਂਬਰ ਹੋਣਗੇ। ਇਸ ਵਿਚ ਇਕ ਸੀਈਓ ਤੇ ਐਮਡੀ ਨਾਨ-ਐਗਜ਼ੀਕਿਊਟਿਵ ਚੇਅਰਮੈਨ, ਦੋ ਨਾਨ-ਐਗਜੀਕਿਊਟਿਵ ਡਾਇਰੈਕਟਰ ਤੇ ਨਿਵੇਸ਼ਕ ਬੈਂਕ ਵਲੋਂ ਨਿਯੁਕਤ ਦੋ ਹੋਰ ਮੈਂਬਰ ਹੋਣਗੇ।

Check Also

‘ਆਪ’ ਦਾ ਦਾਅਵਾ : ਕੇਜਰੀਵਾਲ ਦਾ ਸ਼ੂਗਰ ਲੈਵਲ 50 ਤੱਕ ਘਟਿਆ

‘ਇੰਡੀਆ’ ਬਲਾਕ 30 ਜੁਲਾਈ ਨੂੰ ਕੇਜਰੀਵਾਲ ਦੇ ਸਮਰਥਨ ’ਚ ਕਰੇਗਾ ਰੈਲੀ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ …