Breaking News
Home / ਜੀ.ਟੀ.ਏ. ਨਿਊਜ਼ / ਉਨਟਾਰੀਓ ‘ਚ ਡੈਲਡੂਕਾ ਬਣੇ ਲਿਬਰਲ ਪਾਰਟੀ ਦੇ ਆਗੂ

ਉਨਟਾਰੀਓ ‘ਚ ਡੈਲਡੂਕਾ ਬਣੇ ਲਿਬਰਲ ਪਾਰਟੀ ਦੇ ਆਗੂ

ਟੋਰਾਂਟੋ : ਉਨਟਾਰੀਓ ਸੂਬੇ ਦੀ ਲਿਬਰਲ ਪਾਰਟੀ ਦੀ ਮਿਸੀਸਾਗਾ ਦੇ ਮਾਲਟਨ ਇਲਾਕੇ ‘ਚ ਹੋਈ ਕਨਵੈਨਸ਼ਨ ‘ਚ ਸਟੀਵਨ ਡੈਲਡੂਕਾ ਨੂੰ ਪਾਰਟੀ ਦਾ ਨਵਾਂ ਆਗੂ ਚੁਣ ਲਿਆ ਗਿਆ। ਅੱਧੀ ਦਰਜਨ ਉਮੀਦਵਾਰਾਂ ‘ਚੋਂ ਡੈਲਡੂਕਾ ਪਹਿਲੇ ਗੇੜ ਦੀ ਵੋਟਿੰਗ ‘ਚ ਹੀ ਸ਼ਾਨ ਨਾਲ ਜਿੱਤ ਪ੍ਰਾਪਤ ਕਰ ਗਏ। ਉਨ੍ਹਾਂ ਨੂੰ ਉਨਟਾਰੀਓ ‘ਚ ਰਹਿੰਦੇ ਵੱਡੀ ਗਿਣਤੀ ਪੰਜਾਬੀਆਂ ਅਤੇ ਸਿੱਖਾਂ ਵਲੋਂ ਵੀ ਸਮਰਥਨ ਦਿੱਤਾ ਜਾ ਰਿਹਾ ਸੀ। ਇੰਟਰਨੈਸ਼ਨਲ ਸੈਂਟਰ ‘ਚ ਹੋਈ ਦੋ ਦਿਨਾ ਪਾਰਟੀ ਕਨਵੈਨਸ਼ਨ ‘ਚ 3000 ਦੇ ਕਰੀਬ ਲੋਕਾਂ ਨੇ ਸ਼ਮੂਲੀਅਤ ਕੀਤੀ। ਸੂਬਾਈ ਲਿਬਰਲ ਪਾਰਟੀ ਵਲੋਂ 2 ਜੂਨ 2022 ਨੂੰ ਕੁੱਲ 124 ਸੀਟਾਂ ‘ਤੇ ਹੋਣ ਵਾਲੀ ਵਿਧਾਨ ਸਭਾ ਚੋਣ ਡੈਲਡੂਕਾ ਦੀ ਅਗਵਾਈ ‘ਚ ਲੜੀ ਜਾਵੇਗੀ। ਪਾਰਟੀ ਦੇ ਆਗੂ ਵਜੋਂ ਉਹ ਮੁੱਖ ਮੰਤਰੀ ਬਣਨ ਦੇ ਦਾਅਵੇਦਾਰ ਵੀ ਹੋਣਗੇ ਅਤੇ ਮੌਜੂਦਾ ਮੁੱਖ ਮੰਤਰੀ ਡਗ ਫੋਰਡ ਤੇ ਨਿਊ ਡੈਮੋਕਰੇਟਿਕ ਪਾਰਟੀ ਦੀ ਆਗੂ ਐਂਡਰੀਆ ਹੋਰਵਾਥ ਦਾ ਮੁਕਾਬਲਾ ਕਰਨਗੇ। 15 ਸਾਲਾਂ ਦੀ ਸਰਕਾਰ ਤੋਂ ਬਾਅਦ ਬੀਤੇ ਸਾਲ ਆਮ ਚੋਣਾਂ ‘ਚ ਲਿਬਰਲ ਪਾਰਟੀ ਨੂੰ ਸੂਬੇ ਭਰ ‘ਚ 48 ਸੀਟਾਂ ਦਾ ਨੁਕਸਾਨ ਹੋਇਆ ਸੀ ਅਤੇ ਡੈਲਡੂਕਾ ਵੀ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਮਾਈਕਲ ਟਿਬੋਲੋ ਤੋਂ ਆਪਣੀ (ਵਾਅਨ-ਵੁੱਡਬਰਿੱਜ) ਸੀਟ ਹਾਰ ਗਏ ਸਨ। ਆਪਣੀ ਜਿੱਤ ਮਗਰੋਂ ਡੈਲਡੂਕਾ ਨੇ ਆਖਿਆ ਕਿ 2022 ਤੋਂ ਪਹਿਲਾਂ ਉਹ ਆਪਣੇ ਹਲਕੇ ਤੋਂ ਬਿਨਾਂ ਕਿਸੇ ਹੋਰ ਹਲਕੇ ਤੋਂ ਜ਼ਿਮਨੀ ਚੋਣ ਨਹੀਂ ਲੜਨਗੇ ਅਤੇ ਲਿਬਰਲ ਪਾਰਟੀ ਨੂੰ ਇਕਜੁੱਟ ਰੱਖਣ ਨੂੰ ਪਹਿਲ ਦੇਣਗੇ। ਇਸ ਸਮੇਂ ਲਿਬਰਲ ਪਾਰਟੀ 8 ਸੀਟਾਂ ਨਾਲ ਹਾਊਸ ‘ਚ ਬਿਨਾਂ ਵਿਰੋਧੀ ਪਾਰਟੀ ਦਰਜੇ ਤੋਂ ਤੀਸਰੇ ਸਥਾਨ ‘ਤੇ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …