Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ-ਭਾਰਤ ਵਿਚਕਾਰ ਸਿੱਧੀਆਂ ਉਡਾਣਾਂ ਬਹਾਲ

ਕੈਨੇਡਾ-ਭਾਰਤ ਵਿਚਕਾਰ ਸਿੱਧੀਆਂ ਉਡਾਣਾਂ ਬਹਾਲ

ਟੋਰਾਂਟੋ/ਸਤਪਾਲ ਸਿੰਘ ਜੌਹਲ : ਲੰਘੇ ਪੰਜ ਮਹੀਨਿਆਂ ਤੋਂ ਬਾਅਦ ਕੈਨੇਡਾ ਅਤੇ ਭਾਰਤ ਵਿਚਕਾਰ ਸਿੱਧੀਆਂ ਹਵਾਈ ਉਡਾਨਾਂ ਬਹਾਲ ਹੋ ਗਈਆਂ। ਏਅਰ ਕੈਨੇਡਾ ਦੀ ਟੋਰਾਂਟੋ-ਦਿੱਲੀ-ਟੋਰਾਂਟੋ ਉਡਾਨ ਨਿਰਧਾਰਤ ਸਮੇਂ ਅਨੁਸਾਰ ਚੱਲਣੀ ਸ਼ੁਰੂ ਕੀਤੀ ਗਈ ਹੈ। ਇਸੇ ਦੌਰਾਨ ਟੋਰਾਂਟੋ ਤੋਂ ਏਅਰ ਕੈਨੇਡਾ ਦਾ ਪਹਿਲਾ ਜਹਾਜ਼ ਦਿੱਲੀ ਪੁੱਜਾ ਜੋ ਯਾਤਰੀਆਂ ਨੂੰ ਲੈ ਕੇ ਵਾਪਸ ਟੋਰਾਂਟੋ ਪਹੁੰਚਿਆ। ਏਅਰ ਕੈਨੇਡਾ ਦੀ ਰੋਜ਼ਾਨਾ ਆਉਣ ਅਤੇ ਜਾਣ ਵਾਲੀ ਇਸ ਸਿੱਧੀ ਉਡਾਨ ਵਿਚ ਸਵਾਰ ਹੋਣ ਲਈ ਯਾਤਰੀਆਂ ਵਾਸਤੇ ਕੋਵਿਡ-19 ਦੇ ਟੈਸਟ ਦੀਆਂ ਸਖਤ ਸ਼ਰਤਾਂ ਲਾਗੂ ਕੀਤੀ ਗਈਆਂ ਹਨ, ਜਿਸ ਤਹਿਤ ਦਿੱਲੀ ਹਵਾਈ ਅੱਡੇ ਦੇ ਕੋਵਿਡ ਟੈਸਟਿੰਗ ਸੈਂਟਰ ਤੋਂ ਟੈਸਟ ਕਰਵਾਉਣਾ ਜ਼ਰੂਰੀ ਹੈ ਅਤੇ ਉਹ ਟੈਸਟ 18 ਘੰਟੇ ਤੋਂ ਵੱਧ ਪੁਰਾਣਾ ਨਹੀਂ ਹੋਣਾ ਚਾਹੀਦਾ। ਕੈਨੇਡਾ ਵਿਚ ਕਰੋਨਾ ਵਾਇਰਸ ਦੇ ਕੇਸ ਬਹੁਤ ਵੱਧ ਜਾਣ ਕਰਕੇ ਬੀਤੀ 22 ਅਪ੍ਰੈਲ ਨੂੰ ਕੈਨੇਡਾ ਸਰਕਾਰ ਨੇ ਭਾਰਤ ਤੋਂ ਯਾਤਰੀ ਹਵਾਈ ਜਹਾਜ਼ਾਂ ਦੀ ਆਵਾਜਾਈ ਰੋਕ ਦਿੱਤੀ ਸੀ ਅਤੇ ਇਸ ਦੇ ਨਾਲ ਹੀ (ਨਕਲੀ ਰਿਪੋਰਟਾਂ ਦੇ ਬਹੁਤ ਸਾਰੇ ਕੇਸ ਸਾਹਮਣੇ ਆਉਣ ਤੋਂ ਬਾਅਦ) ਭਾਰਤ ਤੋਂ ਕਰਵਾਏ ਟੈਸਟਾਂ ਦੀਆਂ ਰਿਪੋਰਟਾਂ ਨੂੰ ਯੋਗ ਮੰਨਣ ਤੋਂ ਨਾਂਹ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਲੋਕ ਹੋਰਨਾਂ ਦੇਸ਼ਾਂ ਦੇ ਰਸਤੇ ਬਹੁਤ ਮਹਿੰਗਿਆਂ ਟਿਕਟਾਂ ਖਰੀਦ ਕੇ, ਵਿਦੇਸ਼ਾਂ) ਯੂਰਪ, ਮਾਲਦੀਵ, ਅਰਬ ਦੇਸ਼ ਜਾਂ ਮੈਕਸੀਕੋ ਆਦਿ) ਵਿਚ ਕੋਵਿਡ ਟੈਸਟ ਕਰਵਾ ਕੇ ਅਤੇ ਕਈ ਦਿਨਾਂ ਦੀ ਖੱਜਲ ਖੁਆਰੀ ਤੋਂ ਬਾਅਦ ਕੈਨੇਡਾ ਪੁੱਜ ਰਹੇ ਸਨ। ਇਸੇ ਦੌਰਾਨ ਬਹੁਤ ਸਾਰੇ ਵਿਅਕਤੀ (ਕੈਨੇਡਾ ਦੇ ਨਾਗਰਿਕ ਅਤੇ ਪੱਕੇ ਵਾਸੀ) ਭਾਰਤ ਵਿਚ ਫਸ ਕੇ ਰਹਿ ਗਏ ਸਨ ਜਿਨ੍ਹਾਂ ਵਲੋਂ ਦੋਵਾਂ ਦੇਸ਼ਾਂ ਵਿਚ ਕਾਰ ਉਡਾਨਾਂ ਮੁੜ ਬਹਾਲ ਹੋਣ ਦਾ ਇੰਤਜਾਰ ਕੀਤਾ ਜਾ ਰਿਹਾ ਸੀ। ਵੈਨਕੂਵਰ-ਦਿੱਲੀ-ਵੈਨਕੂਵਰ ਉਡਾਨ ਵੀ ਚੱਲਣੀ ਆਰੰਭ ਹੋ ਗਈ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …