11.9 C
Toronto
Wednesday, October 15, 2025
spot_img
Homeਜੀ.ਟੀ.ਏ. ਨਿਊਜ਼ਜਦੋਂ ਏਅਰ ਕੈਨੇਡਾ ਦਾ ਜਹਾਜ਼ ਏਅਰ ਟ੍ਰੈਫਿਕ ਕੰਟਰੋਲਰ ਦੇ ਰਾਡਾਰ ਤੋਂ ਹੋਇਆ...

ਜਦੋਂ ਏਅਰ ਕੈਨੇਡਾ ਦਾ ਜਹਾਜ਼ ਏਅਰ ਟ੍ਰੈਫਿਕ ਕੰਟਰੋਲਰ ਦੇ ਰਾਡਾਰ ਤੋਂ ਹੋਇਆ ਗਾਇਬ

ਟੋਰਾਂਟੋ/ਬਿਊਰੋ ਨਿਊਜ਼ : ਸਾਨ ਫਰਾਂਸਿਸਕੋ ਜਾ ਰਹੇ ਏਅਰ ਕੈਨੇਡਾ ਦੇ ਜਹਾਜ਼ ਦੇ ਦੋ ਮਿੰਟਾਂ ਲਈ ਸ਼ਾਂਤ ਹੋ ਜਾਣ ਕਾਰਨ ਸਾਰੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇੱਕ ਹੋਰ ਜਹਾਜ਼ ਦੇ ਰਨਵੇਅ ਉੱਤੇ ਮੌਜੂਦ ਹੋਣ ਦੇ ਡਰ ਕਾਰਨ ਏਅਰ ਟਰੈਫਿਕ ਕੰਟਰੋਲਰ ਨੇ ਏਅਰ ਕੈਨੇਡਾ ਦੇ ਇਸ ਜਹਾਜ਼ ਨੂੰ ਲੈਂਡ ਨਾ ਕਰਨ ਦੀ ਹਦਾਇਤ ਦਿੱਤੀ। ਇਹ ਹਦਾਇਤ ਛੇ ਵਾਰੀ ਦਿੱਤੀ ਗਈ। ਹਰ ਵਾਰੀ ਏਅਰ ਕੈਨੇਡਾ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਫਿਰ ਸੁਪਰਵਾਈਜ਼ਰ ਨੇ ਪਾਇਲਟ ਦਾ ਧਿਆਨ ਖਿੱਚਣ ਲਈ ਜਹਾਜ਼ ਵੱਲੋਂ ਰੈੱਡ ਲਾਈਟ ਦਾ ਇਸ਼ਾਰਾ ਕੀਤਾ। ਜਹਾਜ਼ ਦੇ ਅਮਲੇ ਨੂੰ ਹੇਠਾਂ ਨਾ ਉਤਰਨ ਦੇਣ ਲਈ ਚੌਕਸ ਕਰਨ ਦੀ ਇੱਕ ਹੋਰ ਕੋਸ਼ਿਸ਼ ਸੀ। ਸਥਾਨਕ ਸਮੇਂ ਅਨੁਸਾਰ ਐਤਵਾਰ ਨੂੰ ਜਹਾਜ਼ 9:26 ਉੱਤੇ ਲੈਂਡ ਕੀਤਾ। ਪਾਇਲਟ ਨੇ ਦੱਸਿਆ ਕਿ ਉਨ੍ਹਾਂ ਦੇ ਰੇਡੀਓ ਨਾਲ ਕੋਈ ਦਿੱਕਤ ਸੀ। ਇਸ ਉੱਤੇ ਸਾਨ ਫਰਾਂਸਿਸਕੋ ਇੰਟਰਨੈਸ਼ਨਲ ਏਅਰਪੋਰਟ ਦੇ ਕੰਟਰੋਲਰ ਨੇ ਦੱਸਿਆ ਕਿ ਜ਼ਾਹਿਰਾ ਤੌਰ ਉੱਤੇ ਇਹੋ ਗੱਲ ਸੀ। ਤਿੰਨ ਮਹੀਨਿਆਂ ਵਿੱਚ ਇਹ ਦੂਜਾ ਅਜਿਹਾ ਮਾਮਲਾ ਹੈ ਜਦੋਂ ਇਸੇ ਏਅਰਪੋਰਟ ਉੱਤੇ ਗਲਤ ਢੰਗ ਨਾਲ ਲੈਂਡ ਕਰਨ ਲਈ ਏਅਰ ਕੈਨੇਡਾ ਸੁਰਖੀਆਂ ਵਿੱਚ ਆਈ ਹੈ। ਏਅਰਬੱਸ ਏ 320 ਦੇ ਮਾਮਲੇ ਵਿੱਚ ਕਮਿਊਨਿਕੇਸ਼ਨ ਵਿੱਚ ਗੰਭੀਰ ਕੋਤਾਹੀ ਕਾਰਨ ਕੈਨੇਡੀਅਨ ਤੇ ਅਮਰੀਕੀ ਏਵੀਏਸ਼ਨ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕੈਨੇਡੀਅਨ ਫੈਡਰਲ ਪਾਇਲਟਸ ਐਸੋਸੀਏਸ਼ਨ ਦੇ ਚੇਅਰਮੈਨ ਗ੍ਰੈੱਗ ਮੈਕੌਨੈੱਲ ਨੇ ਆਖਿਆ ਕਿ ਜਦੋਂ ਏਅਰ ਟਰੈਫਿਕ ਕੰਟਰੋਲ ਤੁਹਾਨੂੰ ਆਖਦਾ ਹੈ ਕਿ ਥੱਲੇ ਨਾ ਉਤਰੋ ਤੇ ਚੱਕਰ ਲਗਾਓ ਤਾਂ ਇਹ ਨਿਰਦੇਸ਼ ਹੁੰਦੇ ਹਨ ਤੇ ਤੁਹਾਨੂੰ ਉਹ ਹੁਕਮ ਮੰਨਣੇ ਹੁੰਦੇ ਹਨ। ਇਸ ਘਟਨਾ ਤੋਂ ਬਾਅਦ ਮੈਕੌਨੈੱਲ ਦਾ ਮੰਨਣਾ ਹੈ ਕਿ ਕਿਸੇ ਵੱਡੇ ਹਾਦਸੇ ਤੋਂ ਪਹਿਲਾਂ ਕੈਨੇਡਾ ਨੂੰ ਏਵੀਏਸ਼ਨ ਇੰਡਸਟਰੀ ਦਾ ਆਡਿਟ ਕਰਵਾਉਣਾ ਚਾਹੀਦਾ ਹੈ। ਐਫਏਏ ਦੇ ਬੁਲਾਰੇ ਇਆਨ ਗ੍ਰੈਗਰ ਨੇ ਆਖਿਆ ਕਿ ਜਦੋਂ ਉਡਾਨ ਏਸੀ781 ਏਅਰਪੋਰਟ ਤੋਂ 10 ਕਿਲੋਮੀਟਰ ਦੀ ਦੂਰੀ ਉੱਤੇ ਸੀ ਤਾਂ ਉਸ ਨੂੰ ਲੈਂਡ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਤੇ ਅਮਲੇ ਨੇ ਇਸ ਨੂੰ ਸਵੀਕਾਰ ਵੀ ਕੀਤਾ ਸੀ। ਪਰ ਫਿਰ ਵਾਰੀ ਵਾਰੀ ਹਦਾਇਤ ਕੀਤੇ ਜਾਣ ਦੇ ਬਾਵਜੂਦ ਜਹਾਜ਼ ਲੈਂਡ ਕਰ ਗਿਆ ਕਿਉਂਕਿ ਪਾਇਲਟ ਤੇ ਅਮਲੇ ਨੂੰ ਛੇ ਵਾਰੀ ਮੈਸੇਜ ਹੀ ਨਹੀਂ ਮਿਲਿਆ।
ਮੈਕੌਨੈੱਲ ਦਾ ਕਹਿਣਾ ਹੈ ਕਿ ਇਹ ਬੜੀ ਹੀ ਅਜੀਬ ਗੱਲ ਲੱਗਦੀ ਹੈ ਕਿ ਰਨਵੇਅ ਉੱਤੇ ਲੈਂਡ ਕਰਨ ਲਈ ਜਿਸ ਜਹਾਜ਼ ਨੂੰ ਹਰੀ ਝੰਡੀ ਦਿੱਤੀ ਗਈ ਹੋਵੇ ਉਸ ਦਾ ਐਨੀ ਜਲਦੀ ਰੇਡੀਓ ਫੇਲੀਅਰ ਕਿਵੇਂ ਹੋ ਸਕਦਾ ਹੈ। ਮੈਕੌਨੈੱਲ ਤੇ ਐਰੋ ਕੰਸਲਟਿੰਗ ਐਕਸਪਰਟਸ ਦੇ ਸੀਈਓ ਰੌਸ ਏਮਰ ਨੇ ਦੱਸਿਆ ਕਿ ਆਧੁਨਿਕ ਜਹਾਜ਼ਾਂ ਵਿੱਚ ਹਮੇਸ਼ਾਂ ਦੋ ਜਾਂ ਤਿੰਨ ਰੇਡੀਓ ਕੰਮ ਕਰਦੇ ਰਹਿੰਦੇ ਹਨ-ਇੱਕ ਪ੍ਰਾਇਮਰੀ, ਸੈਕੰਡਰੀ ਤੇ ਇੱਕ ਬੈਕ ਅੱਪ। ਏਅਰ ਕੈਨੇਡਾ ਪਾਇਲਟਸ ਐਸੋਸੀਏਸ਼ਨ ਦੇ ਬੁਲਾਰੇ ਕ੍ਰਿਸ ਪ੍ਰਾਟ ਨੇ ਆਖਿਆ ਕਿ ਗੜਬੜੀ ਕਿੱਥੇ ਹੋਈ ਇਸ ਦਾ ਪਤਾ ਲਾਉਣ ਲਈ ਐਫਏਏ ਨਾਲ ਰਲ ਕੇ ਜਹਾਜ਼ ਦਾ ਅਮਲਾ ਕੰਮ ਕਰ ਰਿਹਾ ਹੈ।

 

RELATED ARTICLES
POPULAR POSTS