Breaking News
Home / ਜੀ.ਟੀ.ਏ. ਨਿਊਜ਼ / ਫੈਡਰਲ ਸਰਕਾਰ ਦੇ ਖਜ਼ਾਨੇ ਨੂੰ ਮਿਲਿਆ ਹੁਲਾਰਾ

ਫੈਡਰਲ ਸਰਕਾਰ ਦੇ ਖਜ਼ਾਨੇ ਨੂੰ ਮਿਲਿਆ ਹੁਲਾਰਾ

ਓਟਵਾ/ਬਿਊਰੋ ਨਿਊਜ਼
ਵਿੱਤੀ ਸਥਿਤੀ ਵਿੱਚ ਹੋਏ ਸੁਧਾਰ ਮਗਰੋਂ ਫੈਡਰਲ ਸਰਕਾਰ ਮੱਧ ਵਰਗ ਤੇ ਘੱਟ ਆਮਦਨ ਵਾਲੇ ਕੈਨੇਡੀਅਨਾਂ ਲਈ ਟੈਕਸ ਮਾਪਦੰਡਾਂ ਵਿੱਚ ਵਾਧਾ ਕਰ ਰਹੀ ਹੈ। ਪਰ ਸਰਕਾਰ ਵੱਲੋਂ ਅਰਥਚਾਰੇ ਦੇ ਨੌਂ-ਬਰ-ਨੌਂ ਹੋਣ ਤੋਂ ਬਾਅਦ ਫੈਡਰਲ ਤਿਜੋਰੀਆਂ ਵਿੱਚ ਆਏ ਵਾਧੂ ਪੈਸੇ ਨੂੰ ਬਹੁਤਾ ਨਹੀਂ ਖਰਚਿਆ ਜਾ ਰਿਹਾ।
ਅਰਥਚਾਰੇ ਵਿੱਚ ਹੋਏ ਸੁਧਾਰ ਤੋਂ ਭਾਵ ਇਹ ਹੈ ਕਿ ਓਟਵਾ ਕੈਨੇਡਾ ਚਾਈਲਡ ਬੈਨੇਫਿਟ ਤੋਂ ਇਲਾਵਾ ਹੋਰਨਾਂ ਫੈਡਰਲ ਟੈਕਸ ਬੈਨੇਫਿੱਟਸ ਵਿੱਚ ਵੀ ਵਾਧਾ ਕਰੇਗਾ। ਵਿੱਤ ਮੰਤਰੀ ਬਿੱਲ ਮੌਰਨਿਊ ਵੱਲੋਂ ਜਾਰੀ ਆਰਥਿਕ ਬਿਆਨ ਤੋਂ ਇਹ ਸਪਸ਼ਟ ਹੋਇਆ ਹੈ ਕਿ 2017-18 ਵਿੱਚ ਫੈਡਰਲ ਸਰਕਾਰ ਦੇ ਖਜ਼ਾਨੇ ਵਿੱਚ 8.9 ਬਿਲੀਅਨ ਡਾਲਰ ਦਾ ਹੁਲਾਰਾ ਆਇਆ। ਨਤੀਜੇ ਵਜੋਂ 2017 ਲਈ ਪਹਿਲਾਂ 28.5 ਬਿਲੀਅਨ ਡਾਲਰ ਦੇ ਘਾਟੇ ਦੀ ਕੀਤੀ ਗਈ ਪੇਸ਼ੀਨਗੋਈ ਦੀ ਥਾਂ ਹੁਣ ਇਹ ਘਾਟਾ ਘਟ ਕੇ 19.9 ਬਿਲੀਅਨ ਡਾਲਰ ਉੱਤੇ ਆ ਗਿਆ ਹੈ। 19.9 ਬਿਲੀਅਨ ਡਾਲਰ ਦੇ ਅੰਕੜੇ ਵਿੱਚ 1.5 ਬਿਲੀਅਨ ਰਿਸਕ ਐਡਜਸਟਮੈਂਟ ਵੀ ਸ਼ਾਮਲ ਹੈ।
ਕੁੱਲ ਮਿਲਾ ਕੇ ਆਰਥਿਕ ਬਿਆਨ ਵਿੱਚ ਨਵੇਂ ਖਰਚੇ ਲਈ 14.9 ਬਿਲੀਅਨ ਡਾਲਰ ਸ਼ਾਮਲ ਕੀਤੇ ਗਏ ਹਨ। ਜੋ ਕਿ ਅਗਲੇ ਪੰਜ ਸਾਲਾਂ ਵਾਸਤੇ 2017 ਦੇ ਬਜਟ ਵਿੱਚ ਦਰਸਾਈ ਰਕਮ ਨਾਲੋਂ ਜ਼ਿਆਦਾ ਹਨ। ਇਹ ਵੀ ਆਖਿਆ ਜਾ ਰਿਹਾ ਹੈ ਕਿ ਅਗਲੇ ਪੰਜ ਸਾਲਾਂ ਵਿੱਚ ਘਾਟੇ ਵਿੱਚ ਇਸੇ ਤਰ੍ਹਾਂ ਗਿਰਾਵਟ ਜਾਰੀ ਰਹੇਗੀ ਤੇ 2022-23 ਵਿੱਚ ਇਸ ਦੇ 12.5 ਬਿਲੀਅਨ ਡਾਲਰ ਰਹਿ ਜਾਣ ਦੀ ਉਮੀਦ ਹੈ। ਪਰ ਅਜੇ ਨੇੜ ਭਵਿੱਖ ਵਿੱਚ ਕਿਤੇ ਵੀ ਬਜਟ ਸੰਤੁਲਿਤ ਹੁੰਦਾ ਨਜ਼ਰ ਨਹੀਂ ਆ ਰਿਹਾ। 2015 ਦੀ ਫੈਡਰਲ ਚੋਣ ਮੁਹਿੰਮ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 2019 ਤੱਕ ਘਾਟਾ 10 ਬਿਲੀਅਨ ਡਾਲਰ ਤੱਕ ਲਿਆਉਣ ਤੇ ਬਜਟ ਨੂੰ ਸੰਤੁਲਿਤ ਕਰਨ ਦਾ ਤਹੱਈਆ ਪ੍ਰਗਟਾਇਆ ਸੀ।
ਇੱਕ ਇੰਟਰਵਿਊ ਵਿੱਚ ਵਿੱਤ ਮੰਤਰੀ ਬਿੱਲ ਮੌਰਨਿਊ ਨੇ ਬਜਟ ਸੰਤੁਲਿਤ ਕਰਨ ਦੇ ਟੁੱਟੇ ਵਾਅਦੇ ਦਾ ਪੱਖ ਪੂਰਨ ਦੀ ਕੋਸ਼ਿਸ਼ ਕੀਤੀ। ਇੰਜ ਲੱਗ ਰਿਹਾ ਹੈ ਕਿ ਇਸ ਵਾਅਦੇ ਨੂੰ ਪੂਰਾ ਕਰਨ ਦੀ ਥਾਂ ਫੈਡਰਲ ਲਿਬਰਲ ਪੂਰੇ ਘਾਟੇ ਨੂੰ ਖ਼ਤਮ ਕਰਨ ਦੀ ਬਜਾਏ ਕੁੱਲ ਘਰੇਲੂ ਉਤਪਾਦ ਨਾਲ ਜੁੜੇ ਕਰਜ਼ੇ ਨੂੰ ਖ਼ਤਮ ਕਰਨ ਨੂੰ ਤਰਜੀਹ ਦੇ ਰਹੇ ਹਨ। 2017 ਵਿੱਚ ਅਰਥਚਾਰੇ ਵਿੱਚ 3.1 ਫੀਸਦੀ ਵਾਧਾ ਹੋਣ ਦੀ ਸੰਭਾਵਨਾ ਹੈ ਤੇ 2018 ਵਿੱਚ ਇਹ ਘਟ ਕੇ 2.1 ਫੀਸਦੀ ਰਹਿ ਜਾਵੇਗਾ ਤੇ 2019 ਵਿੱਚ ਇਸ ਦੇ 1.6 ਫੀਸਦੀ ਤੱਕ ਅੱਪੜਨ ਦੀ ਗੁੰਜਾਇਸ਼ ਹੈ।

 

Check Also

ਫਲਸਤੀਨ ਨੂੰ ਅਜ਼ਾਦ ਦੇਸ਼ ਦਾ ਦਰਜਾ ਦਿਵਾਉਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਫਲਸਤੀਨ ਨੂੰ ਅਜ਼ਾਦ ਦੇਸ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ …