ਓਨਟਾਰੀਓ/ਬਿਊਰੋ ਨਿਊਜ਼
ਇਸ ਸਾਲ ਓਨਟਾਰੀਓ ਦੇ ਕਾਲਜ ਜਾਂ ਯੂਨੀਵਰਸਿਟੀ ਪੜ੍ਹਨ ਵਾਲੇ 210,000 ਤੋਂ ਵੀ ਵੱਧ ਵਿਦਿਆਰਥੀਆਂ ਨੂੰ ਟਿਊਸ਼ਨ ਫੀਸ ਨਹੀਂ ਦੇਣੀ ਹੋਵੇਗੀ। ਇਨ੍ਹਾਂ ਵਿੱਚ ਉਹ ਇੱਕ ਤਿਹਾਈ ਵਿਦਿਆਰਥੀ ਸ਼ਾਮਲ ਹੋਣਗੇ ਜਿਹੜੇ ਫੁੱਲ ਟਾਈਮ ਪੜ੍ਹਨਗੇ। ਇਹ ਪ੍ਰਬੰਧ ਨਵੇਂ ਪ੍ਰੋਵਿੰਸ਼ੀਅਲ ਫਾਇਨਾਂਸ਼ੀਅਲ ਏਡ ਪ੍ਰੋਗਰਾਮ ਦਾ ਹਿੱਸਾ ਹੈ ਤੇ ਇਸ ਤਹਿਤ ਉਨ੍ਹਾਂ ਵਿਦਿਆਰਥੀਆਂ ਦੀ ਫੀਸ ਅਦਾ ਕੀਤੀ ਜਾਵੇਗੀ ਜਿਹੜੇ ਘੱਟ ਆਮਦਨ ਵਾਲੇ ਪਰਿਵਾਰਾਂ ਦਾ ਹਿੱਸਾ ਹੋਣਗੇ।
ਪ੍ਰੋਵਿੰਸ਼ੀਅਲ ਏਡ ਸਿਸਟਮ (ਓਐਸਏਪੀ) ਲਈ ਅਰਜ਼ੀਆਂ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰੀ ਦਸ ਫੀਸਦੀ ਵੱਧ ਹਨ ਜਾਂ ਇਸ ਨੂੰ ਇੰਜ ਆਖਿਆ ਜਾ ਸਕਦਾ ਹੈ ਕਿ 50,000 ਤੋਂ ਵੀ ਵੱਧ ਵਿਦਿਆਰਥੀ ਇਸ ਪ੍ਰੋਗਰਾਮ ਦਾ ਲਾਹਾ ਲੈਣਗੇ। ਓਟਵਾ ਦੇ ਐਲਗੌਂਕੁਇਨ ਕਾਲਜ ਦਾ ਦੌਰਾ ਕਰਨ ਤੋਂ ਬਾਅਦ ਇੱਕ ਇੰਟਰਵਿਊ ਵਿੱਚ ਐਡਵਾਂਸਡ ਐਜੂਕੇਸ਼ਨ ਐਂਡ ਸਕਿੱਲਜ਼ ਡਿਵੈਲਪਮੈਂਟ ਮੰਤਰੀ ਡੈੱਬ ਮੈਥਿਊਜ਼ ਨੇ ਆਖਿਆ ਕਿ ਇਹ ਸਾਡੀ ਉਮੀਦ ਤੋਂ ਵੀ ਕਿਤੇ ਜ਼ਿਆਦਾ ਹੈ। ਉਨ੍ਹਾਂ ਆਖਿਆ ਕਿ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਇਸ ਵਾਰੀ ਸਾਡੇ ਕੋਲ 50,000 ਤੋਂ ਵੱਧ ਐਪਲੀਕੈਂਟਸ ਆਉਣਗੇ। ਇਸ ਵਾਧੇ ਨਾਲ ਸਾਨੂੰ ਬਹੁਤ ਖੁਸ਼ੀ ਹੋਈ ਹੈ।
ਇਸ ਉੱਤੇ ਕਿੰਨੀ ਲਾਗਤ ਆਉਣ ਵਾਲੀ ਹੈ ਇਸ ਬਾਰੇ ਹਾਲ ਦੀ ਘੜੀ ਸਰਕਾਰ ਕੋਲ ਕੋਈ ਠੋਸ ਅੰਕੜੇ ਨਹੀਂ ਹਨ। ਉਨ੍ਹਾਂ ਆਖਿਆ ਕਿ ਅਸੀਂ ਵਿਦਿਆਰਥੀਆਂ ਨਾਲ ਇਹ ਵਾਅਦਾ ਕੀਤਾ ਹੈ। ਸਾਡੀ ਵਚਨਬੱਧਤਾ ਇਹ ਹੈ ਕਿ ਹਰੇਕ ਯੋਗ ਵਿਦਿਆਰਥੀ ਨੂੰ ਉਸ ਦਾ ਬਣਦਾ ਸਪੋਰਟ ਮਿਲ ਸਕੇ। ਅਸੀਂ ਇਸ ਨੂੰ ਹਰ ਹਾਲ ਸੰਭਵ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਆਖਿਆ ਕਿ ਜਦੋਂ ਇਸ ਦਾ ਐਲਾਨ ਕੀਤਾ ਗਿਆ ਸੀ ਤਾਂ ਸਰਕਾਰ ਨੇ ਆਖਿਆ ਸੀ ਕਿ ਟਿਊਸ਼ਨ ਤੇ ਸਿੱਖਿਆ ਲਈ ਟੈਕਸ ਕ੍ਰੈਡਿਟ ਵਿੱਚ ਕਟੌਤੀ ਨਾਲ ਇਸ ਸਾਲ 145 ਮਿਲੀਅਨ ਡਾਲਰ ਦੀ ਬਚਤ ਹੋਵੇਗੀ ਤੇ ਇਹ 2017-18 ਲਈ ਲੋੜੀਂਦੀ ਲਾਗਤ ਕੱਢਣ ਲਈ ਕਾਫੀ ਹੋਵੇਗੀ।