Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ‘ਚ ਤਾਲਾਬੰਦੀ ਕਾਰਨ 30 ਲੱਖ ਦੇ ਕਰੀਬ ਲੋਕਾਂ ਨੂੰ ਨੌਕਰੀ ਤੋਂ ਹੱਥ ਧੋਣੇ ਪਏ

ਕੈਨੇਡਾ ‘ਚ ਤਾਲਾਬੰਦੀ ਕਾਰਨ 30 ਲੱਖ ਦੇ ਕਰੀਬ ਲੋਕਾਂ ਨੂੰ ਨੌਕਰੀ ਤੋਂ ਹੱਥ ਧੋਣੇ ਪਏ

ਨਵੇਂ ਪਰਵਾਸੀਆਂ ਨੂੰ ਨੌਕਰੀ ਲੱਭਣ ‘ਚ ਆ ਰਹੀਆਂ ਮੁਸ਼ਕਲਾਂ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕਰੋਨਾ ਵਾਇਰਸ ਦੀ ਤਾਲਾਬੰਦੀ ਕਾਰਨ ਕੈਨੇਡਾ ਵਿਚ 30 ਲੱਖ ਦੇ ਕਰੀਬ ਲੋਕਾਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣੇ ਪਏ ਸਨ। ਹੁਣ ਪੜਾਅ ਵਾਰ ਕਾਰੋਬਾਰ ਦੁਬਾਰਾ ਖੁੱਲ੍ਹਣ ਤੋਂ ਬਾਅਦ ਡੇਢ ਕੁ ਲੱਖ ਲੋਕ ਨੌਕਰੀਆਂ ‘ਤੇ ਵਾਪਸ ਪਰਤ ਚੁੱਕੇ ਹਨ।
ਕੈਨੇਡਾ ਦੇ ਅੰਕੜਾ ਵਿਭਾਗ ਵਲੋਂ ਪਿਛਲੇ ਦਿਨੀਂ ਜਾਰੀ ਕੀਤੀ ਗਈ ਇਕ ਰਿਪੋਰਟ ਮੁਤਾਬਿਕ ਮਾਰਚ ਤੇ ਅਪ੍ਰੈਲ ਦੌਰਾਨ ਕੈਨੇਡਾ ਦੇ ਜੰਮਪਲ ਕਾਮਿਆਂ ਨਾਲੋਂ ਵੱਧ ਗਿਣਤੀ (4 ਕੁ ਸਦੀ) ਵਿਚ ਵਿਦੇਸ਼ਾਂ ਤੋਂ ਆਏ ਇਮੀਗ੍ਰਾਂਟਾਂ ਨੂੰ ਆਪਣੀਆਂ ਨੌਕਰੀਆਂ ਤੋਂ ਵੱਧ ਵਾਂਝੇ ਹੋਣਾ ਪਿਆ।
ਵਾਪਸ ਬੁਲਾਏ ਗਏ ਕਾਮਿਆਂ ਵਿਚ ਵੀ ਕੈਨੇਡੀਅਨ ਜੰਮਪਲ ਵਸੋਂ ਦੇ ਕਾਮੇ ਮੋਹਰੀ ਹਨ। ਰੁਜ਼ਗਾਰ ਮਾਰਕੀਟ ਵਿਚ ਇਮੀਗ੍ਰਾਂਟ ਵਸੋਂ ਨਾਲ ਸਬੰਧਿਤ ਕਾਮਿਆਂ ਦਾ ਸਭ ਵੱਧ ਨੁਕਸਾਨ ਹੋਣ ਦੀ ਖ਼ਬਰ ਹੈ।
ਉਨ੍ਹਾਂ ਵਿਚ ਨਵੇਂ ਇਮੀਗ੍ਰਾਂਟਾਂ ਨੂੰ ਨੌਕਰੀ ਲੱਭਣਾ ਹੋਰ ਵੀ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਕੈਨੇਡੀਅਨ ਤਜਰਬੇ ਵਾਲੇ ਵਿਅਕਤੀ ਨੂੰ ਨੌਕਰੀ ਪਹਿਲ ਦੇ ਆਧਾਰ ‘ਤੇ ਦਿੱਤੀ ਜਾਂਦੀ ਹੈ। ਇਹ ਵੀ ਕਿ ਤਾਲਾਬੰਦੀ ਦੌਰਾਨ ਔਰਤਾਂ ਵਿਚ ਵੀ, ਕੈਨੇਡੀਅਨ ਔਰਤਾਂ ਦੇ ਰੁਜ਼ਗਾਰ ਦਾ ਇਮੀਗ੍ਰਾਂਟ ਔਰਤਾਂ ਦੇ ਮੁਕਾਬਲੇ ਘੱਟ ਨੁਕਸਾਨ ਹੋਇਆ ਹੈ। ਜੁਲਾਈ ਅਗਸਤ ਦੇ ਦੌਰਾਨ ਕਾਰੋਬਾਰਾਂ ਅਤੇ ਰੁਜ਼ਗਾਰ ਦੇ ਹਾਲਾਤ ਕੁਝ ਸੁਧਰੇ ਹਨ ਪਰ ਵਾਇਰਸ ਦੀ ਦੂਸਰੀ ਲਹਿਰ ਦਾ ਡਰ ਲਗਾਤਾਰ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਮੈਡੀਕਲ ਮਾਹਿਰਾਂ ਦਾ ਮੰਨਣਾ ਹੈ ਕਿ ਦੂਸਰੀ ਲਹਿਰ ਕਾਰਨ ਤਾਲਾਬੰਦੀ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਕਿ ਨਵੇਂ ਕੇਸਾਂ ਵਿਚ ਬਹੁਗਿਣਤੀ ਮਰੀਜ਼ 40 ਸਾਲ ਤੋਂ ਘੱਟ ਉਮਰ ਦੇ ਹੁੰਦੇ ਹਨ ਜੋ ਦੋ ਤਿੰਨ ਹਫ਼ਤਿਆਂ ਵਿਚ ਤੰਦਰੁਸਤ ਹੋ ਜਾਂਦੇ ਹਨ ਅਤੇ ਮੌਤ ਦਰ ਬਹੁਤ ਘੱਟ ਤੋਂ ਸਿਫ਼ਰ ਦੇ ਬਰਾਬਰ ਹੁੰਦੀ ਹੈ।

ਟਰੂਡੋ ਸਰਕਾਰ ਵਲੋਂ ਵਿਦੇਸ਼ੀ ਨਾਗਰਿਕਾਂ ‘ਤੇ ਪਾਬੰਦੀ 30 ਸਤੰਬਰ ਤੱਕ ਵਧਾਈ
ਟੋਰਾਂਟੋ : ਕਰੋਨਾ ਵਾਇਰਸ ਮਹਾਂਮਾਰੀ ਕਾਰਨ ਲੰਘੇ ਮਾਰਚ ਮਹੀਨੇ ਵਿਚ ਵਿਦੇਸ਼ੀ ਨਾਗਰਿਕਾਂ ਦੇ ਦਾਖ਼ਲੇ ਉੱਪਰ ਕੈਨੇਡਾ ਸਰਕਾਰ ਵਲੋਂ 31 ਅਗਸਤ ਤੱਕ ਪਾਬੰਦੀਆਂ ਲਗਾਈਆਂ ਗਈਆਂ ਸਨ, ਜਿਨ੍ਹਾਂ ਨੂੰ 30 ਸਤੰਬਰ 2020 ਤੱਕ ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਦੇਸ਼ ਦੇ ਜਨਤਕ ਸੁਰੱਖਿਆ ਮੰਤਰੀ ਬਿੱਲ ਬਲੇਅਰ ਨੇ ਕਿਹਾ ਕਿ ਪਾਬੰਦੀਆਂ ਵਿਚ ਕੋਈ ਫੇਰਬਦਲ ਨਹੀਂ ਕੀਤਾ ਗਿਆ ਅਤੇ ਪਹਿਲਾ ਵਾਂਗ ਕੈਨੇਡਾ ਦੇ ਨਾਗਰਿਕ, ਪੀ.ਆਰ. ਅਤੇ ਉਨ੍ਹਾਂ ਦੇ ਪਰਿਵਾਰਕ ਜੀਅ ਕੈਨੇਡਾ ਵਿਚ ਦਾਖਲ ਕੀਤੇ ਜਾਂਦੇ ਰਹਿਣਗੇ। ਹਵਾਈ ਅੱਡਿਆਂ ਉੱਪਰ ਕਰੋਨਾ ਵਾਇਰਸ ਦੀ ਜਾਂਚ ਵੀ ਜਾਰੀ ਰਹੇਗੀ। ਬੁਖ਼ਾਰ, ਖੰਘ ਅਤੇ ਸਾਹ ਦੀ ਤਕਲੀਫ਼ ਵਾਲੇ ਮੁਸਾਫਿਰਾਂ ਨੂੰ ਅਗਲੇਰੀ ਜਾਂਚ ਵਾਸਤੇ ਰੁਕਣਾ ਪਵੇਗਾ। ਕੈਨੇਡਾ ਪਹੁੰਚ ਕੇ 14 ਦਿਨਾਂ ਦੇ ਇਕਾਂਤਵਾਸ ਵਾਲੇ ਨਿਯਮ ਵੀ ਲਾਗੂ ਰਹਿਣਗੇ। ਪ੍ਰਮੁੱਖ ਤੌਰ ‘ਤੇ ਸੈਰ ਅਤੇ ਮਨੋਰੰਜਨ ਵਾਸਤੇ ਕੈਨੇਡਾ ਵਿਚ ਦਾਖਲਾ ਬੰਦ ਰਹੇਗਾ। 18 ਮਾਰਚ 2020 ਤੋਂ ਬਾਅਦ ਦੀ ਤਰੀਕ ਵਾਲੇ ਵੀਜ਼ਾ ਧਾਰਕਾਂ ਨੂੰ ਵੀ ਕੈਨੇਡਾ ਵਿਚ ਦਾਖਲ ਨਹੀਂ ਕੀਤਾ ਜਾਵੇਗਾ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …