9.6 C
Toronto
Wednesday, April 29, 2026
spot_img
HomeUncategorizedਫੋਰਟਿਨ ਦੀ ਅਚਾਨਕ ਵਿਦਾਈ ਨੇ ਖੜ੍ਹੇ ਕੀਤੇ ਕਈ ਸਵਾਲ!

ਫੋਰਟਿਨ ਦੀ ਅਚਾਨਕ ਵਿਦਾਈ ਨੇ ਖੜ੍ਹੇ ਕੀਤੇ ਕਈ ਸਵਾਲ!

ਫੋਰਟਿਨ ਉੱਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ
ਟੋਰਾਂਟੋ/ਬਿਊਰੋ ਨਿਊਜ਼ : ਮੇਜਰ ਜਨਰਲ ਡੈਨੀ ਫੋਰਟਿਨ, ਜੋ ਕਿ ਨਵੰਬਰ ਤੋਂ ਲੈ ਕੇ ਹੁਣ ਤੱਕ ਕੈਨੇਡਾ ਦੀ ਵੈਕਸੀਨ ਵੰਡ ਦਾ ਚਿਹਰਾ ਰਹੇ ਹਨ, ਨੂੰ ਜਿਨਸੀ ਸ਼ੋਸ਼ਣ ਵਰਗੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਨਸੀ ਸ਼ੋਸ਼ਣ ਸਬੰਧੀ ਇਲਜ਼ਾਮ 30 ਸਾਲ ਪਹਿਲਾਂ ਦੇ ਮਾਮਲੇ ਵਿੱਚ ਸਾਹਮਣੇ ਆਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਿਲਟਰੀ ਪੁਲਿਸ ਨੂੰ ਮਾਰਚ ਵਿੱਚ ਫੋਰਟਿਨ ਖਿਲਾਫ ਰਸਮੀ ਸ਼ਿਕਾਇਤ ਮਿਲੀ ਸੀ। ਇਸ ਸ਼ਿਕਾਇਤ ਵਿੱਚ ਫੋਰਟਿਨ ਉੱਤੇ ਜਿਨਸੀ ਹਮਲੇ ਦਾ ਦੋਸ਼ ਲਾਇਆ ਗਿਆ ਸੀ।
ਸੂਤਰਾਂ ਅਨੁਸਾਰ ਇਹ ਘਟਨਾ 32 ਸਾਲ ਪਹਿਲਾਂ 1989 ਵਿੱਚ ਵਾਪਰੀ ਸੀ। ਉਸ ਸਮੇਂ ਫੋਰਟਿਨ ਸੇਂਟ ਜੀਨ, ਕਿਊਬਿਕ ਵਿੱਚ ਰੌਇਲ ਮਿਲਟਰੀ ਕਾਲਜ ਦੇ ਵਿਦਿਆਰਥੀ ਸਨ। ਆਪਣਾ ਨਾਮ ਜਾਹਰ ਨਾ ਕਰਨ ਦੀ ਸ਼ਰਤ ਉੱਤੇ ਸੂਤਰਾਂ ਨੇ ਦੱਸਿਆ ਕਿ ਇੱਕ ਮਹਿਲਾ ਉੱਤੇ ਜਿਨਸੀ ਹਮਲਾ ਕਰਨ ਦੇ ਮਾਮਲੇ ਵਿੱਚ ਫੋਰਟਿਨ ਖਿਲਾਫ ਜਾਂਚ ਚੱਲ ਰਹੀ ਹੈ।
ਪਿਛਲੇ ਦਿਨੀਂ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਫੋਰਟਿਨ ਕੋਵਿਡ-19 ਵੈਕਸੀਨ ਦੀ ਦੇਸ਼ ਭਰ ਵਿੱਚ ਕੀਤੀ ਜਾ ਰਹੀ ਵੰਡ ਦੇ ਮਾਮਲੇ ਵਿੱਚ ਨਿਭਾਈ ਜਾ ਰਹੀ ਭੂਮਿਕਾ ਤੋਂ ਪਾਸੇ ਹੋ ਰਹੇ ਹਨ। ਇਸ ਦਾ ਕਾਰਨ ਇੱਕ ਫੌਜੀ ਜਾਂਚ ਦੱਸਿਆ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਹੀ ਇਹ ਦੋਸ਼ ਲਾਏ ਜਾਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਹੈ। ਪਰ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਮਿਲਟਰੀ ਪੁਲਿਸ ਵੱਲੋਂ ਉਨ੍ਹਾਂ ਤੱਕ ਪਹੁੰਚ ਕੀਤੀ ਗਈ।
ਕੈਨੇਡੀਅਨ ਫੋਰਸਿਜ਼ ਨੈਸ਼ਨਲ ਇਨਵੈਸਟੀਗੇਸ਼ਨ ਸਰਵਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਵੱਲੋਂ ਕੀ ਕਦਮ ਚੁੱਕੇ ਜਾ ਰਹੇ ਹਨ ਉਨ੍ਹਾਂ ਨੂੰ ਗੁਪਤ ਰੱਖਿਆ ਜਾ ਰਿਹਾ ਹੈ।
ਇਹ ਦੋਸ਼ ਅਦਾਲਤ ਵਿੱਚ ਸਿੱਧ ਨਹੀਂ ਹੋ ਸਕੇ ਹਨ। ਇੱਕ ਬਿਆਨ ਵਿੱਚ ਫੋਰਟਿਨ ਦੇ ਵਕੀਲ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਦੋਸ਼ਾਂ ਦਾ ਕੋਈ ਇਲਮ ਨਹੀਂ ਸੀ ਤੇ ਫੋਰਟਿਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਗੜਬੜ ਤੋਂ ਇਨਕਾਰ ਕੀਤਾ ਗਿਆ ਹੈ।

ਫੋਰਟਿਨ ‘ਤੇ ਲੱਗੇ ਦੋਸ਼ਾਂ ਤੋਂ ਜਾਣੂ ਸਨ ਰੱਖਿਆ ਮੰਤਰੀ ਹਰਜੀਤ ਸੱਜਣ
ਓਟਵਾ/ਬਿਊਰੋ ਨਿਊਜ਼ : ਮੇਜਰ ਜਨਰਲ ਡੈਨੀ ਫੋਰਟਿਨ ਦੇ ਕੈਨੇਡਾ ਦੇ ਵੈਕਸੀਨ ਵੰਡ ਸਬੰਧੀ ਪ੍ਰੋਗਰਾਮ ਤੋਂ ਪਾਸੇ ਹੋਣ ਤੋਂ ਕਈ ਹਫਤੇ ਪਹਿਲਾਂ ਤੋਂ ਹੀ ਰੱਖਿਆ ਮੰਤਰੀ ਹਰਜੀਤ ਸੱਜਣ ਇਹ ਜਾਣਦੇ ਸਨ ਕਿ ਫੋਰਟਿਨ ਦੇ ਸਬੰਧ ਵਿੱਚ ਫੌਜੀ ਜਾਂਚ ਸ਼ੁਰੂ ਹੋ ਚੁੱਕੀ ਹੈ। ਸੱਜਣ ਦੇ ਪ੍ਰੈੱਸ ਸੈਕਟਰੀ ਡੇਨੀਅਲ ਮਿੰਡਨ ਨੇ ਆਖਿਆ ਕਿ ਸੱਜਣ ਨੇ ਉਸ ਸਮੇਂ ਇਹ ਆਖਿਆ ਸੀ ਕਿ ਸ਼ਿਕਾਇਤਕਰਤਾ ਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਤਾਂ ਨਹੀਂ ਤੇ ਉਨ੍ਹਾਂ ਇਹ ਵੀ ਆਖਿਆ ਸੀ ਕਿ ਜਾਂਚ ਸਹੀ ਢੰਗ ਨਾਲ ਪੂਰੀ ਹੋਣੀ ਚਾਹੀਦੀ ਹੈ। ਇਹ ਜਾਣਕਾਰੀ ਉਦੋਂ ਹਾਸਲ ਹੋਈ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੱਤਰਕਾਰਾਂ ਨੂੰ ਇਹ ਦੱਸਿਆ ਕਿ ਉਨ੍ਹਾਂ ਨੂੰ ਕੁੱਝ ਹਫਤੇ ਪਹਿਲਾਂ ਫੋਰਟਿਨ ਉੱਤੇ ਲੱਗੇ ਇਨ੍ਹਾਂ ਦੋਸ਼ਾਂ ਬਾਰੇ ਪਤਾ ਲੱਗਿਆ ਤੇ ਇਹ ਵੀ ਦੱਸਿਆ ਗਿਆ ਕਿ ਇਸ ਸਬੰਧ ਵਿੱਚ ਜਾਂਚ ਸ਼ੁਰੂ ਹੋਈ ਹੈ। ਪਰ ਟਰੂਡੋ ਨੇ ਇਹ ਵੀ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਵਿਸਥਾਰ ਵਿੱਚ ਜਾਣਕਾਰੀ ਨਹੀਂ ਸੀ ਕਿ ਦੋਸ਼ ਕੀ ਲੱਗੇ ਹਨ।

 

RELATED ARTICLES
POPULAR POSTS