ਟੋਰਾਂਟੋ/ਬਿਊਰੋ ਨਿਊਜ਼ : ਉਨਟਾਰੀਓ ਸਰਕਾਰ ਨੇ ਆਉਣ ਵਾਲੇ ਸਮੇਂ ਵਿਚ ਲੋਕਾਂ ਨੂੰ ਬਿਹਤਰ ਹੈਲਥ ਸਹੂਲਤਾਂ ਦੇਣ ਲਈ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ। ਉਨਟਾਰੀਓ ਦੀ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਕਿਹਾ ਕਿ ਉਨਟਾਰੀਓ ਸਰਕਾਰ ਹੈਲਥ ਸਿਸਟਮ ਵਿਚ ਸੁਧਾਰ ਕਰਨ ਲਈ ਆਪਣੇ ਸਥਾਨਕ ਤੇ ਪ੍ਰੋਵਿਨਸ਼ੀਅਲ ਨੈਟਵਰਕ ਨੂੰ ਮਜ਼ਬੂਤ ਕਰਕੇ ਇਕ ਸੈਂਟਰਲ ਏਜੰਸੀ ਕਾਇਮ ਕਰਨ ਜਾ ਰਹੀ ਹੈ। ਉਨ੍ਹਾਂ ਇਹ ਸਪੱਸ਼ਟ ਨਹੀਂ ਕੀਤਾ ਇਸ ਨਾਲ ਪੈਸੇ ਦੀ ਬਚਤ ਹੋਵੇਗੀ ਜਾਂ ਨੌਕਰੀਆਂ ਵਿਚ ਕਟੌਤੀ ਹੋਵੇਗੀ। ਇਸ ਬਿੱਲ ਵਿੱਚ ਇੱਕ ਏਜੰਸੀ ਕਾਇਮ ਕਰਨ ਦਾ ਮੁੱਢ ਬੰਨ੍ਹਿਆ ਗਿਆ ਹੈ ਜਿਸ ਨੂੰ ਓਨਟਾਰੀਓ ਹੈਲਥ ਦਾ ਨਾਮ ਦਿੱਤਾ ਜਾ ਸਕਦਾ ਹੈ। ਇਸ ਰਾਹੀਂ 14 ਲੋਕਲ ਹੈਲਥ ਇੰਟੇਗ੍ਰੇਸ਼ਨ ਨੈੱਟਵਰਕਜ਼ ਜਿਵੇਂ ਕਿ ਕੈਂਸਰ ਕੇਅਰ ਓਨਟਾਰੀਓ, ਈ ਹੈਲਥ ਓਨਟਾਰੀਓ ਤੇ ਕਈ ਹੋਰਨਾਂ ਏਜੰਸੀਆਂ ਨੂੰ ਮਜ਼ਬੂਤ ਕੀਤਾ ਜਾਵੇਗਾ। ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਆਖਿਆ ਕਿ ਹੈਲਥ ਕੇਅਰ ਲਈ ਲੋਕਲ ਹੈਲਥ ਟੀਮਾਂ ਕਾਇਮ ਕਰਨ ਤੇ ਸਮੁੱਚੇ ਸਿਸਟਮ ਦੀ ਤਬਦੀਲੀ ਵਿੱਚ ਕਈ ਸਾਲਾਂ ਦਾ ਸਮਾਂ ਲੱਗ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਓਨਟਾਰੀਓ ਹੈਲਥ ਵਿੱਚ ਸ਼ਾਮਲ ਹੋਣ ਵਾਲੀ ਹਰੇਕ ਏਜੰਸੀ ਦੀ ਆਪਣੀ ਸੀਨੀਅਰ ਮੈਨੇਜਮੈਂਟ ਟੀਮ ਹੋਵੇਗੀ ਤੇ ਉਸ ਨੂੰ ਪੂਰਾ ਪ੍ਰਸ਼ਾਸਕੀ ਸਹਿਯੋਗ ਵੀ ਹਾਸਲ ਹੋਵੇਗਾ। ਕੁੱਝ ਸਮੇਂ ਬਾਅਦ ਇਸ ਵਿੱਚੋਂ ਕੁੱਝ ਕੰਮ ਨੂੰ ਮੁੜ ਆਯੋਜਿਤ ਕੀਤਾ ਜਾਵੇਗਾ। ਪਰ ਇਹ ਸਾਰਾ ਕੁੱਝ ਅਸਲ ਵਿੱਚ ਮਰੀਜ਼ਾਂ ਦੁਆਲੇ ਹੀ ਕੇਂਦਰਿਤ ਰਹੇਗਾ। ਇਹ ਕੋਈ ਵਿੱਤੀ ਐਕਸਰਸਾਈਜ਼ ਨਹੀਂ ਹੈ। ਇਹ ਪੁੱਛੇ ਜਾਣ ਉੱਤੇ ਕਿ ਇਸ ਨਾਲ ਕਿੰਨਾ ਸਟਾਫ ਰੋਜ਼ਗਾਰ ਤੋਂ ਸੱਖਣਾ ਹੋ ਜਾਵੇਗਾ ਤਾਂ ਐਲੀਅਟ ਨੇ ਆਖਿਆ ਕਿ ਇਹ ਅਜਿਹਾ ਸਵਾਲ ਹੈ ਜਿਸ ਦਾ ਉਹ ਹਾਲ ਦੀ ਘੜੀ ਕੋਈ ਜਵਾਬ ਨਹੀਂ ਦੇ ਸਕਦੀ।ઠ
ਇਹ ਪੁੱਛੇ ਜਾਣ ਉੱਤੇ ਕਿ ਏਜੰਸੀ ਨੂੰ ਮਜ਼ਬੂਤ ਕਰਨ ਦੇ ਨਾਂ ਉੱਤੇ ਸਰਕਾਰ ਪੈਸੇ ਬਚਾਉਣਾ ਚਾਹੁੰਦੀ ਹੈ ਇਸ ਬਾਰੇ ਐਲੀਅਟ ਨੇ ਕੁੱਝ ਨਹੀਂ ਆਖਿਆ ਪਰ ਉਨ੍ਹਾਂ ਆਖਿਆ ਕਿ ਉਨਟਾਰੀਓ ਹਰੇਕ ਡਾਲਰ ਵਿੱਚੋਂ 42 ਸੈਂਟ ਹੈਲਥ ਕੇਅਰ ਉੱਤੇ ਖਰਚ ਕਰ ਰਿਹਾ ਹੈ ਅਤੇ ਅਧਿਐਨ ਦੱਸਦਾ ਹੈ ਕਿ ਇਸ ਦੇ ਬਾਵਜੂਦ ਪ੍ਰੋਵਿੰਸ ਨੂੰ ਇਸ ਦੀ ਸਹੀ ਕੀਮਤ ਨਹੀਂ ਮਿਲ ਰਹੀ। ਉਨਟਾਰੀਓ ਹੈਲਥ ਵਿੱਚ ਜਿਨ੍ਹਾਂ ਹੋਰਨਾਂ ਏਜੰਸੀਆਂ ਨੂੰ ਸ਼ਾਮਲ ਕੀਤਾ ਜਾਵੇਗਾ ਉਨ੍ਹਾਂ ਵਿੱਚ ਹੈਲਥ ਕੁਆਲਿਟੀ ਉਨਟਾਰੀਓ, ਟ੍ਰਿਲੀਅਮ ਗਿਫਟ ਆਫ ਲਾਈਫ ਨੈੱਟਵਰਕ, ਹੈਲਥ ਸ਼ੇਅਰਡ ਸਰਵਿਸਿਜ਼ ਉਨਟਾਰੀਓ ਤੇ ਹੈਲਥ ਫੋਰਸ ਉਨਟਾਰੀਓ ਮਾਰਕਿਟਿੰਗ ਐਂਡ ਰਕਰੂਟਮੈਂਟ ਏਜੰਸੀ ਮੁੱਖ ਹਨ।ઠ
ਇਸ ਦੇ ਨਾਲ ਹੀ ਐਲੀਅਟ ਮੁਤਾਬਕ ਓਨਟਾਰੀਓ ਹੈਲਥ ਟੀਮਜ਼ ਹੈਲਥ ਸਰਵਿਸਿਜ਼, ਪ੍ਰਾਇਮਰੀ ਕੇਅਰ, ਹਸਪਤਾਲ, ਹੋਮ ਤੇ ਕਮਿਊਨਿਟੀ ਕੇਅਰ, ਪੈਲੀਏਟਿਵ ਕੇਅਰ, ਰੈਜ਼ੀਡੈਂਸ਼ੀਅਲ ਲਾਂਗ ਟਰਮ ਕੇਅਰ ਤੇ ਮੈਂਟਲ ਹੈਲਥ ਤੇ ਕਿਸੇ ਤਰ੍ਹਾਂ ਦੀ ਨਸ਼ੇ ਦੀ ਲਤ ਛੁਡਵਾਉਣ ਸਬੰਧੀ ਸੇਵਾਵਾਂ ਦੇਣਗੀਆਂ। ਐਲੀਅਟ ਨੇ ਦੱਸਿਆ ਕਿ ਇਹ ਟੀਮਾਂ ਹੀ ਮਰੀਜ਼ਾਂ ਦੀ ਹਰ ਤਰ੍ਹਾਂ ਦੀ ਸਾਂਭ ਸੰਭਾਲ ਲਈ ਜ਼ਿੰਮੇਵਾਰ ਹੋਣਗੀਆਂ। ਉਨ੍ਹਾਂ ਆਖਿਆ ਕਿ ਸਾਡਾ ਟੀਚਾ 30 ਤੋਂ 50 ਟੀਮਾਂ ਕਾਇਮ ਕਰਨਾ ਹੈ। ਜਿਨ੍ਹਾਂ ਵਿੱਚੋਂ ਹਰੇਕ 300,000 ਮਰੀਜ਼ਾਂ ਲਈ ਜ਼ਿੰਮੇਵਾਰ ਹੋਵੇਗੀ। ਐਲੀਅਟ ਨੇ ਆਖਿਆ ਕਿ ਇਸ ਨਾਲ ਮਰੀਜ਼ ਦੀ ਡਾਕਟਰ ਨਾਲ ਹੋਣ ਵਾਲੀ ਮੁਲਾਕਾਤ ਵਿੱਚ ਕੋਈ ਫਰਕ ਨਹੀਂ ਆਵੇਗਾ। ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਆਖਿਆ ਕਿ ਉਨ੍ਹਾਂ ਨੂੰ ਡਰ ਹੈ ਕਿ ਇਸ ਨਾਲ ਸੇਵਾਵਾਂ ਦੇ ਨਿਜੀਕਰਨ ਦਾ ਰਾਹ ਖੁੱਲ੍ਹ ਜਾਵੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …