ਓਟਵਾ/ਬਿਊਰੋ ਨਿਊਜ਼ : ਚੋਣਾਂ ਵਿੱਚ ਵਿਦੇਸੀ ਦਖਲ ਦੇ ਮਾਮਲੇ ਵਿੱਚ ਮਾਹਿਰ ਵਜੋਂ ਸਾਬਕਾ ਗਵਰਨਰ ਜਨਰਲ ਡੇਵਿਡ ਜੌਹਨਸਟਨ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਐਲਾਨ ਲੰਘੇ ਦਿਨੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਕੈਨੇਡਾ ਦੀਆਂ ਪਿਛਲੀਆਂ ਦੋ ਫੈਡਰਲ ਚੋਣਾਂ ਵਿੱਚ ਵਿਦੇਸੀ ਦਖਲਅੰਦਾਜੀ ਦੇ ਲੱਗ ਰਹੇ ਦੋਸਾਂ ਦੇ ਸਬੰਧ ਵਿੱਚ ਜੌਹਨਸਟਨ ਨੂੰ ਮਾਮਲੇ ਦੀ ਜਾਂਚ ਕਰਨ ਲਈ ਆਖਿਆ ਗਿਆ ਹੈ। ਲਿਬਰਲ ਸਰਕਾਰ ਵੱਲੋਂ ਇਹ ਵੀ ਆਖਿਆ ਜਾ ਰਿਹਾ ਹੈ ਕਿ ਇਸ ਮੁੱਦੇ ਉੱਤੇ ਉਹ ਅੱਗੇ ਕੀ ਕਰ ਸਕਦੇ ਹਨ ਇਸ ਬਾਰੇ ਜੌਹਨਸਟਨ ਜੋ ਵੀ ਸਿਫਾਰਿਸ਼ ਕਰਨਗੇ ਉਹ ਉਸ ਨੂੰ ਸਵੀਕਾਰਨਗੇ। ਇਸ ਵਿੱਚ ਜਨਤਕ ਜਾਂਚ ਵੀ ਸ਼ਾਮਲ ਹੋ ਸਕਦੀ ਹੈ ਜਿਸ ਦੀ ਵਿਰੋਧੀ ਪਾਰਟੀਆਂ ਵੱਲੋਂ ਪਿਛਲੇ ਕੁੱਝ ਹਫਤਿਆਂ ਤੋਂ ਮੰਗ ਕੀਤੀ ਜਾ ਰਹੀ ਸੀ। ਜੌਹਨਸਟਨ ਇਸ ਮੁੱਦੇ ਵਿੱਚ ਹੋਰ ਆਜਾਦਾਨਾ ਮੁਲਾਂਕਣ ਦੀ ਸਿਫਾਰਿਸ਼ ਵੀ ਕਰ ਸਕਦੇ ਹਨ। ਲੰਘੇ ਦਿਨੀਂ ਜਾਰੀ ਕੀਤੇ ਗਏ ਇੱਕ ਲਿਖਤੀ ਬਿਆਨ ਵਿੱਚ ਟਰੂਡੋ ਨੇ ਆਖਿਆ ਕਿ ਇਹ ਫੈਸਲਾ ਹਾਊਸ ਆਫ ਕਾਮਨਜ ਦੀਆਂ ਸਾਰੀਆਂ ਪਾਰਟੀਆਂ ਨਾਲ ਸਲਾਹ ਮਸਵਰੇ ਤੋਂ ਬਾਅਦ ਹੀ ਲਿਆ ਗਿਆ ਹੈ। ਉਨ੍ਹਾਂ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਇਲੈਕਟੋਰਲ ਸਿਸਟਮ ਤੇ ਸਾਡੀ ਜਮਹੂਰੀਅਤ ਵਿੱਚ ਕੈਨੇਡੀਅਨਜ਼ ਦਾ ਵਿਸਵਾਸ ਬਣਿਆ ਰਹੇ। ਉਨ੍ਹਾਂ ਆਖਿਆ ਕਿ ਜੌਹਨਸਟਨ ਆਪਣੇ ਨਾਲ ਅਖੰਡਤਾ, ਤਜਰਬੇ ਦੀ ਪੰਡ ਤੇ ਹੁਨਰ ਲੈ ਕੇ ਆਉਣਗੇ।
ਫੈਡਰਲ ਚੋਣਾਂ ‘ਚ ਵਿਦੇਸ਼ੀ ਦਖਲ ਦੇ ਮਾਮਲੇ ਵਿਚ ਜੌਹਨਸਟਨ ਨੂੰ ਮਾਹਿਰ ਵਜੋਂ ਕੀਤਾ ਨਿਯੁਕਤ
RELATED ARTICLES