ਓਟਵਾ/ਪ੍ਰਭਜੋਤ ਸਿੰਘ (Local Journalism Initiative Reporter)
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਾਬਕਾ ਪੁਲਾੜ ਯਾਤਰੀ ਜੈਰੇਮੀ ਹੈਨਸਨ ਨੂੰ ਪੁਲਾੜ ਮਾਮਲਿਆਂ ਬਾਰੇ ਆਪਣਾ ਵਿਸ਼ੇਸ਼ ਸਲਾਹਕਾਰ ਨਿਯੁਕਤ ਕੀਤਾ ਹੈ। ਇਸ ਭੂਮਿਕਾ ਵਿੱਚ ਹੈਨਸਨ ਪ੍ਰਧਾਨ ਮੰਤਰੀ ਅਤੇ ਉਦਯੋਗ ਮੰਤਰੀ ਮੈਲੇਨੀ ਜੋਲੀ ਨੂੰ ਪੁਲਾੜ ਨੀਤੀ ਅਤੇ ਰਣਨੀਤੀ ਬਾਰੇ ਸਲਾਹ ਦੇਣਗੇ।
ਇਹ ਨਿਯੁਕਤੀ ਅਜਿਹੇ ਸਮੇਂ ਹੋਈ ਹੈ, ਜਦੋਂ ਕੈਨੇਡਾ ਪੁਲਾੜ ਖੇਤਰ ਵਿੱਚ ਆਪਣੀ ਸਮਰੱਥਾ ਵਧਾਉਣ ਅਤੇ ਯੂਰਪੀ ਦੇਸ਼ਾਂ ਨਾਲ ਸਹਿਯੋਗ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਅਮਰੀਕਾ ਨਾਲ ਪੁਲਾੜ ਸਾਂਝੇਦਾਰੀ ਦੇ ਭਵਿੱਖ ਬਾਰੇ ਵੀ ਚਰਚਾ ਜਾਰੀ ਹੈ। ਹੈਨਸਨ ਨੇ ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਜਾਰੀ ਵੀਡੀਓ ਵਿੱਚ ਕਿਹਾ ਕਿ ਉਹ ਨਵੀਂ ਜ਼ਿੰਮੇਵਾਰੀ ਰਾਹੀਂ ਕੈਨੇਡਾ ਦੀ ਸੇਵਾ ਕਰਨ ਲਈ ਉਤਸ਼ਾਹਿਤ ਹਨ।
ਉਨ੍ਹਾਂ ਮੁਤਾਬਕ, ਪੁਲਾੜ ਖੇਤਰ ਵਿੱਚ ਮੌਜੂਦਾ ਸਮਰੱਥਾਵਾਂ ਦਾ ਲਾਹਾ ਲੈ ਕੇ ਦੇਸ਼ ਦੀ ਖ਼ੁਦਮੁਖ਼ਤਿਆਰੀ, ਸੁਰੱਖਿਆ ਅਤੇ ਲੋਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਅਪ੍ਰੈਲ 2026 ਵਿੱਚ ਹੈਨਸਨ ਨੇ ਆਰਟੇਮਿਸ-2 ਮਿਸ਼ਨ ਤਹਿਤ ਤਿੰਨ ਹੋਰ ਪੁਲਾੜ ਯਾਤਰੀਆਂ ਨਾਲ ਚੰਦਰਮਾ ਦੇ ਆਲੇ-ਦੁਆਲੇ ਯਾਤਰਾ ਕੀਤੀ ਸੀ।
ਉਦਯੋਗ ਮੰਤਰੀ ਮੈਲੇਨੀ ਜੋਲੀ ਨੇ ਦੱਸਿਆ ਕਿ ਕੈਨੇਡੀਅਨ ਪੁਲਾੜ ਏਜੰਸੀ ਤੋਂ ਵਿਦਾ ਹੋਣ ਸਮੇਂ ਹੈਨਸਨ ਨੇ ਨਵੀਂ ਪੁਲਾੜ ਰਣਨੀਤੀ ਤਿਆਰ ਕਰਨ ਵਿੱਚ ਸਰਕਾਰ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ ਸੀ।
ਸਰਕਾਰ ਇਸ ਰਣਨੀਤੀ ਲਈ ਹੋਰ ਪੁਲਾੜ ਯਾਤਰੀਆਂ ਅਤੇ ਉਦਯੋਗ ਦੇ ਮਾਹਿਰਾਂ ਤੋਂ ਵੀ ਸੁਝਾਅ ਲੈ ਰਹੀ ਹੈ। ਇਸਦਾ ਉਦੇਸ਼ ਨਵੀਆਂ ਤਕਨੀਕਾਂ ਅਤੇ ਖੋਜਾਂ ਨੂੰ ਉਤਸ਼ਾਹਿਤ ਕਰਨਾ ਅਤੇ ਕੌਮਾਂਤਰੀ ਭਾਈਵਾਲੀਆਂ ਮਜ਼ਬੂਤ ਕਰਨਾ ਹੈ।
ਜੈਰੇਮੀ ਹੈਨਸਨ ਬਣੇ ਮਾਰਕ ਕਾਰਨੀ ਦੇ ਪੁਲਾੜ ਸਲਾਹਕਾਰ
RELATED ARTICLES

