ਮਿਸੀਸਾਗਾ/ਬਿਊਰੋ ਨਿਊਜ਼ : ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਨੇ ਓਨਟਾਰੀਓ ਦੀ ਲਿਬਰਲ ਪਾਰਟੀ ਦੇ ਆਗੂ ਦੇ ਅਹੁਦੇ ਦੀ ਦੌੜ ਵਿੱਚ ਹਿੱਸਾ ਲੈਣ ਲਈ ਰਸਮੀ ਤੌਰ ਉੱਤੇ ਆਪਣੀ ਕੈਂਪੇਨ ਦੀ ਸੁਰੂਆਤ ਕੀਤੀ। ਡੌਨ ਵੈਲੀ ਵੈਸਟ ਤੋਂ ਐਮਪੀਪੀ ਸਟੈਫਨੀ ਬੋਅਮੈਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਕ੍ਰੌਂਬੀ ਨੂੰ ਸਮਰਥਨ ਦੇਣ ਦਾ ਖੁੱਲ੍ਹ ਕੇ ਐਲਾਨ ਕੀਤਾ ਤੇ ਉਹ ਮਿਸੀਸਾਗਾ ਮੇਅਰ ਦੀ ਕੈਂਪੇਨ ਨੂੰ ਕੋ-ਚੇਅਰ ਕਰੇਗੀ। ਕ੍ਰੌਂਬੀ ਨੇ ਆਖਿਆ ਕਿ ਉਹ ਪਾਰਟੀ ਨੂੰ ਮੁੜ ਸੁਰਜੀਤ ਕਰਨਾ ਚਾਹੁੰਦੀ ਹੈ, ਪਾਰਟੀ ਦਾ ਪੁਨਰ ਨਿਰਮਾਣ ਕਰਨਾ ਚਾਹੁੰਦੀ ਹੈ ਤੇ ਪਾਰਟੀ ਵਿੱਚ ਨਵੀਂ ਰੂਹ ਫੂਕਣਾ ਚਾਹੁੰਦੀ ਹੈ।
ਕ੍ਰੌਂਬੀ ਨੇ ਇਹ ਵੀ ਆਖਿਆ ਕਿ ਪ੍ਰੋਵਿੰਸ ਭਰ ਦੇ ਲਿਬਰਲਾਂ ਨਾਲ ਵੀ ਉਨ੍ਹਾਂ ਵੱਲੋਂ ਗੱਲਬਾਤ ਕੀਤੀ ਗਈ ਹੈ ਜਿਹੜੇ ਮੰਨਦੇ ਹਨ ਕਿ ਪਾਰਟੀ ਵਿੱਚ ਵੱਡਾ ਬਦਲਾਅ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਲਿਬਰਲ ਪਾਰਟੀ ਪ੍ਰੋਵਿੰਸ ਦੇ ਉੱਤਰੀ ਹਿੱਸੇ ਤੋਂ ਲੈ ਕੇ ਰੂਰਲ ਕਮਿਊਨਿਟੀਜ ਦੇ ਨਾਲ ਨਾਲ ਨਿੱਕੇ ਟਾਊਨਜ ਤੇ ਵੱਡੇ ਸ਼ਹਿਰਾਂ, ਸਭ ਦੀ ਨੁਮਾਇੰਦਗੀ ਕਰਦੀ ਹੈ। ਸਾਨੂੰ ਪਾਰਟੀ ਦੇ ਉਮਰਦਰਾਜ ਹੋ ਚੁੱਕੇ ਇਨਫਰਾਸਟ੍ਰਕਚਰ ਦਾ ਪੁਨਰ ਨਿਰਮਾਣ ਕਰਨਾ ਹੋਵੇਗਾ ਤੇ ਇਸ ਨੂੰ ਸਮੇਂ ਦੇ ਹਾਣ ਦਾ ਬਣਾਉਣਾ ਹੋਵੇਗਾ। ਹੋਰਨਾਂ ਪਾਰਟੀਆਂ ਨੂੰ ਬਰਾਬਰ ਦੀ ਟੱਕਰ ਦੇਣ ਲਈ ਸਾਨੂੰ ਫੰਡ ਇੱਕਠੇ ਕਰਨੇ ਪੈਣਗੇ।
ਇਸ ਦੌੜ ਵਿੱਚ ਸ਼ਾਮਲ ਹੋਣ ਵਾਲੀ ਕ੍ਰੌਂਬੀ ਚੌਥੀ ਉਮੀਦਵਾਰ ਬਣ ਗਈ ਹੈ। ਉਨ੍ਹਾਂ ਤੋਂ ਇਲਾਵਾ ਇਸ ਦੌੜ ਵਿੱਚ ਐਮਪੀ ਨੇਟ ਅਰਸਕਿਨ-ਸਮਿੱਥ, ਐਮਪੀ ਤੇ ਓਨਟਾਰੀਓ ਤੋਂ ਸਾਬਕਾ ਕੈਬਨਿਟ ਮੰਤਰੀ ਯਾਸਿਰ ਨਕਵੀ, ਮੌਜੂਦਾ ਪ੍ਰੋਵਿੰਸ਼ੀਅਲ ਕਾਕਸ ਮੈਂਬਰ ਤੇ ਸਾਬਕਾ ਐਮਪੀ ਟੈੱਡ ਸੂ ਸ਼ਾਮਲ ਹਨ।