Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ‘ਚ ਪੰਜਾਬੀਆਂ ਵਲੋਂ ਸ਼ਰਨ ਮੰਗਣ ਦਾ ਰੁਝਾਨ ਜਾਰੀ

ਕੈਨੇਡਾ ‘ਚ ਪੰਜਾਬੀਆਂ ਵਲੋਂ ਸ਼ਰਨ ਮੰਗਣ ਦਾ ਰੁਝਾਨ ਜਾਰੀ

ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਵਿਚ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਦੇ ਲੋਕ ਪਹੁੰਚ ਕੇ ਸ਼ਰਨ ਲਈ ਅਰਜ਼ੀ ਸਾਰਾ ਸਾਲ ਦਿੰਦੇ ਰਹਿੰਦੇ ਹਨ। ਉਨ੍ਹਾਂ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਦੇ ਲੋਕ ਵੀ ਸ਼ਾਮਿਲ ਹੁੰਦੇ ਹਨ। ਲੰਘੇ ਕੁਝ ਮਹੀਨਿਆਂ ਤੋਂ ਪੰਜਾਬੀ ਤੇ ਗੁਜਰਾਤੀ ਕੈਨੇਡਾ ਵਿਚ ਲਗਾਤਾਰ ਸ਼ਰਨਾਰਥੀ ਬਣ ਰਹੇ ਹਨ। ਨੌਜਵਾਨ ਮੁੰਡੇ ਤੇ ਕੁੜੀਆ ਦੇ ਨਾਲ ਹੀ ਅੱਧਖੜ ਉਮਰ ਦੇ ਜੋੜੇ ਵੀ ਸ਼ਰਨ ਮੰਗਣ ਦੇ ਰੁਝਾਨ ਵਿਚ ਸ਼ਾਮਿਲ ਹਨ। 2019 ‘ਚ 31 ਅਕਤੂਬਰ ਤੱਕ ਕੈਨੇਡਾ ਭਰ ਵਿਚ 23660 ਵਿਅਕਤੀ ਸ਼ਰਨ ਅਪਲਾਈ ਕਰ ਚੁੱਕੇ ਹਨ। ਵਿਦੇਸ਼ਾਂ ਤੋਂ ਸਿੱਧੇ ਕੈਨੇਡੀਅਨ ਹਵਾਈ ਅੱਡੇ ਅੰਦਰ ਪੁੱਜ ਕੇ 6535 ਵਿਅਕਤੀਆਂ ਵਲੋਂ ਸ਼ਰਨ ਲਈ ਅਪਲਾਈ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿਚ ਸਭ ਤੋਂ ਵੱਧ (3170) ਕੇਸ ਕਿਊਬਕ ਵਿਚ ਮਾਂਟਰੀਅਲ ਵਿਖੇ ਅਪਲਾਈ ਕੀਤੇ ਗਏ।
ਦੂਸਰੇ ਨੰਬਰ ‘ਤੇ ਉਨਟਾਰੀਓ ਪ੍ਰਾਂਤ ‘ਚ ਟੋਰਾਂਟੋ ਦਾ ਕੌਮਾਂਤਰੀ ਹਵਾਈ ਅੱਡਾ ਹੈ, ਜਿਥੇ ਇਸ ਸਾਲ ਦੇ ਪਹਿਲੇ ਦਸ ਮਹੀਨਿਆਂ ‘ਚ 2985 ਲੋਕਾਂ ਨੇ ਸ਼ਰਨ ਦੇ ਕੇਸ ਅਪਲਾਈ ਕੀਤੇ ਹਨ। ਇਸੇ ਸਮੇਂ ਦੌਰਾਨ ਬ੍ਰਿਟਿਸ਼ ਕੋਲੰਬੀਆ ਵਿਚ 220 ਤੇ ਅਲਬਰਟਾ ਵਿਚ 130 ਕੇਸ ਸਾਹਮਣੇ ਆਏ ਹਨ। ਕਮਾਲ ਦੀ ਗੱਲ ਇਹ ਵੀ ਹੈ ਕਿ ਅਮਰੀਕਾ ਤੋਂ ਕੈਨੇਡਾ ਦੀ ਸਰਹੱਦ ‘ਤੇ ਪੈਦਲ ਪੁੱਜ ਕੇ ਇਸ ਸਾਲ ਦੌਰਾਨ ਅਕਤੂਬਰ ਦੇ ਅਖਿਰ ਤੱਕ 17105 ਵਿਅਕਤੀਆਂ ਨੇ ਆਪਣੇ ਦੇਸ਼ਾਂ ਵਿਚ ਆਪਣੀਆਂ ਜਾਨਾਂ ਨੂੰ ਖਤਰਾ ਦੱਸ ਕੇ ਸਦਾ ਵਾਸਤੇ ਕੈਨੇਡਾ ਵਿਚ ਰਹਿਣ ਦੀ ਸ਼ਰਨ ਮੰਗੀ ਹੈ। ਹਰੇਕ ਸਾਲ 1400 ਤੋਂ 6000 ਤੱਕ ਭਾਰਤੀ ਨਾਗਰਿਕ ਕੈਨੇਡਾ ਵਿਚ ਸ਼ਰਨ ਅਪਲਾਈ ਕਰਦੇ ਹਨ, ਜਿਨ੍ਹਾਂ ਵਿਚ ਇਸ ਸਮੇਂ ਚੋਖੀ ਗਿਣਤੀ ਪੰਜਾਬੀਆਂ ਦੀ ਵੀ ਹੈ।
ਪਿਛਲੇ ਦਸ ਕੁ ਦਿਨਾਂ ਦੌਰਾਨ ਹੀ ਕੈਨੇਡਾ ਦੇ ਪ੍ਰਮੁੱਖ ਹਵਾਈ ਅੱਡਿਆਂ ਵਿਚ ਦੋ ਦਰਜਣ ਦੇ ਕਰੀਬ ਪੰਜਾਬੀ ਆਦਮੀ, ਔਰਤਾਂ, ਮੁੰਡੇ ਤੇ ਕੁੜੀਆਂ ਠਾਹਰ ਪੱਕੀ ਕਰਨ ਲਈ ਸ਼ਰਨ ਮੰਗਣ ਦੀਆਂ ਖ਼ਬਰਾਂ ਹਨ। ਆਮ ਤੌਰ ‘ਤੇ ਕੈਨੇਡਾ ਵਿਚ ਰਿਸ਼ਤੇਦਾਰਾਂ ਨੂੰ ਮਿਲਣ ਜਾਂ ਸੈਰ ਕਰਨ ਦੇ ਬਹਾਨੇ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਝੂਠ ਫੜੇ ਜਾਣ ਤੋਂ ਬਾਅਦ ਲੋਕ ਆਪਣੀ ਜਾਨ ਨੂੰ ਖਤਰਾ ਦੱਸ ਕੇ ਸ਼ਰਨ ਮੰਗ ਲਿਆ ਕਰਦੇ ਹਨ, ਤਾਂ ਕਿ ਉਨ੍ਹਾਂ ਨੂੰ ਤੁਰੰਤ ਆਪਣੇ ਦੇਸ਼ ਵਾਪਸ ਨਾ ਪਰਤਣਾ ਪਵੇ। ਇਸ ਵਰਤਾਰੇ ਦਾ ਇਕ ਉਦਾਸ ਪੱਖ ਇਹ ਵੀ ਹੈ ਕਿ ਅੱਥਰੂ ਕੇਰਦਿਆਂ ਅਜਿਹੇ ਵਿਅਕਤੀ ਇਮੀਗ੍ਰੇਸ਼ਨ ਅਧਿਕਾਰੀਆਂ ਦਾ ਇਥੋਂ ਤੱਕ ਵੀ ਤਰਲਾ ਕਰਦੇ/ਕਰਦੀਆਂ ਹਨ ਕਿ ਕੈਨੇਡਾ ਦੀ ਜੇਲ੍ਹ ਵਿਚ ਭਾਵੇਂ ਬੰਦ ਕਰਕੇ ਰੱਖਿਆ ਜਾਵੇ ਪਰ ਵਤਨ (ਜਿਸ ਨੂੰ ਉਨ੍ਹਾਂ ਵਲੋਂ ਆਮ ਤੌਰ ‘ਤੇ ਨਰਕ ਵਜੋਂ ਸੰਬੋਧਨ ਕੀਤਾ ਜਾਂਦਾ ਹੈ) ਵਾਪਸ ਨਾ ਮੋੜਿਆ ਜਾਵੇ।

Check Also

ਅਲਬਰਟਾ ਵਿਚ ਕੋਵਿਡ-19 ਦੇ ਕੇਸਾਂ ‘ਚ ਹੋਇਆ ਵਾਧਾ

ਕਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਸਪਤਾਲ ਐਡਮਿੰਟਨ/ਬਿਊਰੋ ਨਿਊਜ਼ : ਕੋਵਿਡ -19 ਦੇ ਅੰਕੜਿਆਂ …