ਓਟਵਾ/ਬਿਊਰੋ ਨਿਊਜ਼ : ਓਟਵਾ ਵਿੱਚ ਟਰੱਕਰਜ਼ ਦੇ ਰੋਸ ਮੁਜ਼ਾਹਰੇ ਦੇ ਚੌਥੇ ਦਿਨ ਪਾਰਲੀਮੈਂਟ ਉੱਤੇ ਭੀੜ ਭਾਵੇਂ ਛਟਣ ਲੱਗੀ ਹੈ ਅਤੇ ਚੁਫੇਰਿਓਂ ਹੋਈ ਨਿਖੇਧੀ, ਘਰਾਂ ਨੂੰ ਮੁੜਣ ਦੇ ਸੱਦੇ ਤੇ ਗ੍ਰਿਫਤਾਰੀਆਂ ਦੇ ਬਾਵਜੂਦ ਅਜੇ ਵੀ ਕਈ ਟਰੱਕਰਜ਼ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਇੱਥੇ ਹੀ ਰਹਿਣਗੇ ਜਦੋਂ ਤੱਕ ਲਾਜ਼ਮੀ ਵੈਕਸੀਨੇਸ਼ਨ ਦਾ ਫੈਸਲਾ ਸਰਕਾਰ ਵੱਲੋਂ ਵਾਪਿਸ ਨਹੀਂ ਲੈ ਲਿਆ ਜਾਂਦਾ। ਹਾਲਾਂਕਿ ਫਰੀਡਮ ਕੌਨਵੌਏ ਦੇ ਕੁੱਝ ਮੈਂਬਰ ਪਹਿਲਾਂ ਹੀ ਓਟਵਾ ਪਹੁੰਚ ਗਏ ਸਨ, ਜਿਸ ਕਾਰਨ ਇਸ ਇਲਾਕੇ ਤੇ ਨੇੜਲੇ ਏਰੀਆ ਦਾ ਟ੍ਰੈਫਿਕ ਕਾਫੀ ਪ੍ਰਭਾਵਿਤ ਹੋਇਆ। ਮੁੱਖ ਰੈਲੀ ਸ਼ਨਿੱਚਰਵਾਰ ਨੂੰ ਹਿੱਲ ਉੱਤੇ ਹੋਈ ਤੇ ਕੁੱਝ ਮੁਜ਼ਾਹਰਾਕਾਰੀਆਂ ਵੱਲੋਂ ਏਰੀਆ ਵਿੱਚ ਹੀ ਰਹਿਣ ਦਾ ਫੈਸਲਾ ਕੀਤਾ ਗਿਆ ਹੈ।
ਮੰਗਲਵਾਰ ਰਾਤ ਨੂੰ ਓਟਵਾ ਪੁਲਿਸ ਨੇ ਐਲਾਨ ਕੀਤਾ ਕਿ ਵੀਕੈਂਡ ਉੱਤੇ ਮੁਜ਼ਾਹਰੇ ਦੌਰਾਨ ਵਾਪਰੀਆਂ ਕੁੱਝ ਅਸੁਖਾਵੀਆਂ ਘਟਨਾਵਾਂ ਲਈ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ ਹੈ। ਸ਼ਨਿੱਚਰਵਾਰ ਨੂੰ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਸਬੰਧ ਵਿੱਚ ਓਟਵਾ ਦੇ 29 ਸਾਲਾ ਵਿਅਕਤੀ ਨੂੰ ਚਾਰਜ ਕੀਤਾ ਗਿਆ। ਪੁਲਿਸ ਨੇ ਇਹ ਨਹੀਂ ਦੱਸਿਆ ਕਿ ਉਸ ਨੇ ਕੀ ਸਰਾਰਤ ਕੀਤੀ ਸੀ ਪਰ ਉਨ੍ਹਾਂ ਆਖਿਆ ਕਿ ਵੱਡੇ ਵਿਰੋਧ ਤੋਂ ਬਚਣ ਲਈ ਇਸ ਵਿਅਕਤੀ ਨੂੰ ਥੋੜ੍ਹਾ ਦੇਰੀ ਨਾਲ ਗ੍ਰਿਫਤਾਰ ਕੀਤਾ ਗਿਆ। ਐਤਵਾਰ ਨੂੰ ਓਟਵਾ ਦੇ 37 ਸਾਲਾ ਵਿਅਕਤੀ ਨੂੰ ਪਬਲਿਕ ਮੀਟਿੰਗ ਵਿੱਚ ਹਥਿਆਰ ਲਿਆਉਣ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ। ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਹਥਿਆਰ ਕਿਹੜਾ ਸੀ। ਓਟਵਾ ਪੁਲਿਸ ਨੇ ਇਹ ਵੀ ਦੱਸਿਆ ਕਿ ਇਸ ਦੌਰਾਨ 13 ਮਾਮਲਿਆਂ ਦੀ ਜਾਂਚ ਚੱਲ ਰਹੀ ਹੈ।