Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ‘ਚ ਚੋਣਾਂ ਦਾ ਮਾਹੌਲ ਗਰਮਾਇਆ

ਕੈਨੇਡਾ ‘ਚ ਚੋਣਾਂ ਦਾ ਮਾਹੌਲ ਗਰਮਾਇਆ

ਲਿਬਰਲ ਅਤੇ ਕੰਸਰਵੇਟਿਵ ਵਿਚਾਲੇ ਹੋਵੇਗਾ ਦੰਗਲ!
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਵਿਚ ਆਮ ਚੋਣਾਂ ਵਿਚ ਤਿੰਨ ਮਹੀਨਿਆਂ ਤੋਂ ਘੱਟ ਸਮਾਂ ਰਹਿ ਗਿਆ ਹੈ। ਅਜਿਹੇ ਵਿਚ ਮਾਹੌਲ ਗਰਮਾਉਂਦਾ ਜਾ ਰਿਹਾ ਹੈ ਅਤੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂ ਚੋਣ-ਪ੍ਰਚਾਰ ਦੇ ਅੰਦਾਜ਼ ਵਿਚ ਦੇਸ਼ ਭਰ ‘ਚ ਵਿਚਰ ਰਹੇ ਹਨ। ਕੁੱਲ 338 ਸੀਟਾਂ ਲਈ ਉਮੀਦਵਾਰ ਐਲਾਨੇ ਜਾ ਰਹੇ ਹਨ ਅਤੇ ਚੋਣ ਪ੍ਰਚਾਰ ਵਾਸਤੇ ਹਲਕਿਆਂ ਵਿਚ ਉਮੀਦਵਾਰਾਂ ਦੇ ਦਫਤਰਾਂ ਦੇ ਉਦਘਾਟਨ ਹੁੰਦੇ ਜਾ ਰਹੇ ਹਨ। ਤਾਜ਼ਾ ਸਰਵੇਖਣ ਵਿਚ ਵਿਰੋਧੀ ਧਿਰ, ਕੰਸਰਵੇਟਿਵ ਪਾਰਟੀ ਸੱਤਾਧਾਰੀ ਲਿਬਰਲ ਪਾਰਟੀ ਤੋਂ ਕੁਝ ਅੱਗੇ ਦੱਸੀ ਜਾ ਰਹੀ ਹੈ ਪਰ ਕੁੱਲ ਮਿਲਾ ਕੇ ਫਰਕ 3 ਕੁ ਫੀਸਦੀ ਦਾ (34-31ਫੀਸਦੀ) ਹੋਣ ਕਰਕੇ ਟੱਕਰ ਫੱਸਵੀਂ ਬਣਦੀ ਜਾ ਰਹੀ ਹੈ। ਨਿਊ ਡੈਮੋਕ੍ਰੈਟਿਕ ਪਾਰਟੀ (ਐਨ.ਡੀ.ਪੀ.) ਦੀ ਹਰਮਨ ਪਿਆਰਤਾ ਬਹੁਤੀ ਅੱਗੇ ਨੂੰ ਨਹੀਂ ਵਧ ਪਾ ਰਹੀ ਅਤੇ ਫੋਰਮ ਸਰਵੇ ਵਿਚ ਇਸ ਪਾਰਟੀ ਨੂੰ ਗਰੀਨ ਪਾਰਟੀ ਦੇ ਬਰਾਬਰ (12 ਫੀਸਦੀ ‘ਤੇ ਟਿਕੀ ) ਦੱਸਿਆ ਜਾ ਰਿਹਾ ਹੈ। ਅਜਿਹੇ ਵਿਚ ਕਿਸੇ ਪਾਰਟੀ ਦੀ ਬਹੁਮੱਤ ਵਾਲ਼ੀ ਸਰਕਾਰ ਬਣਨ ਦੀ ਸੰਭਾਵਨਾ ਹਾਲ ਦੀ ਘੜੀ ਨਜ਼ਰ ਨਹੀਂ ਆ ਰਹੀ ਅਤੇ ਲਿਬਰਲ ਅਤੇ ਕੰਸਰਵੇਟਿਵ ਪਾਰਟੀਆਂ 150 ਸੀਟਾਂ ਪ੍ਰਾਪਤ ਕਰਨ ਦੀਆਂ ਸਥਿਤੀ ਵਿਚ ਦੱਸੀਆਂ ਜਾ ਰਹੀਆਂ ਹਨ।
ਐਨ.ਡੀ.ਪੀ. ਅਤੇ ਗਰੀਨ ਪਾਰਟੀ ਕਿੰਗ ਮੇਕਰ ਵਜੋਂ ਉਭਰ ਸਕਦੀਆਂ ਹਨ। ਮੈਨੀਟੋਬਾ, ਸਸਕੈਚਵਾਨ ਅਤੇ ਅਲਬਰਟਾ ਵਿਚ ਜਿੱਥੇ ਕੰਸਰਵੇਟਿਵ ਪਾਰਟੀ ਸਭ ਤੋਂ ਅੱਗੇ ਹੈ, ਓਥੇ ਆਬਾਦੀ ਪੱਖੋਂ ਅਤੇ ਸੀਟਾਂ ਦੀ ਗਿਣਤੀ ਪੱਖੋਂ ਸਭ ਤੋਂ ਮੋਹਰੀ ਪ੍ਰਾਂਤ ਉਨਟਾਰੀਓ ਅਤੇ ਕਿਊਬਕ ਵਿਚ ਲਿਬਰਲ ਪਾਰਟੀ ਦੀ ਹਰਮਨਪਿਆਰਤਾ ਹੋਰ ਸਾਰੀਆਂ ਪਾਰਟੀਆਂ ਤੋਂ ਵੱਧ ਦੱਸੀ ਜਾਂਦੀ ਹੈ। ਬ੍ਰਿਟਿਸ਼ ਕੋਲੰਬੀਆ ਵਿਚ ਲਿਬਰਲ ਅਤੇ ਕੰਸਰਵੇਟਿਵ ਦੇ ਨਾਲ਼ ਐਨ.ਡੀ.ਪੀ. ਦੀ ਹਰਮਨ ਪਿਆਰਤਾ ਵੀ ਜ਼ਿਕਰਯੋਗ ਹੈ, ਜਿਸ ਕਰਕੇ ਉਥੋਂ ਹੈਰਾਨਕੁੰਨ ਨਤੀਜਾ ਵੀ ਸਾਹਮਣੇ ਆ ਸਕਦਾ ਹੈ। ਕੁਝ ਰਾਜਨੀਤਕ ਮਾਹਿਰਾਂ ਵਲੋਂ ਵਿਸ਼ੇਸ਼ ਤੌਰ ‘ਤੇ ਬਰੈਂਪਟਨ ਅਤੇ ਵੈਨਕੂਵਰ-ਸਰੀ ਏਰੀਆ ਵਿਚ ਚੋਣਾਂ ਨੇੜੇ ਪੰਜਾਬੀ ਭਾਈਚਾਰੇ ਦਾ ਝੁਕਾਅ ਐਨ.ਡੀ.ਪੀ.ਦੇ ਹੱਕ ਵਿਚ ਵਧਣ ਦੀ ਆਸ ਵੀ ਕੀਤੀ ਜਾ ਰਹੀ ਹੈ ਕਿਉਂਕਿ ਇਤਿਹਾਸ ਵਿਚ ਪਹਿਲੀ ਵਾਰੀ ਕਿਸੇ ਰਾਸ਼ਟਰੀ ਪਾਰਟੀ ਦਾ ਆਗੂ ਸਿੱਖ (ਜਗਮੀਤ ਸਿੰਘ) ਹੈ ਜੋ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿਚ ਸ਼ਾਮਿਲ ਹੈ।

Check Also

ਫਲਸਤੀਨ ਨੂੰ ਅਜ਼ਾਦ ਦੇਸ਼ ਦਾ ਦਰਜਾ ਦਿਵਾਉਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਫਲਸਤੀਨ ਨੂੰ ਅਜ਼ਾਦ ਦੇਸ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ …