Breaking News
Home / ਜੀ.ਟੀ.ਏ. ਨਿਊਜ਼ / ਜਸਟਿਨ ਟਰੂਡੋ ਨੇ ਐਂਡਰਿਊ ਸ਼ੀਅਰ ਦੀ ਤੁਲਨਾ ਡਗ ਫੋਰਡ ਨਾਲ ਕੀਤੀ

ਜਸਟਿਨ ਟਰੂਡੋ ਨੇ ਐਂਡਰਿਊ ਸ਼ੀਅਰ ਦੀ ਤੁਲਨਾ ਡਗ ਫੋਰਡ ਨਾਲ ਕੀਤੀ

ਲਿਬਰਲ ਪਾਰਟੀ ਨੇ ਆਪਣੇ ਉਮੀਦਵਾਰਾਂ ਲਈ ਲਗਾਇਆ ਟ੍ਰੇਨਿੰਗ ਕੈਂਪ
ਓਟਵਾ/ਬਿਊਰੋ ਨਿਊਜ਼ : ਜਿਵੇਂ ਜਿਵੇਂ ਚੋਣਾਂ ਦੇ ਦਿਨ ਨੇੜੇ ਆਉਂਦੇ ਜਾ ਰਹੇ ਹਨ ਤਿਉਂ-ਤਿਉਂ ਲੀਡਰਾਂ ਦੀ ਬਿਆਨਬਾਜ਼ੀ ਵਿਚ ਤਲਖੀ ਵੀ ਵਧਦੀ ਜਾ ਰਹੀ ਹੈ। ਲਿਬਰਲ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਲਈ ਲਗਾਏ ਗਏ ਟ੍ਰੇਨਿੰਗ ਕੈਂਪ ਦੌਰਾਨ ਜਸਟਿਨ ਟਰੂਡੋ ਨੇ ਐਂਡਰਿਊ ਸ਼ੀਅਰ ਦੀ ਤੁਲਨਾ ਡਗ ਫੋਰਡ ਨਾਲ ਕਰ ਦਿੱਤੀ। ਚੋਣਾਂ ਦੀ ਤਰੀਕ ਤੋਂ ਪਹਿਲਾਂ ਬਚੇ 82 ਦਿਨਾਂ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਉਮੀਦਵਾਰਾਂ ਲਈ ਟਰੇਨਿੰਗ ਸੈਸ਼ਨ ਲਾਇਆ ਜਾ ਰਿਹਾ ਹੈ।ਉਨ੍ਹਾਂ ਆਪਣੇ ਉਮੀਦਵਾਰਾਂ ਨਾਲ ਗੱਲ ਕਰਦਿਆਂ ਆਖਿਆ ਕਿ ਕੈਨੇਡੀਅਨਾਂ ਨੂੰ ਜਾਂ ਤਾਂ ਕਟੌਤੀਆਂ ਤੇ ਖਰਚਿਆਂ ਨੂੰ ਘਟਾਉਣ ਲਈ ਕੀਤੀਆਂ ਜਾਣ ਵਾਲੀਆਂ ਆਰਥਿਕ ਕਟੌਤੀਆਂ ਵਾਲੀ ਸਰਕਾਰ ਚੁਣਨੀ ਹੋਵੇਗੀ ਤੇ ਜਾਂ ਫਿਰ ਕੈਨੇਡੀਅਨਾਂ ਵਿੱਚ ਨਿਵੇਸ਼ ਕਰਨ ਵਾਲੀ ਸਰਕਾਰ ਦੀ ਚੋਣ ਕਰਨੀ ਹੋਵੇਗੀ। ਚੋਣਾਂ ਲਈ ਲਿਬਰਲ ਟੋਨ ਸੈੱਟ ਕਰਦਿਆਂ ਹੋਇਆਂ ਟਰੂਡੋ ਨੇ ਆਖਿਆ ਕਿ ਮੱਧ ਵਰਗ ਹੁਣ ਇੱਕ ਹੋਰ ਡੱਗ ਫੋਰਡ ਬਰਦਾਸ਼ਤ ਨਹੀਂ ਕਰ ਸਕੇਗਾ। ਇੱਥੇ ਟਰੂਡੋ ਨੇ ਫੈਡਰਲ ਕੰਜ਼ਰਵੇਟਿਵ ਆਗੂ ਐਂਡਰੀਊ ਸ਼ੀਅਰ ਦੀ ਤੁਲਨਾ ਓਨਟਾਰੀਓ ਦੇ ਪੀਸੀ ਪ੍ਰੀਮੀਅਰ ਫੋਰਡ ਨਾਲ ਕੀਤੀ। ਫੋਰਡ ਵੱਲੋਂ ਪਿੱਛੇ ਜਿਹੇ ਹੋਈਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਦਿੱਤੇ ਗਏ ਨਾਅਰੇ ਦਾ ਹਵਾਲਾ ਦਿੰਦਿਆਂ ਟਰੂਡੋ ਨੇ ਆਖਿਆ ਕਿ ਕੰਜ਼ਰਵੇਟਿਵ ਸਿਆਸਤਦਾਨਾਂ ਨੂੰ ਇਹ ਆਖਣਾ ਬੜਾ ਪਸੰਦ ਹੈ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਲਈ ਹੈ, ਪਰ ਅਸੀਂ ਸਾਰੇ ਜਾਣਦੇ ਹਾਂ ਕਿ ਇੱਕ ਵਾਰੀ ਸੱਤਾ ਹੱਥ ਵਿੱਚ ਆਉਣ ਤੋਂ ਬਾਅਦ ਉਹ ਕੀ ਕਰਦੇ ਹਨ। ਅਸੀਂ ਕਈ ਵਾਰੀ ਇਹ ਵੇਖ ਚੁੱਕੇ ਹਾਂ ਕਿ ਉਹ ਅਮੀਰਾਂ ਦੀ ਮਦਦ ਲਈ ਕਿਸ ਹੱਦ ਤੱਕ ਜਾ ਸਕਦੇ ਹਨ, ਜਨਤਾ ਦੀ ਸਿਹਤ ਸਬੰਧੀ ਕਟੌਤੀਆਂ ਕਰਦਿਆਂ ਨੂੰ ਉਨ੍ਹਾਂ ਨੂੰ ਕੋਈ ਦੇਰ ਨਹੀਂ ਲੱਗਦੀ, ਮਿਊਂਸਪੈਲਿਟੀਜ਼ ਵਿੱਚ ਕਟੌਤੀਆਂ, ਸਿੱਖਿਆ ਵਿੱਚ ਕਟੌਤੀਆਂ, ਜਿਨ੍ਹਾਂ ਸੇਵਾਵਾਂ ਉੱਤੇ ਕੈਨੇਡੀਅਨ ਨਿਰਭਰ ਕਰਦੇ ਹਨ ਉਨ੍ਹਾਂ ਵਿੱਚ ਕਟੌਤੀਆਂ ਰਾਹੀਂ ਉਹ ਸਰਕਾਰ ਚਲਾਉਣੀ ਚਾਹੁੰਦੇ ਹਨ ਕਿਉਂਕਿ ਉਹ ਇਹ ਨਹੀਂ ਸਮਝਦੇ ਕਿ ਤੁਸੀਂ ਖੁਸ਼ਹਾਲੀ ਲਈ ਸ਼ਾਰਟਕੱਟ ਨਹੀਂ ਅਪਣਾ ਸਕਦੇ।ઠ ਟਰੂਡੋ ਨੇ ਆਖਿਆ ਕਿ ਉਹ ਜਾਣਦੇ ਹਨ ਕਿ ਇਸ ਕਮਰੇ ਵਿੱਚ ਮੌਜੂਦ ਸਾਰੇ ਉਮੀਦਵਾਰ ਆਪਣੀਆਂ ਕਮਿਊਨਿਟੀਜ਼ ਵਿੱਚ ਕਮਾਲ ਦਾ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਉਹ ਖੁਦ ਵੀ ਇਹੀ ਸੋਚ ਲੈ ਕੇ ਇੱਥੇ ਆਏ ਹਨ। ਟਰੂਡੋ ਨੇ ਆਪਣੀ ਟੀਮ ਨੂੰ ਹੱਲਾਸ਼ੇਰੀ ਦਿੰਦਿਆਂ ਆਖਿਆ ਕਿ ਉਹ ਵੱਧ ਤੋਂ ਵੱਧ ਜਿੰਨੇ ਦਰਵਾਜ਼ੇ ਖੜਕਾ ਸਕਦੇ ਹਨ ਉਹ ਖੜਕਾਉਣ ਤੇ ਵੱਧ ਤੋਂ ਵੱਧ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨ। ਉਨ੍ਹਾਂ ਆਪਣੇ ਉਮੀਦਵਾਰਾਂ ਨੂੰ ਡਰ ਤੇ ਵੰਡੀਆਂ ਪਾਉਣ ਵਾਲੀ ਸਿਆਸਤ ਤੋਂ ਦੂਰ ਰਹਿਣ ਲਈ ਆਖਿਆ। ਉਨ੍ਹਾਂ ਇਹ ਵੀ ਆਖਿਆ ਕਿ ਉਹ ਕਿਸੇ ਉੱਤੇ ਚਿੱਕੜ ਨਾ ਉਛਾਲਣ। ਟਰੂਡੋ ਨੇ ਆਪਣੇ ਨਵੇਂ ਉਮੀਦਵਾਰਾਂ,ਜਿਨ੍ਹਾਂ ਵਿੱਚ ਓਲੰਪੀਅਨ ਐਡਮ ਵੈਨ ਕੋਇਵਰਡਨ, ਵਾਤਾਵਰਣ ਪ੍ਰੇਮੀ ਸਟੀਵਨ ਗਿਲਬਿਓਤ, ਐਮੀ ਬਰੌਨਸਨ ਸ਼ਾਮਲ ਹਨ, ਦੀ ਹੌਸਲਾ ਅਫਜ਼ਾਈ ਵੀ ਕੀਤੀ।ઠ
ਇਸ ਦੌਰਾਨ ਈਮੇਲ ਰਾਹੀਂ ਭੇਜੇ ਬਿਆਨ ਵਿੱਚ ਸ਼ੀਅਰ ਦੇ ਪ੍ਰੈੱਸ ਸਕੱਤਰ ਨੇ ਆਖਿਆ ਕਿ ਟਰੂਡੋ ਦੇ ਕਦੇ ਨਾ ਮੁੱਕਣ ਵਾਲੇ ਘਾਟੇ ਕਾਰਨ ਹੀ ਉਨ੍ਹਾਂ ਪਬਲਿਕ ਸਰਵਿਸਿਜ਼ ਨੂੰ ਖਤਰਾ ਖੜ੍ਹਾ ਹੋ ਗਿਆ ਹੈ ਜਿਨ੍ਹਾਂ ਉੱਤੇ ਕੈਨੇਡੀਅਨ ਨਿਰਭਰ ਕਰਦੇ ਹਨ। ਉਨ੍ਹਾਂ ਆਖਿਆ ਕਿ ਸ਼ੀਅਰ ਇਸ ਲਈ ਬਜਟ ਨੂੰ ਸੰਤੁਲਿਤ ਕਰਨ ਦੀ ਵਚਨਬੱਧਤਾ ਪ੍ਰਗਟਾਅ ਰਹੇ ਹਨ ਤਾਂ ਕਿ ਕਰਜੇ ਦੇ ਵਿਆਜ ਨੂੰ ਘਟਾਉਣ ਲਈ ਕਈ ਬਿਲੀਅਨ ਡਾਲਰ ਖਰਚਣ ਦੀ ਥਾਂ ਉਹੀ ਪੈਸਾ ਕੈਨੇਡੀਅਨਾਂ ਉੱਤੇ ਲਾਇਆ ਜਾ ਸਕੇ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …