Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਦੀ ਸਿਆਸਤ ਗਰਮਾਈ

ਕੈਨੇਡਾ ਦੀ ਸਿਆਸਤ ਗਰਮਾਈ

ਬਿੱਲ ਮੌਰਨਿਊ ਦਾ ਅਸਤੀਫ਼ਾ-ਫਰੀਲੈਂਡ ਬਣੇ ਵਿੱਤ ਮੰਤਰੀ
ਫਰੀਲੈਂਡ ਵਿੱਤ ਮੰਤਰੀ ਦਾ ਅਹੁਦਾ ਸਾਂਭਣ ਵਾਲੀ ਪਹਿਲੀ ਮਹਿਲਾ ਬਣੀ
ਟੋਰਾਂਟੋ/ਬਿਊਰੋ ਨਿਊਜ਼ : ਦੁਨੀਆ ਭਰ ਵਿਚ ਫੈਲੀ ਕਰੋਨਾ ਮਹਾਮਾਰੀ ਕਰਕੇ ਕੈਨੇਡਾ, ਅਮਰੀਕਾ ਅਤੇ ਭਾਰਤ ਸਮੇਤ ਬਹੁਤੇ ਦੇਸ਼ ਜ਼ਿਆਦਾ ਪ੍ਰਭਾਵਿਤ ਹੋਏ ਹਨ। ਅਜਿਹੇ ਮਾਹੌਲ ਵਿਚ ਕੈਨੇਡਾ ਦੇ ਵਿੱਤ ਮੰਤਰੀ ਬਿੱਲ ਮੌਰਨਿਊ ਨੇ ਅਸਤੀਫਾ ਦੇ ਦਿੱਤਾ ਅਤੇ ਸਿਆਸਤ ਹੋਰ ਵੀ ਗਰਮਾ ਗਈ ਹੈ। ਜਾਣਕਾਰੀ ਮੁਤਾਬਕ ਵੂਈ ਚੈਰਿਟੀ ਤੋਂ ਤੋਹਫੇ ਕਬੂਲ ਕਰਨ ਦੇ ਮਾਮਲੇ ਵਿੱਚ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਸਬੰਧ ਖਰਾਬ ਹੋਣ ਦੀਆਂ ਅਫਵਾਹਾਂ ਦੇ ਚੱਲਦਿਆਂ ਕੈਨੇਡਾ ਦੇ ਵਿੱਤ ਮੰਤਰੀ ਬਿੱਲ ਮੌਰਨਿਊ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਹੈ। ઠ
ਇਸੇ ਦੌਰਾਨ ਲਿਬਰਲ ਸਰਕਾਰ ਵਿੱਚ ਹੋ ਰਹੇ ਫੇਰਬਦਲ ਦੌਰਾਨ ਕ੍ਰਿਸਟੀਆ ਫਰੀਲੈਂਡ ਨੇ ਮੰਗਲਵਾਰ ਦੁਪਹਿਰ ਨੂੰ ਕੈਨੇਡਾ ਦੇ ਨਵੇਂ ਵਿੱਤ ਮੰਤਰੀ ਵਜੋਂ ਸਹੁੰ ਚੁੱਕ ਲਈ। ਇਸ ਸਹੁੰ ਚੁੱਕ ਸਮਾਗਮ ਵਿੱਚ ਟਰੂਡੋ ਦੇ ਨਾਲ-ਨਾਲ ਉਨ੍ਹਾਂ ਦੀ ਪਤਨੀ ਸੋਫੀ ਟਰੂਡੋ ਨੇ ਵੀ ਹਿੱਸਾ ਲਿਆ। ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲੈਣ ਵਾਲਿਆਂ ਵੱਲੋਂ ਸਰੀਰਕ ਦੂਰੀ ਤਾਂ ਬਰਕਰਾਰ ਰੱਖੀ ਹੀ ਗਈ ਸਗੋਂ ਇਸ ਦੇ ਨਾਲ-ਨਾਲ ਮਾਸਕ ਵੀ ਪਾਏ ਗਏ ਸਨ ਅਤੇ ਸਿਰਫ ਸਹੁੰ ਚੁੱਕਣ ਸਮੇਂ ਹੀ ਮਾਸਕ ਹਟਾਏ ਗਏ। ਪੁਰਾਣੀ ਰਵਾਇਤ ਮੁਤਾਬਕ ਟਰੂਡੋ ਵੱਲੋਂ ਜੱਫੀ ਪਾਏ ਜਾਣ ਦੀ ਥਾਂ ਫਰੀਲੈਂਡ ਤੇ ਲੀਬਲੈਂਕ ਨਾਲ ਕੂਹਣੀ ਮਿਲਾਈ ਗਈ। ਧਿਆਨ ਰਹੇ ਕਿ ਫਰੀਲੈਂਡ ਇਹ ਅਹਿਮ ਅਹੁਦਾ ਸਾਂਭਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ।
ਵਿੱਤ ਮੰਤਰੀ ਵਜੋਂ ਫਰੀਲੈਂਡ ਨੂੰ ਹੁਣ ਕੈਨੇਡਾ ਨੂੰ ਗ੍ਰੇਟ ਡਿਪਰੈਸ਼ਨ ਤੋਂ ਬਾਅਦ ਸੱਭ ਤੋਂ ਵੱਡੇ ਆਰਥਿਕ ਸੰਕਟ ਵਿੱਚੋਂ ਬਾਹਰ ਕਰਨ ਲਈ ਜ਼ੋਰ ਲਾਉਣਾ ਹੋਵੇਗਾ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਅਜੇ ਤੱਕ 2020 ਦਾ ਬਜਟ ਵੀ ਪੇਸ਼ ਨਹੀਂ ਕੀਤਾ ਗਿਆ। ਅਜਿਹਾ ਇਸ ਲਈ ਹੈ ਕਿਉਂਕਿ ਮਾਰਚ ਵਿੱਚ ਪੇਸ਼ ਕੀਤੇ ਜਾਣ ਵਾਲੇ ਬਜਟ ਸਮੇਂ ਮਹਾਂਮਾਰੀ ਨੇ ਘੇਰਾ ਪਾ ਲਿਆ ਸੀ ਤੇ ਬਜਟ ਪੇਸ਼ ਕਰਨ ਦੀ ਕਵਾਇਦ ਵਿੱਚੇ ਹੀ ਰਹਿ ਗਈ ਸੀ। ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਦਾ ਅਹੁਦਾ ਕੈਬਨਿਟ ਦਾ ਸਰਬਉੱਚ ਅਹੁਦਾ ਵੀ ਮੰਨਿਆ ਜਾਂਦਾ ਹੈ। ਫਰੀਲੈਂਡ ਡਿਪਟੀ ਪ੍ਰਧਾਨ ਮੰਤਰੀ ਦੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਵੀ ਜਾਰੀ ਰੱਖੇਗੀ, ਪਰ ਨਿਊ ਬਰੰਜ਼ਵਿੱਕ ਤੋਂ ਐਮਪੀ ਡੌਮੀਨੀਕ ਲੀਬਲੈਂਕ ਫਰੀਲੈਂਡ ਤੋਂ ਅੰਤਰਰਾਜੀ ਮਾਮਲਿਆਂ ਵਾਲੇ ਅਹੁਦੇ ਦਾ ਚਾਰਜ ਲੈ ਲੈਣਗੇ।
ਇਸ ਤੋਂ ਪਹਿਲਾਂ ਬਿੱਲ ਮੌਰਨਿਊ ਨੇ ਕਿਹਾ ਸੀ ਕਿ ਹੁਣ ਨਵੇਂ ਵਿੱਤ ਮੰਤਰੀ ਦੇ ਅਹੁਦਾ ਸਾਂਭਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਆਖਿਆ ਕਿ ਨਾ ਤਾਂ ਉਨ੍ਹਾਂ ਨੂੰ ਇਹ ਅਹੁਦਾ ਛੱਡਣ ਲਈ ਆਖਿਆ ਗਿਆ ਹੈ ਤੇ ਨਾ ਹੀ ਧੱਕੇ ਨਾਲ ਉਨ੍ਹਾਂ ਨੂੰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਾਲ ਆਪਣੇ ਕਿਸੇ ਤਰ੍ਹਾਂ ਦੇ ਮਨ-ਮੁਟਾਵ ਤੋਂ ਵੀ ਇਨਕਾਰ ਕੀਤਾ।

Check Also

ਅਲਬਰਟਾ ਵਿਚ ਕੋਵਿਡ-19 ਦੇ ਕੇਸਾਂ ‘ਚ ਹੋਇਆ ਵਾਧਾ

ਕਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਸਪਤਾਲ ਐਡਮਿੰਟਨ/ਬਿਊਰੋ ਨਿਊਜ਼ : ਕੋਵਿਡ -19 ਦੇ ਅੰਕੜਿਆਂ …