Breaking News
Home / ਜੀ.ਟੀ.ਏ. ਨਿਊਜ਼ / ਡਗ ਫੋਰਡ ਨੇ ਅਹੁਦਾ ਸੰਭਾਲਦਿਆਂ ਹੀ

ਡਗ ਫੋਰਡ ਨੇ ਅਹੁਦਾ ਸੰਭਾਲਦਿਆਂ ਹੀ

ਅਫ਼ਸਰ ਘਰਾਂ ਨੂੰ ਤੋਰੇ
ਓਨਟਾਰੀਓ ਦੇ ਚੀਫ ਇਨਵੈਸਟਮੈਂਟ ਅਫਸਰ, ਚੀਫ਼ ਸਾਇੰਟਿਸਟ ਸਮੇਤ ਬਿਜਨਸ ਐਡਵਾਈਜ਼ਰ ਦੀ ਵੀ ਛੁੱਟੀ
ਓਨਟਾਰੀਓ/ਬਿਊਰੋ ਨਿਊਜ਼ :
ਡਗ ਫੋਰਬ ਨੇ ਪ੍ਰੀਮੀਅਰ ਦਾ ਅਹੁਦਾ ਸੰਭਾਲਦਿਆਂ ਹੀ ਆਪਣੀ ਤਾਕਤ ਦਾ ਪਹਿਲਾ ਇਸਤੇਮਾਲ ਅਫ਼ਸਰਸ਼ਾਹੀ ‘ਤੇ ਕੀਤਾ। ਡਗ ਫੋਰਡ ਨੇ ਕੈਥਲੀਨ ਵਿੰਨ ਸਮੇਂ ਦੇ ਨਿਯੁਕਤ ਕੀਤੇ ਕੁਝ ਖਾਸ ਅਫ਼ਸਰਾਂ ਸਣੇ ਕਈਆਂ ਨੂੰ ਘਰਾਂ ਨੂੰ ਤੋਰ ਦਿੱਤਾ। ਪ੍ਰੀਮੀਅਰ ਡੱਗ ਫੋਰਡ ਵੱਲੋਂ ਓਨਟਾਰੀਓ ਦੇ ਚੀਫ ਇਨਵੈਸਟਮੈਂਟ ਅਫਸਰ, ਚੀਫ ਸਾਇੰਟਿਸਟ ਤੇ ਪ੍ਰੀਮੀਅਰ ਦੇ ਬਿਜ਼ਨਸ ਐਡਵਾਈਜ਼ਰ ਵਜੋਂ ਕੰਮ ਕਰ ਰਹੇ ਐਡ ਕਲਾਰਕ ਦੀ ਛੁੱਟੀ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਫੋਰਡ ਦੀ ਨਵੀਂ ਚੁਣੀ ਗਈ ਪ੍ਰੋਗਰੈਸਿਵ ਕੰਸਰਵੇਟਿਵ ਸਰਕਾਰ ਨੇ ਪ੍ਰੋਵਿੰਸ ਦੇ ਪਹਿਲੇ ਚੀਫ ਇਨਵੈਸਟਮੈਂਟ ਅਫਸਰ ਐਲਨ ਓਡੈਟੇ ਦੇ ਨਿੱਕੇ ਜਿਹੇ ਕਾਰਜਕਾਲ ਨੂੰ ਵੀ ਖ਼ਤਮ ਕਰ ਦਿੱਤਾ। ਓਡੈਟੇ, ਓਨਟਾਰੀਓ ਚੇਂਬਰ ਆਫ ਕਾਮਰਸ ਦੇ ਸਾਬਕਾ ਪ੍ਰੈਜ਼ੀਡੈਂਟ ਤੇ ਸੀਈਓ ਸਨ। ਉਨ੍ਹਾਂ ਨੂੰ ਸਾਬਕਾ ਲਿਬਰਲ ਪ੍ਰੀਮੀਅਰ ਕੈਥਲੀਨ ਵਿੰਨ ਵੱਲੋਂ ਮਾਰਚ 2017 ਵਿੱਚ ਓਨਟਾਰੀਓ ਇਨਵੈਸਟਮੈਂਟ ਦਫਤਰ ਚਲਾਉਣ ਲਈ ਨਿਯੁਕਤ ਕੀਤਾ ਗਿਆ ਸੀ।
ਪਿਛਲੇ ਸਾਲ ਨਵੰਬਰ ਵਿੱਚ ਵਿੰਨ ਵੱਲੋਂ ਚੀਫ ਸਾਇੰਟਿਸਟ ਨਿਯੁਕਤ ਕੀਤੀ ਗਈ ਯੂਨੀਵਰਸਿਟੀ ਆਫ ਟੋਰਾਂਟੋ ਦੀ ਪ੍ਰੋਫੈਸਰ ਮੌਲੀ ਸੋਏਸੈੱਟ ਦੀ ਵੀ ਚੁੱਪ ਚਪੀਤਿਆਂ ਛੁੱਟੀ ਕਰ ਦਿੱਤੀ ਗਈ ਹੈ। ਫੋਰਡ ਦੇ ਬੁਲਾਰੇ ਸਾਈਮਨ ਜੈਫਰੀ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਆਖਿਆ ਕਿ ਅਸੀਂ ਜਲਦ ਹੀ ਇਸ ਦਾ ਢੁਕਵਾਂ ਬਦਲ ਤਲਾਸ਼ ਲਵਾਂਗੇ।
ਪਰ ਇਨ੍ਹਾਂ ਸੱਭ ਤੋਂ ਅਹਿਮ ਵਿਦਾਇਗੀ ਜਿਸ ਸ਼ਖ਼ਸ ਨੂੰ ਦਿੱਤੀ ਗਈ ਉਹ ਸੀ ਕਲਾਰਕ, ਜੋ ਕਿ ਜੂਨ 2015 ਤੋਂ ਹੀ ਵਿੰਨ ਦੇ ਬਿਜ਼ਨਸ ਐਡਵਾਈਜ਼ਰ ਤੇ ਪ੍ਰਾਈਵੇਟਾਈਜ਼ੇਸ਼ਨ ਜ਼ਾਰ ਰਹੇ ਸਨ। ਟੀਡੀ ਬੈਂਕ ਦੇ ਸਾਬਕਾ ਪ੍ਰੈਜ਼ੀਡੈਂਟ ਤੇ ਸੀਈਓ, ਜਿਨ੍ਹਾਂ ਨੂੰ ਜਨਵਰੀ ਵਿੱਚ ਲੀਕਰ ਕੰਟਰੋਲ ਬੋਰਡ ਆਫ ਓਨਟਾਰੀਓ ਦਾ ਚੇਅਰ ਨਿਯੁਕਤ ਕੀਤਾ ਗਿਆ ਸੀ, ਦਾ ਲਿਬਰਲ ਸਰਕਾਰ ਵਿੱਚ ਕਾਫੀ ਦਬਦਬਾ ਸੀ। ਹਾਈਡਰੋ ਵੰਨ ਟਰਾਂਸਮਿਸ਼ਨ ਯੂਟਿਲਿਟੀ ਵਿੱਚ ਪ੍ਰੋਵਿੰਸ ਦੀ ਵੱਡੀ ਹਿੱਸੇਦਾਰੀ ਦੇ ਨਾਲ ਨਾਲ 450 ਸੁਪਰਮਾਰਕਿਟਸ ਵਿੱਚ ਓਨਟਾਰੀਓ ਦੀ ਬੀਅਰ ਤੇ ਵਾਈਨ ਦੀ ਵਿੱਕਰੀ ਵਧਾਉਣ ਪਿੱਛੇ ਕਲਾਰਕ ਦਾ ਹੀ ਹੱਥ ਸੀ।
ਐਮੇਜ਼ੌਨ ਦੇ ਹੈੱਡਕੁਆਰਟਰ ਨੂੰ ਪ੍ਰੋਵਿੰਸ ਵਿੱਚ ਲਿਆਉਣ ਤੇ ਓਨਟਾਰੀਓ ਦੀ ਸਟੀਲ ਇੰਡਸਟਰੀ ਵਿੱਚ ਰੋਜ਼ਗਾਰ ਨੂੰ ਬਚਾਉਣ ਲਈ ਵੀ ਵਿੰਨ ਦਾ ਮੁੱਖ ਸਲਾਹਕਾਰ ਕਲਾਰਕ ਹੀ ਸੀ। ਚੋਣਾਂ ਦੌਰਾਨ ਫੋਰਡ ਨੇ ਆਖਿਆ ਕਿ ਸੀ ਕਿ ਜੇ ਉਹ ਜਿੱਤਦੇ ਹਨ ਤਾਂ ਪਬਲਿਕ ਸੈਕਟਰ ਦੀ ਇੱਕ ਵੀ ਜੌਬ ਨਹੀਂ ਖੁੱਸੇਗੀ। ਪਰ ਜਦੋਂ ਨਵੀਂ ਸਰਕਾਰ ਬਣਦੀ ਹੈ ਤਾਂ ਇਸ ਤਰ੍ਹਾਂ ਦੀਆਂ ਤਬਦੀਲੀਆਂ ਹੋਣਾ ਆਮ ਗੱਲ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਨ੍ਹਾਂ ਤਿੰਨਾਂ ਦੀ ਥਾਂ ਕੌਣ ਲਵੇਗਾ? ਐਨਡੀਪੀ ਵੱਲੋਂ ਇਸ ਤਰ੍ਹਾਂ ਫੋਰਡ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਛਾਂਟੀਆਂ ਬਾਰੇ ਚਿੰਤਾ ਪ੍ਰਗਟਾਈ ਗਈ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …